(ਸਮਾਜ ਵੀਕਲੀ)
ਥੱਕਿਆ, ਟੁੱਟਿਆ ਸੁਰਿੰਦਰ ਪੁਰੀ ਮੈਡੀਕਲ ਸਟੋਰ ਤੋਂ ਜਦੋਂ ਸ਼ਾਮ ਨੂੰ ਘਰ ਪੁੱਜਾ, ਤਾਂ ਉਸ ਦੀ ਮੰਮੀ ਨੇ ਕਿਹਾ,”ਵੇ
ਕਾਕਾ, ਬਲਜੀਤ ਤਾਂ ਮੇਰੇ ਨਾਲ ਵੱਧ, ਘੱਟ ਬੋਲ ਕੇ ਪੇਕਿਆਂ ਨੂੰ ਚਲੀ ਗਈ ਆ। ਮੈਂ ਉਸ ਨੂੰ ਬਥੇਰਾ ਮੋੜ ਹਟੀ,ਪਰ ਉਹ ਰੰਘੜੀ ਮੁੜੀ ਨਹੀਂ। ਤੇਰਾ ਡੈਡੀ ਵੀ ਉਸ ਦੀਆਂ ਮਿੰਨਤਾਂ ਕਰ ਹਟਿਆ।”
” ਸਵੇਰੇ ਮੈਂ ਉਸ ਨੂੰ ਚੰਗੀ, ਭਲੀ ਛੱਡ ਕੇ ਗਿਆਂ। ਮੰਮੀ ਮੈਂ ਤੈਨੂੰ ਬਥੇਰੀ ਵਾਰੀ ਕਿਹਾ ਕਿ ਤੂੰ ਉਸ ਦੇ ਨਾਲ ਵੱਧ, ਘੱਟ ਨਾ ਬੋਲਿਆ ਕਰ। ਬਹੁਤਾ ਉਸ ਤੇ ਹੁਕਮ ਨਾ ਚਲਾਇਆ ਕਰ ਤੇ ਉਸ ਦੇ ਕੀਤੇ ਕੰਮਾਂ ਵਿੱਚ ਨੁਕਸ ਨਾ ਕੱਢਿਆ ਕਰ, ਪਰ ਤੂੰ ਮੰਨਦੀ ਹੀ ਨਹੀਂ। ਤੇਰੀਆਂ ਇਨ੍ਹਾਂ ਗੱਲਾਂ ਨੇ ਹੀ ਉਸ ਨੂੰ ਗੁੱਸੇ ਖ਼ੋਰ ਬਣਾ ਦਿੱਤਾ ਆ।” ਅੱਗੋਂ ਸੁਰਿੰਦਰ ਨੇ ਕਿਹਾ।
” ਵੇ ਕਾਕਾ, ਤੂੰ ਉਦ੍ਹਾ ਬਹੁਤਾ ਪੱਖ ਨਾ ਪੂਰਿਆ ਕਰ। ਤੂੰ ਆਪ ਸੋਚ, ਪੁਰੀ ਮੈਡੀਕਲ ਸਟੋਰ ਦਾ ਮਾਲਕ ਜਿਹੜੇ 6000 ਰੁਪਏ ਤੈਨੂੰ ਮਹੀਨੇ ਦੇ ਦਿੰਦਾ ਆ, ਭਲਾ ਉਨ੍ਹਾਂ ਨਾਲ ਤੇਰਾ ਟੱਬਰ ਪਲ ਜੂ। ਜਦ ਅਸੀਂ ਤੇਰੇ ਟੱਬਰ ਨੂੰ
ਅੱਠ ਸਾਲਾਂ ਤੋਂ ਪਾਲਦੇ ਆ ਰਹੇ ਆਂ, ਤਾਂ ਤੈਨੂੰ ਸਾਡਾ ਕਹਿਣਾ ਵੀ ਮੰਨਣਾ ਪਊ। ਮੇਰੀ ਤੇ ਤੇਰੇ ਡੈਡੀ ਦੀ ਉਸ ਨੇ ਬਹੁਤ ਵਾਰੀ ਬੇਇੱਜ਼ਤੀ ਕੀਤੀ ਆ। ਤੇਰੇ ਥਾਂ ਹੋਰ ਕੋਈ ਹੁੰਦਾ, ਉਸ ਨੂੰ ਕਦੋਂ ਦਾ ਤਲਾਕ ਦੇ ਦਿੰਦਾ, ਪਰ ਤੂੰ ਤਾਂ ਨਿਰਾ ਗੋਹਾ ਆਂ। ਨਾ ਤੈਨੂੰ ਆਪਣੀ ਇੱਜ਼ਤ ਦਾ ਖ਼ਿਆਲ ਆ, ਨਾ ਹੀ ਸਾਡੀ ਦਾ।”
” ਦੇਖ ਮੰਮੀ, ਤੇਰੇ ਜਾਂ ਡੈਡੀ ਦੇ ਕਹੇ ਤੇ ਮੈਂ ਬਲਜੀਤ ਨੂੰ ਤਲਾਕ ਨਹੀਂ ਦੇ ਸਕਦਾ।ਮਾੜੀ, ਮੋਟੀ ਲੜਾਈ, ਝਗੜਾ ਤਾਂ ਹਰ ਘਰ ਵਿੱਚ ਚੱਲਦਾ ਰਹਿੰਦਾ ਆ। ਨਾਲੇ ਤੁਹਾਡਾ ਕੀ ਜਾਣਾ? ਟੱਬਰ ਤਾਂ ਮੇਰਾ ਰੁਲਣਾ। ਲੋਕ ਥਾਂ, ਥਾਂ ਖੜ੍ਹ ਕੇ ਮੇਰੀਆਂ ਗੱਲਾਂ ਵੱਖ ਕਰਨਗੇ। ਮੈਥੋਂ ਇਹ ਬਰਦਾਸ਼ਤ ਨਹੀਂ ਹੋਣਾ।”
ਇਹ ਕਹਿ ਕੇ ਸੁਰਿੰਦਰ ਨੇ ਆਪਣੇ ਕਮਰੇ ਦੇ ਬੂਹੇ ਨੂੰ ਅੰਦਰੋਂ ਕੁੰਡੀ ਮਾਰ ਲਈ।
ਮਹਿੰਦਰ ਸਿੰਘ ਮਾਨ
ਕੈਨਾਲ ਰੋਡ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਹਾਊਸ
ਨਵਾਂ ਸ਼ਹਿਰ-144514
ਫੋਨ 9915803554
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly