(ਸਮਾਜ ਵੀਕਲੀ)
ਜੇਕਰ ਕੁਦਰਤ ਸਿਖਾ ਦੇਵੇ ਜਿਉਂਣ ਦਾ ਹੁਨਰ, ਫਿਰ ਕੁਝ ਨਹੀਂ ਹੁੰਦੇ ਨਸੀਬ, ਮੁਕੱਦਰ ਜਾਂ ਹੱਥਾਂ ਦੀਆਂ ਲਕੀਰਾਂ!
ਗੁਰਬਾਣੀ ਦਾ ਮੂਲ ਮੰਤਰ ਤੋਂ ਅੱਗੇ ਭੋਰਾ ਵੀ ਗਿਆਨ ਨਹੀਂ, ਜਿਨਾ ਕੁ ਹੈ ਉਸਨੂੰ 100% ਤਾਂ ਨਹੀਂ ਕਹਿ ਸਕਦਾ, ਕਿਉਂਕਿ ਗ਼ਲਤੀ ਹੁੰਦਿਆ ਦੇਰ ਨਹੀਂ ਲਗਦੀ ਬੰਦੇ ਤੋਂ, ਪਰ ਕਾਫ਼ੀ ਹੱਦ ਤੱਕ ਆਪਣੇ ਜੀਵਨ ਵਿਚ ਪੂਰਨ ਤੌਰ ਤੇ ਲਾਗੂ ਕੀਤਾ ਹੋਇਆ ਹੈ!
ਪਿੱਛਲੇ ਲੰਬੇ ਸਮੇਂ ਤੋਂ ਘਰ ਵਿਚ ਕੋਈ ਪਖੰਡ ਨਹੀਂ ਹੁੰਦਾ, ਬਾਬੇ ਨਾਨਕ ਦੀ ਸੱਚੀ ਸੋਚ ਹੈ ਪੱਲੇ, ਮੰਨਦਾ ਨਹੀਂ ਪੂਰਨਮਾਸ਼ੀ, ਮੱਸਿਆ, ਪੁੰਨਿਆ, ਦਸਮੀਂ, ਦੁਸਹਿਰਾ, ਧੂਫ-ਜੋਤ, ਝੂਠੀਆਂ ਤਸਵੀਰਾਂ ਆਦਿ ਨੂੰ, ਦਿਮਾਗ਼ ਵਿਚ ਕੋਈ ਪ੍ਰੇਸ਼ਾਨੀ ਨਹੀਂ, ਕੁਦਰਤ ਦੇ ਗੁਣ ਗਾਣ ਕਰਦਾ ਹਾਂ ਤੇ ਰਜਾ ਵਿਚ ਰਾਜ਼ੀ ਰਹਿੰਦਾ ਹਾਂ, ਜੋ ਹੋਇਆ ਪ੍ਰਵਾਨ ਹੈ, ਜੋ ਹੋਵੇਗਾ ਪ੍ਰਵਾਨ ਕਰਾਂਗਾ ਹੱਸਕੇ, ਭਾਣੇ ਨੂੰ ਬਹੁਤ ਛੋਟੀ ਉਮਰੇ ਸਮਝਿਆ ਹੈ, ਹੁਣ ਤਾਂ ਕੁਦਰਤ ਮੇਹਰਬਾਨ ਹੈ ਸ਼ੁਕਰਾਨੇ ਹੀ ਸ਼ੁਕਰਾਨੇ ਕਰਦਾ ਹਾਂ।
ਕਿਰਤ ਸੱਚੀ ਕਰੀ ਆ, ਕਿਸੇ ਦਾ ਹੱਕ ਮਾਰਿਆ ਕਦੇ ਨਹੀਂ, ਆਪਣਾ ਛੱਡਿਆ ਕਦੇ ਨਹੀਂ, ਕੋਸ਼ਿਸ਼ ਰਹਿੰਦੀ ਐ ਬੇਲੋੜਾ ਝੂਠ ਨਾ ਬੋਲਿਆ ਜਾਵੇ, ਜਾਤ-ਪਾਤਾਂ ਵਿੱਚ ਕੋਈ ਖਾਸ ਵਿਸ਼ਵਾਸ ਨਹੀਂ ਰੱਖੀ ਦਾ, ਇਨਸਾਨੀਅਤ ਨਾਲ ਗੂੜ੍ਹੀ ਮੁਹੱਬਤ ਹੈ, ਮਨ ਫਿੱਕਾ ਵੀ ਪੈ ਜਾਂਦਾ ਕਈ ਵਾਰੀ ਦੁਨੀਆਦਾਰੀ ਦੇ ਰੰਗਾਂ ਤੋਂ, ਪਰ…
ਗੁਰੂਆਂ ਦੇ ਬਖਸ਼ਿਸ਼ ਕੀਤੇ ਗਿਆਨ ਨੂੰ ਜ਼ਿਆਦਾ ਝੁਕ-ਝੁਕ ਮੱਥੇ ਟੇਕਣ ਦੀ ਬਜਾਏ, ਗੁਰੂਆਂ ਦੀਆਂ ਕਹੀਆਂ ਗੱਲਾਂ ਮੰਨਣ ਨੂੰ ਤਵੱਜੋ ਦੇਣ ਦੀ ਕੋਸ਼ਿਸ਼ ਰਹਿੰਦੀ ਹੈ, ਬਾਲ ਕੱਟੇ ਨੇ, ਸਿਰ ਤੇ ਪੱਗ ਬੰਨਦਾ ਹਾਂ, ਪਰ ਆਪਣੇ ਆਪ ਨੂੰ ਗੁਰੂ ਦਾ ਸੱਚਾ ਸਿੰਘ ਮੰਨਦਾ ਹਾਂ, ਹਮੇਸ਼ਾ ਚੜ੍ਹਦੀਕਲਾ ਵਿਚ ਰਹਿੰਦਾ ਹਾਂ, ਕਿਉਂਕਿ ਮੰਗਣ ਲਈ ਕੁਝ ਬਚਿਆ ਹੀ ਨਹੀਂ ਹੁਣ!
ਕਿਸਮਤ, ਮੁੱਕਦਰਾਂ ਨੂੰ ਦੋਸ਼ ਦੇਣਾ ਕਮਜ਼ੋਰ ਸੋਚ ਦੀ ਨਿਸ਼ਾਨੀ ਹੁੰਦੀ ਹੈ, ਸਫਲਤਾ-ਅਸਫਲਤਾ ਦੇ ਕੁਝ ਬੁਨਿਆਦੀ ਵੀ ਕਾਰਣ ਹੁੰਦੇ ਹਨ!
ਮਜਬੂਤ ਇਰਾਦੇ ਤੇ ਆਤਮ ਵਿਸ਼ਵਾਸ਼ ਨਾਲ ਆਪਣੇ ਜੋਗਾ ਸਭ ਕਰ ਲਿਆ, ਹੁਣ ਤਾਂ ਜ਼ਿੰਦਗੀ ਤੇ ਆਸ਼ਕੀ ਕਰਦੇ ਆ, ਜਵਾਈਆਂ ਵਾਂਗੂੰ ਰਹਿੰਦੇ ਹਾਂ..!
ਮਨੁੱਖ ਦਾ ਪੱਥਰਯੁਗ ਤੋਂ ਅੱਜ ਤੱਕ ਦਾ ਵਿਕਾਸ/ਇਤਿਹਾਸ ਇਸ ਗੱਲ ਦਾ ਗਵਾਹ ਹੈ ਕਿ ਤਕਨਾਲੋਜ਼ੀ ਦਾ ਵਿਕਾਸ ਮਨੁੱਖ ਦੇ ਮਜਬੂਤ ਇਰਾਦੇ ਤੇ ਮੇਹਨਤ ਦਾ ਨਤੀਜਾ ਹੈ, ਨਾ ਕਿ ਅੰਧਵਿਸਵਾਸ਼ ਦਾ..!
ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly