(ਸਮਾਜ ਵੀਕਲੀ)
• ਪੁੰਨ ਪਾਪ ਦਾ ਵਿਸ਼ਾ ਜਾਂ ਹਾਨੀਕਾਰਕ ਲਾਭਦਾਇਕ ?
• ਇਸਤੇ ਧਾਰਮਿਕ ਨਜ਼ਰੀਆ ਆਖ਼ਰੀ ਸੱਚ ਨਹੀਂ…
• ਇਸਦਾ ਆਸਤਿਕਤਾ ਨਾਸਤਿਕਤਾ ਨਾਲ ਕੋਈ ਸਬੰਧ ਨਹੀਂ…
• ਕਿਸੇ ਲਈ ਜ਼ਹਿਰ ਕਿਸੇ ਲਈ ਅੰਮ੍ਰਿਤ…
• ਜੇ ਜੀਵ-ਹੱਤਿਆ ਪਾਪ ਤਾਂ “ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ” ਦੀ ਗੱਲ ਕਿਉਂ ?
• ਇੱਕ ਜੀਵ ਦੂਜੇ ਜੀਵ ਨੂੰ ਖਾ ਰਿਹੈ…
• ਸ਼ਾਕਾਹਾਰੀ ਵੀ ਜੀਵ (ਮਾਸ) ਖਾ ਰਿਹੈ…
ਮਨੁੱਖ ਦੇ ਮਨੁੱਖ ਬਣਨ ਤੋਂ ਪਹਿਲਾਂ, ਮਨੁੱਖੀ ਬੁੱਧੀ ਦਾ ਵਿਕਾਸ ਕਰਨ ਤੋਂ ਪਹਿਲਾਂ ਅੱਜ ਵਾਲੀ ਅਰਥ ਵਿਵਸਥਾ ਨਹੀਂ ਸੀ, ਉਸ ਵੇਲ਼ੇ ਫ਼ਲ, ਸਬਜ਼ੀਆਂ, ਪੱਤੇ, ਜਾਨਵਰਾਂ ਦਾ ਸ਼ਿਕਾਰ ਕਰਕੇ ਉਨ੍ਹਾਂ ਨੂੰ ਖਾਕੇ ਹੀ ਮਨੁੱਖ ਗੁਜ਼ਾਰਾ ਕਰਦਾ ਸੀ…
ਸ਼ਾਕਾਹਾਰੀ ਤੇ ਮਾਸਾਹਾਰੀ ਦੀ ਖ਼ੋਜ ਮਨੁੱਖ ਸ਼੍ਰੇਣੀ ‘ਚੋਂ ਹੀ ਪੈਦਾ ਹੋਈ ਧਾਰਮਿਕ ਸ਼੍ਰੇਣੀ ਨੇ ਕੀਤੀ, ਜਿਹੜਾ ਵੱਧ ਸਿਆਣਾ ਹੁੰਦਾ ਗਿਆ ਬਾਕੀ ਦੇ ਉਸ ਦੇ ਪਿੱਛੇ ਚਲਦੇ ਗਏ ਤੇ ਉਸਦੀ ਗੱਲ ਨੂੰ ਮੰਨਦੇ ਰਹੇ…
ਏਦਾਂ ਹੀ ਮਾਸ ਖਾਣਾ ਜਾਂ ਨਾ ਖਾਣਾ, ਸ਼ਾਕਾਹਾਰੀ ਮਾਸਾਹਾਰੀ ਦੀ ਖ਼ੋਜ ਵੀ ਏਦਾਂ ਹੀ ਹੋਈ ਸੀ…
ਵਿਗਿਆਨ ਅਨੁਸਾਰ ਇੱਕ ਜੀਵ ਦੂਜੇ ਜੀਵ ਨੂੰ ਖਾ ਰਿਹੈ, ਬਸ ਰੰਗ, ਰੂਪ, ਆਕਾਰ ਸਭ ਵੱਖਰੇ ਵੱਖਰੇ ਹਨ, ਜੀਵ ਖਾਧੇ ਬਗ਼ੈਰ ਜੀਵਨ ਅਸੰਭਵ ਹੈ…
ਬਨਸਪਤੀ, ਅਨਾਜ, ਫ਼ਲ, ਸਬਜ਼ੀਆਂ, ਦੁੱਧ, ਦਹੀਂ ਆਦਿ ਵਸਤੂਆਂ ਨੂੰ ਅਸੀਂ ਸ਼ਾਕਾਹਾਰੀ ਭੋਜਨ ਦੀ ਕੈਟਾਗਰੀ ‘ਚ ਰੱਖਿਆ ਹੋਇਐ, ਤੇ ਇਸਨੂੰ ਖਾਣ ਵਾਲੇ ਆਪਣੇ ਆਪ ਨੂੰ ਸ਼ੁੱਧ ਵੈਸ਼ਨੋ ਆਖ ਕੇ ਆਪਣੇ ਆਪ ਨੂੰ ਵਡਿਆਉਂਦੇ ਨੇ ਤੇ ਮਾਸ-ਮੱਛੀ ਖਾਣ ਵਾਲਿਆਂ ਨੂੰ ਪਾਪੀ ਦੱਸਦੇ ਨੇ…
ਧਰਤੀ ਤੇ ਹਰ ਜੀਵ ਅੰਡਜ, ਜੇਰਜ, ਸੇਤਜ, ਉਤਭੁਜ ਤੋਂ ਪੈਦਾ ਹੋਇਐ ਤੇ ਸਭ ਇਕ ਦੂਜੇ ਨੂੰ ਖਾਕੇ ਹੀ ਜਿਊਂ ਰਹੇ ਹਨ…
ਮਾਸ ਮੀਟ ਖਾਣ ਨੂੰ ਸਹੀ ਮਾਇਨਿਆਂ ‘ਚ ਸਰੀਰ ਦੇ ਹਾਨੀਕਾਰਕ ਜਾਂ ਲਾਭਦਾਇਕ ਦੇ ਨਜ਼ਰੀਏ ਨਾਲ ਦੇਖਣ ਦੀ ਲੋੜ ਸੀ, ਪਰ ਸਾਡੇ ਸਮਾਜ ਤੇ ਧਾਰਮਿਕਤਾ ਭਾਰੂ ਹੋਣ ਕਰਕੇ ਪਾਪ-ਪੁੰਨ ਸਾਡੇ ਤੇ ਜ਼ਿਆਦਾ ਹਾਵੀ ਹੋ ਗਿਐ…
ਮੈਡੀਕਲ ਸਾਇੰਸ ਅਨੁਸਾਰ ਕਿਸੇ ਸ਼ਰੀਰ ਲਈ ਮਾਸ ਲਾਭਦਾਇਕ ਹੁੰਦਾ ਤੇ ਕਿਸੇ ਲਈ ਹਾਨੀਕਾਰਕ ਹੁੰਦਾ…
ਸਵਾਦ ਦੇ ਤੌਰ ਤੇ ਖਾਧਾ ਬੰਦੇ ਦੀ ਆਪਦੀ ਚੋਣ ਹੁੰਦੀ ਹੈ ਜਿਸਦਾ ਫ਼ਾਇਦਾ ਨੁਕਸਾਨ ਕੁਝ ਵੀ ਹੋ ਸਕਦੈ…
ਜੇ ਜੀਵ-ਹੱਤਿਆ ਪਾਪ ਤਾਂ “ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ” ਦੀ ਗੱਲ ਕਿਉਂ ?
ਧਾਰਮਿਕ ਦੁਨੀਆਂ ‘ਚੋਂ ਹੀ ਇਹ ਸ਼ਬਦ ਨਿਕਲ ਕੇ ਆਇਆ ਹੈ ਕਿ ਜੀਵ ਹੱਤਿਆ ਪਾਪ ਹੈ…
ਗੁਰਬਾਣੀ ਵਿੱਚ ਅਥਾਹ ਸਮੁੰਦਰ ਵਾਂਗ ਸੋਚਣ ਵਾਲੇ ਅੰਗਦ ਪਾਤਸ਼ਾਹ ਨੇ ਵਿਗਿਆਨਕ ਨਜ਼ਰੀਏ ਨਾਲ ਬਿਆਨ ਕੀਤਾ ਹੈ…
“ਜੀਆ ਕਾ ਆਹਾਰੁ ਜੀਅ ਖਾਣਾ ਏਹੁ ਕਰੇਇ”
ਮਤਲਬ ਕਿ ਇੱਕ ਜੀਵ ਦੂਜੇ ਜੀਵ ਨੂੰ ਖਾ ਰਿਹੈ…
(ਵੈਸੇ ਇਹ ਸ਼ਬਦ ਬੰਦੇ ਅੰਦਰ ਸਾਕਾਰਾਤਮਕ ਊਰਜਾ ਭਰਨ ਵਾਲਾ ਸ਼ਬਦ ਹੈ)
ਸੱਚਾਈ ਇਹੋ ਹੈ ਕਿ ਫ਼ਲ, ਸਬਜ਼ੀਆਂ, ਅਨਾਜ ਸਭ ਜੀਵ (ਜਿਨਾਂ ‘ਚ ਜੀਵਨ ਹੈ) ਹਨ, ਅਸੀਂ ਇਨ੍ਹਾਂ ਨੂੰ ਖਾਕੇ ਹੀ ਜਿਊਂ ਰਹੇ ਹਾਂ…
ਕੋਈ ਦਿਸਦਾ ਜੀਵ ਹੈ, ਕੋਈ ਅਣਦਿਸਦਾ…
ਕਿਸੇ ਨੂੰ ਨੰਗੀ ਅੱਖ ਨਾਲ ਦੇਖਿਆ ਜਾ ਸਕਦਾ ਕਿਸੇ ਨੂੰ ਨੰਗੀ ਅੱਖ ਨਾਲ ਨਹੀਂ ਦੇਖਿਆ ਜਾ ਸਕਦਾ…
ਇਸ ਵਿਸ਼ੇ ਤੇ ਆਸਤਿਕ ਨਾਸਤਿਕਾ ਨੂੰ ਭੰਡਦੇ ਤੇ ਨਾਸਤਿਕ ਆਸਤਿਕਾ ਨੂੰ… ਏਸ ਸਭ ‘ਚ ਵਾਸਤਵਿਕਤਾ ਗਵਾਚ ਗਈ, ਇਹ ਇੱਕ ਬਹਿਸ ਦਾ ਵਿਸ਼ਾ ਬਣ ਗਿਐ, ਇਸਤੇ ਲੜਾਈਆਂ, ਕੁੱਟਮਾਰ ਹੋਣ ਲੱਗ ਪਈ, ਅੱਜ ਵਿਗਿਆਨ ਦੇ ਯੁੱਗ ਵਿੱਚ ਵੀ ਅਗਰ ਇਹ ਵਿਸ਼ਾ ਅਸੀਂ ਸਮਝ ਨਹੀਂ ਪਾ ਰਹੇ ਤਾਂ ਇਹ ਸਾਡੀ ਜ਼ਿੱਦ ਹੈ, ਇਹ ਸਾਡੀ ਖ਼ੂਹ ਦੇ ਡੱਡੂ ਵਾਲੀ ਸੋਚ ਨੂੰ ਉਜਾਗਰ ਕਰਦੀ ਹੈ…
ਅੱਜ ਕਿਸੇ ਲਈ ਚਿੱਟਾ ਲੂਣ ਜ਼ਹਿਰ ਹੈ…
ਅੱਜ ਕਿਸੇ ਲਈ ਚਿੰਨੀ (ਮਿੱਠਾ) ਜ਼ਹਿਰ ਹੈ…
ਅੱਜ ਕਿਸੇ ਲਈ ਮਾਂਹ ਦੀ ਦਾਲ ਜ਼ਹਿਰ ਹੈ…
ਅੱਜ ਕਿਸੇ ਲਈ ਸਾਗ ਵੀ ਜ਼ਹਿਰ ਹੈ…
ਅੱਜ ਕਿਸੇ ਲਈ ਕਣਕ ਦੀ ਰੋਟੀ ਵੀ ਜ਼ਹਿਰ ਹੈ…
ਅੱਜ ਕਿਸੇ ਲਈ ਚੌਲ਼ ਵੀ ਜ਼ਹਿਰ ਹੈ…
ਕੀ ਖਾਣਾ ਕੀ ਨਹੀਂ ਖਾਣਾ ਇਹ ਤੁਹਾਡੇ ਸਰੀਰ ਨਾਲ ਜੁੜਿਆ ਵਿਸ਼ਾ ਹੈ, ਕਿਸੇ ਰੱਬ ਨੂੰ ਇਸਦੇ ਨਾਲ ਕੋਈ ਫ਼ਰਕ ਨਹੀਂ ਪੈਂਦਾ, ਕਿਉਂਕਿ ਰੱਬ ਨੇ ਹੀ ਇੱਕ ਜੀਵ ਦੇ ਦੂਜੇ ਜੀਵ ਨੂੰ ਖਾਣ ਵਾਲੀ ਪ੍ਰਕਿਰਿਆ ਨੂੰ ਜਨਮ ਦਿੱਤਾ ਹੈ…
ਫ਼ਿਲਹਾਲ ਏਨਾਂ ਹੀ………….
(ਮੇਰੀ ਗੱਲਾਂ ਆਖ਼ਰੀ ਸੱਚ ਨਹੀਂ ਹਨ)
ਜੋਰਾ ਸਿੰਘ ਬਨੂੜ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly