- ਮੁੱਖ ਮੰਤਰੀ ਵੱਲੋਂ ਪੀੜਤ ਪਰਿਵਾਰਾਂ ਤੇ ਜ਼ਖ਼ਮੀਆਂ ਲਈ ਵਿੱਤੀ ਮਦਦ ਦਾ ਐਲਾਨ
ਪੌੜੀ (ਉੱਤਰਾਖੰਡ) (ਸਮਾਜ ਵੀਕਲੀ) : ਉੱਤਰਾਖੰਡ ਦੇ ਪੌੜੀ ਗੜਵਾਲ ਜ਼ਿਲ੍ਹੇ ਵਿੱਚ ਬਾਰਾਤ ਵਾਲੀ ਬੱਸ ਦੇ ਖੱਡ ਵਿੱਚ ਡਿੱਗਣ ਨਾਲ 33 ਵਿਅਕਤੀ ਹਲਾਕ ਤੇ 12 ਹੋਰ ਜ਼ਖ਼ਮੀ ਹੋ ਗਏ। ਹਾਦਸੇ ਮੌਕੇ ਬੱਸ ਵਿੱਚ 45 ਤੋਂ 50 ਬਰਾਤੀ ਸਵਾਰ ਸਨ। ਬੱਸ ਬਿਰੋਨਖਾਲ ਦੇ ਕੰਡਾ ਪਿੰਡ ਤੋਂ ਹਰਿਦੁਆਰ ਵਿੱਚ ਲਾਲਢਾਂਗ ਕਸਬੇ ਵਿੱਚ ਜਾ ਰਹੀ ਸੀ ਕਿ ਮੰਗਲਵਾਰ ਸ਼ਾਮੀਂ ਸੱਤ ਵਜੇ ਦੇ ਕਰੀਬ ਸਿਮਰੀ ਮੋੜ ਨੇੜੇ 500 ਮੀਟਰ ਡੂੰਘੀ ਖੱਡ ਵਿੱਚ ਜਾ ਡਿੱਗੀ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਮ੍ਰਿਤਕਾਂ ਦੇ ਵਾਰਸਾਂ ਨੂੰ 2-2 ਲੱਖ ਤੇ ਜ਼ਖ਼ਮੀਆਂ ਨੂੰ 50-50 ਹਜ਼ਾਰ ਰੁਪਏ ਦੀ ਵਿੱਤੀ ਮਦਦ ਦੇਣ ਦਾ ਐਲਾਨ ਕੀਤਾ ਹੈ। ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਹਾਦਸੇ ਵਿੱਚ ਗਈਆਂ ਜਾਨਾਂ ’ਤੇ ਦੁੱਖ ਦਾ ਇਜ਼ਹਾਰ ਕਰਦਿਆਂ ਪੀੜਤ ਪਰਿਵਾਰਾਂ ਨਾਲ ਸੰਵੇਦਨਾ ਜ਼ਾਹਿਰ ਕੀਤੀ ਹੈ।
ਹਾਦਸੇ ਮਗਰੋਂ ਸਾਰੀ ਰਾਤ ਚੱਲੇ ਰਾਹਤ ਤੇ ਬਚਾਅ ਕਾਰਜਾਂ ਦੌਰਾਨ ਅੱਠ ਲਾਸ਼ਾਂ ਬਾਹਰ ਕੱਢੀਆਂ ਗਈਆਂ ਹਨ ਜਦੋਂਕਿ ਸੱਤ ਤੋਂ ਅੱਠ ਲਾਸ਼ਾਂ ਅਜੇ ਵੀ ਬੱਸ ਵਿੱਚ ਫਸੀਆਂ ਹੋਈਆਂ ਸਨ। ਪੁਲੀਸ ਮੁਤਾਬਕ ਹਾਦਸੇ ਵਿੱਚ ਜ਼ਖ਼ਮੀ ਹੋਏ ਲੋਕਾਂ ਨੂੰ ਨੁਕਸਾਨੀ ਗਈ ਬੱਸ ਦੇ ਮਲਬੇ ’ਚੋਂ ਕੱਢ ਕੇ ਬਿਰੋਨਖਾਲ, ਰਿਖਨੀਖਾਲ ਤੇ ਕੋਟਦੁਆਰ ਦੇ ਹਸਪਤਾਲਾਂ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਇਸ ਦੌਰਾਨ ਦੋ ਵਿਅਕਤੀਆਂ ਨੇ ਰਾਹ ਵਿੱਚ ਹੀ ਦਮ ਤੋੜ ਦਿੱਤਾ। ਹਨੇਰੇ ਕਰਕੇ ਰਾਹਤ ਕਾਰਜਾਂ ਵਿੱਚ ਮੁਸ਼ਕਲ ਆਈ। ਨੇੜਲੇ ਪਿੰਡਾਂ ਦੇ ਲੋਕਾਂ ਨੇ ਮੋਬਾਈਲ ਫੋਨਾਂ ਦੀ ਫਲੈਸ਼ਲਾਈਟਾਂ ਜਗਾ ਕੇ ਰਾਹਤ ਕਾਰਜਾਂ ਨੂੰ ਨੇਪਰੇ ਚਾੜ੍ਹਿਆ। ਮੌਕੇ ’ਤੇ ਪੁੱਜੇ ਅਧਿਕਾਰੀਆਂ ਨੇ ਮਗਰੋਂ ਐਂਬੂਲੈਂਸ, ਲਾਈਟਿੰਗ ਤੇ ਜੀਵਨ ਰੱਖਿਅਕ ਸਾਜ਼ੋ-ਸਾਮਾਨ ਦਾ ਪ੍ਰਬੰਧ ਕੀਤਾ। ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਤੇ ਸਾਬਕਾ ਕੇਂਦਰੀ ਮੰਤਰੀ ਰਮੇਸ਼ ਖੋਖਰਿਆਲ ਨਿਸ਼ੰਕ ਨੇ ਮੰਗਲਵਾਰ ਰਾਤੀਂ ਹਾਦਸੇ ਵਾਲੀ ਥਾਂ ਦਾ ਦੌਰਾ ਕੀਤਾ ਤੇ ਕੋਟਦੁਆਰ ਹਸਪਤਾਲ ਵਿੱਚ ਜ਼ੇਰੇ ਇਲਾਜ ਲੋਕਾਂ ਨੂੰ ਵੀ ਮਿਲੇ। ਉਨ੍ਹਾਂ ਆਸ ਜਤਾਈ ਕਿ ਸਾਰੀਆਂ ਲਾਸ਼ਾਂ ਸ਼ਾਮ ਤੱਕ ਕੱਢ ਲਈਆਂ ਜਾਣਗੀਆਂ। ਮੁੱਖ ਮੰਤਰੀ ਨੇ ਜ਼ਿਲ੍ਹਾ ਪ੍ਰਸ਼ਾਸਨ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਉਨ੍ਹਾਂ ਪਿੰਡ ਵਾਸੀਆਂ ਦੀ ਪਛਾਣ ਕਰਨ ਜੋ ਸਭ ਤੋਂ ਪਹਿਲਾਂ ਹਾਦਸੇ ਵਾਲੀ ਥਾਂ ’ਤੇ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਇਨ੍ਹਾਂ ਪਿੰਡ ਵਾਸੀਆਂ ਨੂੰ ਪੁਰਸਕਾਰ ਦੇ ਕੇ ਸਨਮਾਨਿਤ ਕੀਤਾ ਜਾਵੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly