ਸ਼ੁਭ ਸਵੇਰ ਦੋਸਤੋ,

                (ਸਮਾਜ ਵੀਕਲੀ) 

     ਚਮੇਲੀ ਦਾ ਫੁੱਲ ਕਦੇ ਵੀ ਗ਼ੁਲਾਬ ਬਣਨ ਦੀ ਜਿੰਦ ਨਹੀਂ ਕਰਦਾ,
     ਹੋਂਦ ਨੂੰ ਬਰਕਰਾਰ ਰੱਖਣ ਦੇ ਨਿਰੰਤਰ ਯਤਨ ਜਰੂਰ ਕਰਦਾ ਹੈ!
ਜ਼ਿੰਦਗੀ ਦਾ ਮੂਲਮੰਤਰ ‘ਢਾਈ ਅੱਖਰ ਪ੍ਰੇਮ’ ਦੇ ਹਨ। ਰੂਹਾਂ ਨੂੰ ਸਕੂਨ ਦਿੰਦਾ ਹਮਦਰਦ ਬਣ ਜਾਣਾ ਸੁਖਾਲਾ ਤਾਂ ਨਹੀਂ ਪਰ ਹੋਰ ਕੋਈ ਕਿਸੇ ਨੂੰ ਨਾ ਤਾਂ ਕੁਝ ਦੇ ਸਕਦਾ ਨਾ ਕੁਝ ਲੈ ਸਕਦਾ ਹੈ। ਸਭ ਨੇ ਆਪੋ ਆਪਣੇ ਫ਼ਰਜ਼ਾਂ, ਜ਼ਿੰਮੇਵਾਰੀਆਂ ਤੇ ਵਿੱਢੀ ਦੌੜ ਨੂੰ ਮੁਕਾ ਕੇ ਇੱਕ ਦਿਨ ਤੁਰ ਜਾਣਾ ਹੈ ਇਸ ਜਹਾਨੋਂ..!
ਜੀਵਨ ਦੇ ਸਫ਼ਰ ਨੂੰ ਖੁਸ਼ਹਾਲੀ ਭਰਪੂਰ ਬਣਾਉਣ ਲਈ ਸਹਿਣਸ਼ੀਲਤਾ ਦਾ ਗੁਣ ਬਹੁਤ ਜ਼ਿਆਦਾ ਜ਼ਰੂਰੀ ਹੈ। ਕਿਸਾਨ, ਮਜ਼ਦੂਰ, ਜਵਾਨ, ਲੱਕੜਹਾਰੇ ਅਤੇ ਮੇਹਨਤਕਸ਼ ਲੋਕ ਜ਼ਿਆਦਾਤਰ ਚੁੱਪ ਚਪੀਤੇ, ਸਹਿਣਸ਼ੀਲ ਅਤੇ ਖੁਸ਼ਦਿਲ ਹੁੰਦੇ ਹਨ। ਕਿਉਂਕਿ ਜ਼ਿੰਦਗੀ ਦੀਆਂ ਉਲਝਣਾਂ ਨੂੰ ਵਾਹ ਵਾਹ ਕੇ, ਉਨ੍ਹਾਂ ਦੇ ਵੱਟ ਕੱਡ ਕੱਡ ਕੇ ਇਨ੍ਹਾਂ ਦਾ ਸਾਰਾ ਗੁੱਸਾ ਦਿਮਾਗ਼ ਵਿੱਚੋਂ ਨਿਕਲ ਜਾਂਦਾ ਹੈ। ਭਾਵੇਂ ਸਮਾਜ ਵਿਚ ਸਭ ਤੋਂ ਵੱਧ ਵਧੀਕੀਆਂ ਵੀ ਇਨ੍ਹਾਂ ਨਾਲ ਹੁੰਦੀਆਂ ਹਨ ਪਰ ਇਹ ਸਹਿਣਸ਼ੀਲਤਾ ਦੀ ਪੂੰਜੀ ਪੱਲੇ ਹੋਣ ਕਰਕੇ ਦੁਨਿਆਵੀਂ ਵਧੀਕੀਆਂ ਨੂੰ ਅਸਾਨੀ ਨਾਲ ਬਰਦਾਸ਼ਤ ਕਰ ਜਾਂਦੇ ਹਨ। ਇਨ੍ਹਾਂ ਦੀ ਸਮਝ ਐਨੀ ਵਿਸ਼ਾਲ ਹੁੰਦੀ ਹੈ ਕਿ ਤਾਕਤਵਰ ਕਦੇਂ ਅਨਿਆਂ ਨਹੀਂ ਕਰਦੇ ਇਹ ਮੂਰਖਾਂ ਦੇ ਕਰਨ ਵਾਲਾ ਵਰਤਾਰਾ ਹੈ, ਸੋ ਇਸ ਕਰਕੇ ਓਹ ਖੁਦ ਨੂੰ ਮੂਰਖਾਂ ਸ਼੍ਰੇਣੀ ਵਿਚ ਸ਼ਾਮਿਲ ਨਹੀਂ ਕਰਨਾ ਚਾਹੁੰਦੇ ਹੁੰਦੇ, ਕਿਉਂਕਿ ਜੀਵਨ ਦਾ ਭਰਪੂਰ ਆਨੰਦ ਮਾਣਨਾ ਇਨ੍ਹਾਂ ਦਾ ਪਹਿਲਾਂ ਸ਼ੌਕ ਹੁੰਦਾ ਹੈ। ਸਹੀ ਅਰਥਾਂ ਵਿਚ ਸਿਰਫ਼ ਇਹੀ ਧਾਰਮਿਕ ਵਿਅਕਤੀ ਹੁੰਦੇ ਹਨ। ਇਨ੍ਹਾਂ ਨੂੰ ਕਿਸੇ ਦੁਨਿਆਵੀ ਧਰਮ ਦੀ ਜ਼ਰੂਰਤ ਨਹੀਂ ਹੁੰਦੀ ਸਗੋਂ ਧਰਮਾਂ ਵਾਲੇ ਇਨ੍ਹਾਂ ਪਿੱਛੇ ਦੌੜਦੇ ਹਨ। ਇਨ੍ਹਾਂ ਦਾ ਤਾਂ ਮੌਤ ਸਬੰਧੀ ਵੀ ਦ੍ਰਿਸ਼ਟੀਕੋਣ ਬੜਾ ਉਸਾਰੂ ਤੇ ਵਿਸ਼ਾਲ ਹੁੰਦਾ ਹੈ। ਜੋ ਲਾਲਚੀ ਦਿਮਾਗਾਂ ਦੇ ਸਮਝੋਂ ਬਾਹਰ ਦੀ ਵਿਆਕਰਣ ਹੈ! ਸਹਿਣਸ਼ੀਲਤਾ ਸਾਨੂੰ ਕੁਝ ਦੇਣ, ਵੰਡਣ, ਮੁਆਫ਼ ਕਰਨ ਦੇ ਗੁਣਾਂ ਨਾਲ ਭਰਪੂਰ ਕਰਦੀ ਹੈ। ਅਫ਼ਸੋਸ ਕੇ ਜ਼ਿੰਦਗੀ ਜਿਉਣ ਦੀ ਕਲਾ ਹੀ ਤਾਂ ਸਿੱਖ ਨਹੀ ਸਕਿਆ ਬੰਦਾ, ਉਪਰੋਂ ਬਣਦਾ ਵਧੇਰੇ ਚੰਗਾ।
ਸੋਨੇ ਤੋਂ ਗਹਿਣਾ ਬਣਨ ਤੱਕ ਦਾ ਸਫ਼ਰ ਅੱਗ ਵਿਚ ਤਪਣ ਦਾ ਹੁੰਦਾ ਹੈ। ਇਹੋ ਜਿਹੀਆਂ ਕਦਰਾਂ-ਕੀਮਤਾਂ, ਲਿਆਕਤਾਂ ਤੇ ਸਿਆਣਪਾਂ ਨੂੰ ਜਵਾਨੀ ਦੇ ਪੱਲੇ ਪਾਉਣ ਵਿਚ ਅਸੀਂ ਬੁਰੀ ਤਰ੍ਹਾਂ ਪਛੜ ਚੁੱਕੇ ਹਾਂ। ਜ਼ਿੰਦਗੀ ਦੀ ਜੱਦੋ-ਜਹਿਦ ਦੀ ਲੰਮੇਰੀ ਮਧਾਣੀ ਨੂੰ ਰਿੜਕਣ ਉਪਰੰਤ ਪ੍ਰਾਪਤ ਹੋਇਆ ਵਿਲੱਖਣ ਨਜ਼ਾਰਾ ਹੀ ਸਫਲ ਜੀਵਨ ਦਾ ਸਾਰ ਹੁੰਦਾ ਹੈ।
ਕੁਦਰਤ ਹੋਰ ਬਰਕਤਾਂ ਪਾਵੇ, ਸੱਚਮੁੱਚ ਜਾਂਚ ਆਵੇ ਜ਼ਿੰਦਗੀ ਜਿਉਣ ਦੀ, ਤਾਂ ਜੋ ਗਮਾਂ ਤੇ ਜਿੱਤ ਪਾ ਕੇ ਸਹਿਣਸ਼ੀਲਤਾ ਦਾ ਲੜ ਫੜ ਕਾਮਯਾਬੀ ਵੱਲ ਨਿਰੰਤਰ ਕਦਮ ਵਧਾਉਂਦੇ ਰਹੀਏ…

ਹਰਫੂਲ ਸਿੰਘ ਭੁੱਲਰ

ਮੰਡੀ ਕਲਾਂ 9876870157 

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਪਾਣੀ ਬਚਾਓ ਜੀਵਨ ਬਚਾਓ
Next articleਸ਼ੁਭ ਸਵੇਰ ਦੋਸਤੋ,