ਅਦਬੀ ਪੰਗੇ

(ਜਸਪਾਲ ਜੱਸੀ)
 (ਸਮਾਜ ਵੀਕਲੀ)-ਸੱਚਮੁੱਚ ਹੀ ਤੁਹਾਨੂੰ ਤਣਾਓ ਵਿਚ ਲਿਆਉਣ ਵਾਲੇ ਅਖੌਤੀ ਸਾਹਿਤਕਾਰ,ਸਮਾਜਕ ਸੰਸਥਾਵਾਂ ਵਿਚ ਹੀ ਤਣਾਓ ਨਹੀਂ ਪੈਦਾ ਕਰਦੇ ਸਗੋਂ ਪਬਲਿਕ ਪਲੇਟਫਾਰਮ,ਸੋਸ਼ਲ ਮੀਡੀਆ ‘ਤੇ ਵੀ ਆਪਣੀ ਪੈੜ ਛੱਡ ਦਿੰਦੇ ਹਨ।
ਉਹਨਾਂ ਨੂੰ ਜਾਂ ਤਾਂ ਪਤਾ ਨਹੀਂ ਲੱਗਦਾ ਕਿ ਉਹ ਇਹ ਜੋ ਹਰਕਤ ਕਰ ਰਹੇ ਹਨ ਉਸ ਦਾ ਅਸਰ ਉਸ ਦੀ ਮਾਨਸਿਕ ਅਵਸਥਾ ਉੱਪਰ ਕੀ ਪੈ ਰਿਹਾ ਹੈ,ਜਿਸ ਬਾਰੇ ਉਹ ਕੂਮੈਂਟ ਕਰ ਰਹੇ ਹਨ ਸਗੋਂ ਉਹਨਾਂ ਲੋਕਾਂ ‘ਤੇ ਕੀ ਪੈ ਰਿਹਾ ਹੈ ਜਿਹੜੇ ਉਸ ਕੂਮੈਂਟ ਨੂੰ ਪੜ੍ਹ ਰਹੇ ਹਨ।
   ਸੱਚਮੁੱਚ ਹੀ ਅੱਜ ਇੱਕ ਵਿਦਵਾਨ ਸੱਜਣ ਜੀ ਦਾ ਬਾਹਰਲੇ ਮੁਲਕ ਤੋਂ ਫ਼ੋਨ ਆਇਆ ਕਹਿੰਦੇ,” ਜੱਸੀ ! ਉਸ ਬੰਦੇ ਬਾਰੇ ਕੁਝ ਜਾਣਦੈਂ ?”
ਮੈਂ ਕਿਹਾ ਜੀ,” ਰਗ ਰਗ ਤੋਂ ਵਾਕਫ਼ ਹਾਂ ਜੀ।
ਸਮੁੱਚੇ ਸਾਹਿਤਕਾਰਾਂ ਨੂੰ ਤੋੜਨ ਦਾ ਕੰਮ ਉਸ ਨੇ ਹੀ ਲਿਆ ਹੋਇਆ ਹੈ।
ਕਹਿਣ ਨੂੰ ਤਾਂ ਲੇਖਕ ਹੈ ਪਰ ਕੰਮ ਲੇਖਕਾਂ ਵਾਲੇ ਘੱਟ ਤੇ ਆਲੇਖਕਾਂ ਵਾਲੇ ਜਿਆਦਾ ਕਰਦਾ ਹੈ।
ਜੇ ਭੁੱਲੇ ਚੁੱਕੇ ਕਿਸੇ ਫੰਕਸ਼ਨ ‘ਤੇ ਬੁਲਾ ਲਵੋ, ਸਨਮਾਨਿਤ ਕੁਰਸੀ ‘ਤੇ ਵੀ ਟਿਕ ਕੇ ਨਹੀਂ ਬੈਠ ਸਕਦਾ,ਜਿੰਨਾ ਚਿਰ ਤੁਹਾਡੇ ਤੋਂ ਮਾਈਕ ਖੋਹ ਨਾ ਲਵੇ ਤੇ ਦਿੱਤੇ ਪੰਜ,ਸੱਤ ਮਿੰਟਾਂ ਦੀ ਥਾਂ ਅੱਧਾ ਘੰਟਾ ਆਪਣਾ ਵਖਿਆਨ ਨਾ ਕਰ ਲਵੇ।
ਹੱਦ ਤਾਂ ਉਦੋਂ ਹੋ ਜਾਂਦੀ ਹੈ ਜਦੋਂ ਉਹਨਾਂ ਹੀ ਰਚਨਾਵਾਂ ਨੂੰ ਤੁਹਾਨੂੰ ਧੱਕੇ ਨਾਲ ਸੁਣਾ ਜਾਂਦਾ ਹੈ ਜਿਸ ਨੂੰ ਤੁਸੀਂ ਸੈਂਕੜੇ ਵਾਰ ਸੁਣ ਚੁੱਕੇ ਹੁੰਦੇ ਹੋ।
ਬੰਦਿਆਂ ਨਾਲ ਉਸ ਦੀ ਘੱਟ ਹੀ ਬਣਦੀ ਹੈ। ਔਰਤਾਂ ਦੇਖ ਕੇ ਮੱਖੀ ਵਾਂਗ ਚਿਪਨ ਦੀ ਕੋਸ਼ਿਸ਼ ਕਰਦਾ ਹੈ।
ਧੱਕੇ ਨਾਲ ਆਪਣਾ ਪਤਾ ਤੇ ਫ਼ੋਨ ਨੰਬਰ ਉਸ ਨੂੰ ਦੇਣ ਦੀ ਕੋਸ਼ਿਸ਼ ‘ਚ ਰਹਿੰਦਾ ਹੈ ਤੇ ਉਸ ਤੋਂ ਧੱਕੇ ਨਾਲ ਹੀ ਉਸ ਦਾ ਪਤਾ ਤੇ ਫ਼ੋਨ ਨੰਬਰ ਲੈਣ ਦੀ ਕੋਸ਼ਿਸ਼ ਕਰਦਾ ਹੈ।
ਕਈ ਵਾਰ ਉਸ ਕਰ ਕੇ ਤੁਹਾਨੂੰ ਵੀ ਨਮੌਸ਼ੀ ਦੇਖਣੀ ਪੈਂਦੀ ਹੈ ਜਦੋਂ ਕਿਸੇ ਨੂੰ ਪਤਾ ਲੱਗਦਾ ਹੈ ਕਿ ਉਸ ਨਾਲ ਤੁਹਾਡੀ ਵੀ ਬੋਲਚਾਲ ਹੈ।
ਸੱਚਮੁੱਚ ਹੀ ਇਸ ਤਰ੍ਹਾਂ ਦੇ ਬੰਦੇ ਆਪ ਤਾਂ ਬੇ-ਇੱਜ਼ਤੀ ਪਰੂਫ਼ ਹੁੰਦੇ ਹਨ ਪਰ ਤੁਹਾਨੂੰ ਨਮੌਸ਼ੀ ਵਿਚ ਧੱਕ ਜਾਂਦੇ ਹਨ।
ਜਿਵੇਂ,
* ਸੜਕ ‘ਤੇ ਚਲਦੇ ਤੁਹਾਡੀ ਜ਼ਿੰਦਗੀ,ਪੰਜਾਹ ਪ੍ਰਤੀਸ਼ਤ ਤੁਹਾਡੇ ਹੱਥ ਵਿੱਚ ਹੁੰਦੀ ਹੈ ਤੇ ਪੰਜਾਹ ਪ੍ਰਤੀਸ਼ਤ ਸਾਹਮਣੇ ਆ ਰਹੇ ਨਲਾਇਕ ਡਰਾਇਵਰ ਦੇ ਹੱਥ।*
ਸਾਹਿਤ ਸਭਾਵਾਂ,ਸਮਾਜਕ ਸੰਸਥਾਵਾਂ ਵਿਚ ਵੀ ਤੁਹਾਡੀ ਇੱਜ਼ਤ ਤੁਹਾਡੇ ਹੱਥ,ਪੰਜਾਹ ਪ੍ਰਤੀਸ਼ਤ ਹੀ ਹੁੰਦੀ ਹੈ ਬਾਕੀ ਤਾਂ ਆਲੇਖਕਾਂ,ਅਖੌਤੀ ਸਮਾਜ ਸੇਵੀਆਂ ਦੇ ਹੱਥ ਹੁੰਦੀ ਹੈ। ਜੇ ਤੁਸੀਂ ਸੱਚਮੁੱਚ ਹੀ ਆਪਣਾ ਚੈਨ ਨਹੀਂ ਗੁਆਉਣਾ ਚਾਹੁੰਦੇ ਤਾਂ ਤੁਹਾਨੂੰ ਇਹਨਾਂ ਸੰਸਥਾਵਾਂ ਨੂੰ ਛੱਡ ਕੇ ਆਪਣੇ ਮਨ ਦੀ ਮੌਜ ਵੱਲ ਇਕਾਗਰ ਹੋਣ ਦੇ ਨਾਲ ਤੁਹਾਡੇ ਉਹਨਾਂ ਦੋਸਤਾਂ ਨਾਲ ਦਿਨ ਬਸਰ ਕਰਨਾ ਚਾਹੀਦਾ ਹੈ ਜਿਹੜੇ ਤੁਹਾਡੀ ਰਗ ਰਗ ਤੋਂ ਵਾਕਫ਼ ਹਨ ਤੇ ਤੁਹਾਡੀ ਸ਼ਾਂਤੀ ਨੂੰ ਭੰਗ ਨਹੀਂ ਕਰਦੇ ਸਗੋਂ ਤੁਹਾਡੇ ਉਤੇਜਿਤ ਹੋਣ ‘ਤੇ ਵੀ ਤੁਹਾਨੂੰ ਸੰਭਾਲ ਲੈਂਦੇ ਹਨ।
ਉਹਨਾਂ ਦਾ ਪਿਆਰ ਭਰਿਆ ਹੱਥ ਜਦੋਂ ਤੁਹਾਡੇ ਮੋਢੇ ਤੇ ਜਾਂ ਢੂੰਹੀ ਤੇ ਫ਼ਿਰਦਾ ਹੈ ਤਾਂ ਤੁਸੀਂ ਤਣਾਅ ਮੁਕਤ ਹੋ ਜਾਂਦੇ ਹੋ। ਅਸਲ ਜ਼ਿੰਦਗੀ ਹੋਰ ਕੁਝ ਨਹੀਂ ਇਹ ਹੀ ਹੈ। ਮੈਂ ਇਹ ਵੀ ਨਹੀਂ ਕਹਿੰਦਾ ਕਿ ਤੁਹਾਨੂੰ ਕਿਸੇ ਸਮਾਜਕ ਸੰਸਥਾਵਾਂ ਜਾਂ ਸਾਹਿਤ ਸਭਾਵਾਂ ਵਿਚ ਜਾਣਾ ਨਹੀਂ ਚਾਹੀਦਾ, ਜਾਓ !  ਜੀ ਸਦਕੇ ਜਾਓ, ਜੋ ਪਿਆਰ ਤੇ ਸਤਿਕਾਰ ਨਾਲ ਬੁਲਾਉਂਦੇ ਹਨ ਉੱਥੇ ਜ਼ਰੂਰ ਜਾਣਾ ਚਾਹੀਦਾ ਹੈ ਪਰ ਤੁਹਾਡੀ ਕੋਸ਼ਿਸ਼ ਇਹ ਹੋਣੀ ਚਾਹੀਦੀ ਹੈ ਕਿ ਤੁਸੀਂ ਇੱਕ ਵਧੀਆ ਸਰੋਤੇ ਹੋਣ ਦਾ ਸਬੂਤ ਦੇਵੋਂ। ਨਾਂਹ-ਪੱਖੀ ਕੂਮੈਂਟ ਸੁਣਨ ਦਾ ਅੱਜ ਕੱਲ੍ਹ ਕਿਸੇ ‘ਚ ਮਾਦਾ ਨਹੀਂ। ਜੇ ਵਾਹਵਾ ਨਹੀਂ ਕਰ ਸਕਦੇ ਤਾਂ ਚੁੱਪ ਰਹਿ ਕੇ ਆਪਣੀ ਪੋਲੀ ਜਿਹੀ ਮੁਸਕਰਾਹਟ ਬਿਖੇਰਣ ਦੀ ਕੋਸ਼ਿਸ਼ ਜ਼ਰੂਰ ਕਰੋ।
(ਜਸਪਾਲ ਜੱਸੀ)
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬੇਬੇ ਬਾਪੂ / ਡਿਉਢ ਗੀਤ
Next articleਇੱਕ ਬੜੀ ਪਿਆਰੀ