ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਆਰ ਸੀ ਐੱਫ ਅਤੇ ਡਾ. ਅੰਬੇਡਕਰ ਯੂਨਿਟੀ ਕਲੱਬ ਆਰੀਆਂਵਾਲ ਦਾ ਸਾਂਝਾ ਉੱਦਮ
ਕਪੂਰਥਲਾ,(ਕੌੜਾ)- ਬਾਬਾ ਸਾਹਿਬ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਰਜਿ ਰੇਲ ਕੋਚ ਫੈਕਟਰੀ ਕਪੂਰਥਲਾ ਅਤੇ ਡਾ. ਅੰਬੇਡਕਰ ਯੂਨਿਟੀ ਕਲੱਬ ਪਿੰਡ ਆਰੀਆਂਵਾਲ ਵੱਲੋਂ ਸਾਂਝੇ ਤੌਰ ਤੇ ਕੈਰੀਅਰ ਕਾਊਂਸਲਿੰਗ ਸਬੰਧੀ ਕੇਡਰ ਕੈਂਪ ਲਗਾਇਆ ਗਿਆ। ਕੇਡਰ ਕੈਂਪ ਦੀ ਪ੍ਰਧਾਨਗੀ ਡਾ ਅੰਬੇਡਕਰ ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ, ਜਰਨਲ ਸਕੱਤਰ ਧਰਮ ਪਾਲ ਪੈਂਥਰ, ਲਾਰਡ ਬੁੱਧਾ ਐਜੂਕੇਸ਼ਨ ਟਰੱਸਟ ਦੇ ਪ੍ਰਧਾਨ ਪੂਰਨ ਸਿੰਘ, ਕਲੱਬ ਦੇ ਪ੍ਰਧਾਨ ਸੋਨੂੰ ਆਰੀਆਂਵਾਲ ਅਤੇ ਓਬੀਸੀ ਐਸੋਸੀਏਸ਼ਨ ਦੇ ਵਰਕਿੰਗ ਪ੍ਰਧਾਨ ਅਰਵਿੰਦ ਪ੍ਰਸ਼ਾਦ ਆਦਿ ਨੇ ਸਾਂਝੇ ਤੌਰ ਤੇ ਕੀਤੀ।
ਕੈਰੀਅਰ ਕਾਊਂਸਲਿੰਗ ਸਬੰਧੀ ਚਾਨਣਾ ਪਾਉਂਦੇ ਹੋਏ ਸ਼੍ਰੀ ਬਲਜੀਤ ਸਿੰਘ ਐਸ ਐਸ ਈ ਨੇ ਕਿਹਾ ਕਿ ਪਹਿਲਾਂ ਸਾਨੂੰ ਨਿਰਣਾ ਕਰਨਾ ਪਵੇਗਾ ਅਸੀਂ ਕੀ ਬਣਨਾ ਚਾਹੁੰਦੇ ਹਾਂ ਤਦ ਹੀ ਅਸੀਂ ਕਿਸੇ ਮੰਜ਼ਿਲ ਤੇ ਪਹੁੰਚ ਸਕਦੇ ਹਾਂ। ਬਿਨਾਂ ਸੋਚੇ ਸਮਝੇ, ਬਿਨਾਂ ਕਿਸੇ ਨਿਸ਼ਾਨੇ ਤੋਂ ਬੰਦਾ ਸਾਰੀ ਜ਼ਿੰਦਗੀ ਭਟਕਦਾ ਰਹਿੰਦਾ ਹੈ। ਦਿਲਚਸਪੀ ਦੇ ਅਨੁਸਾਰ ਪੜ੍ਹਾਈ ਵਿੱਚ ਵਿਸ਼ੇ ਚੁਣਨੇ ਚਾਹੀਦੇ ਹਨ। ਸ਼੍ਰੀ ਸਿੰਘ ਨੇ ਕਿਹਾ ਕਿ ਗਿਆਨ ਵਿਚ ਵਾਧਾ ਕਰਨ ਲਈ ਬਜਾਰ ਵਿਚੋਂ ਵਧੀਆ ਲੇਖਕਾਂ ਦੀਆਂ ਕਿਤਾਬਾਂ ਮਿਲ ਜਾਂਦੀਆਂ ਹਨ ਉਨ੍ਹਾਂ ਦੀ ਵਰਤੋਂ ਕਰਨੀ ਚਾਹੀਦੀ ਹੈ।
ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੂਰਨ ਸਿੰਘ ਅਤੇ ਅਰਵਿੰਦ ਪ੍ਰਸ਼ਾਦ ਨੇ ਸਾਂਝੇ ਤੌਰ ਤੇ ਕਿਹਾ ਕਿ ਨੌਜੁਆਨ ਦੇਸ਼ ਭਵਿੱਖ ਹੁੰਦੇ ਹਨ।. ਜੇ ਦੇਸ਼ ਦੇ ਨੌਜੁਆਨ ਪੀੜ੍ਹੀ ਪੜ੍ਹੀ ਲਿਖੀ ਹੋਵੇਗੀ ਤਾਂ ਹੀ ਦੇਸ਼ ਅਤੇ ਸਮਾਜ ਤਰੱਕੀ ਕਰ ਸਕਦਾ ਹੈ। ਪੜਾਈ ਤੋਂ ਡਰਨ ਦੀ ਲੋੜ ਨਹੀਂ ਬਸ ਯੋਜਨਾਬੱਧ ਤਰੀਕੇ ਨਾਲ ਆਪਸ ਵਿੱਚ ਪੰਜ ਦਸ ਜਣਿਆਂ ਦਾ ਗਰੁੱਪ ਬਣਾ ਕੇ ਪੜ੍ਹਾਈ ਸੰਬੰਧੀ ਵਿਚਾਰ ਚਰਚਾ ਕੀਤੀ ਜਾਵੇ। ਕੰਪੀਟੀਸ਼ਨ ਸੰਬੰਧੀ ਕਿਤਾਬਾਂ ਦਾ ਸੈੱਟ ਲਿਆ ਕੇ ਸਵਾਲ ਜਵਾਬ ਤਿਆਰ ਕੀਤੇ ਜਾਣ ਤਾਂ ਹੀ ਅਸੀਂ ਕਿਸੇ ਵੀ ਪ੍ਰੀਖਿਆ ਵਿੱਚ ਕਾਮਯਾਬ ਹੋ ਸਕਦੇ ਹਾਂ।
ਸੁਸਾਇਟੀ ਦੇ ਪ੍ਰਧਾਨ ਕ੍ਰਿਸ਼ਨ ਲਾਲ ਜੱਸਲ ਅਤੇ ਜਨਰਲ ਸਕੱਤਰ ਧਰਮ ਪਾਲ ਪੈਂਥਰ ਨੇ ਦੱਸਿਆ ਕਿ ਬੋਧੀਸਤਵ ਅੰਬੇਡਕਰ ਪਬਲਿਕ ਸੀਨੀਅਰ ਸੈਕੰਡਰੀ ਸਕੂਲ, ਫੂਲਪੁਰ ਧਨਾਲ ਜਲੰਧਰ, ਬੋਧੀਸਤਵ ਅੰਬੇਡਕਰ ਐਜੂਕੇਸ਼ਨ ਸੋਸਾਇਟੀ ਅਤੇ ਪ੍ਰਗਿਆਸ਼ੀਲ ਐਜੂਕੇਸ਼ਨ ਸੋਸਾਇਟੀ ਜਲੰਧਰ ਪੰਜਾਬ ਵਲੋਂ ਸਾਂਝੇ ਤੌਰ ਤੇ ਮਿਤੀ 01 ਅਕਤੂਬਰ ਨੂੰ ਸਵੇਰੇ 10 ਵਜੇ ਜਲੰਧਰ ਦੇ ਦੇਸ਼ ਭਗਤ ਯਾਦਗਾਰ ਵਿਖੇ ਅਨੁਸੂਚਿਤ ਜਾਤੀ, ਜਨਜਾਤੀ, ਪੱਛੜੀਆਂ ਸ੍ਰੇਣੀਆਂ ਅਤੇ ਧਾਰਮਿਕ ਘੱਟ ਗਿਣਤੀ ਦੇ ਵਿਦਿਆਰਥੀਆਂ ਲਈ ਕੈਰੀਅਰ ਕੌਂਸਲਿੰਗ ਅਤੇ ਕਿਤਾਬ ਵੰਡ ਸਮਾਗਮ ਕਰਵਾਇਆ ਜਾ ਰਿਹਾ ਹੈ ਇਸ ਵਿਚ ਉਚੇਚੇ ਤੌਰ ਤੇ ਨਾਮਵਰ ਕੇਂਦਰੀ ਯੂਨੀਵਰਸਿਟੀਆਂ ਦੇ ਮਾਹਰ ਪ੍ਰੋਫੈਸਰ ਬੱਚਿਆਂ ਨੂੰ ਵੱਖ ਵੱਖ ਕੋਰਸਾਂ ਦੀ ਜਾਣਕਾਰੀ ਦੇਣਗੇ। ਜੱਸਲ ਅਤੇ ਪੈਂਥਰ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਆਪਣੇ ਮਾਪਿਆਂ ਨਾਲ ਸ਼ਾਮਿਲ ਹੋ ਕੇ ਕੈਰੀਅਰ ਕੌਂਸਲਿੰਗ ਦਾ ਫਾਇਦਾ ਉਠਾਉਣਾ ਚਾਹੀਦਾ ਹੈ। ਜਿਹੜੇ ਵਿਦਿਆਰਥੀ ਕੈਰੀਅਰ ਕਾਊਂਸਲਿੰਗ ਵਿਚ ਜਾਣਾ ਚਾਹੁੰਦੇ ਹਨ ਉਨ੍ਹਾਂ ਦਾ ਆਉਣ ਜਾਣ ਦਾ ਕਿਰਾਇਆ ਡਾ. ਬੀ. ਆਰ. ਅੰਬੇਡਕਰ ਸੁਸਾਇਟੀ ਉਠਾਏਗੀ। ਵਿਦਿਆਰਥੀਆਂ ਨੂੰ ਸੰਸਥਾ ਵਲੋਂ ਦਿਤੇ ਹੋਏ ਕਿਊ ਆਰ ਕੋਡ ਤੇ ਆਪਣੀ ਰਜਿਸਟ੍ਰੇਸ਼ਨ ਕਰਵਾਉਣ ਜਰੂਰੀ ਹੈ।
ਯੂਨਿਟੀ ਕਲੱਬ ਦੇ ਪ੍ਰਧਾਨ ਸੋਨੂ ਆਰੀਆਂਵਾਲ ਨੇ ਸੋਸਾਇਟੀ ਦਾ ਧੰਨਵਾਦ ਕਰਦੇ ਹੋਏ ਕਿਹਾ ਕਿ ਰੇਲ ਕੋਚ ਫੈਕਟਰੀ ਦੀ ਸਮਾਜਸੇਵੀ ਸੰਸਥਾ ਨੇ ਪਿੰਡ ਦੇ ਨੌਜੁਆਨ ਲੜਕੇ ਲੜਕੀਆਂ ਨੂੰ ਪੜ੍ਹਾਈ ਸੰਬੰਧੀ ਉਤਸਾਹਿਤ ਕਰਨ ਲਈ ਪਿੰਡ ਵਿਚ ਲਾਇਬ੍ਰੇਰੀ ਖੋਲ੍ਹਣ ਲਈ ਵੱਡੇ ਪੱਧਰ ਤੇ ਕਿਤਾਬਾਂ ਦਾ ਪ੍ਰਬੰਧ ਕਰਨ ਤੋਂ ਇਲਾਵਾ ਬੱਚਿਆਂ ਨੂੰ ਸਮੇਂ ਸਮੇਂ ਤੇ ਆਰਥਿਕ ਸਹਾਇਤਾ ਅਤੇ ਸਟੇਸ਼ਨਰੀ ਦਾ ਪ੍ਰਬੰਧ ਕਰਦੀ ਹੈ। ਯੂਨਿਟੀ ਕਲੱਬ ਸੋਸਾਇਟੀ ਦਾ ਧੰਨਵਾਦ ਅਤੇ ਭਵਿੱਖ ਵਿਚ ਇਸੇ ਤਰ੍ਹਾਂ ਆਸ ਕਰਦੀ ਹੈ। ਕੈਰੀਅਰ ਕੌਂਸਲਿੰਗ ਵਿੱਚ ਬਿੱਲਾ ਆਰੀਆਂਵਾਲ, ਦਿਲਮੋਹਿਤ, ਜਵਾਲਾ ਰਾਮ, ਆਕਾਸ਼ਦੀਪ, ਸੁਮੀਤ, ਨਿਸ਼ਾਨ ਗਿੱਲ, ਗੌਤਮ ਨਾਹਰ, ਵਿਜੈ ਕੁਮਾਰ ਅਤੇ ਸੁਨੀਲ ਆਦਿ ਹਾਜਰ ਸਨ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly