(ਸਮਾਜ ਵੀਕਲੀ)
ਸਰਦੀਆਂ ਦੀ ਰੁੱਤ ਦੇ ਅੰਤ ਵਿੱਚ ਬਸੰਤ ਪੰਚਮੀ ਦਾ ਤਿਉਹਾਰ ਸਾਡੇ ਦੇਸ਼ ਵਿੱਚ ਬੜੇ ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਜਾਂਦਾ ਹੈ । ਪਹਿਲਾਂ ਇਸ ਮੌਕੇ ਹਰ ਵਰਗ ਦੇ ਲੋਕ ਪਤੰਗਬਾਜ਼ੀ ਕਰ ਕੇ ਨਵੀਂ ਰੁੱਤ ਦਾ ਸਵਾਗਤ ਕਰਦੇ ਸਨ । ਕਈ ਕਈ ਦਿਨ ਪਹਿਲਾਂ ਹੀ ਬੱਚੇ ਪਤੰਗਬਾਜ਼ੀ ਕਰਦੇ ਨਜ਼ਰ ਆਉਂਦੇ ਸਨ। ਵੈਸੇ ਵੀ ਸਰਦੀ ਦੀ ਰੁੱਤ ਹੋਣ ਕਰਕੇ ਘਰਾਂ ਦੀਆਂ ਛੱਤਾਂ ਤੇ ਬੱਚਿਆਂ ਦਾ ਪਤੰਗ ਚੜ੍ਹਾ ਕੇ ਜਿੱਥੇ ਮਨੋਰੰਜਨ ਹੋ ਜਾਂਦਾ ਸੀ ਉੱਥੇ ਹੀ ਉਹ ਧੁੱਪ ਸੇਕ ਕੇ ਸਰਦੀ ਦੀ ਰੁੱਤ ਦਾ ਆਨੰਦ ਮਾਣਦੇ ਸਨ। ਡੋਰਾਂ ਉੱਪਰ ਵਧੀਆ ਤੋਂ ਵਧੀਆ ਮਾਂਝਾ ਚੜ੍ਹਾ ਕੇ ਆਪਣੀ ਡੋਰ ਪੱਕੀ ਤੋਂ ਪੱਕੀ ਕਰ ਲਈ ਜਾਂਦੀ ਸੀ। ਪਤੰਗਬਾਜ਼ੀ ਦੌਰਾਨ ਖੂਬ ਮਨੋਰੰਜਨ ਹੁੰਦਾ ਸੀ। ਇਹ ਸਭ ਕੁਝ ਅੱਜ ਵੀ ਇਸੇ ਤਰ੍ਹਾਂ ਹੀ ਮਨਾਇਆ ਜਾਂਦਾ ਹੈ ਪਰ ਹੁਣ ਇਸ ਨੂੰ ਮਨਾਉਣ ਦੇ ਤੌਰ ਤਰੀਕਿਆਂ ਵਿੱਚ ਬਹੁਤ ਫਰਕ ਆ ਗਿਆ ਹੈ।ਜੇ ਵੇਖਿਆ ਜਾਵੇ ਤਾਂ ਪਹਿਲਾਂ ਪਹਿਲ ਸਿਰਫ਼ ਬਸੰਤ ਪੰਚਮੀ ਦੇ ਤਿਉਹਾਰ ਨਾਲ਼ ਹੀ ਪਤੰਗਬਾਜ਼ੀ ਨੂੰ ਜੋੜਿਆ ਜਾਂਦਾ ਸੀ ਕਿਉਂਕਿ ਕਹਾਵਤ “ਆਈ ਬਸੰਤ ਪਾਲ਼ਾ ਉਡੰਤ” ਅਨੁਸਾਰ ਮੌਸਮ ਖੁੱਲ੍ਹ ਜਾਂਦਾ ਸੀ ਅਤੇ ਲੋਕ ਛੱਤਾਂ ਤੇ ਚੜ੍ਹਕੇ ਜਾਂ ਧਾਰਮਿਕ ਜਾਂ ਸੱਭਿਆਚਾਰਕ ਮੇਲਿਆਂ ਵਿੱਚ ਖੁੱਲ੍ਹੇ ਮੈਦਾਨਾਂ ਵਿੱਚ ਪਤੰਗਬਾਜ਼ੀ ਕਰਦੇ ਸਨ ਅਤੇ ਪਤੰਗਬਾਜ਼ੀ ਦੇ ਮੁਕਾਬਲੇ ਕਰਵਾਏ ਜਾਂਦੇ ਸਨ। ਇਸ ਤਰ੍ਹਾਂ ਉਦੋਂ ਲੋਕ ਇੱਕ ਤਿਉਹਾਰ ਨੂੰ ਚਾਅ ਮਲਾਰ ਨਾਲ ਮਨਾ ਕੇ ਖੁਸ਼ੀਆਂ ਪ੍ਰਾਪਤ ਕਰਦੇ ਸਨ।
ਪਰ ਸਮਾਂ ਬੀਤਣ ਦੇ ਨਾਲ ਪਤੰਗਬਾਜ਼ੀ ਦਾ ਸਮਾਂ ਕਾਲ ਬਹੁਤ ਲੰਮਾ ਹੋ ਗਿਆ ਹੈ। ਸਰਦੀਆਂ ਦੇ ਸ਼ੁਰੂ ਵਿੱਚ ਹੀ ਬੱਚੇ ਛੱਤਾਂ ਤੇ ਚੜ੍ਹਕੇ ਪਤੰਗ ਚੜ੍ਹਾਉਂਦੇ ਨਜ਼ਰ ਆਉਣ ਲੱਗਦੇ ਹਨ।ਅੱਜਕੱਲ੍ਹ ਲੋਹੜੀ ਦੇ ਤਿਉਹਾਰ ਨੂੰ ਵੀ ਬੱਚੇ ਸਿਰਫ਼ ਪਤੰਗਬਾਜ਼ੀ ਕਰਦੇ ਹੀ ਨਜ਼ਰ ਆਉਂਦੇ ਹਨ ਜਦ ਕਿ ਇਸ ਤਿਉਹਾਰ ਨਾਲ਼ ਜੁੜੇ ਸਾਡੇ ਬਹੁਤ ਸਾਰੇ ਪੁਰਾਣੇ ਰੀਤੀ ਰਿਵਾਜ ਵਿਸਾਰੇ ਜਾ ਰਹੇ ਹਨ। ਪਰ ਪਤੰਗਬਾਜ਼ੀ ਹੁਣ ਮਨੁੱਖੀ ਜ਼ਿੰਦਗੀਆਂ ਤੇ ਭਾਰੂ ਤਾਂ ਪੈ ਹੀ ਰਹੀ ਹੈ ਪਰ ਇਸ ਦੇ ਨਾਲ ਹੀ ਪਸ਼ੂ – ਪੰਛੀਆਂ ਅਤੇ ਬੇਜ਼ੁਬਾਨਾਂ ਦੀਆਂ ਜ਼ਿੰਦਗੀਆਂ ਉੱਪਰ ਵੀ ਭਾਰੂ ਪੈਂਦੀ ਨਜ਼ਰ ਆ ਰਹੀ ਹੈ ਕਿਉਂਕਿ ਪਹਿਲਾਂ ਡੋਰ ਸੂਤੀ ਧਾਗੇ ਨਾਲ ਤਿਆਰ ਹੁੰਦੀ ਸੀ । ਪਰ ਬੀਤੇ ਕੁਝ ਵਰ੍ਹਿਆਂ ਤੋਂ ਹੋਂਦ ਵਿੱਚ ਆਈ ਇਹ ਚਾਈਨਾ ਡੋਰ ਬੱਚਿਆਂ ਅਤੇ ਵੱਡਿਆਂ ਦੀ ਪਹਿਲੀ ਪਸੰਦ ਬਣ ਗਈ ਹੈ।ਇਹ ਡੋਰ ਮਨੁੱਖੀ ਜੀਵਨ ਅਤੇ ਪਸ਼ੂ – ਪੰਛੀਆਂ ਲਈ ਕਾਲ ਬਣਦੀ ਜਾ ਰਹੀ ਹੈ । ਇਸ ਡੋਰ ਦੀ ਲਪੇਟ ਵਿਚ ਆਉਣ ਕਾਰਨ ਜਿੱਥੇ ਹਰ ਸਾਲ ਕੀਮਤੀ ਜ਼ਿੰਦਗੀਆਂ ਖ਼ਤਮ ਹੁੰਦੀਆਂ ਹਨ ਉੱਥੇ ਵੱਡੇ ਪੱਧਰ ‘ਤੇ ਮਾਸੂਮ ਤੇ ਲਾਚਾਰ ਪਸ਼ੂ – ਪੰਛੀ ਵੀ ਕਾਲ ਦੇ ਮੂੰਹ ਵਿੱਚ ਚਲੇ ਜਾਂਦੇ ਹਨ । ਅਕਸਰ ਬਿਜਲੀ ਦੀਆਂ ਹਾਈਵੋਲਟੇਜ ਤਾਰਾਂ ਜਾਂ ਖੰਭਿਆਂ ਜਾਂ ਉੱਚੇ ਉੱਚੇ ਦਰਖਤਾਂ ਵਿੱਚ ਫਸੀ ਚਾਈਨਾ ਡੋਰ ਵਿੱਚ ਸਾਡੀ ਕੁਦਰਤ ਦਾ ਅਨਮੋਲ ਖ਼ਜ਼ਾਨਾ ਕਬੂਤਰ, ਕਾਂ, ਘੁੱਗੀਆਂ,ਚਿੜੀਆਂ ਭਾਵ ਪੰਛੀ ਫ਼ਸ ਕੇ ਤੜਪ ਤੜਪ ਕੇ ਮਰ ਜਾਂਦੇ ਹਨ। ਪਸ਼ੂਆਂ ਦੀਆਂ ਅੱਖਾਂ ਜਾਂ ਗਰਦਨਾਂ ਤੇ ਵੱਡੇ ਕੱਟ ਲੱਗ ਕੇ ਖ਼ੂਨ ਵਹਿ ਵਹਿ ਕੇ ਤੜਫਦੇ ਨਜ਼ਰ ਆਉਂਦੇ ਹਨ। ਪੈਦਲ ਜਾਂਦੇ ਲੋਕਾਂ ਦੇ ਪੈਰਾਂ ਵਿੱਚ ਚਾਈਨਾ ਡੋਰ ਫਸਦੀ ਹੈ,ਹੁਣ ਤੱਕ ਕਈ ਦੋ ਪਹੀਆ ਵਾਹਨਾਂ ਵਾਲੇ ਲੋਕਾਂ ਦੇ ਗਰਦਨ ਵਿੱਚ ਫਸਕੇ ਕਈਆਂ ਨੂੰ ਮੌਤ ਦੇ ਘਾਟ ਉਤਾਰ ਚੁੱਕੀ ਹੈ।
ਭਾਵੇਂ ਹਰ ਸਾਲ ਸਰਕਾਰਾਂ ਵੱਲੋਂ ਹੁਕਮ ਜਾਰੀ ਕਰ ਕੇ ਸੂਬੇ ਭਰ ਅੰਦਰ ਚਾਈਨਾ ਡੋਰ ਦੀ ਵਿਕਰੀ ਅਤੇ ਸਪਲਾਈ ‘ ਤੇ ਮੁਕੰਮਲ ਪਾਬੰਦੀ ਲਾਉਣ ਦੇ ਹੁਕਮ ਜਾਰੀ ਕੀਤੇ ਜਾਂਦੇ ਹਨ ਤੇ ਦੱਸਿਆ ਜਾਂਦਾ ਹੈ ਕਿ ਪਤੰਗਬਾਜ਼ੀ ਲਈ ਧਾਗੇ , ਕੱਚ ਜਾਂ ਕਿਸੇ ਧਾਤ ਰਾਹੀਂ ਤਿੱਖੀ ਬਣਾਈ ਅਤੇ ਸਿੰਥੈਟਿਕ ਧਾਗੇ ਨਾਲ ਪਤੰਗਬਾਜ਼ੀ ਕਰਨਾ ਕਾਨੂੰਨੀ ਜੁਰਮ ਹੈ । ਚਾਈਨਾ ਡੋਰਾਂ ਦੀ ਵਰਤੋਂ ਨਾਲ ਧਰਤੀ ਦਾ ਵਾਤਾਵਰਨ ਦੂਸ਼ਿਤ ਹੋਣ ਦੇ ਨਾਲ ਨਾਲ ਇਨਸਾਨਾਂ ਅਤੇ ਪਸ਼ੂਆਂ – ਪੰਛੀਆਂ ਨੂੰ ਭਾਰੀ ਨੁਕਸਾਨ ਹੁੰਦਾ ਹੈ ਪਰ ਇਸ ਦੇ ਬਾਵਜੂਦ ਵੀ ਹਰ ਸਾਲ ਜ਼ਿਲ੍ਹਾ ਪੱਧਰ ‘ਤੇ ਪ੍ਰਸ਼ਾਸਨ ਸਰਕਾਰੀ ਹੁਕਮਾਂ ਦੀ ਪਾਲਣਾ ਕਰਵਾਉਣ ਵਿਚ ਕੋਈ ਵੱਡੀ ਸਫ਼ਲਤਾ ਹਾਸਿਲ ਨਹੀਂ ਕਰ ਸਕਿਆ ਹੈ।
ਚਾਈਨਾ ਅਤੇ ਕੱਚ ਲੱਗੀ ਡੋਰ ਹਰ ਸਾਲ ਜ਼ੋਰਾਂ ਸ਼ੋਰਾਂ ਨਾਲ ਖ਼ਰੀਦੀ ਤੇ ਵੇਚੀ ਜਾਂਦੀ ਹੈ । ਇਸ ਦੀ ਵਰਤੋਂ ਹਰ ਵਰ੍ਹੇ ਵਧਦੀ ਹੀ ਜਾ ਰਹੀ ਹੈ । ਬਹੁਤੀਆਂ ਸਮਾਜ ਸੇਵੀ ਸੰਸਥਾਵਾਂ, ਵਾਤਾਵਰਨ ਪ੍ਰੇਮੀਆਂ, ਜਗਿਆਸੂਆਂ ਅਤੇ ਕਈ ਵੈਲਫੇਅਰ ਸੁਸਾਇਟੀਆਂ ਨਾਲ ਜੁੜੇ ਲੋਕਾਂ ਵੱਲੋਂ ਸਕੂਲਾਂ – ਕਾਲਜਾਂ ਵਿੱਚ ਜਾ ਕੇ ਚਾਈਨਾ ਡੋਰ ਦੇ ਨੁਕਸਾਨ ਬਾਰੇ ਵਿਦਿਆਰਥੀਆਂ ਨੂੰ ਜਾਗਰੂਕ ਕੀਤਾ ਜਾਂਦਾ ਹੈ।ਇਸ ਤਰ੍ਹਾਂ ਕਰਨਾ ਇੱਕ ਚੰਗਾ ਸੰਕੇਤ ਤਾਂ ਹੈ ਪਰ ਇਸ ਨੂੰ ਅਮਲੀ ਰੂਪ ਵਿੱਚ ਕਿੰਨੇ ਕੁ ਲੋਕਾਂ ਵੱਲੋਂ ਅਪਣਾਇਆ ਜਾਂਦਾ ਹੈ,ਇਹ ਵੀ ਝਾਤੀ ਮਾਰਨ ਦੀ ਲੋੜ ਹੈ। ਹਰ ਆਮ ਨਾਗਰਿਕ ਦਾ ਇਸ ਪ੍ਰਤੀ ਨੈਤਿਕ ਫ਼ਰਜ਼ ਬਣਦਾ ਹੈ ਕਿ ਉਹ ਚਾਈਨਾ ਡੋਰ ਪ੍ਰਤੀ ਚਲਾਉਣ ਵਾਲੀਆਂ ਮੁਹਿੰਮਾਂ ਵਿੱਚ ਵਧ-ਚੜ੍ਹ ਕੇ ਯੋਗਦਾਨ ਪਾਵੇ । ਇਹ ਸ਼ੁਰੂਆਤ ਪਹਿਲਾਂ ਖ਼ੁਦ ਦੇ ਘਰ ਤੋਂ ਕਰਨੀ ਹੋਵੇਗੀ ਕਿਉਂਕਿ ਜੇ ਆਪਣੇ ਬੱਚਿਆਂ ਨੂੰ ਇਸ ਡੋਰ ਦੇ ਬੁਰੇ ਪ੍ਰਭਾਵ ਤੋਂ ਜਾਣੂ ਕਰਵਾਉਣ ਵਿੱਚ ਸਫ਼ਲ ਹੋ ਗਏ ਤਾਂ ਇਸ ਜਾਨਲੇਵਾ ਡੋਰ ਦਾ ਅੰਤ ਕਰਕੇ ਅਨੇਕਾਂ ਕੀਮਤੀ ਮਨੁੱਖੀ ਅਤੇ ਪਸ਼ੂ – ਪੰਛੀਆਂ ਦੀਆਂ ਜਾਨਾਂ ਬਚਾਉਣ ਵਿਚ ਅਹਿਮ ਭੂਮਿਕਾ ਅਦਾ ਕਰ ਸਕਦੇ ਹਾਂ । ਇਸ ਲਈ ਆਪਣੇ ਬੱਚਿਆਂ ਨੂੰ ਚਾਈਨਾਂ ਦੀ ਪਲਾਸਟਿਕ ਡੋਰ ਨਾਲ ਪਿਛਲੇ ਲੰਬੇ ਅਰਸੇ ਤੋਂ ਹੁੰਦੇ ਆ ਰਹੇ ਹਾਦਸਿਆਂ ਤੋਂ ਜਾਣੂੰ ਕਰਵਾਇਆ ਜਾਵੇ ਤਾਂ ਜੋ ਬੱਚਿਆਂ ਵੱਲੋਂ ਜਾਣ ਬੁੱਝ ਕੇ ਖਰੀਦੀ ਇਸ ਡੋਰ ਤੋਂ ਅਣਜਾਣੇ ਵਿੱਚ ਹੋਣ ਵਾਲੇ ਗੁਨਾਹਾਂ ਬਾਰੇ ਉਹਨਾਂ ਨੂੰ ਸਮਝਾਇਆ ਜਾ ਸਕੇ।
ਚਾਹੇ ਸਾਡੀ ਸਰਕਾਰ ਵਲੋਂ ਇਸ ਚਾਈਨਾਂ ਡੋਰ ਤੇ ਪਾਬੰਦੀ ਲਗਾਈ ਹੋਈ ਹੈ। ਪਰ ਫਿਰ ਵੀ ਦੁਕਾਨਦਾਰਾਂ ਵੱਲੋਂ ਚਾਈਨਾਂ ਡੋਰ ਦੁਕਾਨ ਤੇ ਨਾ ਰੱਖ ਕੇ ਕਿਤੇ ਹੋਰ ਗੁਪਤ ਜਗ੍ਹਾ ਤੇ ਰੱਖ ਕੇ ਇਸ ਦੀ ਗੈਰਕਨੂੰਨੀ ਤਰੀਕੇ ਨਾਲ ਵਿਕਰੀ ਕੀਤੀ ਜਾਂਦੀ ਹੈ। ਜਦ ਵੀ ਪੁਲਿਸ ਵੱਲੋਂ ਦਕਾਨਾਂ ਤੇ ਛਾਪਾ ਮਾਰਿਆ ਜਾਂਦਾ ਹੈ ਤਾਂ ਪੁਲਿਸ ਦੇ ਹੱਥ ਪੱਲੇ ਕੁੁਝ ਨਹੀਂ ਪੈਂਦਾ। ਸੋਚਣ ਦੀ ਗੱਲ ਤਾਂ ਇਹ ਹੈ ਕਿ ਜੇ ਇਸ ਡੋਰ ਨੂੰ ਸਪਲਾਈ ਕਰਨ ਵਾਲਿਆਂ ਤੇ ਨਕੇਲ ਪਾਈ ਜਾਏ ਤਾਂ ਉਹ ਮਾਰਕੀਟ ਵਿੱਚ ਕਿਵੇਂ ਆ ਜਾਵੇਗੀ? ਇਸ ਦੇ ਲਈ ਪਤੰਗਬਾਜ਼ੀ ਕਰਨ ਵਾਲਿਆਂ ਤੇ ਜੇ ਸਬੰਧਤ ਥਾਣਿਆਂ ਵੱਲੋਂ ਮੁਹੱਲਿਆਂ ਜਾਂ ਸੁਸਾਇਟੀਆਂ ਨੂੰ ਸਖ਼ਤ ਨਿਰਦੇਸ਼ ਦੇ ਕੇ ਇਮਾਨਦਾਰੀ ਨਾਲ ਕਾਰਵਾਈਆਂ ਕੀਤੀਆਂ ਜਾਣ ਤਾਂ ਇਹ ਚਾਈਨਾ ਡੋਰ ਦੇ ਆਤੰਕ ਦਾ ਅੰਤ ਆਸਾਨੀ ਨਾਲ ਕੀਤਾ ਜਾ ਸਕਦਾ ਹੈ।
ਪਰ ਜੇ ਆਪਾਂ ਹੁਣ ਦੀ ਗੱਲ ਕਰੀਏ ਤਾਂ ਆਪਣੇ ਆਲ਼ੇ ਦੁਆਲ਼ੇ ਜਾਂ ਰਸਤਿਆਂ ਵਿੱਚ ਜਾਂਦਿਆਂ ਝਾਤ ਮਾਰੀਏ ਤਾਂ ਬੱਚੇ ਹੁਣ ਤੋਂ ਹੀ ਛੱਤਾਂ ਤੇ ਚੜ੍ਹਕੇ ਪਤੰਗਬਾਜ਼ੀ ਕਰਦੇ ਨਜ਼ਰ ਆ ਰਹੇ ਹਨ ਕੀ ਉਹਨਾਂ ਵੱਲੋਂ ਵਰਤੀ ਜਾ ਰਹੀ ਡੋਰ ਚੈੱਕ ਕਰਨ ਲਈ ਕੋਈ ਆਇਆ ਹੈ ? ਉਹੀ ਮਾਂ ਬਾਪ ਹਨ ਜੋ ਉਹਨਾਂ ਨੂੰ ਚਾਈਨਾ ਡੋਰ ਖ਼ਰੀਦ ਕੇ ਦਿੰਦੇ ਹਨ। ਅੱਜ ਵੀ ਗਲ਼ੀਆਂ ਜਾਂ ਛੱਤਾਂ ਉੱਤੇ ਚਾਈਨਾ ਡੋਰ ਆਮ ਹੀ ਪੈਰਾਂ ਵਿੱਚ ਫ਼ਸ ਰਹੀ ਹੈ ਪਰ ਹਜੇ ਤੱਕ ਇਹਨਾਂ ਉੱਤੇ ਕੋਈ ਕਾਰਵਾਈ ਹੁੰਦੀ ਨਹੀਂ ਦੇਖੀ ਜਾ ਰਹੀ। ਸੰਘਣੇ ਕੋਹਰੇ ਨਾਲ ਗਿੱਲੀ ਹੋਈ ਚਾਈਨਾ ਡੋਰ ਬਿਜਲੀ ਦੇ ਖੰਭਿਆਂ ਤੇ ਤਾਰਾਂ ਨਾਲ ਜੁੜ ਕੇ ਚੰਗਿਆੜੇ ਛੱਡਦੀ ਨਜ਼ਰ ਆਉਂਦੀ ਹੈ ਤੇ ਉਹੀ ਡੋਰ ਲਮਕਦੀ ਹੋਈ ਰਾਹਗੀਰਾਂ ਲਈ ਵੀ ਮੌਤ ਦਾ ਕਾਰਨ ਬਣ ਸਕਦੀ ਹੈ। ਜੇ ਕੋਈ ਭੱਦਰ ਪੁਰਸ਼ ਐਧਰ ਓਧਰ ਲਮਕਦੀਆਂ ਡੋਰਾਂ ਨੂੰ ਹਟਾਉਣ ਦਾ ਕੰਮ ਕਰਨਾ ਵੀ ਚਾਹੇ ਤਾਂ ਉਹ ਚਾਹ ਕੇ ਵੀ ਨਹੀਂ ਕਰ ਸਕਦਾ ਕਿਉਂਕਿ ਹਾਈਵੋਲਟੇਜ ਤਾਰਾਂ ਨੂੰ ਛੂਹੰਦੀਆਂ ਡੋਰਾਂ ਨੂੰ ਹੱਥ ਲਾਉਣਾ ਖ਼ਤਰੇ ਤੋਂ ਖਾਲੀ ਨਹੀਂ ਹੁੰਦਾ। ਚਾਹੇ ਸਰਕਾਰਾਂ ਜਾਂ ਕਾਨੂੰਨ ਵੱਲੋਂ ਵਾਅਦੇ ਤਾਂ ਕੀਤੇ ਜਾਂਦੇ ਹਨ ਪਰ ਉਹਨਾਂ ਤੇ ਅਮਲ ਕਿੰਨਾ ਹੁੰਦਾ ਹੈ ਹੁਣ ਇਹ ਵੇਖਣ ਵਾਲ਼ੀ ਗੱਲ ਹੋਵੇਗੀ ਕਿਉਂਕਿ ਆਮ ਛੋਟੇ ਮੁਹੱਲਿਆਂ ਵਿੱਚ ਹੁਣ ਤੋਂ ਹੀ ਬੱਚੇ ਇਸ ਡੋਰ ਦਾ ਇਸਤੇਮਾਲ ਕਰਕੇ ਕਾਨੂੰਨ ਨੂੰ ਦੰਦੀਆਂ ਚਿੜਾਉਂਦੇ ਨਜ਼ਰ ਆ ਰਹੇ ਹਨ। ਇਸੇ ਲਈ ਤਾਂ ਅੰਗਰੇਜ਼ੀ ਦੀ ਇੱਕ ਕਹਾਵਤ ( Nip the evil from the bud) ਭਾਵ ਬੁਰਿਆਈ ਨੂੰ ਵਧਣ ਤੋਂ ਪਹਿਲਾਂ ਹੀ ਦਬਾ ਦੇਣਾ ਚਾਹੀਦਾ ਹੈ ਕਿਉਂਕਿ ਦੂਜਿਆਂ ਦੀ ਸੁਰੱਖਿਆ ਲਈ ਕਦਮ ਉਠਾਉਣਾ ਹੀ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly