(ਦੁੱਲਾ ਭੱਟੀ ਦੇ ਕਿਰਦਾਰ ਤੇ ਲੋਹੜੀ ਦੇ ਤਿਉਹਾਰ ਬਾਰੇ ਜਾਣਕਾਰੀ )
‘ਦੁੱਲੇ’ ਦਾ ਕਿਰਦਾਰ ਮਜ਼ਲੂਮਾਂ,ਨਿਤਾਣਿਆਂ ਅਤੇ ਗ਼ਰੀਬਾਂ ਦਾ ਮਦਦਗਾਰ ਹੋਣ ਦਾ ਪ੍ਰਤੀਕ ਅਤੇ ਪੰਜਾਬੀ ਸੂਰਮੇ ਵਜੋਂ ਉੱਭਰ ਕੇ ਆਉਂਦਾ ਹੈ। ਇਸੇ ਲਈ ਉਸ ਨੂੰ ‘ਪੰਜਾਬ ਦਾ ਰੌਬਿਨ ਹੁੱਡ ‘ ਵੀ ਕਿਹਾ ਜਾਂਦਾ ਹੈ। ਪੰਜਾਬ ਵਿੱਚ ਲੋਹੜੀ ਦੇ ਤਿਉਹਾਰ ਮੌਕੇ ਦੁੱਲਾ ਭੱਟੀ ਦੇ ਲੋਕ ਗੀਤ ਅਤੇ ਲੋਕ ਗਾਥਾਵਾਂ ਗਾਈਆਂ ਅਤੇ ਸੁਣਾਈਆਂ ਜਾਂਦੀਆਂ ਹਨ। ਲੋਹੜੀ ਦਾ ਤਿਉਹਾਰ ਹੋਵੇ ਤੇ ਦੁੱਲੇ ਭੱਟੀ ਦਾ ਜ਼ਿਕਰ ਨਾ ਹੋਵੇ ਇਹ ਹੋ ਹੀ ਨਹੀਂ ਸਕਦਾ।ਬੱਚੇ ਲੋਹੜੀ ਮੰਗਦੇ ਹੋਏ ਅਕਸਰ ਇਹ ਗੀਤ ਗਾਉਂਦੇ ਹਨ। ਇਸ ਗੀਤ ਵਿੱਚ ਦੁੱਲਾ ਭੱਟੀ ਦਾ ਜ਼ਿਕਰ ਆਉਂਦਾ ਹੈ।
ਸੁੰਦਰ ਮੁੰਦਰੀਏ-ਹੋ
ਤੇਰਾ ਕੌਣ ਵਿਚਾਰਾ——ਹੋ
ਦੁੱਲਾ ਭੱਟੀ ਵਾਲਾ——ਹੋ
ਦੁੱਲੇ ਧੀ ਵਿਆਹੀ——ਹੋ
ਸੇਰ ਸ਼ੱਕਰ ਪਾਈ——ਹੋ
ਕੁੜੀ ਦੇ ਬੋਝੇ ਪਾਈ——ਹੋ
ਕੁੜੀ ਦਾ ਲਾਲ ਪਟਾਕਾ——ਹੋ
ਕੁੜੀ ਦਾ ਸਾਲੂ ਪਾਟਾ——ਹੋ
ਸਾਲੂ ਕੌਣ ਸਮੇਟੇ——ਹੋ
ਚਾਚੇ ਚੂਰੀ ਕੁੱਟੀ——ਹੋ
ਜ਼ੀਮੀਂਦਾਰਾਂ ਲੁੱਟੀ——ਹੋ
ਜ਼ੀਮੀਂਦਾਰ ਸਦਾਓ——ਹੋ
ਗਿਣ ਗਿਣ ਪੋਲੇ ਲਾਓ——ਹੋ
ਦੁੱਲਾ ਭੱਟੀ ਲੋਕਾਂ ਦਾ ਨਾਇਕ ਸੀ, ਇੱਕ ਬਹਾਦਰ ਪੰਜਾਬੀ ਸੂਰਮਾ ਸੀ ਜਿਸ ਨੇ ਆਮ ਲੋਕਾਂ ਨੂੰ ਮੁਸੀਬਤਾਂ ਤੋਂ ਬਚਾਇਆ। ਦੁੱਲਾ ਭੱਟੀ ਨਾਲ਼ ਸਬੰਧਤ ਬਹਾਦੁਰੀ ਦੀ ਗਾਥਾ ਹਰ ਸਾਲ ਲੋਹੜੀ ਦੇ ਮੌਕੇ ‘ਤੇ ਸੁਣਾਈ ਜਾਂਦੀ ਹੈ ਤੇ ਲੋਕ ਉਸ ਦੇ ਲੋਕ ਗੀਤਾਂ ਨੂੰ ਕੁੜੀਆਂ ਦੀ ਰੱਖਿਆ ਦੀ ਦਲੇਰੀ ਦੇ ਸੰਦਰਭ ਵਿੱਚ ਗਾਉਂਦੇ ਹਨ।
ਦਰ ਅਸਲ ਦੁੱਲੇ ਦਾ ਦਾਦਾ ਸੰਦਲ ਭੱਟੀ ਅਤੇ ਪਿਉ ਫ਼ਰੀਦ ਖ਼ਾਨ ਭੱਟੀ ਸਨ। ਉਨ੍ਹਾਂ ਨੇ ਅਕਬਰ ਬਾਦਸ਼ਾਹ ਦੀ ਜਬਰੀ ਭੂਮੀ ਲਗਾਨ ਨੀਤੀ ਦਾ ਵਿਰੋਧ ਕੀਤਾ ਸੀ। ਆਖਿਰ ਉਨ੍ਹਾਂ ਨੂੰ ਗ੍ਰਿਫ਼ਤਾਰ ਕਰਕੇ ਲਾਹੌਰ ਸ਼ਹਿਰ ਲਿਆਂਦਾ ਗਿਆ। ਉਨ੍ਹਾਂ ਦੇ ਸਿਰ ਵੱਢ ਦਿੱਤੇ ਗਏ। ਬਾਕੀ ਲੋਕਾਂ ਦੇ ਮਨਾਂ ਵਿੱਚ ਦਹਿਸ਼ਤ ਪੈਦਾ ਕਰਨ ਲਈ ਉਨ੍ਹਾਂ ਦੀਆਂ ਖੱਲ੍ਹਾਂ ਵਿੱਚ ਫੂਸ ਭਰ ਕੇ ਲਾਹੌਰ ਸ਼ਹਿਰ ਦੇ ਮੁੱਖ ਦਰਵਾਜ਼ਿਆਂ ‘ਤੇ ਟੰਗ ਦਿੱਤੇ ਗਏ। ਦੁੱਲੇ ਭੱਟੀ ਦਾ ਜਨਮ ਆਪਣੇ ਪਿਤਾ ਦੀ ਮੌਤ ਤੋਂ ਚਾਰ ਮਹੀਨੇ ਬਾਅਦ ਹੋਇਆ। ਉਸੇ ਦਿਨ ਹੀ ਅਕਬਰ ਦੇ ਪੁੱਤਰ ਸ਼ੇਖੂ ਦਾ ਜਨਮ ਹੋਇਆ ਸੀ ਪਰ ਅਕਬਰ ਚਾਹੁੰਦਾ ਸੀ ਸ਼ੇਖੂ ਵੱਡਾ ਹੋ ਕੇ ਬਹੁਤ ਬਹਾਦਰ ਬਣੇ ਤਾਂ ਕਿਸੇ ਨੇ ਉਸ ਨੂੰ ਉਸ ਰਾਜਪੂਤ ਔਰਤ ਦਾ ਦੁੱਧ ਚੁੰਘਾਉਣ ਲਈ ਆਖਿਆ ਗਿਆ ਜਿਸ ਨੇ ਉਸੇ ਦਿਨ ਬੱਚੇ ਨੂੰ ਜਨਮ ਦਿੱਤਾ ਹੋਵੇ। ਅਕਬਰ ਤੱਕ ਲੱਧੀ ਬਾਰੇ ਗੱਲ ਪਹੁੰਚੀ ਤਾਂ ਉਦੋਂ ਤੋਂ ਹੀ ਦੁੱਲੇ ਦੀ ਮਾਂ ਲੱਧੀ ਨੇ ਅਕਬਰ ਦੇ ਪੁੱਤ ਸ਼ੇਖੂ ਨੂੰ ਦੁੱਧ ਚੁੰਘਾਇਆ ਤੇ ਮਹੱਲਾਂ ਵਿੱਚ ਦੁੱਧ ਚੁੰਘਾਵੀ ਦੇ ਤੌਰ ’ਤੇ ਕੰਮ ਕੀਤਾ। ਰਾਏ ਅਬਦੁੱਲਾ ਖਾਨ ਯਾਨੀ ਦੁੱਲਾ ਭੱਟੀ ਨੇ ਇਸ ਹੱਦ ਤੱਕ ਹਕੂਮਤ ਨੂੰ ਵਖਤ ਪਾ ਰੱਖਿਆ ਸੀ ਕਿ ਅਕਬਰ ਨੂੰ ਆਪਣੀ ਰਾਜਧਾਨੀ ਦਿੱਲੀ ਤੋਂ ਤਬਦੀਲ ਕਰਨੀ ਪਈ ਅਤੇ ਲਗਭਗ 20 ਸਾਲਾਂ ਲਈ ਲਾਹੌਰ ਵਿੱਚ, ਲਾਹੌਰ ਕਿਲ੍ਹੇ ਨੂੰ ਆਪਣਾ ਹੈੱਡਕੁਆਰਟਰ ਬਣਾਉਣਾ ਪਿਆ ਸੀ ਅਤੇ ਇਹਦੇ ਬੁਨਿਆਦੀ ਢਾਂਚੇ ਨੂੰ ਵੀ ਬਦਲਣਾ ਪਿਆ ਸੀ। ਦੁੱਲੇ ਦੇ ਇਤਿਹਾਸ ਨੂੰ ਲੈਕੇ ਪੰਜਾਬੀ ਭਾਸ਼ਾ ਵਿੱਚ ਇੱਕ ਕਿੱਸਾ ਹੈ ਜਿਸਨੂੰ ‘ਦੁੱਲੇ ਦੀ ਵਾਰ’ ਕਿਹਾ ਜਾਂਦਾ ਹੈ। ਇਸ ਵਿੱਚ ਪਾਕਿਸਤਾਨੀ ਪੰਜਾਬ ਵਿੱਚ ਦੁੱਲਾ ਭੱਟੀ ਦੀ ਲੜਾਈ ਦੀਆਂ ਘਟਨਾਵਾਂ ਦਾ ਵਿਸਥਾਰ ਨਾਲ ਵਰਣਨ ਹੈ। ‘ਦੁੱਲੇ ਦੀ ਬਾਰ’ ਭਾਵ ਦੁੱਲਾ ਭੱਟੀ ਦਾ ਜੰਗਲ ਹੈ।
ਦੁੱਲੇ ਦੇ ਬਾਪ ਦੀ ਸ਼ਹਾਦਤ ਦੇ ਅਵਸਰ ’ਤੇ ਲੱਧੀ ਦੇ ਭਰਾਵਾਂ ਨੇ ਉਸ ਦੀ ਕੋਈ ਸਾਰ ਨਹੀਂ ਸੀ ਲਈ। ਇਸ ਕਰਕੇ ਉਸ ਨੂੰ ਆਪਣੇ ਨਾਨਕਿਆਂ ’ਤੇ ਰੋਸ ਸੀ। ਇਸੇ ਰੋਹ ਕਾਰਨ ਉਸ ਨੇ ਪਹਿਲਾ ਹੱਲਾ ਆਪਣੇ ਨਾਨਕਿਆਂ ਦੇ ਪਿੰਡ ਚੰਦੇੜਾਂ ’ਤੇ ਬੋਲਿਆ ਤੇ ਨਾਨਕਿਆਂ ਦਾ ਵੱਗ ਘੇਰ ਕੇ ਆਪਣੇ ਪਿੰਡ ਲੈ ਆਇਆ ਤੇ ਲਵੇਰੀਆਂ ਗ਼ਰੀਬ ਗੁਰਬਿਆਂ ਤੇ ਲੋੜਵੰਦਾਂ ’ਚ ਵੰਡ ਦਿੱਤੀਆਂ। ਇੱਕ ਵਾਰ ਅਲੀ ਨਾਂ ਦਾ ਸੁਦਾਗਰ ਪੰਜ ਸੌ ਘੋੜੇ ਖਰੀਦ ਕੇ ਲਈ ਜਾ ਰਿਹਾ ਸੀ…। ਉਸ ਦਾ ਧਨ ਮਾਲ ਵੀ ਲੁੱਟ ਕੇ ਗਰੀਬਾਂ ਵਿੱਚ ਵੰਡ ਦਿੱਤਾ। ਇਹਨਾਂ ਲੁੱਟਾਂ ਖੋਹਾਂ ਦੀਆਂ ਖ਼ਬਰਾਂ ਮੁਗ਼ਲ ਬਾਦਸ਼ਾਹ ਤੱਕ ਪਹੁੰਚਦੀਆਂ ਰਹੀਆਂ। ਉਸ ਨੂੰ ਮੁਗਲ ਸਰਕਾਰ ਦਾ ਬਾਗੀ ਆਖ ਕੇ ਉਸ ਨੂੰ ਫੜਨਾ ਚਾਹਿਆ ਪਰ ਉਹ ਕਿੱਥੇ ਹੱਥ ਆਉਣ ਵਾਲ਼ਾ ਸੀ ਉਹ ਭਾਰੀ ਮੁਗ਼ਲ ਫੌਜ ਦਾ ਮੁਕਾਬਲਾ ਕਰਦਾ ਹੋਇਆ ਆਪਣੀ ਬਹਾਦਰੀ ਦੇ ਜੌਹਰ ਦਿਖਾਉਂਦਾ ਹੋਇਆ ਸ਼ਹੀਦ ਹੋ ਗਿਆ। ਇਸੇ ਲਈ ਅੱਜ ਉਹ ਪੰਜਾਬੀਆਂ ਦੇ ਦਿਲਾਂ ਤੇ ਰਾਜ ਕਰਦਾ ਹੈ।ਅਜਿਹੀ ਧਾਰਨਾ ਹੈ ਕਿ ਇਸ ਮਹਾਨ ਰਾਜਪੂਤ ਨਾਇਕ ਦੀ ਕਬਰ ਪਾਕਿਸਤਾਨ ਦੇ ਪੰਜਾਬ ਵਿਚ ਮਿਆਣੀ ਵਿਖੇ ਬਣੀ ਹੋਈ ਹੈ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly