ਦਰਦ ਦੀ ਦਵਾ / ਮਿੰਨੀ ਕਹਾਣੀ

ਮਹਿੰਦਰ ਸਿੰਘ ਮਾਨ

     (ਸਮਾਜ ਵੀਕਲੀ)

ਗਰਮੀਆਂ ਦੇ ਦਿਨ ਸਨ। ਰਾਤ ਦੇ ਦਸ ਕੁ ਵੱਜਣ ਵਾਲੇ ਸਨ। ਪਿੰਡ ਨੂੰ ਆਉਂਦੀ ਲਿੰਕ ਰੋਡ ਤੇ ਪਿੰਡ ਵਿੱਚ ਦਾਖਲ ਹੋਣ ਲੱਗਿਆਂ ਸਭ ਤੋਂ ਪਹਿਲਾਂ ਮੇਰਾ ਘਰ ਹੀ ਆਉਂਦਾ ਹੈ। ਅਚਾਨਕ ਮੇਰੇ ਘਰ ਦਾ ਗੇਟ ਕਿਸੇ ਨੇ ਖੜਕਾਇਆ।
ਮੈਂ ਆਪਣੇ ਕਮਰੇ ਤੋਂ ਬਾਹਰ ਆ ਕੇ ਗੇਟ ਖੋਲ੍ਹਿਆ। ਇੱਕ 25 ਕੁ ਸਾਲ ਦਾ ਨੌਜਵਾਨ ਗੇਟ ਵਿੱਚ ਖੜ੍ਹਾ ਸੀ। ਸੜਕ ਤੇ ਖੜ੍ਹੀ ਕਾਰ ਵਿੱਚ ਕੋਈ ਔਰਤ ਦਰਦ ਨਾਲ ਕੁਰਲਾ ਰਹੀ ਸੀ। ਨੌਜਵਾਨ ਨੇ ਮੈਨੂੰ ਆਖਿਆ,” ਇੱਥੇ ਡਾਕਟਰ ਬਲਵਿੰਦਰ ਦਾ ਘਰ ਕਿੱਥੇ ਕੁ ਆ? ਉਸ ਨੇ ਸਾਡੇ ਪਿੰਡ ਕਲੀਨਿਕ ਖੋਲ੍ਹਿਆ ਹੋਇਐ। ਕਾਰ ‘ਚ ਬੈਠੀ ਮੇਰੀ ਛੋਟੀ ਭੈਣ ਦੇ ਦਿਲ ਤੇ ਬਹੁਤ ਦਰਦ ਹੋ ਰਿਹੈ। ਅਸੀਂ ਉਸ ਨੂੰ ਫੋਨ ਕਰਨ ਦਾ ਬਹੁਤ ਯਤਨ ਕੀਤਾ, ਪਰ ਉਸ ਦਾ ਫੋਨ ਬੰਦ ਆ ਰਿਹੈ। ਮੇਰੀ ਛੋਟੀ ਭੈਣ ਪਹਿਲਾਂ ਵੀ ਉਸ ਤੋਂ ਦਵਾਈ ਲੈਂਦੀ ਆ।”
” ਉਸ ਦਾ ਘਰ ਪਿੰਡ ‘ਚ ਤੰਗ ਗਲੀ ‘ਚ ਆ। ਤੁਹਾਨੂੰ ਲੱਭਣ ‘ਚ ਔਖ ਆਵੇਗੀ। ਇਸ ਕਰਕੇ ਮੈਂ ਤੁਹਾਡੇ ਨਾਲ ਚੱਲਦਾਂ,” ਕੁੜੀ ਨੂੰ ਦਰਦ ਨਾਲ ਕੁਰਲਾਂਦੇ ਵੇਖ ਕੇ ਮੈਂ ਆਖਿਆ।
ਨੌਜਵਾਨ ਨੇ ਮੈਨੂੰ ਕਾਰ ਵਿੱਚ ਬਿਠਾ ਕੇ ਕਾਰ ਸਟਾਰਟ ਕੀਤੀ। ਅੱਧਾ ਕੁ ਕਿਲੋਮੀਟਰ ਜਾ ਕੇ ਮੈਂ ਨੌਜਵਾਨ ਨੂੰ ਕਾਰ ਰੋਕਣ ਲਈ ਕਿਹਾ। ਮੈਂ, ਨੌਜਵਾਨ ਤੇ ਉਸ ਦੀ ਛੋਟੀ ਭੈਣ ਕਾਰ ਚੋਂ ਉਤਰ ਕੇ ਡਾਕਟਰ ਬਲਵਿੰਦਰ ਦੇ ਘਰ ਵੱਲ ਨੂੰ ਤੁਰ ਪਏ। ਉਸ ਦੇ ਘਰ ਪਹੁੰਚ ਕੇ ਮੈਂ ਉਸ ਦੇ ਘਰ ਦਾ ਗੇਟ ਖੜਕਾਇਆ। ਉਸ ਦੇ ਡੈਡੀ ਨੇ ਗੇਟ ਖੋਲ੍ਹਿਆ ਤੇ ਅਸੀਂ ਕੁਰਸੀਆਂ ਤੇ ਬੈਠ ਕੇ ਉਸ ਦਾ ਇੰਤਜ਼ਾਰ ਕਰਨ ਲੱਗੇ। ਉਸ ਨੇ ਆਉਂਦੇ ਸਾਰ ਕੁੜੀ ਦਾ ਬਲੱਡ ਪ੍ਰੈਸ਼ਰ ਵੇਖਿਆ, ਜੋ ਕਿ ਨਾਰਮਲ ਤੋਂ ਕੁੱਝ ਵੱਧ ਸੀ। ਫੇਰ ਉਸ ਨੇ ਕੁੜੀ ਦੇ ਦਰਦ ਦਾ ਟੀਕਾ ਲਾਇਆ ਤੇ ਖਾਣ ਨੂੰ ਦੋ ਗੋਲੀਆਂ ਦਿੱਤੀਆਂ। ਦਸ ਕੁ ਮਿੰਟਾਂ ਵਿੱਚ ਉਸ ਨੂੰ ਦਰਦ ਤੋਂ ਕਾਫੀ ਰਾਹਤ ਮਿਲ ਗਈ। ਡਾਕਟਰ ਬਲਵਿੰਦਰ ਦਾ ਡੈਡੀ ਕੁੜੀ ਵੱਲ ਧਿਆਨ ਨਾਲ ਵੇਖੀ ਜਾ ਰਿਹਾ ਸੀ। ਉਸ ਤੋਂ ਰਿਹਾ ਨਾ ਗਿਆ। ਉਸ ਨੇ ਕੁੜੀ ਦੇ ਵੱਡੇ ਭਰਾ ਨੂੰ ਆਖਿਆ,” ਵੇਖ ਪੁੱਤ, ਮੇਰੀ ਗੱਲ ਦਾ ਗੁੱਸਾ ਨਾ ਕਰੀਂ। ਇਸ ਵੇਲੇ ਤੇਰੀ ਭੈਣ ਦੀ ਉਮਰ ਵਿਆਹੇ ਜਾਣ ਵਾਲੀ ਆ। ਇਸ ਉਮਰ ‘ਚ ਕੁੜੀਆਂ ਦੇ ਕਿਤੇ ਨਾ ਕਿਤੇ ਦਰਦ ਹੁੰਦਾ ਹੀ ਰਹਿੰਦਾ ਆ। ਇਸ ਦਾ ਵਿਆਹ ਹੋਣ ਨਾਲ ਇਸ ਦੇ ਸਾਰੇ ਦਰਦ ਠੀਕ ਹੋ ਜਾਣੇ ਆਂ,” ਇਸ ਤੋਂ ਪਹਿਲਾਂ ਕਿ ਉਹ ਹੋਰ ਕੁੱਝ ਬੋਲਦਾ, ਅਸੀਂ ਬਲਵਿੰਦਰ ਦੇ ਘਰ ਤੋਂ ਬਾਹਰ ਆ ਗਏ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ  9915803554

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਬਾਪੂ ਨਵਰਾਹੀ ਘੁਗਿਆਣਵੀ ਨੂੰ  ਦਿੱਤਾ ਬਿਸਮਿਲ ਫਰੀਦਕੋਟੀ ਐਵਾਰਡ
Next articleਹੋ ਰਿਹਾ ਇੰਟਰਨੈਸ਼ਨਲ ਮਾਂ ਖੇਡ ਕਬੱਡੀ ਕੱਪ ਯੂਕੇ ਅਤੇ ਕੈਨੇਡਾ ਵਲੋਂ।