ਤਸ਼ੱਦਦ ਦੀ ਦਾਸਤਾਨ -ਸਾਕਾ ਸਰਹਿੰਦ
ਇਕ ਉਹ ਦਿਨ ਜੋ ਇਤਿਹਾਸ ਵਿਚ ਕਾਲਾ ਦਿਨ ਲਿਖਿਆ ਗਿਆ। ਜਿਸ ਦਿਨ ਹਕੂਮਤ ਦੇ ਹੁਕਮਰਾਨ ਨੇ ਜ਼ੁਲਮ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿਤੀਆਂ। ਜਿਸ ਦਿਨ ਸ਼ਰਾਂ ਦੇ ਕਨੂੰਨ ਨੂੰ ਵੀ ਸ਼ਰਮਸਾਰ ਹੋਣਾ ਪਿਆ। ਜਿਸ ਦਿਨ ਕਾਜ਼ੀ ਦੇ ਫਤਵੇ ਨੇ ਕਾਜ਼ੀ ਨੂੰ ਲਾਹਨਤਾਂ ਪਾਈਆਂ। ਜਿਸ ਦਿਨ ਚੰਦ ਪੈਸਿਆਂ ਦੀ ਖਾਤਰ ਵਫ਼ਾਦਾਰ ਨਮਕਹਰਾਮੀ ਦਾ ਖਿਤਾਬ ਆਪਣੇ ਮੱਥੇ ਮਨ ਗਿਆ। ਜਿਸ ਦਿਨ ਜਾਬਰ ਸਾਮਰਾਜ ਨੇ ਦੋ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣ ਕੇ ਮੁਗਲ ਸਾਮਰਾਜ ਦੀਆਂ ਨੀਹਾਂ ਪੁਟ ਲਈਆ। ਅੱਤ ਦੀ ਸਰਦੀ ਤੇ ਪੋਹ ਦੇ ਮਹੀਨੇ ਵਿਚ ਸ਼ਹੀਦੀ ਦਿਹਾੜੇ ਦੀ ਸ਼ੁਰੂਆਤ ਨਾਲ ਸ਼ੁਰੂ ਹੁੰਦਾ ਹੈ ਦੁਨੀਆਂ ਦਾ ਅਨੋਖਾ ਇਤਿਹਾਸ ਜਿਸ ਦੀ ਮਿਸਾਲ ਤੇ ਸੂਰਬੀਰਤਾ ਲਾਸਾਨੀ ਸ਼ਹਾਦਤ ਦੀ ਕਹਾਣੀ ਦੇ ਨਾਲ ਨਾਲ ਹਕੂਮਤ ਦੀ ਦਰਿੰਦਗੀ ਹੈਵਾਨੀਅਤ ਵੀ ਇਤਿਹਾਸ ਕਾਰਾਂ ਦੀਆਂ ਕਲਮਾਂ ਵੱਲੋਂ ਰੋ ਰੋ ਕੇ ਲਿਖੀ ਗਈ। ਸਿੱਖ ਕੌਮ ਦੇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਲਖਤੇ ਜਿਗਰ ਸਾਹਿਬਜ਼ਾਦਾ ਜ਼ੋਰਾਵਰ ਸਿੰਘ ਅਤੇ ਸਾਹਿਬਜ਼ਾਦਾ ਫ਼ਤਹਿ ਸਿੰਘ ਨੂੰ ਉਨ੍ਹਾਂ ਦੀ ਬਜ਼ੁਰਗ ਦਾਦੀ ਮਾਤਾ ਮਾਤਾ ਗੁਜ਼ਰ ਕੌਰ ਜੀ ਨਾਲ ਗੁਰੂ ਘਰ ਦੇ ਨਮਕ ਹਰਾਮੀ ਚੰਦ ਮੋਹਰਾਂ ਦੇ ਲਾਲਚੀ ਗੰਗੂ ਬ੍ਰਾਹਮਣ ਵੱਲੋਂ ਮੁਰਿੰਡੇ ਕੋਤਵਾਲੀ ਵਿਚ ਮੁਖਬਰੀ ਕਰਕੇ ਫੜਵਾ ਦਿੱਤਾ ਸੀ। ਇਥੋਂ ਇਨ੍ਹਾਂ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਨਵਾਬ ਸੂਬਾ ਸਰਹਿੰਦ ਪਾਸ ਭੇਜਿਆ ਗਿਆ। ਜਿੱਥੇ ਸਰਹੰਦ ਦੇ ਨਵਾਬ ਵਜ਼ੀਰ ਖਾਂ ਵੱਲੋਂ ਉਚਾਰੀ ਤੇ ਬਣੇ ਇੱਕ ਠੰਡੀ ਬੁਰਜ ਨੁੰਮਾ ਇਮਾਰਤ ਵਿੱਚ ਤਸੀਹੇ ਦੇਣ ਲਈ ਕੈਦ ਕੀਤਾ ਗਿਆ। ਇਹ ਤਸੀਹੇ ਇਸ ਲਈ ਦਿੱਤੇ ਗਏ ਸਨ ਕਿ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦਾ ਧਰਮ ਤਬਦੀਲ ਕਰਵਾ ਕੇ ਉਨ੍ਹਾਂ ਨੂੰ ਮੁਸਲਮਾਨ ਬਣਾ ਲਿਆ ਜਾਵੇ ਅਤੇ ਪੂਰੀ ਦੁਨੀਆ ਨੂੰ ਦੱਸਿਆ ਜਾਵੇ ਕਿ ਦੇਖੋ ਕਿਵੇਂ ਸਿਖਾਂ ਦੇ ਗੁਰੂ ਦੇ ਬੱਚਿਆਂ ਅਤੇ ਮਾਤਾ ਨੇ ਮੌਤ ਤੋਂ ਡਰਦਿਆਂ ਇਸਲਾਮ ਕਬੂਲ ਕਰ ਲਿਆ। ਪਰ ਹਕੂਮਤ ਦੇ ਹਰ ਮਨਸੂਬੇ ਤੇ ਸਹਿਬਜ਼ਾਦਿਆਂ ਵੱਲੋਂ ਪਾਣੀ ਫੇਰ ਕੇ ਰੱਖ ਦਿੱਤਾ। ਕੁਝ ਇਤਿਹਾਸਕਾਰਾਂ ਵੱਲੋਂ ਲਿਖੀਆਂ ਲਿਖਤਾਂ ਅਨੁਸਾਰ ਸਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਨੂੰ ਅਲੱਗ ਅਲੱਗ ਰੱਖਿਆ ਗਿਆ ਸੀ। ਅਤੇ ਇਨ੍ਹਾਂ ਤੇ ਗ੍ਰਿਫਤਾਰ ਹੋਣ ਤੋਂ ਲੈ ਕੇ ਲਗਾਤਾਰ ਤਸ਼ੱਦਦ ਕੀਤਾ ਜਾ ਰਿਹਾ ਸੀ। ਇਤਿਹਾਸ ਕਾਰ ਲਿਖਦੇ ਹਨ ਕਿ ਸਹਿਬਜ਼ਾਦਿਆਂ ਨੂੰ ਗ੍ਰਿਫਤਾਰ ਕਰਨ ਸਮੇਂ ਬੋਰੀਆਂ ਵਿੱਚ ਬੰਦ ਕਰਕੇ ਉਪਰੋਂ ਮੂੰਹ ਬੰਨ੍ਹ ਦਿੱਤੇ ਗਏ। ਉਨ੍ਹਾਂ ਦੇ ਸਰੀਰ ਦੇ ਕੱਪੜੇ ਉਤਾਰ ਕੇ ਉਨ੍ਹਾਂ ਨੂੰ ਕੜਕਦੀ ਠੰਡ ਵਿੱਚ ਖੜੇ ਕਰਕੇ ਤੂਤ ਦੀਆਂ ਛਮਕਾਂ ਨਾਲ ਕੁਟਿਆ ਗਿਆ। ਉਨ੍ਹਾਂ ਨੂੰ ਦਰਖਤਾਂ ਨਾਲ ਬੰਨ੍ਹ ਕੇ ਗੁਲੇਲ ਨਾਲ ਉਨ੍ਹਾਂ ਤੇ ਪੱਥਰ ਮਾਰੇ ਗਏ।ਉਨ੍ਹਾਂ ਨੂੰ ਸੋਨੇ ਚਾਂਦੀ ਮਹਿਲ ਮਾੜੀਆਂ ਤੇ ਰਾਜਭਾਗ ਦੇ ਲਾਲਚ ਵੀ ਦਿੱਤੇ ਗਏ। ਉਨ੍ਹਾਂ ਨੂੰ ਇਹ ਦੱਸ ਕੇ ਡਰਾਇਆ ਗਿਆ ਕਿ ਉਨ੍ਹਾਂ ਦੇ ਪਿਤਾ ਗੁਰੂ ਗੋਬਿੰਦ ਸਿੰਘ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ। ਅਤੇ ਉਨ੍ਹਾਂ ਦੇ ਵੱਡੇ ਭਰਾ ਸਹਿਬਜ਼ਾਦਾ ਅਜੀਤ ਸਿੰਘ ਅਤੇ ਜੁਝਾਰ ਸਿੰਘ ਨੂੰ ਮਾਰ ਦਿੱਤਾ ਗਿਆ ਹੈ। ਪਰ ਜਦੋਂ ਸਹਿਬਜ਼ਾਦਿਆਂ ਤੇ ਇਨ੍ਹਾਂ ਗੱਲਾਂ ਦਾ ਕੋਈ ਅਸਰ ਨਾ ਹੋਇਆ ਤਾਂ ਸੂਬਾ ਸਰਹਿੰਦ ਵੱਲੋ ਸਹਿਬਜ਼ਾਦਿਆਂ ਨੂੰ ਨੀਹਾਂ ਵਿਚ ਚਿਣਨ ਦਾ ਫਤਵਾ ਸੁਣਾ ਦਿੱਤਾ ਗਿਆ। ਨੀਹਾਂ ਦੀ ਚਿਣਾਈ ਸਾਹਲ ਲਗਾ ਕੇ ਕੀਤੀ ਜਾਣ ਲੱਗੀ ਇਟ ਬਾਹਰ ਨਿਕਲਦੀ ਤਾਂ ਸਹਿਬਜ਼ਾਦਿਆਂ ਦੇ ਗਿੱਟੇ ਕਾਡੀ ਜਾ ਤੇਸੀ ਮਾਰ ਕੇ ਛਿਲ ਦਿੱਤੇ ਜਾਂਦੇ। ਇਸੇ ਤਰ੍ਹਾਂ ਗੋਡਿਆਂ ਨਾਲ ਕੀਤਾ ਗਿਆ ਅਤੇ ਫਿਰ ਛਾਤੀ ਵੀ ਛਿਲ ਦਿੱਤੀ ਗਈ। ਹੁਣ ਨੀਂਹ ਚਿਣੀ ਜਾ ਚੁੱਕੀ ਸੀ । ਪਰ ਹੁਕਮਰਾਨ ਨੂੰ ਆਪਣੀ ਹਾਰ ਪ੍ਰਤੱਖ ਨਜ਼ਰ ਆ ਰਹੀ ਸੀ। ਹੁਕਮਰਾਨ ਕੰਬਿਆ ਉਸ ਨੇ ਤੁਰੰਤ ਕੰਧ ਢਾਉਣ ਦਾ ਹੁਕਮ ਦਿੱਤਾ ਅਤੇ ਬੇਹੋਸ਼ ਹੋਏ ਸਹਿਬਜ਼ਾਦਿਆਂ ਨੂੰ ਤੁਰੰਤ ਫਿਰ ਹੋਸ਼ ਵਿਚ ਲਿਆਂਦਾ। ਹੋਸ਼ ਵਿਚ ਆਉਣ ਤੇ ਸਹਿਬਜ਼ਾਦਿਆਂ ਨੂੰ ਫਿਰ ਆਖ਼ਰੀ ਵਾਰ ਪੁਛਿਆ ਗਿਆ ਇਸਲਾਮ ਕਬੂਲ ਕਰੋ ਜਾਂ ਮਰਨ ਲਈ ਤਿਆਰ ਹੋ ਜਾਓ। ਸਹਿਬਜਾਂਦਿਆਂ ਨੇ ਬੜੀ ਦ੍ਰਿੜ੍ਹਤਾ ਤੇ ਨਾਲ ਰਿਹਾ। ਮੌਤ ਕਬੂਲ ਹੈ ਅਧੀਨਗੀ ਨਹੀਂ ਤਾਂ ਸੁਣ ਕੇ ਸੂਬਾ ਸਰਹਿੰਦ ਦੇ ਪੈਰਾਂ ਥੱਲਿਓਂ ਜ਼ਮੀਨ ਖਿਸਕ ਗਈ।ਉਸ ਨੇ ਅੱਗ ਭਬੂਲਾ ਹੁਦਿਆਂ ਸਹਿਬਜ਼ਾਦਿਆਂ ਨੂੰ ਜ਼ਿਬਾਹ ਕਰਨ ਦਾ ਹੁਕਮ ਸੁਣਾ ਦਿੱਤਾ। ਜਲਾਦਾਂ ਵੱਲੋਂ ਸਹਿਬਜ਼ਾਦਿਆਂ ਦੀ ਸ਼ਾਹ ਰਗ ਵੱਡ ਦਿੱਤੀ ਗਈ। ਸਹਿਬਜ਼ਾਦਿਆਂ ਵੱਲੋਂ ਸ਼ਹਾਦਤ ਦਿੱਤੀ ਗਈ ਪਰ ਈਨ ਨਹੀਂ ਮੰਨੀ ਗਈ। ਇਸ ਤੋਂ ਬਾਅਦ ਮਾਤਾ ਗੁਜਰ ਕੌਰ ਜੀ ਨੂੰ ਵੀ ਸ਼ਹੀਦ ਕਰ ਦਿੱਤਾ ਗਿਆ। ਇਸ ਤਰਾਂ ਸ਼ਹਾਦਤ ਦਾ ਜਾਮ ਪੀ ਕੇ ਇਹ ਰੂਹਾਂ ਆਪਣਾ ਨਾਮ ਇਤਾਹਾਸ ਦੇ ਸੁਨਿਹਰੀ ਅੱਖਰਾਂ ਵਿੱਚ ਲਿਖ ਗਈਆ । ਜਿਥੇ ਇਹ ਕਹਾਣੀਆਂ ਰਹਿੰਦੀ ਦੁਨੀਆਂ ਤੱਕ ਸੁਣਾਈਆਂ ਜਾਂਦੀਆਂ ਰਹਿਣਗੀਆਂ। ਉਥੇ ਹਾਅ ਦਾ ਨਾਅਰਾ ਮਾਰਨ ਵਾਲੇ ਨਵਾਬ ਮਲੇਰਕੋਟਲਾ ਅਤੇ ਦੁਧ ਦੀ ਸੇਵਾ ਕਰਨ ਵਾਲੇ ਮੋਤੀ ਰਾਮ ਮਹਿਰਾ ਦੇ ਨਾਲ ਦੀਵਾਨ ਟੋਡਰ ਮੱਲ ਦੇ ਪਰਿਵਾਰ ਨੂੰ ਵੀ ਸੰਗਤਾਂ ਵੱਲੋਂ ਚੇਤੇ ਰੱਖਿਆ ਜਾਵੇਗਾ।
ਪੱਤਰਕਾਰ ਹਰਜਿੰਦਰ ਸਿੰਘ ਚੰਦੀ ਮਹਿਤਪੁਰ ਨਕੋਦਰ ਜਲੰਧਰ
9814601638
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly