(ਸਮਾਜ ਵੀਕਲੀ)
ਨਿੱਕੇ ਹੁੰਦਿਆਂ ਜਦੋਂ ਅਸੀਂ ਸਕੂਲ ਵਿੱਚ ਪੜ੍ਹਦੇ ਹਾਂ ਤਾਂ ਸਾਡੇ ਕਿੰਨੇ ਹੀ ਦੋਸਤ ਬਣਦੇ ਹਨ ਅਤੇ ਹੌਲੀ ਹੌਲੀ ਓਹਨਾਂ ਵਿੱਚੋਂ ਸਾਡੇ ਇੱਕ ਦੋ ਪੱਕੇ ਦੋਸਤ ਵੀ ਬਣਦੇ ਹਨ, ਦੋਸਤੀ ਇੱਕ ਐਸਾ ਅਨਮੋਲ ਰਿਸ਼ਤਾ ਹੈ ਜੋ ਮਤਲਬਪ੍ਰਸਤ ਨਹੀ ਹੁੰਦਾ ਜਿਸ ਚ ਸਿਰਫ ਇੱਕ ਦੂਜੇ ਦੀ ਫ਼ਿਕਰ ਅਤੇ ਢੇਰ ਸਾਰਾ ਪਿਆਰ ਹੁੰਦਾ ਹੈ, ਸਕੂਲ ਵਿੱਚ ਬਣੇ ਦੋਸਤ ਹਮੇਸ਼ਾ ਯਾਦ ਰਹਿੰਦੇ ਹਨ ਭਾਵੇਂ ਅਸੀਂ ਵੱਡੇ ਹੋਕੇ ਕਾਲਿਜ ਜਾਂ ਆਸੇ ਪਾਸੇ ਹੋਰ ਦੋਸਤ ਬਣਾਂ ਲਈਏ ਪਰ ਸਕੂਲ ਵਾਲੇ ਦੋਸਤ ਅਤੇ ਓਹਨਾਂ ਦੀ ਦੋਸਤੀ ਕਦੇ ਨਹੀਂ ਭੁੱਲਦੀ, ਸਕੂਲ ਵਿੱਚ ਪੜ੍ਹਦਿਆਂ ਇਦਾਂ ਲੱਗਦਾ ਹੈ ਜਿਵੇਂ ਦੋਸਤਾਂ ਮਿੱਤਰਾਂ ਬਿਨਾਂ ਜਿੰਦਗੀ ਅਧੂਰੀ ਹੈ, ਨਿੱਕੀਆਂ ਨਿੱਕੀਆਂ ਗੱਲਾਂ ਤੇ ਐਵੇਂ ਹੱਸੀ ਜਾਣਾ ਜਾਂ ਕਦੇ ਮੈਡਮ ਤੋਂ ਕੁੱਟ ਖਾਕੇ ਵੀ ਹੱਸੀ ਜਾਣਾ ਅਤੇ ਕਈ ਵਾਰ ਸਾਨੂੰ ਹੱਸਦਿਆਂ ਵੇਖ ਮੈਡਮ ਜੀ ਦਾ ਗੁੱਸਾ ਵੀ ਠੰਡਾ ਠਾਰ ਹੋ ਜਾਣਾ, ਸਕੂਲ ਵਾਲੇ ਬੈਂਚ ਨੂੰ ਆਪਣੀ ਪੱਕੀ ਜਗੀਰ ਸਮਝਣਾ ਅਤੇ ਆਪਣੇ ਦੋਸਤਾਂ ਲਈ ਬੈਂਚਾਂ ਤੇ ਰੁਮਾਲ ਰੱਖ ਕੇ ਥਾਂ ਰੋਕ ਲੈਣੀ ਅਤੇ ਆਖਣਾ ਇਥੇ ਮੇਰੇ ਮਿੱਤਰ ਨੇ ਬੈਠਣਾਂ ਹੈ! ਛੁੱਟੀ ਤੋਂ ਅਗਲੇ ਦਿਨ ਢੇਰ ਸਾਰੀਆਂ ਗੱਲਾਂ ਦਾ ਭੰਡਾਰ ਆਪਣੇ ਦੋਸਤਾਂ ਅੱਗੇ ਖਾਲੀ ਕਰਨਾ, ਵੇਖਿਆ ਜਾਵੇ ਤਾਂ ਦੋਸਤੀ ਬਹੁਤ ਮਿੱਠਾ ਜਿਹਾ ਰਿਸ਼ਤਾ ਹੈ ਦੋਸਤਾਂ ਨਾਲ ਬਿਤਾਏ ਪਲ ਸਾਡੇ ਜੀਵਨ ਤੇ ਗਹਿਰੀ ਛਾਪ ਛੱਡਦੇ ਹਨ, ਜਦੋਂ ਕਦੇ ਨਾਲ ਪੜ੍ਹਦੇ ਦੋਸਤਾਂ ਨੇ ਸਕੂਲ ਨਾ ਆਉਣਾ ਤਾਂ ਸਾਰਾ ਦਿਨ ਦਿਲ ਨਾ ਲੱਗਣਾਂ ਅਤੇ ਅਗਲੇ ਦਿਨ ਝੂਠੇ ਜਿਹੇ ਗੁੱਸੇ ਨਾਲ ਲੜ੍ਹਨਾ ਓਏ ਤੂੰ ਕੱਲ ਕਿਉ ਨਹੀਂ ਆਇਆ, ਜਾਂ ਆਈ, “ਤੈਨੂੰ ਪਤਾ ਮੈੰ ਕੱਲ ਅੰਬ ਦੇ ਅਚਾਰ ਨਾਲ ਦੋ ਪਰੌਂਠੇ ਲਿਆਇਆ ਸੀ ਤੇਰੇ ਕਰਕੇ ਮੈੰ ਵੀ ਨਹੀਂ ਖਾਦਾ” , ਇੰਨੀ ਕੂ ਲੜ੍ਹਾਈ ਕਰਨੀ ਤੇ ਫੇਰ ਝੱਟ ਮੰਨ ਜਾਣਾ, ਇੱਕੋ ਟੌਫੀ ਨੂੰ ਅੱਧੀ ਅੱਧੀ ਵੰਡ ਲੈਣਾਂ, ਕਿੰਨਾ ਚੰਗਾ ਹੁੰਦਾ ਇਹ ਦੋਸਤੀ ਦਾ ਅਨਮੋਲ ਰਿਸ਼ਤਾ, ਮੈਡਮ ਨੇ ਜੇਕਰ ਇੱਕ ਨੂੰ ਜਮਾਤ ਤੋਂ ਬਾਹਰ ਕੱਢਣਾ ਤਾਂ ਦੂਜੇ ਨੇ ਕੋਈ ਸ਼ਰਾਰਤ ਕਰਨੀ ਤਾਂ ਜੋ ਮੈਡਮ ਉਸਨੂੰ ਵੀ ਬਾਹਰ ਕੱਢ ਦੇਵੇ ਅਤੇ ਓਹ ਵੀ ਆਪਣੇ ਦੋਸਤ ਨਾਲ ਬਾਹਾਂ ਖੜ੍ਹੀਆਂ ਕਰਕੇ ਜਮਾਤ ਦੇ ਬਾਹਰ ਖੜ੍ਹਾ ਰਹੇ, ਅਤੇ ਜਦੋਂ ਦੋ ਦੋਸਤਾਂ ਨੂੰ ਇਕੱਠਿਆਂ ਸਜਾ ਮਿਲਣੀ ਤਾਂ ਇੱਕ ਦੂਜੇ ਵੱਲ ਵੇਖ ਵੇਖ ਹੱਸੀ ਜਾਣਾ ਓਦੋਂ ਮੈਡਮ ਵੱਲੋਂ ਦਿੱਤੀ ਸਜਾ ਵੀ ਜੰਨਤ ਜਾਪਦੀ ਸੀ ਕਿਉਂਕਿ ਦੋਸਤ ਜਿਓਂ ਨਾਲ ਹੁੰਦਾ ਸੀ, ਬੰਦਾ ਕਿੰਨਾ ਵੀ ਵੱਡਾ ਹੋ ਜਾਏ ਜਿਸ ਮਰਜੀ ਮੁਕਾਮ ਤੇ ਪਹੁੰਚ ਜਾਵੇ ਉਸਨੂੰ ਸਕੂਲ ਦੇ ਦੋਸਤ ਉਮਰ ਭਰ ਚੇਤੇ ਰਹਿੰਦੇ ਹਨ, ਜੇਕਰ ਘਰਦਿਆਂ ਨੇ ਕੋਈ ਨਵੀਂ ਚੀਜ਼ ਖਰੀਦ ਕੇ ਦੇਣੀ ਤਾਂ ਸਕੂਲ ਵਾਲੇ ਬਸਤੇ ਵਿੱਚ ਨਾਲ ਲੈਕੇ ਜਾਣੀ ਅਤੇ ਆਵਦੇ ਦੋਸਤਾਂ ਮਿੱਤਰਾਂ ਨੂੰ ਵਿਖਾਉਣੀ ਇਦਾਂ ਲੱਗਦਾ ਸੀ ਜਿਵੇਂ ਹਰ ਚੀਜ਼ ਤੇ ਦੋਸਤਾਂ ਦੀ ਮੋਹਰ ਲੱਗੇ ਬਿਨਾਂ ਜਿੰਦਗੀ ਵਿਅਰਥ ਹੈ, ਜੇਕਰ ਅਧਿਆਪਕ ਦੋ ਦੋਸਤਾਂ ਨੂੰ ਇਕੱਠਿਆਂ ਬੈਠਣ ਤੋਂ ਮਨਾ ਕਰਦਾ ਤਾਂ ਇਹ ਸਾਨੂੰ ਕਾਲੇ ਪਾਣੀ ਦੀ ਸਜਾ ਵਰਗਾ ਜਾਪਦਾ, ਦੋਸਤ ਇੱਕ ਅਜਿਹੀ ਸ਼ੈਅ ਹੁੰਦੇ ਹਨ ਜੋ ਹਰ ਔਖ ਸੌਖ ਵਿੱਚ ਸਾਡੇ ਨਾਲ ਖੜ੍ਹਦੇ ਹਨ, ਘਰ ਆਕੇ ਵੀ ਆਪਣੇ ਮਾਤਾ ਪਿਤਾ ਨਾਲ ਸਕੂਲ ਅਤੇ ਦੋਸਤਾਂ ਦੀਆਂ ਗੱਲਾਂ ਕਰਦੇ ਰਹਿਣਾਂ ਇਹ ਦੋਸਤੀ ਦੇ ਗਹਿਰੇ ਰਿਸ਼ਤੇ ਦੀਆਂ ਹੀ ਨਿਸ਼ਨੀਆਂ ਹਨ ਕਿਉਂਕਿ ਦੋਸਤੀ ਸਾਡੇ ਦਿਲ ਤੇ ਸਦਾ ਛਪੀ ਰਹਿੰਦੀ ਹੈ, ਅਸੀਂ ਭਾਵੇਂ ਬੁੱਢੇ ਵੀ ਹੋ ਜਾਈਏ ਸਕੂਲ ਅਤੇ ਬਚਪਨ ਵਾਲੇ ਦੋਸਤ ਮਿੱਤਰ ਕਦੇ ਨਹੀਂ ਭੁੱਲਦੇ ਜੇਕਰ ਅੱਜ ਵੀ ਘਰ ਦੇ ਕਿਸੇ ਬੁਜੁਰਗ ਨੂੰ ਓਹਨਾਂ ਦੇ ਬਚਪਨ ਦੇ ਦੋਸਤਾਂ ਬਾਰੇ ਪੁੱਛਿਆ ਜਾਵੇ ਤਾਂ ਓਹਨਾਂ ਨੇ ਚਿਹਰੇ ਤੇ ਮੁਸਕਾਨ ਅਾ ਜਾਵੇਗੀ ਅਤੇ ਓਹ ਤੁਹਾਨੂੰ ਆਪਣੇ ਦੋਸਤਾਂ ਬਾਰੇ ਬੜੇ ਚਾਵਾਂ ਨਾਲ ਦੱਸਣਗੇ, ਮੋਹ ਪਿਆਰਾਂ ਨਾਲ ਲਬਰੇਜ਼ ਸਭ ਤੋਂ ਪਿਆਰੀ ਸ਼ੈਅ ਹੈ ਦੋਸਤੀ
ਅਮਨਦੀਪ ਕੌਰ ਹਾਕਮ ਸਿੰਘ ਵਾਲਾ ਬਠਿੰਡਾ
9877654596
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly