*********ਗੀਤ*********
(ਸਮਾਜ ਵੀਕਲੀ)
ਜਿਹਨਾਂ ਲੜਨਾ ਹੁੰਦਾ ਹੈ ਜਰਵਾਣਿਆਂ ਦੇ ਨਾਲ,
ਕਾਹਤੋਂ ਵੈਰ ਕਰੀ ਜਾਂਦੇ ਨੇ ਨਿਤਾਣਿਆਂ ਦੇ ਨਾਲ,
ਕਾਹਤੋਂ ਵੈਰ…
ਕੈਸੀ ਵਗੀ ਹੈ ਹਵਾ ਕੈਸਾ ਵਰਤਿਆ ਭਾਣਾਂ,
ਬਾਈਕਾਟਾਂ ‘ਚ ਗ੍ਰੱਸਿਆ ਕਿਉਂ ਸਿੱਖ ਤਾਣਾਂ ਬਾਣਾ,
ਯਾਰੀ ਲਾਉਂਦੇ ਤੇ ਨਿਭਾਉਂਦੇ ਰਾਜੇ ਰਾਣਿਆਂ ਦੇ ਨਾਲ,
ਕਾਹਤੋਂ ਵੈਰ…
ਪਿੰਡਾਂ ਵਿੱਚ ਟਕਰਾਉਂਦੇ ਰੰਗਰੇਟਿਆਂ ਦੇ ਨਾਲ,
ਰਹਿਣ ਕਰਦੇ ਵਧੀਕੀ ਗੁਰੂ ਬੇਟਿਆਂ ਦੇ ਨਾਲ,
ਰਲ ਬੈਠੇ ‘ਮਸੰਦਾਂ’ ਮਰ ਜਾਣਿਆਂ ਦੇ ਨਾਲ,
ਕਾਹਤੋਂ ਵੈਰ…
ਭਲਾ ਹੋਵੇ ਸਰਬੱਤ ਦਾ ਊਂਂ ਕਹਿਣ ਸੁਭਾ ਸ਼ਾਮ,
ਉਂਝ ਦੇਣ ਨਾ ਦਿਹਾੜੀਆਂ ਦੇ ਪੂਰੇ ਪੂਰੇ ਦਾਮ,
ਮਨ ਨੀਵਾਂ, ਕਾਹਦੀ ਮੱਤ ਹੈ ਨਿਮਾਣਿਆਂ ਦਾ ਨਾਲ,
ਕਾਹਤੋਂ ਵੈਰ…
ਗੁਰਾਂ ਕਲਗੀ ਜਿਹਨਾਂ ਨੂੰ ਚਮਕੌਰ ਵਿੱਚ ਦਿੱਤੀ,
ਉਹੀ ਸਿੱਖੀ ਲਈ ਦਿਲਾਂ ‘ਚ ਧਾਰੀ ਬੈਠੇ ਨੇ ਦੋਚਿੱਤੀ,
ਇਹਨਾਂ ਮੰਨੂੰ ਹੈ ਲਕੋਇਆ ਚਿੱਟੇ ਬਾਣਿਆਂ ਦੇ ਨਾਲ,
ਕਾਹਤੋਂ ਵੈਰ…
ਬਣੋਂ ਸੰਤ ਸਿਪਾਹੀ ਗੀਤ ਸਧਰਾਂ ਦੇ ਗਾਓ,
ਮਾਛੀਵਾੜੇ ਦਿਆਂ ਜੰਗਲਾਂ ਨੂੰ ਚਾਰ ਚੰਨ ਲਾਓ,
ਜੋੜੋ ਟੁੱਟੀਆਂ ਗਰੀਬਾਂ, ਭੁੱਖੇ ਭਾਣਿਆਂ ਦੇ ਨਾਲ,
ਕਾਹਤੋਂ ਵੈਰ…