(ਸਮਾਜ ਵੀਕਲੀ)-ਬਹੁਤ ਦਿਨਾਂ ਬਾਅਦ ਅੱਜ ਕਿਸੇ ਜਾਣ ਪਹਿਚਾਣ ਵਾਲੇ ਪਰਿਵਾਰ ਨਾਲ ਫੋਨ ਤੇ ਗੱਲ ਹੋਈ। ਮੈਂ ਸੋਚਿਆ ਚਲੋ ਉਹਨਾਂ ਨੂੰ ਉਹਨਾਂ ਦੇ ਨਵੇਂ ਘਰ ਦੀਆ ਵਧਾਈਆਂ ਦੇ ਦਵਾਂ। ਕਈ ਸਾਲਾਂ ਤੋਂ ਦੋ ਬੈਡਰੂਮ ਦੀ ਬੇਸਮੈਟ ਵਿੱਚ ਸਾਰਾ ਪਰਿਵਾਰ ਰਹਿ ਰਿਹਾ ਸੀ ਜਿਸ ਵਿੱਚ ਉਹਨਾਂ ਦੀ ਮਾਂ ਦੋ ਬੱਚੇ ਅਤੇ ਓਹ ਆਪ ਦੋ ਜੀ ਸਨ। ਬੇਸਮੈਟ ਦਾ ਕਿਰਾਇਆ ਵੀ ਉਸ ਸਮੇਂ ਜਾਇਜ਼ ਸੀ। ਅੱਜ ਕੱਲ ਵੈਨਕੋਵਰ ਵਿੱਚ ਇੱਕ ਬੈਡਰੂਮ ਦੀ ਬੈਸਮੈਂਟ (ਘਰਾਂ ਵਿੱਚ) $1500 ਅਤੇ ਦੋ ਬੈਡਰੂਮ ਵਾਲੀ $2500 ਤੱਕ (ਹੱਦ) ਮਿਲਦੀ ਏ, ਜੋ ਕਿ ਆਪਣੇ ਆਪ ਵਿੱਚ ਬਹੁਤ ਜ਼ਿਆਦਾ ਮਹਿੰਗੀ ਹੈ।
ਪਰ ਗੱਲਾਂ-ਗੱਲਾਂ ਵਿੱਚ ਜਦੋ ਉਹਨਾਂ ਨੇ ਦੱਸਿਆ ਕਿ ਸਾਡੇ ਘਰ ਦੋ ਬੇਸਮੈਟਾਂ ਹਨ, ਇੱਕ ਦੋ ਬੈਡਰੂਮਾਂ ਦੀ ਤੇ ਇੱਕ ਤਿੰਨ ਬੈਡਰੂਮਾਂ ਦੀ। ਦੋ ਵਾਲੀ $2100 ਅਤੇ ਤਿੰਨ ਵਾਲੀ $3500 ਦੀ ਕਿਰਾਏ ਤੇ ਝੜਾਈ ਹੋਈ ਏ। “ਇੰਨਾਂ ਜ਼ਿਆਦਾ ਕਿਰਾਇਆ “ ਮੇਰੇ ਹੈਰਾਨਗੀ ਨਾਲ ਪੁੱਛਣ ਤੇ ਓਹ ਕਹਿੰਦੇ ਕਿ “ਲੋਕ ਇੰਨਾ ਕਿਰਾਇਆ ਦਿੰਦੇ ਨੇ ਤੇ ਇਹ ਹੀ ਰੇਟ ਹੈ”।
ਜੋ ਕਿ ਸਰਾਸਰ ਝੂਠ ਅਤੇ ਕਮੀਨਗੀ ਦੀ ਗੱਲ ਏ। ਇੰਨਾਂ ਵੀ ਬੇੜਾ ਨਹੀ ਗ਼ਰਕਿਆ। ਲੋਕ ਕਿੱਥੇ ਜਾਣ? ਕਿਵੇਂ ਨਾ ਕਿਵੇਂ ਰਹਿਣ ਲਈ ਥਾਂ ਤਾਂ ਚਾਹੀਦੀ ਹੀ ਹੁੰਦੀ ਏ। ਮਰਦੇ ਅੱਕ ਚੱਬਦੇ ਨੇ ਵਿਚਾਰੇ।
ਇਹ ਜਾਨ ਕੇ ਮੇਰਾ ਮਨ ਉਸ ਪਰਿਵਾਰ ਨਾਲ ਦੁਬਾਰਾ ਗੱਲ ਕਰਣ ਨੂੰ ਸ਼ਾਇਦ ਕਦੇ ਵੀ ਨਹੀ ਕਰੇਗਾ।
ਹੱਦ ਹੋ ਗਈ ਯਾਰ !! ਕੀ ਕਹਾਂ ? ਇਨਸਾਨੀਅਤ ਬਿਲਕੁਲ ਹੀ ਖਤਮ ਹੋ ਚੁੱਕੀ ਏ। ਬਹਾਨਾ ਇਹ ਕਿ ਘਰਾਂ ਦੀ ਮੋਰਗੇਜ਼ ਵੱਧ ਗਈ। ਬੇ-ਘਰ ਗਰੀਬ ਲੋਕਾਂ ਨੁੰ ਲੁੱਟਣ ਦਾ ਇੱਕ ਵਧੀਆ ਢੰਗ ਕੁੱਝ ਲਾਲਚੀ ਘਰਾਂ ਦੇ ਮਾਲਕ ਅਪਣਾ ਰਹੇ ਨੇ। ਜਿਸ ਦੀ ਵੇਖਾ ਵੇਖੀਂ ਹੋਰ ਵੀ ਕਈ ਭੇਡ ਚਾਲ ਵਾਂਗ ਦਰਿੰਦੇ ਬਣੀ ਜਾ ਰਹੇ ਹਨ। ਸਾਰੇ ਨਹੀ, ਘੱਟ ਗਿਣਤੀ ਚੰਗੇ ਮਕਾਨ ਮਾਲਕਾ ਦੀ ਵੀ ਏ ਜਿੰਨਾਂ ਨੇ ਇੱਕ ਬੈਡਰੂਮ ਦੀ ਬੇਸਮੈਂਟ $600/$700 ਨੂੰ ਝੜਾਈ ਹੋਈ ਏ। ਸਟੂਡੈਂਟਾਂ ਨੂੰ ਘਰ ਵਿੱਚ ਰਹਿਣ ਦੀ ਪਹਿਲ ਦਿੱਤੀ ਜਾਂਦੀ ਏ ਤਾਂ ਜੋ ਹਰ ਸਟੁਡੈਂਟ ਕੋਲ਼ੋਂ $500/$700 ਕਰਾਇਆ ਬਟੋਰਿਆ ਜਾ ਸਕੇ ਅਤੇ ਇੱਕ ਕਮਰੇ ਵਿੱਚ ਚਾਰ-ਚਾਰ ਸਟੁਡੈਂਟ ਗੁਜ਼ਾਰਾ ਕਰਣ ਲਈ ਵਾੜ ਦਿੱਤੇ ਜਾਂਦੇ ਹਨ। ਇਹ ਸੱਚ ਹੈ ਇਸ ਦਾ ਅਸਰ ਕੈਨੇਡਾ ਦੇ ਪੱਕੇ ਕੈਨੇਡੀਅਨ ਲੋਕ ਜਿੰਨਾਂ ਦੀ ਆਮਦਨ ਘੱਟ ਹੈ ਤੇ ਵੀ ਪੈ ਰਿਹਾ ਏ ਜਿਸ ਦਾ ਨਤੀਜਾ ਵੱਧ ਰਹੀ ਮਹਿੰਗਾਈ ਅਤੇ ਬੇਰੁਜ਼ਾਰੀ ਦੇ ਨਾਲ-ਨਾਲ ਘਰਾਂ ਦੇ ਵਧ ਰਹੇ ਕਰਾਏ ਦਾ ਇਹ ਬੋਝ ਉਹਨਾਂ ਨੂੰ ਵੀ ਘੁੰਮਣ ਘੇਰੀਆਂ ਵਿੱਚ ਪਾਈ ਫਿਰਦਾ ਏ। ਮੁਸ਼ਕਿਲ ਨਾਲ ਹੀ ਲੋਕਾਂ ਦਾ ਗੁਜ਼ਾਰਾ ਜਿਵੇ ਤਿਵੇਂ ਕਰ ਕੇ ਚੱਲ ਰਿਹਾ ਹੈ। ਮਹਿੰਗਾਈ ਦੀ ਮਾਰ ਝੱਲ ਰਹੇ ਲੋਕ ਫ੍ਰੀ ਫੂਡ ਬੈਂਕ ਦੀਆਂ ਲਾਈਨਾ ਅਤੇ ਪੁਰਾਣੀਆਂ ਚੀਜ਼ਾਂ ਦੇ ਸਟੋਰਾਂ ਵਿੱਚ ਖਰੀਦਾਰੀ ਕਰਣ ਜਾ ਖੜਦੇ ਨੇ। ਜਿਸ ਨੂੰ ਕਿ ਇੱਕ ਸਿਹਤਮੰਦ ਜ਼ਿੰਦਗੀ ਨਹੀ ਕਿਹਾ ਜਾ ਸਕਦਾ। ਇਹ ਸਬ ਲੋਕਾਂ ਵਿੱਚ ਮਾਨਸਿਕ ਰੋਗਾਂ ਨੂੰ ਜਨਮ ਦੇ ਰਿਹਾ ਏ। ਘੱਟ ਆਮਦਨ ਵਾਲੇ ਪਰਿਵਾਰਾਂ ਦੇ ਬੱਚਿਆਂ ਨੂੰ 18 ਸਾਲ ਤੱਕ ਗੋਰਮਿੰਟ ਮੁਢਲੀਆਂ ਲੋੜਾਂ (ਸਹਿਤਮੰਦ ਖਾਣਾ, ਸਿਆਲਾਂ ਅਤੇ ਗਰਮੀਆਂ ਲਈ ਲੋੜੀਂਦੇ ਕੱਪੜੇ…..ਆਦੀ) ਲਈ ਹਰ ਮਹੀਨੇ ਕੁੱਝ ਰਕਮ ਦਿੰਦੀ ਏ, ਪਰ ਇਹ ਸਾਰੇ ਪੈਸੇ ਵੀ ਮਿਲਾ ਕੇ ਮੁਸ਼ਕਿਲ ਨਾਲ ਕਿਰਾਇਆ ਹੀ ਦੇ ਹੁੰਦਾ ਏ।
ਅਗਰ ਆਪ ਵੀ ਇਸ ਤਰਾਂ ਕਰਦੇ ਹੋ ਤਾਂ ਬੇਨਤੀ ਹੈ ਕਿ ਤਰਸ ਕਰੋ ਅਤੇ ਕਿਸੇ ਤੋਂ ਵੀ ਇਸ ਤਰੀਕੇ ਨਾਲ ਪੈਸਾ (ਵੱਧ ਕਿਰਾਇਆ) ਲੈ ਕੇ ਆਪਣੇ ਘਰਾਂ ਦੀਆਂ ਕਿਸ਼ਤਾਂ ਅਦਾ ਨਾ ਕਰੋ ਇਸ ਤੋਂ ਇਲਾਵਾ ਕਿਸੇ ਵੀ ਤਰਾਂ ਕਿਸੇ ਮਜਬੂਰ ਤੇ ਗਰੀਬ ਇਨਸਾਨ ਦਾ ਨਾਜਾਇਜ਼ ਫਾਇਦਾ ਨਾ ਚੁੱਕੋ ਕਿਓਕਿ ਆਖ਼ਰ ਸਾਰਾ ਕੁੱਝ ਇੱਥੇ ਹੀ ਛੱਡ ਕੇ ਇੱਕ ਦਿਨ ਖਾਲੀ ਹੱਥ ਜਾਣਾ ਏ। ਇਸ ਤਰਾਂ ਕਰ ਕੇ ਤੁਸੀ ਮੌਤ ਨਹੀ ਵਿਆਹ ਲੈਣੀ। ਮਰਨਾ ਸੱਚ ਹੈ ਜਿਸ ਨੂੰ ਦੁਨੀਆ ਦੀ ਕੋਈ ਵੀ ਤਾਕਤ ਨਹੀਂ ਟਾਲ ਸਕਦੀ ਸੋ ਚੰਗੇ ਅਤੇ ਲੋਕ ਭਲਾਈ ਦੇ ਕੰਮ ਕਰੋ ਤਾਂ ਜੋ ਜਾਣ ਲੱਗੇ ਕਿਸੇ ਗੱਲ ਦਾ ਪਛਤਾਵਾ ਨਾ ਹੋਵੇ ਤੇ ਸਕੂਨ ਦੀ ਸਦਾ ਦੀ ਨੀਂਦ ਆਵੇ।
ਦੀਪ ਕੌਰ
Vancouver, Canada
What’s app 1-778-863-9925
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly