ਕਦੀ ਸੋਚਿਆ ਕਿ ਔਰਤਾਂ ਹੀ ਬਾਬਿਆਂ ਦੇ ਮਗਰ ਕਿਉਂ ਲੱਗਦੀਆ। ਸੋਚੋ। ਇਸ ਬਾਰੇ ਜ਼ਰੂਰ ਸੋਚੋ। ਇਹਨਾਂ ਦੇ ਦਿਲ ਦੀ ਗੱਲ ਕੋਈ ਨਹੀਂ ਸੁਣਦਾ। ਮਾਂ ਪਿਓ ਕਹਿੰਦੇ ਆਪਣੇ ਘਰ ਜਾ ਕੇ ਜੋ ਮਰਜ਼ੀ ਕਰੀਂ। ਸਹੁਰੇ ਕਹਿੰਦੇ ਬੀਬੀ ਤੂੰ ਨਾ ਬੋਲ ਤੂੰ ਪਰਾਈ ਹੈ। ਔਰਤ ਸਭ ਦਾ ਕੰਮ ਕਰਦੀ, ਫ਼ਿਕਰ ਕਰਦੀ ਪਰ ਉਸਦਾ ਦੁੱਖ ਛੱਡੋ ਮਨ ਦੀ ਗੱਲ ਵੀ ਕੋਈ ਨਹੀਂ ਸੁਣਦਾ। ਅਜਿਹੇ ਹਾਲਾਤ ਵਿੱਚ ਜਿਹੜਾ ਜ਼ਰਾ ਜਿੰਨੀ ਪਿਆਰ ਨਾਲ ਬੁਲਾ ਲਵੇ ਉਹੀ ਆਪਣਾ ਲੱਗਦਾ।
ਕਦੀ ਸੋਚਿਆ ਬੀਬੀਆਂ ਹੀ ਕਿਉਂ ਖੇਲਦੀਆ ਬਾਬਿਆਂ ਕੋਲ ਜਾ? ਬੰਦੇ ਕਿਉਂ ਨਹੀਂ? ਸਾਡੇ ਸਮਾਜ ਵਿੱਚ ਔਰਤ ਅਸਹਿ ਮਾਨਸਿਕ ਪੀੜ੍ਹਾ ਦੀ ਸ਼ਿਕਾਰ ਹੁੰਦੀ। ਬਾਬੇ ਮਨੋਵਿਗਿਆਨ ਦੇ ਮਾਹਰ ਹੁੰਦੇ। ਸਿਰ ਹਿਲਾਉਣ ਜਾਂ ਸਰੀਰ ਨੂੰ ਖੁੱਲਾ ਛੱਡ ਦੇਣ ਨਾਲ ਮਾਨਸਿਕ ਪ੍ਰੇਸ਼ਾਨੀ ਘਟਦੀ। ਔਰਤਾਂ ਨੂੰ ਜ਼ਰਾ ਜਿੰਨਾ ਹੁਲਾਰਾ ਮਿਲਦਾ ਤਾਂ ਉਹ ਬੰਨੇ ਹੋਏ ਮਨ ਤੇ ਸਰੀਰ ਤੇ ਕਾਬੂ ਛੱਡ ਦਿੰਦੀਆ। ਬਸ ਇਸੇ ਲਈ ਖੇਡਦੀਆਂ।
ਬਾਬੇ ਬੜੇ ਪਾਰਖੂ ਹੁੰਦੇ। ਝੱਟ ਤਾੜ ਲੈਂਦੇ ਕਿ ਮਰਜ਼ ਕੀ ਹੈ। ਬਸ ਫਿਰ ਉਹਨਾਂ ਲਈ ਸੌਖਾ ਹੋ ਜਾਂਦਾ। ਵੈਸੇ ਵੀ ਚਾਰ ਕੂ ਹੀ ਗੱਲਾਂ ਨੇ –
ਕੋਈ ਤੁਹਾਡੀ ਸੁਣਦਾ ਨਹੀਂ।
ਤੁਸੀ ਸਭ ਦਾ ਭਲਾ ਕਰਦੇ ਪਰ ਕੋਈ ਤੁਹਾਡੇ ਲਈ ਨਹੀਂ ਸੋਚਦਾ।
ਪਤੀ ਨੂੰ ਤੇਰੀ ਕੋਈ ਪ੍ਰਵਾਹ ਨਹੀਂ।
ਤੇਰੇ ਮਨ ਵਿਚ ਬਹੁਤ ਪੀੜ੍ਹਾ ਹੈ।
ਔਲਾਦ ਵੀ ਗੱਲ ਨਹੀਂ ਮੰਨਦੀ।
ਸਭ ਦਾ ਕਰਕੇ ਵੀ ਅੰਤ ਨੂੰ ਬੁਰੀ ਪੈ ਜਾਂਦੀ।
ਇਹ ਗੱਲਾਂ ਹਰ ਕਿਸੇ ਤੇ ਢੁੱਕਦੀਆਂ ਨੇ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਔਰਤਾਂ ਮਾਨਸਿਕ ਤੌਰ ਤੇ ਕਮਜ਼ੋਰ ਹੁੰਦੀਆ ਹਨ। ਆਮ ਘਰਾਂ ਵਿੱਚ ਉਹਨਾਂ ਨੂੰ ਕੰਮ ਕਰਨ ਵਾਲੀ ਦੇ ਬਰਾਬਰ ਵੀ ਤਰਜ਼ੀਹ ਨਹੀਂ ਮਿਲਦੀ। ਪਤੀ ਵੀ ਉਸਨੂੰ ਸਰੀਰਕ ਸੰਤੁਸ਼ਟੀ ਦਾ ਸਾਧਨ ਸਮਝਦਾ ਹੈ।
ਬਸ ਇਹ ਸਭ ਕਾਰਣ ਹਨ ਜੋ ਔਰਤ ਨੂੰ ਕਿਸੇ ਵੀ ਮਿੱਠਾ ਬੋਲਣ ਵਾਲੇ ਤੇ ਚਲਾਕ ਬੰਦੇ ਦੇ ਜਾਲ ਵਿਚ ਫਸਾ ਦਿੰਦੇ ਹਨ। ਔਰਤਾਂ ਦੇ ਬਾਹਰ ਆਉਣ ਜਾਣ ਤੇ ਸੌ ਪਾਬੰਦੀ ਹੋਵੇ ਪਰ ਡੇਰੇ ਤੇ ਜਾਣ ਤੋਂ ਕੋਈ ਰੋਕ ਨਹੀਂ।
ਸਾਡੇ ਸਮਾਜ ਦਾ ਹਾਲ ਬਦ ਤੋਂ ਬਦਤਰ ਹੋ ਰਿਹਾ। ਇਹ ਜਿਹੜੇ ਧਰਮ ਪਰਿਵਰਤਨ ਤੋਂ ਬਾਦ ਦੇ ਖੇਡਣ ਵਾਲੇ ਪ੍ਰੋਗਰਾਮ ਹਨ ਉਹ ਤਾਂ ਸਭ ਦਿਖਾਵਾ ਹੁੰਦੇ। ਹੋਰ ਕਿ ਜਲ ਵਿਚ ਬਿਜਲੀ ਦਾ ਕਰੰਟ ਆ ਜਾਂਦਾ।
ਭਾਰਤੀ ਸਮਾਜ ਇਨ੍ਹਾਂ ਖੋਖਲਾ ਹੋ ਚੁੱਕਾ ਕਿ ਕੋਈ ਵੀ ਸ਼ਾਤਿਰ ਦਿਮਾਗ ਇਸ ਵਿਚ ਚੋਰ ਮੋਰੀ ਲੱਭ ਹੀ ਲੈਂਦਾ।
ਸੁਚੇਤ ਰਹੋ।
ਹਰਪ੍ਰੀਤ ਕੌਰ ਸੰਧੂ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly