ਆਪਣਾ ਘਰ (ਕਹਾਣੀ)

  (ਸਮਾਜ ਵੀਕਲੀ)- ਸਵਰਨ ਸਿੰਘ ਓਵਰਸੀਅਰ ਸੀ। ਉਹ ਰਿਟਾਇਰ ਹੋਣ ਵਾਲ਼ਾ ਹੀ ਸੀ, ਨੌਕਰੀ ਬੱਸ ਪੰਜ ਕੁ ਸਾਲ ਹੀ ਰਹਿੰਦੀ ਸੀ। ਇਸੇ ਸ਼ਹਿਰ ਵਿੱਚ ਸਾਰੀ ਉਮਰ ਕਿਰਾਏ ਦੇ ਮਕਾਨ ਵਿੱਚ ਕੱਢ ਦਿੱਤੀ ਸੀ। ਚਾਹੇ ਪਿੰਡ ਬਥੇਰਾ ਵੱਡਾ ਘਰ ਸੀ ।‌‌ਪਰ ਜਿੱਥੇ ਰੁਜ਼ਗਾਰ ਹੋਵੇ,ਕਈ ਸਾਲਾਂ ਤੋਂ ਰਹਿੰਦਾ ਹੋਵੇ, ਉਹ ਵੀ ਤਾਂ ਇੱਕ ਤਰ੍ਹਾਂ ਨਾਲ ਆਪਣਾ ਹੀ ਸ਼ਹਿਰ ਅਤੇ ਆਪਣਾ ਹੀ ਘਰ ਜਾਪਦਾ ਹੈ। ਦੋ ਬੱਚਿਆਂ ਦੀ ਪੜ੍ਹਾਈ ਕਰਵਾਈ ,ਪਰ ਹੁਣ ਦੋਵੇਂ ਮੁੰਡੇ ਵੀ ਨੌਕਰੀਆਂ ਤੇ ਲੱਗ ਗਏ ਸਨ। ਕੁਝ ਲੋਨ (ਕਰਜ਼ਾ) ਲੈ ਕੇ, ਕੁਝ ਰਿਟਾਇਰਮੈਂਟ ਦਾ ਪੈਸਾ ਮਿਲ਼ਣ ਕਰਕੇ, ਆਪਣੀ ਵਧੀਆ ਕੋਠੀ ਬਣਾਈ ਤੇ ਉਸ ਵਿੱਚ ਰਹਿਣ ਲੱਗੇ। ਦੋਹਾਂ ਮੁੰਡਿਆਂ ਨੂੰ ਚੰਗੇ ਘਰਾਂ ਤੋਂ ਰਿਸ਼ਤੇ ਹੋ ਗਏ, ਵੱਡੇ ਮੁੰਡੇ ਦੀ ਨੌਕਰੀ ਦੂਰ ਸੀ ਤੇ ਓਧਰ ਹੀ ਉਸ ਦਾ ਵਿਆਹ ਹੋ ਗਿਆ ਸੀ,ਉਹ ਤਾਂ ਕਦੇ ਦਿਨ ਸੁਧ ਨੂੰ ਹੀ ਗੇੜਾ ਮਾਰਦਾ ਸੀ। ਛੋਟਾ ਮੁੰਡਾ ਬਹੂ ਇਕੱਠੇ ਰਹਿੰਦੇ ਸਨ। 

                ਇੱਕ ਦਿਨ ਸਵਰਨ ਸਿੰਘ ਦੀ ਪਤਨੀ ਬਜ਼ਾਰ ਗਈ ਤਾਂ ਉਸ ਵਿੱਚ ਕੋਈ ਗੱਡੀ ਫੇਟ ਮਾਰ ਗਈ ਤਾਂ ਉਸ ਦੀ ਮੌਕੇ ਤੇ ਹੀ ਮੌਤ ਹੋ ਗਈ। ਪਰਮਾਤਮਾ ਨੂੰ ਸ਼ਾਇਦ ਇਹੀ ਮਨਜ਼ੂਰ ਸੀ ਕਿਉਂਕਿ ਸਾਰੀ ਉਮਰ ਨਿੱਕੇ ਨਿੱਕੇ ਕਮਰਿਆਂ ਵਿੱਚ ਰਹਿ ਕੇ ਕੱਟੀ ਸੀ ਪਰ ਹੁਣ ਉਹ ਆਪਣੇ ਘਰ ਦਾ ਦੋ ਸਾਲ ਵੀ ਸੁੱਖ ਨਹੀਂ ਲੈ ਸਕੀ ਸੀ। ਜੀਵਨ ਸਾਥੀ ਦੇ ਵਿਛੜਨ ਨਾਲ਼ ਅਤੇ ਰਿਟਾਇਰ ਹੋਣ ਕਰਕੇ ਵਿਹਲਾ ਹੋਣ ਕਰਕੇ ਹੁਣ ਸਵਰਨ ਸਿੰਘ ਨੂੰ ਇਕੱਲਾਪਨ ਮਹਿਸੂਸ ਹੁੰਦਾ। ਪਰ ਉਹ ਫਿਰ ਵੀ ਆਪਣੇ ਪੋਤੇ ਅਤੇ ਪੋਤੀ ਨਾਲ ਕੁਝ ਸਮਾਂ ਬਿਤਾ ਕੇ,ਕੁਝ ਸਮਾਂ ਗੁਰਦੁਆਰੇ ਜਾ ਕੇ ਆਪਣੇ ਆਪ ਨੂੰ ਰੁੱਝਿਆ ਹੋਇਆ ਰੱਖਣ ਦੀ ਕੋਸ਼ਿਸ਼ ਕਰਦਾ।ਉਸ ਦੇ ਪੁੱਤਰ ਅਤੇ ਨੂੰਹ ਦਾ ਰਵੱਈਆ ਉਸ ਨਾਲ਼ ਕੋਈ ਬਹੁਤਾ ਵਧੀਆ ਨਹੀਂ ਸੀ।
                 ਸਵਰਨ ਸਿੰਘ ਨੂੰ ਪੈਨਸ਼ਨ ਵੀ ਚੰਗੀ ਮਿਲਦੀ ਸੀ। ਉਸ ਨੇ ਪੈਸੇ ਖਰਚਣੇ ਵੀ ਕਿੱਥੇ ਸੀ। ਉਹ ਘਰ ਲਈ ਫ਼ਲ, ਸਬਜ਼ੀਆਂ ਅਤੇ ਦੁੱਧ ਬਗੈਰਾ ਤੇ ਪੈਸੇ ਖਰਚ ਕਰਦਾ ਪਰ ਨੂੰਹ ਨੂੰ ਚੰਗਾ ਨਾ ਲੱਗਦਾ। ਇੱਕ ਦਿਨ ਉਸ ਨੇ ਕਹਿ ਹੀ ਦਿੱਤਾ,”ਪਾਪਾ ਜੀ ….ਤੁਸੀਂ ਨਾ ਇਹ ਸਭ ਖਰੀਦ ਕੇ ਲਿਆਇਆ ਕਰੋ… ਬੱਚਿਆਂ ਨੂੰ ਤਾਂ ਇਹ ਉਹਨਾਂ ਦੀ ਪਸੰਦ ਦੇ ਫਰੂਟ ਲਿਆ ਦਿੰਦੇ ਨੇ….ਤੁਹਾਡੇ ਲਿਆਂਦੇ ਫਰੂਟ ਤਾਂ ਮੈਂ ਕੰਮ ਵਾਲੀ ਨੂੰ ਚੁਕਾ ਦਿੰਦੀ ਹਾਂ…..।” ਨੂੰਹ ਦੇ ਤਿੜ ਫਿੜ ਕਰਨ ਤੇ ਸਵਰਨ ਸਿੰਘ ਨੇ ਘਰ ਲਈ ਸਮਾਨ ਖ੍ਰੀਦਣਾ ਬੰਦ ਕਰ ਦਿੱਤਾ। ਇੱਕ ਦਿਨ ਉਹ ਦੋਵੇਂ ਬੱਚਿਆਂ ਨੂੰ ਆਪਣੇ ਨਾਲ ਗੁਰਦੁਆਰੇ ਮੱਥਾ ਟੇਕਣ ਲਈ ਲੈ ਗਿਆ ਤਾਂ ਵੀ ਨੂੰਹ ਅਤੇ ਮੁੰਡਾ ਬਹੁਤ ਦੇਰ ਬੁੜ ਬੁੜ ਕਰਦੇ ਰਹੇ। ਚਾਹੇ ਉਹਨਾਂ ਨੇ ਸਿੱਧਾ ਸਵਰਨ ਸਿੰਘ ਨੂੰ ਕੁੱਝ ਨਹੀਂ ਕਿਹਾ ਸੀ ਪਰ ਬੱਚਿਆਂ ਨੂੰ ਪੜ੍ਹਾਈ ਦਾ ਵਾਸਤਾ ਪਾ ਕੇ ਡਾਂਟ ਰਹੇ ਸਨ। ਉਹ ਉਹਨਾਂ ਦਾ ਮਤਲਬ ਸਮਝ ਗਿਆ ਸੀ ਕਿ ਉਹ ਕਿਹੜੀ ਗੱਲੋਂ ਕਿਸ ਵਾਸਤੇ ਬੱਚਿਆਂ ਨੂੰ ਡਾਂਟ ਰਹੇ ਸਨ।
             ਹੁਣ ਸਵਰਨ ਸਿੰਘ ਬਹੁਤਾ ਸਮਾਂ ਗੁਰਦੁਆਰੇ ਦੀ ਮੈਨੇਜਮੈਂਟ ਦਾ ਮੈਂਬਰ ਬਣ ਕੇ ਉੱਥੇ ਹੀ ਗੁਜ਼ਾਰਨ ਲੱਗਿਆ। ਨਿਸ਼ਕਾਮ ਸੇਵਾ ਕਰਦਾ, ਆਪਣੇ ਆਪ ਨੂੰ ਵਿਅਸਥ ਰੱਖਦਾ। ਗੁਰਦੁਆਰਾ ਵੀ ਘਰ ਦੇ ਨੇੜੇ ਹੋਣ ਕਰਕੇ ਉਸ ਨੂੰ ਕੋਈ ਬਹੁਤੀ ਆਉਣ ਜਾਣ ਵਾਲੀ ਜਾਂ ਸਮੇਂ ਦੇ ਵੇਲੇ ਕੁਵੇਲੇ ਹੋਣ ਦੀ ਕੋਈ ਚਿੰਤਾ ਨਹੀਂ ਸੀ। ਉਸ ਦਾ ਸਮਾਂ ਵੀ ਵਧੀਆ ਨਿਕਲ਼ ਜਾਂਦਾ ਤੇ ਨੂੰਹ ਪੁੱਤ ਦੀਆਂ ਅੱਖਾਂ ਵਿੱਚ ਵੀ ਘੱਟ ਰੜਕਦਾ। ਇੱਕ ਦਿਨ ਐਤਵਾਰ ਦੀ ਸਵੇਰ ਨੂੰ ਜਦ ਸਵਰਨ ਘਰ ਦੀ ਬਗੀਚੀ ਵਿੱਚ ਬੈਠਾ ਅਖ਼ਬਾਰ ਪੜ੍ਹ ਰਿਹਾ ਸੀ ਤਾਂ ਉਸ ਦਾ ਪੁੱਤ ਉਸ ਕੋਲ ਆ ਕੇ ਬੈਠ ਗਿਆ।ਸਵਰਨ ਸਿੰਘ ਨੂੰ ਲੱਗਿਆ ਕਿ ਸ਼ਾਇਦ ਐਤਵਾਰ ਹੋਣ ਕਰਕੇ ਕੁਝ ਸਮਾਂ ਉਸ ਨਾਲ਼ ਬਿਤਾਉਣਾ ਚਾਹੁੰਦਾ ਹੈ। ਦੋਵੇਂ ਘਰ ਦੇ ਮਸਲਿਆਂ ਨੂੰ ਲੈ ਕੇ ਹਲਕੀ ਫੁਲਕੀ ਗੱਲਬਾਤ ਕਰਨ ਲੱਗੇ। ਗੱਲ ਕਰਦਾ ਕਰਦਾ ਉਸ ਦਾ ਪੁੱਤਰ ਅਸਲੀ ਮੁੱਦੇ ਤੇ ਪਹੁੰਚ ਕੇ ਆਖਣ ਲੱਗਿਆ,” ਪਾਪਾ ਜੀ…… ਅਸੀਂ ਦੋਵਾਂ ਨੇ ਸਲਾਹ ਕੀਤੀ ਹੈ………ਕਿ ਇਸ ਘਰ ਨੂੰ ਵੇਚ ਦਿੰਦੇ ਹਾਂ…….  ਐਥੋਂ ਥੋੜ੍ਹਾ ਦੂਰ…… ਜਿਹੜੀ ਨਵੀਂ ਪੌਸ਼ ਕਲੋਨੀ ਬਣੀ ਹੈ ਉੱਥੇ ਅਸੀਂ ਆਪਣਾ ਘਰ ਲੈ ਲੈਂਦੇ ਹਾਂ…….. ।” 
“ਆਪਣਾ ਘਰ” ਸੁਣ ਕੇ ਸਵਰਨ ਸਿੰਘ ਦਾ ਦਿਮਾਗ਼ ਚਕਰਾਉਣ ਲੱਗਾ ਤੇ ਸੋਚ ਰਿਹਾ ਸੀ ਕਿ ਜਿਹੜਾ ਇਹ ਘਰ ਮੈਂ ਆਪਣੀ ਸਾਰੀ ਕਮਾਈ ਲਾ ਕੇ ਆਪਣੀ ਔਲਾਦ ਮਤਲਬ ਇਹਨਾਂ ਦੇ ਰਹਿਣ ਲਈ ਬਣਾਇਆ ਸੀ ,ਕੀ ਇਹ ਉਹਨਾਂ ਦਾ “ਆਪਣਾ ਘਰ” ਨਹੀਂ ਹੈ…….?”
 
ਬਰਜਿੰਦਰ ਕੌਰ ਬਿਸਰਾਓ…
9988901324
 
 
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਸੰਤੁਸ਼ਟ ਰਹਿਣਾ ਸਿਖੀਏ ਤਾਂ ਕਿ ਖੁਸ਼ ਰਹਿ ਸਕੀਏ   
Next articleਬਾਤ ਪੁਰਾਣੇ ਸਮੇਂ ਦੀ