(ਸਮਾਜ ਵੀਕਲੀ)
ਕੁੱਝ ਗੱਲਾਂ ਹੀ ਕਹਾਣੀਆਂ ਬਣ ਜਾਂਦੀਆਂ ਹਨ ਜਾਂ ਕਹਿ ਲਵੋ ਕਿ ਕਿਸੇ ਦੀ ਲਿਖੀ ਕਹਾਣੀ ਦੇ ਪਾਤਰਾਂ ਨੂੰ ਅਸੀਂ ਆਪਣੇ ਆਪ ਤੇ ਹੰਢਾ ਰਹੇ ਹੁੰਦੇ ਹਾਂ। ਕਈ ਕਹਾਣੀਆਂ ਤਾਂ ਸਾਡੇ ਆਲੇ-ਦੁਆਲੇ ਰੱਬ-ਸਬੱਬੀ ਬੁਣੀਆਂ ਅਤੇ ਘੜੀਆਂ ਜਾ ਰਹੀਆਂ ਹੁੰਦੀਆਂ ਹਨ। ਕੁਦਰਤ ਦੀਆਂ ਪ੍ਰਸਥਿਤੀਆਂ ਅਨਕੂਲ ਜਿਹੜਾ ਕੁਝ ਵੀ ਵਾਪਰਨਾ ਹੈ ਉਹ ਵਾਪਰ ਕੇ ਹੀ ਰਹਿਣਾ ਹੈ। ਫਿਰ ਅਸੀਂ ਭਾਵ ਮਨੁੱਖ ਜਾਤੀ ਚਾਹੇਂ ਜਿੰਨਾ ਮਰਜ਼ੀ ਜ਼ੋਰ ਲਾ ਲਈਏ ਅਸੀਂ ਕੁਦਰਤ ਦੀ ਮਰਜ਼ੀ ਤੋਂ ਬਗੈਰ ਕੋਈ ਕਾਰਜ ਨਹੀਂ ਕਰ ਸਕਦੇ। ਪੇਸ਼ੇ ਵਜੋਂ ਮੈਂ ਇੱਕ ਅਧਿਆਪਕ ਹਾਂ ਅਤੇ ਪੁਆਧ ਦੇ ਇਲਾਕੇ ਵਿੱਚ ਪੈਂਦੇ ਪਿੰਡ ਦੇ ਸਕੂਲ ਵਿੱਚ ਪੜਾਉਂਦਾ ਹਾਂ। ਮੈਂ ਆਪ ਸਰਕਾਰੀ ਸਕੂਲ ਵਿੱਚ ਪੜਿਆ ਹਾਂ ਅਤੇ ਅੱਤ ਦੀ ਗਰੀਬੀ ਦਾ ਇੱਕ ਮਾੜਾ ਦੌਰ ਮੈਂ ਆਪਣੇ ਪਿੰਡੇ ਤੇ ਹੰਡਾਇਆ ਹੈ। ਇਸ ਲਈ ਮੈਂ ਸਰਕਾਰੀ ਸਕੂਲਾਂ ਵਿੱਚ ਖਾਸ ਕਰਕੇ ਪਿੰਡਾਂ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੇ ਜੀਵਨ ਚੱਕਰ ਨੂੰ ਬਾਖੂਬੀ ਸਮਝ ਅਤੇ ਮਹਿਸੂਸ ਵੀ ਕਰ ਸਕਦਾ ਹਾਂ। ਮੇਰੇ ਨਾਲ ਸਰਕਾਰੀ ਸਕੂਲ ਵਿੱਚ ਪੜ੍ਹਨ ਵਾਲੇ ਕਿਸੇ ਵੀ ਵਿਦਿਆਰਥੀ ਦੇ ਪਿਤਾ ਜਾਂ ਮਾਤਾ ਕੋਈ ਵੱਡੇ ਅਫ਼ਸਰ ਨਹੀਂ ਸਨ। ਨਾ ਹੀ ਕਿਸੇ ਦੀ ਕਿਸੇ ਖ਼ਾਸ ਜਾ ਕਹਿ ਲਵੋ ਪੋਸ਼ ਇਲਾਕੇ ਵਿੱਚ ਵੱਡੀ ਕੋਠੀ ਸੀ। ਜਾਂ ਤਾਂ ਕਈਆਂ ਦੇ ਮਾਤਾ-ਪਿਤਾ ਨਹੀਂ ਸਨ ਜਾਂ ਬਹੁਤਿਆਂ ਦੇ ਦਿਹਾੜੀ-ਮਜਦੂਰੀ ਕਰਦੇ ਸਨ ਅਤੇ ਮੈਂ ਵੀ ਉਹਨਾਂ ਵਿੱਚੋਂ ਇੱਕ ਸਾਂ। ਪੰਜ ਭੈਣ-ਭਾਈਆਂ ਵਿੱਚੋਂ ਸਭ ਤੋਂ ਛੋਟਾ ਹੋਣ ਕਰਕੇ ਮੈਨੂੰ ਵੱਡਿਆਂ ਮੁਕਾਬਲੇ ਜ਼ਿਆਦਾ ਪਿਆਰ ਮਿਲਿਆ ਅਤੇ ਪੜ੍ਹਾਈ ਵੀ ਮੇਰੇ ਹਿੱਸੇ ਹੀ ਆਈ। ਪਰਿਵਾਰ ਨੇ ਔਖ-ਸੌਖ ਕੱਟ ਕੇ ਮੈਨੂੰ ਉਚ ਸਿੱਖਿਆ ਪ੍ਰਾਪਤ ਕਰਨ ਦਾ ਮੌਕਾ ਦਿੱਤਾ ਅਤੇ ਉਹਨਾਂ ਦੀ ਹੌਂਸਲਾ ਅਫਜ਼ਾਈ ਅਤੇ ਮੇਰੀ ਉਹਨਾਂ ਦੀ ਮੇਰੀ ਸਿੱਖਿਆ ਲਈ ਕੀਤੀ ਹੱਡ ਭੰਨਵੀ ਮਿਹਨਤ ਦਾ ਮੁੱਲ ਮੋੜਨ ਦੀ ਖੁਵਾਹਿਸ਼ ਅਤੇ ਜਨੂੰਨ ਨੇ ਮੈਨੂੰ ਪੀ.ਐੱਚ.ਡੀ ਵਰਗੀ ਉੱਚ ਸਿੱਖਿਆ ਤੱਕ ਪਹੁੰਚਾਇਆ ਅਤੇ ਇੱਕ ਅਧਿਆਪਕ ਬਣਨ ਦਾ ਮੌਕਾ ਵੀ ਪ੍ਰਦਾਨ ਕੀਤਾ। ਮੈਂ ਇੱਕ ਅਧਿਆਪਕ ਹਾਂ, ਸਰਕਾਰੀ ਸਕੂਲ ਦਾ ਇੱਕ ਆਮ ਜਿਹਾ ਅਧਿਆਪਕ ਜਿਹੜਾ ਨਿੱਤ ਸਰਕਾਰਾਂ ਵੱਲੋਂ ਆਉਂਦੇ ਢੰਗ-ਤਰੀਕਿਆਂ ਮੁਤਾਬਕ ਵਿਦਿਆਰਥੀਆਂ ਨੂੰ ਉਹਨਾਂ ਦੇ ਪਾਠਕ੍ਰਮ ਵਿੱਚੋਂ ਸਿਖਿਆ ਪ੍ਰਦਾਨ ਕਰਵਾਉਂਦਾ ਹਾਂ। ਮੇਰੇ ਨਾਲ ਦੇ ਹੋਰ ਅਧਿਆਪਕ ਵੀ ਇਸੇ ਤਰ੍ਹਾਂ ਆਪਣੀ ਡਿਊਟੀ ਨਿਭਾਉਂਦੇ ਹਨ। ਪਰ ਮੈਨੂੰ ਮਿਤੀ 15 ਦਸੰਬਰ 2023 ਨੂੰ ਇਹ ਪਰਤੀਤ ਹੋਇਆ ਕਿ ਮੈਂ ਆਮ ਨਹੀਂ ਖ਼ਾਸ ਹਾਂ, ਮੈਂ ਖ਼ਾਸ ਹਾਂ ਮੇਰੇ ਵਿਦਿਆਰਥੀਆਂ ਲਈ, ਮੈਨੂੰ ਮੇਰੇ ਵਿਦਿਆਰਥੀਆਂ ਵੱਲੋਂ ਇਹ ਪਰਤੀਤ ਕਰਵਾਇਆ ਗਿਆ। ਸੱਚ-ਮੁੱਚ ਮੇਰੇ ਲਈ ਇਹ ਦਿਨ ਖ਼ਾਸ ਸੀ। ਰੋਜ ਦੀ ਤਰ੍ਹਾਂ ਉਸ ਦਿਨ ਜਦੋਂ ਮੈਂ ਸਕੂਲ ਪਹੁੰਚਿਆ ਤਾਂ ਮੈਨੂੰ ਸਕੂਲ ਦਾ ਮਾਹੌਲ ਕੁੱਝ ਬਦਲਿਆ ਜਾ ਲੱਗਿਆ, ਜਿਵੇਂ ਮੇਰੇ ਤੋਂ ਕੋਈ ਕੁਝ ਛੁਪਾ ਰਿਹਾ ਹੁੰਦਾ ਹੈ। ਸਾਥੀ ਅਧਿਆਪਕਾਂ ਦਾ ਵਿਵਹਾਰ ਵੀ ਉਸ ਦਿਨ ਮੇਰੇ ਨਾਲ ਪਹਿਲਾਂ ਨਾਲੋਂ ਕੁਝ ਵੱਖਰਾ ਸੀ। ਅੱਧੀ ਛੁੱਟੀ ਵੇਲੇ ਪਤਾ ਚੱਲਿਆ ਕਿ ਵਿਦਿਆਰਥੀ ਤਾਂ ਕਈ ਦਿਨਾਂ ਤੋਂ ਮੇਰੇ ਜਨਮਦਿਨ ਦੀਆਂ ਤਿਆਰੀਆਂ ਕਰ ਰਹੇ ਸਨ। ਮੇਰੀ ਫੋਟੋ ਲੱਗਿਆ ਕੇਕ, ਕੁਝ ਬਹੁਤ ਪਿਆਰੇ ਤੋਹਫ਼ੇ ਜਿਨ੍ਹਾਂ ਵਿੱਚ ਉਹਨਾਂ ਨਾਲ ਖਿਚਵਾਈ ਮੇਰੀ ਇੱਕ ਤਸਵੀਰ ਜਿਹੜੀ ਉਹਨਾਂ ਵੱਡੇ ਫਰੇਮ ਵਿੱਚ ਜੜਾ ਕੇ ਮੈਨੂੰ ਭੇਂਟ ਕੀਤੀ ਸੀ। ਹਰ ਛੋਟੇ ਤੋਂ ਛੋਟਾ ਤੋਹਫ਼ਾ ਮੇਰੇ ਲਈ ਖਾਸ ਸੀ। ਮੈਂ ਹੈਰਾਨ ਸੀ ਕਿ ਇੱਕ ਪਿੰਡ ਵਿੱਚ ਰਹਿਣ ਵਾਲੇ ਵਿਦਿਆਰਥੀ(ਇਹ ਪਿੰਡ ਪਟਿਆਲੇ ਸ਼ਹਿਰ ਤੋਂ ਤਕਰੀਬਨ 35 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ।)ਜਿਹਨਾਂ ਵਿੱਚ ਮੁੰਡੇ-ਕੁੜੀਆਂ ਦੋਵੇਂ ਸ਼ਾਮਲ ਸਨ ਨੇ ਇਹ ਸਾਰਾ ਇੰਤਜ਼ਾਮ ਕੀਤਾ ਕਿਵੇਂ ਹੋਣਾ। ਵਿਦਿਆਰਥੀਆਂ ਦੀ ਇਸ ਖ਼ਾਤਰਦਾਰੀ ਅਤੇ ਪ੍ਰਬੰਧਨ ਨੂੰ ਵੇਖ ਕੇ ਦਿਲੋਂ ਮੈਨੂੰ ਬਹੁਤ ਖੁਸ਼ੀ ਹੋਈ। ਵਿਦਿਆਰਥੀਆਂ ਲਈ ਇਹ ਸਭ ਤਿਆਰੀ ਕਰਨੀ ਬਹੁਤ ਵੱਡੀ ਗੱਲ ਸੀ। ਸਾਰੇ ਵਿਦਿਆਰਥੀ ਅਤੇ ਅਧਿਆਪਕ ਬਹੁਤ ਖੁਸ਼ ਸਨ ਅਤੇ ਮੈਂ ਮੇਰੇ ਵਿਦਿਆਰਥੀਆਂ ਦਾ ਮੇਰੇ ਲਈ ਅਥਾਹ ਪਿਆਰ ਮਹਿਸੂਸ ਕਰ ਰਿਹਾ ਸੀ। ਵਿਦਿਆਰਥੀ ਖਾਣ ਦਾ ਸਮਾਨ ਅਧਿਆਪਕਾਂ ਨੂੰ ਵੰਡ ਰਹੇ ਸਨ ਕਿ ਮੇਰੀ ਨਜ਼ਰ ਇੱਕ ਪਾਸੇ ਇਕੱਲੇ ਖੜੇ ਇੱਕ ਵਿਦਿਆਰਥੀ ਲਵਪ੍ਰੀਤ ਸਿੰਘ ਵੱਲ ਪਈ। ਜਿਹੜਾ ਸੁਭਾਅ ਦਾ ਸ਼ਰਾਰਤੀ ਸੀ ਪਰ ਅੱਜ ਇੱਕ ਪਾਸੇ ਚੁੱਪ-ਚਾਪ ਖੜਿਆ ਸੀ। ਉਸਦੀਆਂ ਅੱਖਾਂ ਵਿੱਚ ਹੰਝੂ ਸਨ। ਮੈਂ ਉੱਠ ਕੇ ਗਿਆ ਤਾਂ ਹੋਰ ਅਧਿਆਪਕਾਂ ਅਤੇ ਵਿਦਿਆਰਥੀਆਂ ਦਾ ਧਿਆਨ ਮੇਰੇ ਵੱਲ ਗਿਆ। ਸਭ ਲਵਪ੍ਰੀਤ ਦੇ ਆਲੇ-ਦੁਆਲੇ ਖੜ ਗਏ ਅਤੇ ਉਸਨੂੰ ਚੁੱਪ ਕਰਾਉਣ ਲੱਗੇ ਤਾਂ ਰੋਂਦੇ ਲਵਪ੍ਰੀਤ ਨੇ ਜੋ ਕਿਹਾ ਉਸਨੂੰ ਸੁਣ ਕੇ ਮੇਰਾ ਹਿਰਦਾ ਵਲੂੰਧਰਿਆ ਗਿਆ। ਲਵਪ੍ਰੀਤ ਰੋਂਦਿਆਂ ਕਹਿ ਰਿਹਾ ਸੀ ਕਿ ਸਰ ਤੁਸੀਂ ਬਦਲੀ ਕਰਾ ਕੇ ਨਾ ਜਾਇਓ, ਇਹ ਗੱਲ ਸੁਣਦਿਆਂ ਬਾਕੀ ਵਿਦਿਆਰਥੀ ਵੀ ਰੋਣ ਲੱਗ ਪਏ ਅਤੇ ਲਵਪ੍ਰੀਤ ਦੀ ਗੱਲ ਦੁਹਰਾਉਣ ਲੱਗੇ। ਇਹ ਸੁਣ ਮੇਰੀਆਂ ਅੱਖਾਂ ਭਰ ਆਈਆਂ। ਮੈਂ ਲਵਪ੍ਰੀਤ ਨੂੰ ਕਲਾਵੇ ਵਿੱਚ ਲੈ ਕੇ ਚੁੱਪ ਕਰਾਇਆ ਅਤੇ ਉਸ ਨਾਲ ਨਾ ਜਾਣ ਦਾ ਵਾਇਦਾ ਕੀਤਾ। ਲਵਪ੍ਰੀਤ ਚੁੱਪ ਕਰ ਗਿਆ ਪਰ ਉਸਨੇ ਸਭ ਦੀਆਂ ਅੱਖਾਂ ਵਿੱਚ ਪਾਣੀ ਲਿਆ ਛੱਡਿਆ। ਕੋਈ ਯਕੀਨ ਨਹੀਂ ਸੀ ਕਰ ਰਿਹਾ ਕਿ ਸਾਰਾ ਦਿਨ ਸ਼ਰਾਰਤਾਂ ਵਿੱਚ ਮਗਨ ਰਹਿਣ ਵਾਲਾ ਲਵਪ੍ਰੀਤ ਅੰਦਰੋਂ ਐਨਾ ਸੰਵੇਦਨਸ਼ੀਲ ਹੋਵੇਗਾ। ਫਿਰ ਵਿਦਿਆਰਥੀ ਮੈਨੂੰ ਉਹਨਾਂ ਵੱਲੋਂ ਲਿਆਏ ਤੋਹਫ਼ੇ ਦਿਖਾ ਰਹੇ ਸਨ ਕਿ ਲਵਪ੍ਰੀਤ ਮੇਰੇ ਕੋਲ ਆ ਕੇ ਖੜ੍ਹ ਗਿਆ। ਮੈਂ ਬਹੁਤ ਪਿਆਰ ਨਾਲ ਲਵਪ੍ਰੀਤ ਵੱਲ ਵੇਖਿਆ ਉਸਦੇ ਹੱਥ ਵਿੱਚ ਛੋਟੇ ਆਕਾਰ ਦਾ ਇੱਕ ਤੋਹਫ਼ਾ ਸੀ। ਉਸਨੇ ਸਭ ਤੋਂ ਸੰਘਦਿਆਂ ਉਹ ਤੋਹਫ਼ਾ ਮੈਨੂੰ ਦਿੱਤਾ। ਸਭ ਬੱਚੇ ਬਹੁਤ ਹੈਰਾਨ ਸਨ ਕਿ ਲਵਪ੍ਰੀਤ ਇਹ ਤੋਹਫ਼ਾ ਲੈ ਕੇ ਕਿੱਥੋਂ ਆਇਆ ਹੋਣਾ। ਤਾਂ ਲਵਪ੍ਰੀਤ ਨੇ ਆਪਣੇ ਉਸੇ ਸ਼ਰਾਰਤੀ ਅੰਦਾਜ਼ ਵਿੱਚ ਕਿਹਾ ਕਿ ਸਰ ਮੈਂ ਦੁਕਾਨ ਵਾਲੇ ਅੰਕਲ ਨੂੰ ਕਿਹਾ ਕਿ ਮੈਨੂੰ ਇਹ ਚਾਕਲੇਟ ਦਾ ਡੱਬਾ ਜਿਸ ਦੀ ਕੀਮਤ ਸੋ ਰੁਪਏ ਸੀ ਦੇ ਦੋ ਅਤੇ ਮੈਂ ਤੁਹਾਡੀ ਦੁਕਾਨ ਵਿੱਚ ਦੋ ਦਿਨ ਕੰਮ ਕਰ ਲਵਾਂਗਾ। ਇਹ ਗੱਲ ਸੁਣਦਿਆਂ ਮੇਰੀਆਂ ਅੱਖਾਂ ਵਿਚਲਾ ਪਾਣੀ ਬੰਨ ਤੋੜ ਕੇ ਬਾਹਰ ਆ ਗਿਆ ਅਤੇ ਮੈਂ ਆਪਣੇ ਬਚਪਨ ਵੱਲ ਚਲਾ ਗਿਆ, ਜਦੋਂ ਮੈਂ ਆਪਣੇ ਹੱਥਾਂ ਨਾਲ ਲਿਫਾਫੇ ਦੀਆਂ ਪਤੰਯਯਗਾਂ ਬਣਾ-ਬਣਾ ਵੇਚਦਾ ਸਾਂ। ਲਵਪ੍ਰੀਤ ਦੇ ਪਿਤਾ ਜੀ ਨਹੀਂ ਹਨ, ਉਸਦੇ ਮਾਤਾ ਜੀ ਲੋਕਾਂ ਘਰੇ ਕੰਮ ਕਰਕੇ ਪਰਿਵਾਰ ਦਾ ਗੁਜ਼ਾਰਾ ਕਰਦੇ ਹਨ। ਪਰ ਲਵਪ੍ਰੀਤ ਬਹੁਤ ਅਮੀਰ ਹੈ, ਲਵਪ੍ਰੀਤ ਦਿਲ ਦਾ ਅਮੀਰ ਹੈ। ਲਵਪ੍ਰੀਤ ਵਿਚਲੀਆਂ ਇਨਸਾਨੀ ਭਾਵਨਾਵਾਂ ਉਸ ਨੂੰ ਉਸ ਦੇ ਮਾਸੂਮ ਬਚਪਨ ਤੋਂ ਕਈ ਗੁਣਾ ਵੱਡਾ ਕਰ ਗਈਆਂ। ਜੇਕਰ ਹਰ ਇੱਕ ਇਨਸਾਨ ਦੂਜਿਆਂ ਦੀ ਖੁਸ਼ੀ ਵਿੱਚ ਆਪਣੀ ਖੁਸ਼ੀ ਸਮਝਣ ਲੱਗ ਜਾਵੇ ਤਾਂ ਇਹ ਸੰਸਾਰ ਸਵਰਗ ਬਣ ਜਾਵੇਗਾ, ਇੱਹ ਗੱਲ ਮੈਂ ਆਪਣੇ ਵਿਦਿਆਰਥੀ ਅਧਿਆਪਕ ਲਵਪ੍ਰੀਤ ਸਿੰਘ ਤੋਂ ਉਸ ਦਿਨ ਸਿੱਖੀ। ਕੋਈ ਕਿਸੇ ਨੂੰ ਐਨਾ ਪਿਆਰ ਕਰ ਸਕਦਾ ਹੈ, ਫਿਲਮਾਂ ਵਿੱਚ ਤਾਂ ਬਹੁਤ ਬਾਰ ਵੇਖਿਆ ਸੀ ਪਰ ਹਕੀਕਤ ਵਿੱਚ ਅੱਜ ਲਵਪ੍ਰੀਤ ਦੇ ਰੂਪ ਵਿੱਚ ਵੇਖ ਲਿਆ। ਮੈਂ ਆਪ ਜੀ ਨੂੰ ਇਹ ਵੀ ਦੱਸਣਾ ਚਾਹਾਂਗਾ ਕਿ ਮੇਰੀ ਜਨਮ ਤਾਰੀਖ 15 ਮਾਰਚ ਹੈ ਪਰ ਵਿਦਿਆਰਥੀ ਜਿਹਨਾਂ ਵਿੱਚ ਦਸਵੀਂ ਜਮਾਤ ਦੇ ਵਿਦਿਆਰਥੀ ਵੀ ਸਨ। ਉਹ ਦੱਸ ਰਹੇ ਸਨ ਕਿ ਸਰ ਅਸੀਂ ਤੁਹਾਡੇ ਨਾਲ ਤੁਹਾਡਾ ਜਨਮਦਿਨ ਮਨਾਉਣਾ ਚਾਹੁੰਦੇ ਸਾਂ ਪਰ ਮਾਰਚ ਵਿੱਚ ਸਾਡੇ ਪੱਕੇ ਬੋਰਡ ਦੇ ਪੇਪਰ ਦੂਜੇ ਸਕੂਲ ਵਿੱਚ ਹੋਣੇ ਆ,ਇਸ ਲਈ ਅਸੀਂ ਉਦੋਂ ਤੁਹਾਡਾ ਜਨਮਦਿਨ ਨਹੀਂ ਮਨਾ ਸਕਾਂਗੇ। ਇਸ ਕਰਕੇ ਵਿਦਿਆਰਥੀਆਂ ਨੇ 15 ਦਸੰਬਰ ਦਾ ਸਮਾਂ ਚੁਣਿਆ। ਜਿਹੜਾ ਮੈਨੂੰ ਮੇਰਾ ਅਸਲ ਜਨਮਦਿਨ ਹੀ ਲੱਗਿਆ। ਸੱਚ-ਮੁੱਚ ਇਹ ਦਿਨ ਮੇਰੇ ਲਈ ਅਭੁੱਲ ਦਿਨ ਅਤੇ ਇੱਕ ਸਕਾਰਾਤਮਕ, ਭਾਵਨਾਤਮਕ ਅਤੇ ਸਿੱਖਿਆਦਾਇਕ ਕਹਾਣੀ ਬਣ ਗਿਆ ਹੈ। ਜਿਸ ਨੂੰ ਮੈਂ ਬਹੁਤ ਚਾਅ ਅਤੇ ਅਪਣੱਤ ਨਾਲ ਹਰ ਇੱਕ ਨੂੰ ਸੁਣਾ ਸਕਦਾ ਹਾਂ। ਪਰਮਾਤਮਾ ਮੇਰੇ ਇਹਨਾਂ ਵਿਦਿਆਰਥੀਆਂ ਨੂੰ ਬਹੁਤ ਤਰੱਕੀਆ ਦੇਵੇ, ਚੰਗਾ ਇਨਸਾਨ ਬਣਾਵੇ ਅਤੇ ਉਹਨਾਂ ਵਿੱਚ ਇਸ ਤਰ੍ਹਾਂ ਦੀ ਭਾਵਨਾ ਹਮੇਸ਼ਾਂ ਕਾਇਮ ਰੱਖੇ।
ਚਰਨਜੀਤ ਸਿੰਘ ਰਾਜੌਰ
8427929558
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly