(ਸਮਾਜ ਵੀਕਲੀ)
ਉਹ ਸੱਚ, ਝੂਠ, ਹੱਕ, ਹਲਾਲ ਸਮਝਾ ਰਿਹਾ
ਖੁੱਦ ਤੋਂ ਖ਼ਬਰੇ ਕਾਹਤੋਂ ਨਜ਼ਰ ਚੁਰਾ ਰਿਹਾ ?
ਸ਼ੀਸ਼ੇ ਅੱਗੇ ਸੱਦ ਕੇ ਮੈਨੂੰ ਖੌਰੇ ਕਿੱਧਰੇ ਗ਼ਾਇਬ ਹੈ
ਹੋ ਸਕਦਾ ਨਾ ਆਉਣਾ ਹੋਵੇ ਮੈਨੂੰ ਹੀ ਅਜ਼ਮਾ ਰਿਹਾ?
ਮੈਂ ਸੁਣਿਆ ਉਹ ਟਿੱਲੇ ਉੱਤੇ ਯੋਗੀ ਬਣਿਆ ਬੈਠਾ ਹੈ
ਨੋਸਰਬਾਜ਼ੀ ਚਿਹਰਾ ਉਹਦਾ ਹੋਰ ਕਹਾਣੇ ਪਾ ਰਿਹਾ
ਰਹਿੰਦ ਖੁਹੰਦ ਮੈਂ ਕੱਠੀ ਕਰਕੇ ਆਖਰੀ ਦਾਅ ਵੀ ਲਾ ਦਿੱਤਾ
ਉਹਦੇ ਹਿੱਸੇ ਕੁੱਲ ਹਕੂਮਤ ਫਿਰ ਕਾਹਤੋਂ ਘਬਰਾ ਰਿਹਾ?
ਉਹ ਆਖਦਾ ਆਪਾਂ ਸਾਰੇ ਨਾਟਕ ਦਾ ਕਿਰਦਾਰ ਕੋਈ
ਪਰਦੇ ਅੱਗੇ ਲੱਗਦਾ ਤਾਂਹੀ ਕਈ ਕਈ ਬਾਣੇ ਪਾ ਰਿਹਾ?
ਉਹਦੇ ਹੱਥ ਮੈਂ ਤੀਲੀ ਦਿੱਤੀ ਮੋਹ ਦੇ ਦੀਵੇ ਬਾਲਣ ਨੂੰ
ਪਰ ਉਹ ਬੀਬਾ ਰਾਣਾ ਬਣ ਕੇ ਮੈਨੂੰ ਲਾਂਬੂ ਲਾ ਰਿਹਾ?
ਨਿੱਤ ਨਵਾਂ ਉਹ ਰੂੰ ਭੇਜਦਾ ਰੱਸੇ ਕੱਤਣ ਵੱਟਣ ਨੂੰ
ਸੁਣਿਆ ਹੈ ਕਰ ਕਰ ਮਨੌਤਾਂ, ਫ਼ਾਂਸੀਆਂ, ਫਾਹੇ ਲਾ ਰਿਹਾ?
ਅੰਨ੍ਹੇਵਾਹ ਮੈਂ ਨੱਚਦਾ ਨੱਚਦਾ ਇੰਝ ਬੇਕਾਬੂ ਹੋਇਆ ਵਾਂ
ਉਹਦੇ ਹੱਥ ਦਾ ਡਮਰੂ ਜੀਕਣ ਬਾਂਦਰ ਕੋਈ ਭਰਮਾ ਰਿਹਾ?
ਮੰਨਿਆ ਮੈਂ ਖਰੀਦਣ ਵੇਚਣ ਮੁੱਢ ਦਸਤੂਰ ਆ ਦੁਨੀਆਂ ਦਾ
ਕੀਕਣ ਪਰ ਮੈਂ ਚੁੱਪ ਕਰ ਜਾਵਾਂ ਉਹ ਮੈਨੂੰ ਵੇਚ ਕੇ ਖਾ ਰਿਹਾ?
ਕਵਿਤਾਵਾਂ
ਤੇਰੀਆਂ ਪੈੜਾਂ ਤੇ ਜੇ ਕਿੱਧਰੇ ਤੁਰੀ ਹੁੰਦੀ
ਤੇਰੀ ਕੌਮ ਬਾਜਾਂ ਵਾਲਿਆ ਹੋਰ ਹੋਣੀ ਸੀ।
ਲੜਨਾ ਆਉਂਦਾ ਜੇ ਚਾਲੀਆਂ ਦਾ ਧਿਆਨ ਧਰ ਕੇ
ਅੱਜ ਵੀ ਗੜ੍ਹਕਦੀ ਗੜ੍ਹੀ ਚਮਕੌਰ ਹੋਣੀ ਸੀ।
ਹੁੰਦਾ ਕੌਣ ਇਹਨਾਂ ਦੇ ਮੁੱਲ ਸਾਨੀ
ਬਰਛੇ ਨੇਜਿਆ ਦੀ ਰਵਾਨੀ ਹੋਰ ਹੋਣੀ ਸੀ।
ਦੀਵਾਰ ਸਰਹੰਦ ਦੀ ਰੋਜ਼ ਫਿੱਟਕਾਰ ਪਾਵੇ
ਅਹਿਸਾਸ ਹੁੰਦਾ ਦਾਸਤਾਨੀ ਹੋਰ ਹੋਣੀ ਸੀ ।
ਇਹਨਾਂ ਮੋਹਰੀ ਬਣ ਬੈਠੇ ਚੰਦੂਆਂ ਦੀ
ਫਿਰ ਪਾਤਸ਼ਾਹ ਜ਼ੁਬਾਨੀ ਹੋਰ ਹੋਣੀ ਸੀ।
ਆਹ ਜਿਹੜੇ ਟੱਕਾ ਟੱਕਾ ਵਿੱਚ ਵਿਕਣ ਬੋਲੀ
ਦੰਡ ਹੋਰ ਹੋਣਾ ਸੀ ਭੁਗਤਾਨੀ ਹੋਰ ਹੋਣੀ ਸੀ ।
ਤੇਰੇ ਲਾਲਾਂ ਤੋਂ ਅਸੀਂ ਜੇ ਕੁਝ ਸਿੱਖਿਆ ਹੁੰਦਾ
ਕਿੱਸਾ ਹੋਰ ਹੋਣਾ ਸੀ ਕਹਾਣੀ ਹੋਰ ਹੋਣੀ ਸੀ ।
ਦੀਪ ਸੰਧੂ
+61 459 966 392
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly