ਖਾਮੋਸ਼ੀ ਤੋਂ ਲਲਕਾਰ ਵੱਲ 

ਸੁਖਦੇਵ ਸਿੱਧੂ...
(ਸਮਾਜ ਵੀਕਲੀ)
ਨਾ ਸ਼ਬਦ ਨਾਮ ਕਦੇ ਵੀ ਮੁੱਕਦੇ ਨੇ,
ਨਾ ਸ਼ਬਦ ਅਨਰਥ ਹੁੰਦਿਆਂ ਘਟਦੇ ਨੇ ,
ਕਿਸੇ ਦਾ ਸੁਭਾਵਿਕ ਕੋਮਲ ਹੋਣਾ ਦਿਸਣਾ,
ਵਰਤਾਰੇ ਵਿੱ’ਚ ਖੁੱਲ੍ਹਾ ਅਹੰਕਾਰ ਭਰ ਬਹਿਣਾ !
ਜਵਾਨੀ ਭਰਦੇ ਸਰਵਣ,
ਘਰ ਦੀ ਵਹਿੰਗੀ ਠੇਕੇ ਤੇ ਜਾਂ,
ਮਹੀਨਾਵਾਰ ਤਹਿ,
ਭਰਾਵਾਂ ਭੈਣਾਂ  ਵਿਚਕਾਰ,
ਸੇਵਾ ਕਰਨ ਲਈ,
ਸੌਦੇਬਾਜ਼ੀ ਕਰੀ ਜਾਂਦੇ,
ਤਾਂ ਹੀ ਏਸ ਨਜ਼ਮ ਨੇ,
ਖਾਮੋਸ਼ੀ ਤੋਂ ਲਲਕਾਰ ਵੱਲ ,
ਪੰਧ ਫੜ ਲਿਆ ਹੈ…
ਲਾਲਚੀ ਮੰਡੀ ਪਸਾਰ ਵਾਲਾ ਪੜ੍ਹਾਕੂ,
ਸੁੱਚਾ ਸਿੰਘ/ਰਾਮ/ ਚੰਦ/ਖ਼ਾਨ..
ਏਸ ਮੁਲਕ ‘ਚ ਆਪਣੇ ਘੜੇ ਦਾਇਰੇ ਅੰਦਰ,
ਬੜਾ ਨਿੰਦਣਯੋਗ,
ਲੁੱਚਾ ਗੜੁੱਚਾ ਹੀਰੋ ਬਣ ਜਾਂਦੈ !
ਕਿਰਨਪ੍ਰੀਤ/ ਤਮੰਨਾ/ਰਾਗਣੀ,..
ਲਾਲਚਾਂ ਧੋਖਿਆਂ  ਕੈਦੀ ਵਰਗੇ ਗੇੜ ਵਿੱਚ ,
ਪਿਆਰ,ਇਛਾਵਾਂ, ਸੰਗੀਤਕ, ਵਲਵਲੇ ਭਾਲਦੀ….
ਦੱਬੀ ਘੁੱਟੀ ਜਾ ਰਹੀ !
ਸਾਧੂ/ ਸੰਤ/ ਸੱਜਣ,
ਬੁਰੀ ਤਰਾਂ ਲੋਭੀ ਹੋ ਰਿਹੈ !
ਇੱਕ ਤਾਕਤੀ ਸਾਧੂ,
ਗਰੀਬ ਵਿਦਿਆਰਥੀਆਂ ਦਾ,
ਵਜ਼ੀਫਾ ਨਿਗਲ ਜਾਂਦੈ,
ਇੱਕ ਸਾਧੂ ਨਕਲੀ ਫੌਜੀ ਬਣ,
ਸਿਖਿਆ ਵਿਭਾਗ ਵਿੱਚੋਂ ਪੈਨਸ਼ਨ ਪਾਈ ਜਾਂਦੈ,
ਸੱਜਣ/ਕਾਬਲ ,
ਠੱਗੀਆਂ ਗੇੜੀਆਂ ਕਰਦੇ ਦਿਸਦੇ,
ਬਾਰਸੂਖ,  ਮੁਹਤਬਰ ਨੇ!
ਕੁੱਝ  ਪਹੁੰਚੇ ਸੰਤ,
ਜੇਲ੍ਹ ਵੱਲ ਤੁਰਦੇ !
ਬਹਾਦਰ ਤੇ ਨਿਰਭੈ, ਹੋਣ ਦੀ ਪੂਛ,
ਜ਼ਾਮੀਰ ਨੂੰ,
ਆਕਾਸ਼ ਵੱਲ ਅਕੜਾ ਕੇ ਨਹੀਂ,
ਚੱਡਿਆਂ ਵਿੱਚ ਵਾੜੀ ਰੱਖਦੇ ਨੇ  !
ਅਜੋਕੇ,
ਆਪੂੰ  ਸਾਬਤ ਸਬੂਤ ਕਹਾਉਂਦੇ,
ਪਰਪੱਕ  ਵਾਰਸ, ਸ਼ੇਰ/ ਬੱਬਰ ਸ਼ੇਰ,
ਦੁਨਿਆਵੀ  ਸੁਰਤ ਫੜਦਿਆਂ,
 ਫਿਰਕੂ/ ਧਰਮੀ/ਧਰਮ-ਨਿਰਪੱਖ ਝੁਲਦੀਆਂ ਪੱਖੀਆਂ ,
ਗਰਮੀ ਵਿੱਚ,
ਠੰਡਕ ਪਾਉਣ ਦੇ  ਕੁਰਾਹੇ ਅੰਦਰ,
ਇਹ ਜੋਕ ਰੂਹਾਂ ,
ਰਾਜਨੀਤਿਕ ਪਾਰਟੀਆਂ ਅੰਦਰ,
ਵਾਇਰਸੀ  ਸੁੰਡ ਬਣ, ਰੰਗੇ ਰਹਿੰਦੇ,
ਜੈ ਕੁਮਾਰ/ਜੈ ਸਿੰਘ,  ਕੋਈ  ਯੁੱਧ ਨਹੀਂ  ਜਿੱਤਦਾ,
ਖੰਡਾ ਸਿੰਘ,
ਕੋਈ ਖੰਡਾ ਨਹੀਂ ਖੜਕਾਉਂਦੈ ।
ਨਾ ਗੁਰ ਦੇਵ, ਗੁਰੂ ਦੇਵਤਾ,
ਨਾ ਸੁਖ ਦੇਵ, ਸੁੱਖ ਦੇਣ ਵੱਲ ਰੁਚਿਤ ਰਹਿੰਦੈ !
ਅੱਜ,
ਮੇਰੇ ਪਿੰਡ  ਦੀਆਂ  ਕਣਕਾਂ ਨੂੰ ਕੇਹੋ ਜਿਹੀਆਂ ਉੱਲੀ ਲਿਬਰੇਜ਼,
ਕਾਲੀਆਂ  ਹੰਮਕਦਾਰ ਬੱਲੀਆਂ,
ਪਿੰਡਾਂ/ਨਗਰਾਂ ਨੂੰ,
ਕੀ ਕੀ ਹੋਣੇ ਦਿਖਾਲ ਰਹੀਆਂ ਨੇ!
 ਜਰਨੈਲ/ ਕਰਨੈਲ,
ਨਾ ਜਨਰਲ ਬਣਕੇ,
 ਮਾਣ ਤਾਣ ਵਿੱਚ ਤੁਰਦੇ ਉੱਭਰਦੇ ਨੇ,
ਨਾ ਕਰਨਲ ਬਣਨ ਲਈ ਫੱਬਦੇ, ਗੱਜਦੇ ਨੇ !
 ਕੰਨਿਆਂ ਪੜ੍ਹਾਓ,
ਕੰਨਿਆਂ ਬਚਾਓ ਦਾ ਅੰਦੋਲਨ,
ਸਰਕਾਰੀ ਕੂਲ਼ੀ ਭੌਂਕਣੀ ਵਚਨਬੱਧਤਾ ਵਿੱਚ,
 ਨੱਥੀ ਰਹਿੰਦੈ ,
ਧੀਆਂ ਵਾਲਿਆਂ ਦੀਆਂ ਹੀ,
ਧੀਆਂ ਹੋ ਕੇ ਰਹਿ ਜਾਂਦੀਆਂ ਅੱਜਕਲ!
ਰਾਣਾ/ ਪਵਿੱਤਰ/ਸੱਜਣ,
ਨਿੱਜੀ ਅਤੇ ਹਕੂਮਤੀ ਭਰੀ ਈਰਖਾ ਵਿੱਚ,
ਲੋਕੀ ਉਨ੍ਹਾਂ ਦੇ ਕਬਜ਼ਿਆਂ ਵਿੱਚ,
ਸਹਿਮਦੇ ਲਟਕਦੇ ਨੇ,..
ਤਾਂ ਹੀ ਇਸ ਨਜ਼ਮ ਨੇ,
ਖਾਮੋਸ਼ੀ ਤੋਂ ਲਲਕਾਰ ਵੱਲ ,
ਪੰਧ ਫੜ ਲਿਆ ਹੈ… !  !
         ਸੁਖਦੇਵ ਸਿੱਧੂ   
         ਸੰਪਰਕ ਨੰਬਰ       
       9888633481 .

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਾਂ-ਬੋਲੀ
Next articleਜਦ ਵੀ ਲਿਖਿਆ