(ਸਮਾਜ ਵੀਕਲੀ)
ਦੁਨੀਆਂ ਇੱਕ ਰੰਗਮੰਚ ਹੈ, ਜ਼ਿੰਦਗੀ ਨਾਮੀਂ ਨਾਟਕ ਇਸ ਮੰਚ ਤੇ ਖੇਡਿਆ ਜਾ ਰਿਹਾ ਹੈ। ਮਨੁੱਖ ਸਮੇਤ ਕੁਦਰਤ ਦੀ ਹਰ ਸ਼ੈਅ ਇਸ ਨਾਟਕ ਦੇ ਕਿਰਦਾਰ ਹਨ ਅਤੇ ਹਰ ਕਿਰਦਾਰ ਆਪਣੀ ਭੂਮਿਕਾ ਬੜੀ ਸ਼ਿੱਦਤ ਨਾਲ ਨਿਭਾ ਰਿਹਾ ਹੈ। ਇਸ ਰੰਗਮੰਚ ਦੀ ਨੀਹ ਅਰਬਾਂ-ਖਰਬਾਂ ਸਾਲਾਂ ਪਹਿਲਾਂ ਰੱਖੀ ਗਈ ਸੀ ਅਤੇ ਹਜ਼ਾਰਾਂ ਲੱਖਾਂ ਸਾਲਾਂ ਤੋਂ ਇਹ ਨਾਟਕ ਬਾਖੂਬੀ ਚਲ ਰਿਹਾ ਹੈ। ਸਮਾਂ ਬਦਲ ਰਿਹਾ ਹੈ, ਕਿਰਦਾਰ ਬਦਲ ਰਹੇ ਹਨ। ਪਰ ਅਹਿਸਾਸ, ਪਟਕਥਾ ਅਤੇ ਸਟੇਜ ਇਸੇ ਤਰ੍ਹਾਂ ਮੌਜੂਦ ਹੈ। ਇਹ ਲੱਗ ਰਿਹਾ ਹੈ ਕਿ ਲਿਖੀ ਪਟਕਥਾ ਮੁਤਾਬਿਕ ਇਹ ਰੰਗਕਰਮੀ ਕਦੇ ਨਾਕਰਾਤਮਕ ਅਤੇ ਕਦੇ ਸਾਕਾਰਾਤਮਕ ਭੂਮਿਕਾ ਨਿਭਾ ਰਹੇ ਹਨ। ਪਰ ਇੱਥੇ ਧਿਆਨ ਦੇਣ ਯੋਗ ਨੁਕਤੇ ਇਹ ਹਨ ਕਿ ਨਾਕਰਾਤਮਕ ਅਤੇ ਸਾਕਾਰਾਤਮਕ ਰਵੱਈਏ ਹਾਲਾਤਾਂ ਅਤੇ ਨਜ਼ਰੀਏ ਤੇ ਨਿਰਭਰ ਕਰਦੇ ਹਨ। ਹਰ ਵਿਅਕਤੀ ਦੀ ਜ਼ਿੰਦਗੀ ਦੇ ਅਲਗ-ਅਲਗ ਪੱਖ ਹੁੰਦੇ ਹਨ। ਕਿਸੇ ਵਿਅਕਤੀ ਨੂੰ ਵੇਖਣ ਪਰਖਣ ਦਾ ਸਭ ਦਾ ਆਪਣਾ-ਆਪਣਾ ਵੱਖਰਾ ਨਜ਼ਰੀਆ ਹੁੰਦਾ ਹੈ। ਹਰ ਕਿਸੇ ਦੀ ਇੱਕੋ ਸ਼ਖਸ ਬਾਰੇ ਅਲੱਗ-ਅਲੱਗ ਰਾਏ ਹੋ ਸਕਦੀ ਹੈ।ਪਰ ਯਾਦ ਰੱਖਿਓ ਕਿ ਉਸ ਵਿਅਕਤੀ ਪ੍ਰਤੀ ਤੁਹਾਡੀ ਨਾਕਰਾਤਮਕ ਜਾਂ ਸਾਕਾਰਾਤਮਕ ਸੋਚ ਸਿਰਫ਼ ਤੁਹਾਡੀ ਕਾਲਪਨਿਕ ਧਾਰਨਾ ਹੈ, ਜਿਸ ਦਾ ਉਸ ਵਿਅਕਤੀ ਨਾਲ ਕੋਈ ਸਬੰਧ ਹੈ ਜਾਂ ਨਹੀਂ ਇਸ ਦੀ ਪੁਖਤਗੀ ਬਾਰੇ ਵੀ ਸੰਕੇ ਹੋ ਸਕਦੇ ਹਨ ਅਤੇ ਜਿਸ ਨਾਲ ਉਸ ਵਿਅਕਤੀ ਨੂੰ ਨਾ ਕੋਈ ਫ਼ਰਕ ਪੈ ਰਿਹਾ ਹੈ ਨਾ ਪੈਣਾ ਚਾਹੀਦਾ ਹੈ। ਜ਼ਿਆਦਾਤਰ ਮਾਮਲਿਆਂ ਵਿੱਚ ਵਿਅਕਤੀ ਦੇ ਚੰਗੇ ਜਾਂ ਮਾੜ੍ਹੇ ਕਰਮ ਉਸਦੇ ਹਾਲਾਤਾਂ ਤੇ ਨਿਰਭਰ ਹੁੰਦੇ ਹਨ। ਕਈ ਵਾਰ ਅੱਖੀਂ ਵੇਖਿਆ ਵੀ ਸੱਚ ਨਹੀਂ ਹੁੰਦਾ ਅਤੇ ਕਈ ਵਾਰ ਕੰਨੀ ਸੁਣਿਆ ਵੀ ਸੱਚ ਹੁੰਦਾ ਹੈ। ਇਹੋ ਤਾਂ ਖੂਬੀ ਹੈ ਪਟਕਥਾ ਲਿਖਣ ਵਾਲੇ ਦੀ ਕਿ ਉਹ ਇਸ ਮਹਾਂ-ਨਾਟ ਨੂੰ ਨੀਰਸ ਨਹੀਂ ਹੋਣ ਦੇ ਰਿਹਾ ਅਤੇ ਪਟਕਥਾ ਨੂੰ ਇਸ ਤਰ੍ਹਾਂ ਹਾਲਾਤਾਂ ਦੇ ਤਾਣੇ-ਬਾਣੇ ਵਿੱਚ ਉਲਝਾ ਕੇ ਸਾਡੇ ਸਾਹਮਣੇ ਪੇਸ਼ ਕਰ ਰਿਹਾ ਹੈ ਕਿ ਅਸੀਂ ਮਨੁੱਖ ਜਾਤੀ ਵੀ ਇਸ ਉਤਾਰ-ਚੜ੍ਹਾਅ ਨੂੰ ਜ਼ਿੰਦਗੀ ਦਾ ਹਿੱਸਾ ਮੰਨ ਕੇ ਹੋਰ ਤਾਕਤ ਅਤੇ ਆਤਮ-ਵਿਸ਼ਵਾਸ ਨਾਲ ਆਪਣੇ ਕਿਰਦਾਰ ਵਿੱਚ ਜਾਨ ਪਾਉਣ ਦੇ ਅਹਾਰ ਵਿੱਚ ਜੁਟੇ ਰਹਿੰਦੇ ਹਾਂ। ਪਰ ਅੱਜ ਦੇ ਸਮੇਂ ਵਿੱਚ ਕੁਝ ਕਿਰਦਾਰ ਆਪਣੇ ਹਿੱਸੇ ਦੀ ਭੂਮਿਕਾ ਨੂੰ ਸਹੀ ਢੰਗ ਨਾਲ ਨਿਭਾਉਣ ਤੋਂ ਅਸਮਰਥ ਵਿਖਾਈ ਦੇ ਰਹੇ ਹਨ। ਪਟਕਥਾ ਲਿਖਣ ਵਾਲਾ ਵੀ ਹੈਰਾਨ ਪ੍ਰੇਸ਼ਾਨ ਹੈ।
ਚਰਨਜੀਤ ਸਿੰਘ ਰਾਜੌਰ
8427929558
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly