ਸਰਕਾਰ ਹੜ੍ਹਾਂ ਦੇ ਪਾਣੀਆਂ ਨਾਲ ਤਬਾਹ ਹੋਏ ਘਰਾਂ ਲਈ ਪ੍ਰਤੀ  ਮਕਾਨ 5 ਲੱਖ ਮੁਆਵਜ਼ਾ ਦੇਵੇ_ ਨਿਰਮਲ ਸਿੰਘ ਮਾਣੂੰਕੇ 

ਹੁਣ ਫ਼ਸਲ ਨੂੰ ਪਾਣੀ ਦੀ ਵਧੇਰੇ ਲੋੜ ਸੀ ਹੁਣ ਚੱਜ ਨਾਲ ‘ਬਿਜਲੀ’ ਨਹੀਂ ਦਿੱਤੀ ਜਾ ਰਹੀ_ ਚੰਨੂਵਾਲਾ
ਮੋਗਾ/ਬਾਘਾਪੁਰਾਣਾ 11 (ਬੇਅੰਤ ਗਿੱਲ ਭਲੂਰ)  ਭਾਰਤੀ ਕਿਸਾਨ ਯੂਨੀਅਨ ਕਾਦੀਆ ਪੰਜਾਬ ( ਰਜਿ:) ਜ਼ਿਲ੍ਹਾ ਮੋਗਾ ਦੀ ਟੀਮ ਵੱਲੋਂ ਜ਼ਿਲ੍ਹਾ ਪ੍ਰਧਾਨ ਸਰਦਾਰ ਨਿਰਮਲ ਸਿੰਘ ਮਾਣੂੰਕੇ ਦੀ ਅਗਵਾਈ ਹੇਠ ਇਕ ਪ੍ਰੈਸ ਨੋਟ ਜਾਰੀ ਕਰਦਿਆਂ ਕਿਹਾ ਗਿਆ ਹੈ ਕਿ ਪਿਛਲੇ ਮਹੀਨਿਆਂ ਵਿਚ ਬੇਮੌਸਮੇ ਮੀਂਹ ਨੇ ਪੰਜਾਬ ਦੇ 16 ਜ਼ਿਲ੍ਹਿਆਂ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕੀਤਾ ਹੈ। ਇਕ ਵਜ੍ਹਾ ਨਾਲ ਉਨ੍ਹਾਂ ਦੇ ਘਰ ਬਾਰ, ਪਸ਼ੂ, ਪੰਛੀਆਂ ਤੇ ਫ਼ਸਲਾਂ ਨੂੰ ਤਬਾਹ ਹੀ ਕਰ ਦਿੱਤਾ ਹੈ। ਜਦੋਂ ਮਨੁੱਖ ਦਾ ਆਲ੍ਹਣਾ ਹੀ ਢਹਿ ਢੇਰੀ ਹੋ ਜਾਵੇ ਤਾਂ ਉਹ ਬੁਰੀ ਤਰ੍ਹਾਂ ਟੁੱਟ ਜਾਂਦਾ ਹੈ, ਇਸ ਮੁਸੀਬਤ ਵਿੱਚ ਸਿੱਖ ਜਥੇਬੰਦੀਆਂ ਨੇ ਤਾਂ ਉਨ੍ਹਾਂ ਪੀੜਤ ਲੋਕਾਂ ਨੂੰ ਰੱਜਵਾਂ ਸਹਾਰਾ ਦਿੱਤਾ ਪਰ ਸਰਕਾਰਾਂ ਦਾ ਫਰਜ਼ ਬਣਦਾ ਸੀ ਕਿ ਉਹ ਉਨ੍ਹਾਂ ਨੂੰ ਜਲਦ ਮੁਆਵਜ਼ਾ ਵਗੈਰਾ ਦੇ ਕੇ ਪੈਰਾਂ ਸਿਰ ਕਰਦੀ ਪਰ ਸਰਕਾਰ ਨੇ ਫੋਕੀਆਂ ਫੜਾਂ ਹੀ ਮਾਰੀਆਂ, ਕੀਤਾ ਕੱਤਰਿਆ ਕੱਖ ਵੀ ਨਹੀਂ। ਕਿਸਾਨ ਯੂਨੀਅਨ ਕਾਦੀਆਂ ਜ਼ਿਲ੍ਹਾ ਮੋਗਾ ਦੇ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਨੇ ਕਿਹਾ ਕਿ ਜਦੋਂ ਝੋਨੇ ਦੀ ਲਵਾਈ ਪੂਰੇ ਜ਼ੋਰਾਂ ਨਾਲ ਚੱਲ ਰਹੀ ਸੀ ਤਾਂ ਉਸ ਵਕਤ ਹੜ੍ਹਾਂ ਦਾ ਕਹਿਰ ਵੀ ਲਗਾਤਾਰ ਜਾਰੀ ਰਿਹਾ। ਕਿਸਾਨ ਨੇ ਵੀ ਲਗਾਤਾਰ ਆਪਣੀਆਂ ਕੋਸ਼ਿਸ਼ਾਂ ਜਾਰੀ ਰੱਖਦਿਆਂ ਕਈ ਇਲਾਕਿਆਂ ਵਿੱਚ ਇੱਕ ਵਾਰ ਨਹੀ ਦੋ ਜਾਂ ਤਿੰਨ ਤਿੰਨ ਵਾਰ ਝੋਨਾ ਲਾਉਣ ਦੀ ਕੋਸ਼ਸ਼ ਕੀਤੀ, ਪਰ ਕੁਦਰਤ ਅਤੇ ਸਰਕਾਰੀ ਸਾਜ਼ਿਸ਼ਾਂ ਮੂਹਰੇ ਇਹ ਸਭ ਕੋਸ਼ਿਸ਼ਾਂ ਵਿਆਰਥ ਗਈਆਂ। ਪਾਣੀਆਂ ਦੀ ਮਾਰ ਨੇ ਕਿਸਾਨ ਨੂੰ ਜਿਉਂਦੇ ਜੀਅ ਮਾਰ ਦਿੱਤਾ। ਉਸਦਾ ਘੋਰ ਨਿਰਾਸ਼ਾ ਵਿਚ ਡੁੱਬਣਾ ਸਰਕਾਰ ਨੂੰ ਕਦੇ ਨਹੀਂ ਦਿਖਿਆ। ਅੱਜ ਕਿਸਾਨ ਆਪਣੇ ਆਪ ਨੂੰ ਹਾਰਿਆ ਹੋਇਆ ਮਹਿਸੂਸ ਕਰ ਰਿਹਾ ਹੈ। ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਨੇ ਕਿਹਾ ਕਿ ਸਰਕਾਰ ਡਿੱਗੇ ਹੋਏ ਘਰਾਂ ਲਈ ਪ੍ਰਤੀ ਮਕਾਨ 5 ਲੱਖ ਮੁਆਵਜ਼ਾ ਦੇਵੇ ਅਤੇ ਕੋਆਪਰੇਟਿਵ ਸੋਸਾਇਟੀਆਂ ਤੇ ਵੱਖ- ਵੱਖ ਬੈਂਕਾਂ ਤੋਂ ਲਿਆ ਕਰੋਪ ਲੋਨ ਪੂਰੀ ਤਰ੍ਹਾਂ ਮੁਆਫ਼ ਕਰੇ, ਕਿਉਂਕਿ ਜਿਸ ਇਲਾਕੇ ਵਿਚ ਝੋਨੇ ਦੀ ਫ਼ਸਲ ਲੱਗੀ / ਬੀਜੀ ਤਬਾਹ ਹੋਈ ਹੈ, ਉਹ ਕਿਸਾਨ ਬਜਾਈ ਵੇਲੇ ਡੀ. ਏ. ਪੀ. ਅਤੇ ਪਹਿਲੀ ਡੋਜ਼ ਯੂਰੀਏ ਦੀ ਪਾ ਚੁੱਕੇ ਸਨ। ਉਨ੍ਹਾਂ ਮੰਗ ਕੀਤੀ ਕਿ ਕਣਕ ਦੀ ਬਜਾਈ ਲਈ ਹੜ੍ਹ ਪ੍ਰਭਾਵਿਤ ਇਲਾਕਿਆਂ ਲਈ ਕੋਆਪਰੇਟਿਵ ਸੋਸਾਇਟੀਆਂ ਰਾਹੀਂ ਡੀ. ਏ. ਪੀ. , ਯੂਰੀਆ ਅਤੇ ਕਣਕ ਦੇ ਬੀਜ ਦਾ ਉਚਿਤ ਪ੍ਰਬੰਧ ਕਰਕੇ ਕਿਸਾਨਾਂ ਕੋਲ ਪਹੁੰਚਣ ਦਾ ਯਕੀਨੀ ਬਣਾਇਆ ਜਾਵੇ। ਸਾਰੇ ਪ੍ਰਭਾਵਿਤ ਇਲਾਕਿਆਂ ਵਿੱਚ ਵਸਦੇ ਕਿਸਾਨਾਂ ਆਦਿ ਲਈ ਰੋਜ਼ਮਰਾ ਜਿੰਦਗੀ ਬਸਰ ਕਰਨ ਲਈ ਸਰਕਾਰ ਕੁਝ ਰਾਸ਼ੀ ਦਾ ਪ੍ਰਬੰਧ ਵੀ ਕਰੇ ਤਾਂ ਜੋ ਜ਼ਿੰਦਗੀ ਨੂੰ ਮੁੜ ਲੀਹਾਂ ‘ਤੇ ਪਾਇਆ ਜਾ ਸਕੇ। ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਨੇ ਕਿਹਾ ਕਿ ਜਾਨਵਰਾਂ, ਪਸ਼ੂਆਂ ਆਦਿ ਦੀ ਮੌਤ ‘ਤੇ ਸਰਕਾਰ ਹਰੇਕ ਜਾਨਵਰ / ਪਸ਼ੂ ਲਈ ਇੱਕ ਲੱਖ ਰੁਪਏ ਦਾ ਮੁਆਵਜ਼ਾ ਦੇਵੇ। ਇਸ ਦੌਰਾਨ ਜ਼ਿਲ੍ਹਾ ਵਿੱਤ ਸਕੱਤਰ ਸਰਦਾਰ ਗੁਰਬਚਨ ਸਿੰਘ ਚੰਨੂਵਾਲਾ, ਜਨਰਲ ਸਕੱਤਰ ਗੁਲਜ਼ਾਰ ਸਿੰਘ ਘੱਲਕਲਾਂ, ਪ੍ਰੈਸ ਸਕੱਤਰ ਮੁਕੰਦ ਕਮਲ ਬਾਘਾਪੁਰਾਣਾ ਤੇ ਹੋਰ ਨੁਮਾਇੰਦਿਆਂ ਨੇ ਕਿਹਾ ਕਿ ਮੌਸਮ ਵਿਭਾਗ ਦੇ ਮਾਹਿਰਾਂ ਅਨੁਸਾਰ ਇਸ ਸਾਲ ਸੋਕੇ ਦਾ ਰਿਕਾਰਡ ਪਿਛਲੇ 100 ਸਾਲ ਦੇ ਰਿਕਾਰਡ ਨੂੰ ਤੋੜ ਗਿਆ ਹੈ। ਇਸ ਸਾਲ ਤਾਪਮਾਨ 32 ਤੋਂ 34 ਦਰਜ ਹੋ ਰਿਹਾ ਹੈ, ਜਦਕਿ ਪਿਛਲੇ ਸਾਲ ਇਹ ਤਾਪਮਾਨ 28 ਤੋਂ 30 ਦੇ ਆਸ-ਪਾਸ ਰਿਹਾ। ਖੇਤੀਬਾੜੀ ਮਾਹਿਰਾਂ ਦੀ ਰਿਪੋਰਟ ਮੁਤਾਬਿਕ ਝੋਨਾ ਅਤੇ ਹੋਰ ਫ਼ਸਲਾਂ  11:00 ਵਜੇ ਤੋਂ ਲੈ ਕੇ ਪੰਜ ਵਜੇ ਤੱਕ ਜਿਆਦਾ ਤਾਪਮਾਨ ਰਹਿਣ ਕਰਕੇ ਝੁਲਸ ਰਹੀਆਂ ਹਨ। ਉਨ੍ਹਾਂ ਕਿਹਾ ਕਿ ਪਿਛਲੇ ਦਿਨੀ ਪਾਵਰ ਕੱਟ ਦੇ ਨਾਂਅ ‘ਤੇ ਟਿਊਬਵੈੱਲ ਸਪਲਾਈ ਸਿਰਫ ਤਿੰਨ ਚਾਰ ਘੰਟੇ ਰਹੀ ਹੈ, ਜਿਸ ਦਾ ਝੋਨੇ ਅਤੇ ਹੋਰ ਫਸਲਾਂ ਉੱਤੇ ਬਹੁਤ ਮਾੜਾ ਅਸਰ ਪੈ ਰਿਹਾ ਹੈ। ਇਸ ਵਕਤ ਝੋਨੇ ਦੀ ਫ਼ਸਲ ਗੋਬ ‘ਤੇ ਆਈ ਹੋਣ ਕਰਕੇ ਵਧੇਰੇ ਨੁਕਸਾਨ ਦਾ ਡਰ ਹੈ। ਗੁਰਬਚਨ ਸਿੰਘ ਚੰਨੂਵਾਲਾ ਨੇ ਕਿਹਾ ਕਿ ਹੁਣ ਫਸਲਾਂ ਨੂੰ ਪਾਣੀ ਦੀ ਲੋੜ ਸੀ, ਹੁਣ ਚੱਜ ਨਾਲ ਬੱਤੀ ਨਹੀਂ ਦਿੱਤੀ ਜਾ ਰਹੀ। ਉਨ੍ਹਾਂ ਕਿਹਾ ਕਿ ਮੌਜੂਦਾ ਤਾਪਮਾਨ ਨੂੰ ਮੱਦੇਨਜ਼ਰ ਰੱਖਦਿਆਂ ਘੱਟੋ ਘੱਟ ਬਿਜਲੀ ਦੀ ਸਪਲਾਈ 10 ਘੰਟੇ ਯਕੀਨੀ ਬਣਾਈ ਜਾਵੇ। ਕਿਸਾਨਾਂ ਦੀ ਇਸ ਮੰਗ ਵੱਲ ਅੱਜ ਹੀ ਧਿਆਨ ਦੇਣ ਦੀ ਲੋੜ ਹੈ। ਕੱਲ੍ਹ ਜਦੋਂ ਫ਼ਸਲਾਂ ਦਾ ਨੁਕਸਾਨ ਹੋ ਗਿਆ ਫਿਰ ਸਟੇਜਾਂ ‘ਤੇ ਖੜ੍ਹ ਕੇ ਭਗਵੰਤ ਮਾਨ ਐਵੇਂ ਮਿੱਠੀਆਂ ਮਾਰੀ ਜਾਵੇ, ਉਨ੍ਹਾਂ ਬੇਤੁੱਕੀਆਂ ਗੱਲਾਂ ਦਾ ਕੋਈ ਫਾਇਦਾ ਨਹੀਂ। ਦੱਸ ਦੇਈਏ ਕਿ ਇਸ ਸਮੇਂ ਕਿਸਾਨ ਯੂਨੀਅਨ ਕਾਦੀਆਂ (ਰਜਿ:) ਪੰਜਾਬ ਦੀ ਮੋਗਾ ਟੀਮ ਵੱਲੋਂ ਪ੍ਰਧਾਨ ਨਿਰਮਲ ਸਿੰਘ ਮਾਣੂੰਕੇ ਦੀ ਅਗਵਾਈ ਹੇਠ ਬਿਜਲੀ ਬੋਰਡ ਦੇ ਉੱਚ ਅਫ਼ਸਰਾਂ ਦੇ ਨਾਂਅ ਐਕਸੀਅਨ ਨੂੰ ਮੰਗ ਪੱਤਰ ਵੀ ਦਿੱਤਾ ਗਿਆ।
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਗੁਰੂ ਨਾਨਕ ਨੈਸ਼ਨਲ ਕਾਲਜ ਕੋ- ਐਡ ਨਕੋਦਰ ਦੀ ਵਿਦਿਆਰਥਣ ਨੇ ਸਿੱਖ ਨੈਸ਼ਨਲ ਕਾਲਜ ਬੰਗਾ ਵਿਚ ਸੋਲੋ ਭੰਗੜਾ ਮੁਕਾਬਲੇ ਵਿਚ ਦੂਸਰਾ ਸਥਾਨ ਹਾਸਲ ਕੀਤਾ 
Next articleਕੀਮਤੀ ਜਾਨਾਂ ਦੀ ਸਲਾਮਤੀ ਲਈ ਹਰੇਕ ਤੰਦਰੁਸਤ ਵਿਅਕਤੀ ਨੂੰ ਖੂਨਦਾਨ ਕਰਨਾ ਚਾਹੀਦੈ:  ਗੁਰਦਿੱਤ ਸਿੰਘ ਸੇਖੋਂ