(ਸਮਾਜ ਵੀਕਲੀ)- ਹਰਮੇਲ ਕੌਰ ਦੇ ਪਤੀ ਹਰਬੰਸ ਸਿੰਘ ਦੀ ਜ਼ਮੀਨ ਬਹੁਤ ਸੀ ਤੇ ਪਿੰਡ ਵਿੱਚ ਸਾਰਿਆਂ ਤੋਂ ਅਮੀਰ ਗਿਣੇ ਜਾਂਦੇ ਸਨ। ਪੈਸਾ ਵੀ ਉਹਨਾਂ ਕੋਲ ਅੰਨ੍ਹਾ ਸੀ। ਦੋਵੇਂ ਮੁੰਡੇ ਵਿਦੇਸ਼ ਵਿੱਚ ਆਪਣੇ ਆਪਣੇ ਪਰਿਵਾਰਾਂ ਨਾਲ਼ ਰਹਿੰਦੇ ਸਨ। ਇੱਥੇ ਦੋਵੇਂ ਜੀਅ ਰਹਿੰਦੇ ਸਨ। ਉਹਨਾਂ ਨੇ ਆਪਣੇ ਪੁਰਾਣੇ ਘਰ ਨੂੰ ਢਾਹ ਕੇ ਨਵੀਂ ਆਲੀਸ਼ਾਨ ਕੋਠੀ ਬਣਾਈ। ਹਰਮੇਲ ਕੌਰ ਦੀਆਂ ਸਹੇਲੀਆਂ ਔਰਤਾਂ ਉਸ ਦੇ ਘਰ ਬਾਰੇ ਆਪਸ ਵਿੱਚ ਗੱਲਾਂ ਕਰਦੀਆਂ ਕਹਿੰਦੀਆਂ ਸਨ ਕਿ ਉਨ੍ਹਾਂ ਨੇ ਕੋਠੀ ਵਿੱਚ ਪਰਦੇ ਵੀ ਰਿਮੋਟ ਨਾਲ ਖੁੱਲ੍ਹਣ ਅਤੇ ਬੰਦ ਹੋਣ ਵਾਲੇ ਹੀ ਲਗਵਾਏ ਸਨ। ਦਰਵਾਜ਼ੇ ਵੀ ਆਪਣੇ ਆਪ ਖੁੱਲ੍ਹਣ ਅਤੇ ਬੰਦ ਹੋਣ ਵਾਲੇ ਲਗਵਾਏ ਸਨ। ਘਰ ਦਾ ਹਰ ਇੱਕ ਕੋਨਾ ਬਹੁਤ ਨਵੀਂ ਤਕਨੀਕ ਦੇ ਹਿਸਾਬ ਨਾਲ ਬਣਾਇਆ ਗਿਆ ਸੀ ਜਿਸ ਤੇ ਸੱਚਮੁੱਚ ਹੀ ਉਹਨਾਂ ਨੇ ਬਹੁਤ ਖਰਚਾ ਕੀਤਾ ਸੀ। ਉਹ ਦੋਵੇਂ ਜੀਅ ਜਦ ਕਿਤੋਂ ਬਾਹਰੋਂ ਜਾ ਕੇ ਆਇਆ ਕਰਨ ਤਾਂ ਦੂਰੋਂ ਫ਼ਿਰਨੀ ਤੋਂ ਦਿਖਾਈ ਦਿੰਦੀ ਆਪਣੀ ਕੋਠੀ ਨੂੰ ਵੇਖ ਕੇ ਘੁਮੰਡ ਨਾਲ਼ ਫ਼ੁੱਲੇ ਨਾ ਸਮਾਉਣ। ਹਰਮੇਲ ਕੌਰ ਨੇ ਆਖਣਾ,” ਆਪਣੇ ਨੇੜੇ ਤੇੜੇ ਦੇ ਪਿੰਡਾਂ ਵਿੱਚੋਂ ਕਿਸੇ ਪਿੰਡ ਵਿੱਚ ਨੀ ਆਪਣੀ ਕੋਠੀ ਵਰਗੀ ਆਲੀਸ਼ਾਨ ਕੋਠੀ ਹੋਣੀ ….. ਦੂਜੇ ਪਿੰਡਾਂ ਦੇ ਲੋਕ ਵੀ ਇੱਥੋਂ ਦੀ ਲੰਘਦੇ ਮੁੜ ਮੁੜ ਕੇ ਵੇਖਦੇ ਨੇ…..!”
ਉਸ ਦਾ ਪਤੀ ਨਿਮਰ ਸੁਭਾਅ ਦਾ ਮਾਲਕ ਸੀ। ਉਸ ਨੇ ਆਪਣੀ ਪਤਨੀ ਨੂੰ ਸਮਝਾਉਂਦਿਆਂ ਆਖਣਾ,” ਹਰਮੇਲ ਇਹਨਾਂ ਚੀਜ਼ਾਂ ਦਾ ਕਾਹਦਾ ਘੁਮੰਡ ਕਰਨਾ ਹੋਇਆ…..ਆਪਣੇ ਕੋਲ਼ ਲੋਕਾਂ ਨਾਲੋਂ ਚਾਰ ਪੈਸੇ ਵੱਧ ਸਨ….. ਆਪਾਂ ਲਾ ਲਏ….. ਇਹਦੇ ਵਿੱਚ ਕੋਈ ਗਰੂਰ ਵਾਲ਼ੀ ਗੱਲ ਤਾਂ ਨਹੀਂ ਹੈ…..!”। ਇਸ ਤਰ੍ਹਾਂ ਅਕਸਰ ਹੀ ਹਰਮੇਲ ਕੌਰ ਘੁਮੰਡ ਭਰੀਆਂ ਗੱਲਾਂ ਕਰਦੀ ਤੇ ਉਸ ਦਾ ਪਤੀ ਉਸ ਨੂੰ ਸਮਝਾਉਂਦਾ ਰਹਿੰਦਾ।
ਛੇ ਕੁ ਮਹੀਨੇ ਬਾਅਦ ਉਹਨਾਂ ਦੇ ਸਾਹਮਣੇ ਪੈਂਦੇ ਗੁਰੂ ਘਰ ਦੀ ਦੂਜੀ ਮੰਜ਼ਿਲ ਦੀ ਉਸਾਰੀ ਦਾ ਕੰਮ ਸ਼ੁਰੂ ਹੋਇਆ ਤਾਂ ਉਸ ਦਾ ਥੋੜ੍ਹਾ ਜਿਹਾ ਬਨੇਰਾ ਬਾਹਰ ਨੂੰ ਉਸਾਰਿਆ ਗਿਆ ਤਾਂ ਫ਼ਿਰਨੀ ਤੋਂ ਇਹਨਾਂ ਦੀ ਕੋਠੀ ਦਾ ਬਹੁਤਾ ਹਿੱਸਾ ਦਿਸਣਾ ਬੰਦ ਹੋ ਗਿਆ। ਐਨੇ ਵਿੱਚ ਹੀ ਹਰਮੇਲ ਕੌਰ ਨੂੰ ਗੁੱਸਾ ਆ ਗਿਆ ਤੇ ਹਰਬੰਸ ਸਿੰਘ ਨੂੰ ਆਖਣ ਲੱਗੀ,” ਤੁਸੀਂ ਹੁਣੇ ਜਾ ਕੇ ਪ੍ਰਧਾਨ ਨੂੰ ਆਖ ਕੇ ਆਵੋ…… ਇਹ ਚਾਰ ਕ ਵਧਵੀਆਂ ਇੱਟਾਂ ਹੁਣੇ ਢਾਹ ਦੇਣ……. ਗੁਰੂ ਘਰ ਦਾ ਕੀ ਐ…… ਓਹਦਾ ਬਨੇਰਾ ਨਹੀਂ ਵੀ ਵਧਾਉਣਗੇ ਤਾਂ ਵੀ ਸਰ ਜਾਊ ……. ਪਰ ਇਹ ਚਾਰ ਇੱਟਾਂ ਨਾਲ ਮੇਰੀ ਸਾਰੀ ਕੋਠੀ ਦੀ ਜੱਖਣਾ ਵੱਢੀ ਜਾਣੀ ਐਂ…..!”
ਹਰਬੰਸ ਸਿੰਘ ਨੇ ਉਸ ਨੂੰ ਬਥੇਰਾ ਸਮਝਾਇਆ ਕਿ ਇਹਨਾਂ ਗੱਲਾਂ ਨਾਲ਼ ਕੋਈ ਫ਼ਰਕ ਨਹੀਂ ਪੈਂਦਾ, ਐਵੇਂ ਬਿਨਾਂ ਮਤਲਬ ਤੋਂ ਅਲਸੇਟ ਨਾ ਖੜ੍ਹਾ ਕਰੇ।ਉਸ ਨੇ ਸਮਝਾ ਕੇ ਗੱਲ ਟਾਲਮਟੋਲ ਕਰ ਦਿੱਤੀ। ਹਰਮੇਲ ਕੌਰ ਸਾਰਾ ਦਿਨ ਅੰਦਰੋ ਅੰਦਰੀ ਸੜੀ ਮੱਚੀ ਗਈ।ਜਦ ਹਰਬੰਸ ਸਿੰਘ ਨੇ ਉਸ ਦੀ ਗੱਲ ਨਾ ਮੰਨੀ ਤਾਂ ਸ਼ਾਮ ਨੂੰ ਜਾ ਕੇ ਮਿਸਤਰੀ ਨਾਲ਼ ਲੜਨਾ ਸ਼ੁਰੂ ਕਰ ਦਿੱਤਾ ,” ਆਹ ਐਧਰ ਨੂੰ ਵਧਾਉਣ ਦੀ ਕੀ ਲੋੜ ਸੀ…. ਸਾਰੀ ਸਾਡੀ ਕੋਠੀ ਦੀ ਸ਼ੋਅ ਖ਼ਰਾਬ ਕਰ ਦਿੱਤੀ….!” ਜਿੰਨੇ ਹਿੱਸੇ ਨਾਲ਼ ਉਸ ਦੀ ਕੋਠੀ ਦੀ ਦਿੱਖ ਖ਼ਰਾਬ ਹੁੰਦੀ ਸੀ ਓਨਾਂ ਹਿੱਸਾ ਉਸ ਨੇ ਬਹੁਤ ਗੁੱਸੇ ਨਾਲ ਆਪ ਹੀ ਢਾਹ ਦਿੱਤਾ। ਮਿਸਤਰੀ ਨੇ ਜਾਂ ਕਿਸੇ ਮੈਂਬਰ ਨੇ ਉਸ ਨੂੰ ਕਿਹਾ ਤਾਂ ਕੁਝ ਨਾ ਪਰ ਸਾਰੇ ਪਿੰਡ ਦੇ ਲੋਕਾਂ ਨੇ ਬਹੁਤ ਬੁਰਾ ਮਨਾਇਆ।
ਇਹ ਘਟਨਾ ਬੀਤੀ ਨੂੰ ਹਜੇ ਹਫ਼ਤਾ ਵੀ ਨਹੀਂ ਪਿਆ ਸੀ ਕਿ ਉਹ ਘਰ ਦੇ ਬਾਹਰ ਤੁਰੀ ਜਾਂਦੀ ਅੜਕ ਕੇ ਐਸਾ ਡਿੱਗੀ ਕਿ ਉਸ ਦਾ ਚੂਲਾ ਟੁੱਟ ਗਿਆ,ਉਸ ਦੇ ਪੈਰਾਂ ਦੀਆਂ ਉਂਗਲੀਆਂ ਟੁੱਟ ਗਈਆਂ ਤੇ ਕਿੰਨਾ ਹੀ ਚਿਰ ਬੇਸੁਰਤ ਪਈ ਰਹੀ, ਕਿਸੇ ਨੇ ਕਿੰਨਾ ਚਿਰ ਬਾਅਦ ਵਿੱਚ ਵੇਖਿਆ ਤਾਂ ਉਸ ਦੇ ਪਤੀ ਨੂੰ ਦੱਸਿਆ। ਛੇ ਮਹੀਨੇ ਹਸਪਤਾਲ ਵਿੱਚ ਪਈ ਰਹੀ। ਉਸ ਤੋਂ ਬਾਅਦ ਵੀ ਉਸ ਦਾ ਸਰੀਰ ਕੰਮ ਕਰਨ ਜੋਗਾ ਨਾ ਰਿਹਾ ,ਉਸ ਦੇ ਪੈਰ ਵੀ ਵਿੰਗੇ ਟੇਡੇ ਹੋ ਗਏ। ਉਸ ਦੇ ਵੱਡੇ ਪੁੱਤਰ ਨੇ ਉਸ ਦਾ ਇਲਾਜ ਕਰਵਾਉਣ ਲਈ ਆਪਣੇ ਕੋਲ ਬੁਲਾਇਆ ਤਾਂ ਕਿ ਮਾਹਿਰ ਡਾਕਟਰਾਂ ਨੂੰ ਦਿਖਾ ਕੇ ਮਾਂ ਦਾ ਸਹੀ ਇਲਾਜ ਕਰਵਾ ਦੇਵੇ। ਉੱਥੇ ਪਹੁੰਚਦੇ ਹੀ ਦੋ ਚਾਰ ਦਿਨ ਬਾਅਦ ਉੱਥੇ ਵੀ ਬਾਥਰੂਮ ਵਿੱਚ ਤਿਲਕ ਕੇ ਡਿੱਗ ਗਈ ਜਿਸ ਨਾਲ ਉਸ ਦੀ ਸੱਜੀ ਬਾਂਹ ਟੁੱਟ ਗਈ। ਛੇ ਮਹੀਨੇ ਉੱਥੇ ਉਸ ਦਾ ਇਲਾਜ ਕਰਵਾ ਕੇ ਵਾਪਸ ਤਾਂ ਆ ਗਈ ,ਪਰ ਉਸ ਦੇ ਸਰੀਰ ਦੀ ਪਹਿਲਾਂ ਤੋਂ ਵੀ ਜ਼ਿਆਦਾ ਹਾਲਤ ਖ਼ਰਾਬ ਹੋਈ ਪਈ ਸੀ। ਹਰ ਕੋਈ ਉਸ ਦੀਆਂ ਗੱਲਾਂ ਕਰਦਾ, “ਇਹ ਸਿੱਧੇ ਹੀ ਰੱਬ ਦੀ ਸ਼ਰੀਕ ਬਣਨ ਲੱਗ ਪਈ ਸੀ….. ਰੱਬ ਦਾ ਸ਼ੁਕਰਾਨਾ ਕਰਨ ਦੀ ਥਾਂ ਇਹ ਤਾਂ ਕਹਿੰਦੀ ਸੀ ਗੁਰੂ ਘਰ ਦੀਆਂ ਦੋ ਚਾਰ ਇੱਟਾਂ ਨੇ ਇਹਦੇ ਘਰ ਦੀ ਦਿੱਖ ਖ਼ਰਾਬ ਕਰ ਦਿੱਤੀ ਸੀ…… ਤੇ ਇਹ ਜਾ ਕੇ ਉਹ ਇੱਟਾਂ ਆਪ ਤੋੜ ਕੇ ਆਈ ਸੀ…..ਹੁਣ…… ਰੱਬ ਨੇ ਇਹਦੀ ਦਿੱਖ ਹੀ ਖ਼ਰਾਬ ਕਰ ਦਿੱਤੀ ਹੈ…… ਹੁਣ ਜਾ ਕੇ ਰੱਬ ਨਾਲ ਪੰਗੇ ਲਏ….. !”
ਗੱਲ ਤਾਂ ਲੋਕਾਂ ਦੀ ਵੀ ਠੀਕ ਸੀ ਕਿਉਂਕਿ ਪਰਮਾਤਮਾ ਦੀਆਂ ਦਿੱਤੀਆਂ ਦਾਤਾਂ ਦਾ ਸ਼ੁਕਰ ਮਨਾਉਣਾ ਚਾਹੀਦਾ ਹੈ ਨਾ ਕਿ ਹੰਕਾਰ ਕਰਨਾ ਚਾਹੀਦਾ ਹੈ ਕਿਉਂਕਿ ਅਸਲ ਵਿੱਚ ਇਹੀ ਸਾਡੀ ਜ਼ਿੰਦਗੀ ਦਾ ਅਸੂਲ ਹੋਣਾ ਚਾਹੀਦਾ ਹੈ ਤੇ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly