(ਸਮਾਜ ਵੀਕਲੀ)
ਪੈਲਸ ਵਿੱਚ ਪਹੁੰਚ ਕੇ, ਮੱਲਿਆ ਮੇਜ਼ ਗੋਲ।
ਕਰ ਕੇ ਸੈਨਤ ਸੱਦਿਆ ,ਬਹਿਰਾ ਆਪਣੇ ਕੋਲ।
ਗਿਟਮਿਟ ਕਰ ਸਮਝਾ ‘ਤੀ ,ਆਪਣੇ ਦਿਲ ਦੀ ਗੱਲ।
ਪਲ ਦੇ ਵਿੱਚ ਹੀ ਉਸ ਨੇ, ਕੀਤਾ ਮਸਲਾ ਹੱਲ।
ਡੌਂਗੇ ਭਰੇ ਸਮਾਨ ਦੇ ,ਬਿਟ ਬਿਟ ਤੱਕਣ ਲੋਕ।
ਸਜ ਗਈਆਂ ਸਨ ਬੋਤਲਾਂ, ਠੰਡੇ ਲਿਮਕਾ ਕੋਕ।
ਜਿਉਂ ਪਕੌੜੇ ਪਨੀਰ ਦੇ ,ਵੇਖੇ ਪਹਿਲੀ ਵੇਰ।
ਚਿਣ ਕੇ ਧਰੇ ਪਲੇਟ ਵਿੱਚ, ਉੱਚਾ ਹੋਇਆ ਢੇਰ।
ਮਠਿਆਈ ਪਾ ਪਲੇਟ ਵਿਚ, ਭਰੀ ਕੰਢਿਆਂ ਤੀਕ।
ਦੱਸੋ ਲੱਗ ਕਤਾਰ ਵਿਚ ,ਕਿਹੜਾ ਕਰੂ ਉਡੀਕ।
ਮਾਰ ਪਚਾਕੇ ਖਾ ਰਹੇ,ਪੂਰੀ ਹੋਈ ਆਸ।
ਡੀਕਾਂ ਲਾ ਕੇ ਪੀ ਗਏ, ਠੰਢੇ ਭਰ ਗਲਾਸ।
ਖਾਣ ਲਈ ਫਿਰ ਜੁੱਟ ਗਏ,ਹੋ ਕੇ ਪੱਬਾਂ ਭਾਰ।
ਪਕੌੜੇ ਬੜੇ ਸਵਾਦ ਨੇ, ਆਖਣ ਹੁੱਝਾਂ ਮਾਰ।
ਲੋੜੋਂ ਵੱਧ ਖਾ ਸਭ ਨੇ, ਲਈਆਂ ਕੁੱਖਾਂ ਕੱਢ।
ਵਾਹ ਨ ਚੱਲੀ ਜਦ ਕੋਈ, ਬਾਕੀ ਦਿੱਤਾ ਛੱਡ।
ਜੂਠਾ ਵਿੱਚ ਪਲੇਟਾਂ ਦੇ, ਅੱਧੋਂ ਵੱਧ ਸਮਾਨ।
ਅੰਨ ਬਰਬਾਦ ਕਿਉਂ ਕਰੇ, ਸੋਚੇ ਨਾ ਇਨਸਾਨ।
ਭੁੱਖ ਨਾਲ ਕਈ ਮਰਦੇ, ਮੂਲ ਨਾ ਸੋਚਣ ਲੋਕ।
ਕਾਹਤੋਂ ਅਸੀਂ ਸਮਾਜ ਨੂੰ , ਚਿਪਕੇ ਵਾਂਗੂੰ ਜੋਕ।
ਸੋਲਾਂ ਆਨੇ ਸੱਚ ਹੈ,ਆਖਾਂ ਨਾ ਮੈਂ ਝੂਠ।
ਪੈਲਸ ਦੇ ਵਿੱਚ ਹੋ ਗਿਆ, ‘ਫ਼ੈਸ਼ਨ ਛੱਡੋ ਜੂਠ’।
ਲੋੜੋਂ ਵੱਧ ਖਾ ਕੇ ਅਸੀਂ,ਹੋ ਜਾਂਦੇ ਬੀਮਾਰ।
ਘਰ ਭਰਦੇ ਡਾਕਟਰ ਦਾ, ਰੁਕ ਜਾਏ ਕੰਮਕਾਰ।
ਅੰਨ ਦੇਵਤਾ ਦਾ ਅਸੀਂ ,ਕਰਦੇ ਹਾਂ ਅਪਮਾਨ।
ਕਤਲ ਮੇਜ਼ਬਾਨ ਦੇ ਵੀ,ਕਰਦੇ ਹਾਂ ਅਰਮਾਨ।
ਖ਼ੁਦਗ਼ਰਜ਼ੀ ਹੈ ਵੱਧ ਗਈ, ਖੁੰਢੀ ਹੋਈ ਸੋਚ।
ਕੱਢੋ ਅਕਲਾਂ ਵਾਲਿਓ ,ਪਈ ਸੋਚ ਨੂੰ ਮੋਚ।
ਅਮਰਜੀਤ ਕੌਰ ਮੋਰਿੰਡਾ
7888835400
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly