(ਸਮਾਜ ਵੀਕਲੀ)
ਭਾਰਤ ਨੂੰ ਆਜ਼ਾਦ ਹੋਇਆ ਛੇ ਦਹਾਕਿਆਂ ਤੋਂ ਵੱਧ ਦਾ ਸਮਾਂ ਹੋ ਚੁੱਕਿਆ ਹੈl ਇਹਨਾਂ ਦਹਾਕਿਆਂ ਵਿੱਚ ਜੇਕਰ ਅਸੀਂ ਤਸਵੀਰ ਦਾ ਇੱਕ ਪਾਸਾ ਦੇਖੀਏ ਤਾਂ ਡੈਮਾਂ ਦਾ ਨਿਰਮਾਣ,ਪੁਲਾਂ ਦਾ ਨਿਰਮਾਣ, ਆਵਾਜਾਈ ਦੇ ਸਾਧਨਾਂ ਦੀ ਤੇਜ਼ ਰਫਤਾਰ, ਸੰਚਾਰ ਦੇ ਸਾਧਨਾਂ ਦਾ ਵਿਕਾਸ, ਹਸਪਤਾਲਾਂ ਦਾ ਨਿਰਮਾਣ,ਸਿੱਖਿਆ ਦੇ ਖੇਤਰ ਵਿੱਚ ਵਾਧੇ ਤੇ ਪਸਾਰ ਲਈ ਕਾਲਜਾਂ ਤੇ ਯੂਨੀਵਰਸਿਟੀਆਂ ਦਾ ਨਿਰਮਾਣ ਤੇ ਸੜਕਾਂ ਦਾ ਵਿਕਾਸ ਆਦਿ ਆਜ਼ਾਦੀ ਤੋਂ ਬਾਅਦ ਹੋਏ ਵਿਕਾਸ ਦੀ ਕਹਾਣੀ ਹੈl ਇਹਨਾਂ ਦਹਾਕਿਆਂ ਵਿੱਚ ਹੀ ਜੇਕਰ ਅਸੀਂ ਤਸਵੀਰ ਦਾ ਦੂਜਾ ਪਾਸਾ ਦੇਖੀਏ ਤਾਂ ਉਹ ਝੰਝੋੜ ਕੇ ਰੱਖ ਦੇਣ ਵਾਲਾ ਹੈl ਅਸੀਂ ਦੇਖਦੇ ਹਾਂ ਕਿ ਅੱਜ ਅਸੀਂ ਪੱਛਮੀ ਸੱਭਿਆਚਾਰ ਦੇ ਵਹਿਣ ਚ ਵਹਿ ਕੇ ਆਪਣੇ ਅਣਮੁੱਲੇ ਵਿਰਸੇ ਪੰਜਾਬੀ ਮਾਂ ਬੋਲੀ ਅਤੇ ਪੰਜਾਬੀਅਤ ਨੂੰ ਹੀ ਵਿਸਾਰਦੇ ਜਾ ਰਹੇ ਹਾਂl
ਅੱਜ ਸਾਡੇ ਸਮਾਜ ਵਿੱਚ ਪੰਜਾਬ ਦੇ ਅਮੀਰ ਸੱਭਿਆਚਾਰ ਤੇ ਅਮੁਕ ਅੰਮ੍ਰਿਤ ਬਖਸ਼ਣ ਵਾਲੀ ਇਸ ਪੰਜਾਬੀ ਮਾਂ ਬੋਲੀ ਨੂੰ ਪਰਖ ਦੀ ਕਸਵੱਟੀ ਉੱਪਰ ਪਰਖਿਆ ਜਾਵੇ ਤਾਂ ਇਸ ਦਾ ਨਤੀਜਾ ਬੜਾ ਹੈਰਾਨੀਜਨਕ ਹੋਵੇਗਾ l ਅੱਜ ਅਸੀਂ ਸੱਭਿਆਚਾਰਕ ਪੱਖ ਤੋਂ ਪੂਰੀ ਤਰ੍ਹਾਂ ਪੱਛੜ ਚੁੱਕੇ ਹਾਂ l ਅੱਜ ਸਾਡੀ ਹਾਲਤ ਉਸ ਕੁਰਾਹੇ ਪਏ ਰਾਹੀ ਵਾਂਗ ਹੈ,ਜੋ ਆਪਣੀ ਮੰਜ਼ਿਲ ਤੋਂ ਭਟਕਿਆ ਹੋਇਆ ਹੈlਅੱਜ ਅਸੀਂ ਆਪਣੀ ਮਾਂ ਬੋਲੀ ਨੂੰ ਭੁੱਲ ਕੇ ਮਤਰੇਈ ਭਾਸ਼ਾ ਨੂੰ ਅਪਣਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਅਤੇ ਅਸੀਂ ਖੁਦ ਆਪਣੀ ਸਵਾਰਥ ਲਈ ਸਮੁੱਚੇ ਸੱਭਿਆਚਾਰ ਦੇ ਕਾਤਿਲ ਬਣ ਰਹੇ ਹਾਂl ਆਧੁਨਿਕਤਾ ਦੇ ਨਾਮ ਤੇ ਅੱਜ ਸਾਡੇ ਸੱਭਿਆਚਾਰ ਦੀ ਲੁੱਟ ਹੋ ਰਹੀ ਹੈ lਪੰਜਾਬੀ ਕਵੀ ਪਾਲ ਸਿੰਘ ਪੰਛੀ ਨੇ ਲਿਖਿਆ ਹੈ :–
‘ਅੰਗਰੇਜ਼ਾਂ ਖੋ ਲਿਆ ਪੁਰਾਣੇ ਪਹਿਰਾਵਿਆਂ ਨੂੰ,
ਪੈਂਟਾ ਬੁਰਸ਼ਟਾਂ ਦੇ ਨਾਲ ਕੋਟ ਦੇ ਗਏ,
ਮੁੰਡੇ-ਕੁੜੀਆਂ ਨੂੰ ਚੜੀ ਜੋ ਭੰਗ ਬਣ ਕੇ, ਪੁੜੀ ਫੈਸ਼ਨਾਂ ਦੀ ਪੰਛੀਆ ਘੋਲ ਦੇ ਗਏl
ਜੇਕਰ ਅਸੀਂ ਖੁਦ ਆਪਣੀ ਮਾਂ ਬੋਲੀ ਪੰਜਾਬੀ ਨੂੰ ਉਸ ਦਾ ਬਣਦਾ ਹੱਕ ਨਹੀਂ ਦੇਵਾਂਗੇ ਤਾਂ ਕੋਈ ਬਾਹਰਲੇ ਦੇਸ਼ ਵਾਲਾ ਇਸ ਦਾ ਕੀ ਵਿਕਾਸ ਕਰੇਗਾl ਜਦੋਂ ਸਾਡੇ ਆਪਣੇ ਬੱਚੇ ਇਸ ਨੂੰ ਮਾਂ ਨਹੀਂ ਮੰਨਦੇ ਤਾਂ ਕੋਈ ਗੈਰ ਇਸਨੂੰ ਆਪਣੀ ਮਾਂ ਬਣਾਉਣ ਲਈ ਕਿਉਂ ਅੱਗੇ ਆਵੇਗਾl ਇਸ ਦਾ ਨਤੀਜਾ ਇਹ ਹੋਵੇਗਾ ਕਿ ਸਾਡਾ ਅਮੀਰ ਵਿਰਸਾ ਹਮੇਸ਼ਾ ਲਈ ਸਾਡੇ ਹੱਥੋਂ ਖੁਸ ਜਾਵੇਗਾl
‘ ਮਾਂ ਬੋਲੀ ਦੀ ਘਰ ਵਿੱਚ ਇੱਜ਼ਤ ਕਮੀ ਜਿੰਨੀ ਦੇਖ ਰਿਹਾ,
ਦੇਸ਼ ਪਰਾਏ ਕੀ ਹੋਵੇਗਾ ਖੌਰੇ ਹਾਲ ਪੰਜਾਬੀ ਦਾ’
ਆਪਣੀ ਮਾਂ ਬੋਲੀ ਪੰਜਾਬੀ ਨੂੰ ਜਿਉਂਦੇ ਰੱਖਣ ਲਈ ਆਓ ਅਸੀਂ ਸਾਰੇ ਰਲ-ਮਿਲ ਕੇ ਪ੍ਰਣ ਕਰੀਏ ਕਿ ਅਸੀਂ ਵਿਗਿਆਨਿਕ ਯੁਗ ਦਾ ਵੀ ਆਨੰਦ ਮਾਣਾਗੇ ਅਤੇ ਆਪਣੇ ਪੰਜਾਬੀ ਵਿਰਸੇ ਨਾਲ ਵੀ ਬਰਾਬਰ ਸਾਂਝ ਰੱਖਾਂਗੇਲ ਆਓ ਅਸੀਂ ਸਾਰੇ ਰਲ-ਮਿਲ ਕੇ ਪੰਜਾਬੀ ਬੋਲੀ ਦੇ ਸਿਦਕ ਅਤੇ ਪਿਆਰ ਲਈ ਦੁਆ ਕਰੀਏ ਕਿ ਦੁਨੀਆਂ ਵਿੱਚ 6000 ਜ਼ੁਬਾਨਾਂ ਵਿੱਚ ਬੋਲੇ ਜਾਣ ਦੀ ਗਿਣਤੀ ਪੱਖੋਂ 12ਵੇਂ ਸਥਾਨ ਤੇ ਰਹਿਣ ਵਾਲੀ ਅਤੇ 150 ਮੁਲਕਾਂ ਵਿੱਚ ਵੱਸਦੇ 14 ਕਰੋੜ ਪੰਜਾਬੀਆਂ ਦੀ ਮਾਂ ਬੋਲੀ ਦੇ ਵਜੂਦ ਨੂੰ ਕੋਈ ਖਤਰਾ ਨਾ ਰਹੇl ਅੰਤ ਵਿੱਚ ਸੁਰਜੀਤ ਪਾਤਰ ਦੀਆਂ ਕੁਝ ਸਤਰਾਂ ਇਸ ਪ੍ਰਕਾਰ ਹਨ:–
” ਤਦ ਮੈਂ ਸੋਚਦਾ ਆਪਾਂ ਚੱਲੀਏ, ਆਪਣੇ ਪਿੰਡਾਂ ਨੂੰ, ਸ਼ਹਿਰਾਂ ਨੂੰ, ਘਰਾਂ ਨੂੰ, ਦੇਸ਼ਾਂ ਨੂੰ, ਪ੍ਰਦੇਸ਼ਾਂ ਨੂੰ,
ਭਰ ਦਈਏ ਪੰਜਾਬੀ ਨੂੰ, ਰੋਹ ਨਾਲ, ਮੋਹ ਨਾਲ, ਆਪਣੇ ਦਿਲਾਂ ਦੀ ਰਤ ਨਾਲl”
ਨੀਲਮ ਕੁਮਾਰੀ,
ਪੰਜਾਬੀ ਅਧਿਆਪਕਾ ਸਰਕਾਰੀ ਹਾਈ ਸਕੂਲ,ਸਮਾਓ (ਮਾਨਸਾ)
9779788365
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly