(ਸਮਾਜ ਵੀਕਲੀ)
ਵਡਿਆਂ ਦਾ ਇਹ ਪਾਣੀ ਭਰਦੀ ਮਾੜੇ ਦੇ ਔਗਣ ਦੱਸਦੀ ਆ,
ਲੁੱਚਿਆਂ ਨੂੰ ਇਹ ਕਰੇ ਸਲਾਮਾਂ ਭਲੇਮਾਣਸ ਤੇ ਹਸਦੀ ਆ।
ਮਤਲਬ ਕੱਢ ਕੇ ਤਿੱਤਰ ਹੋ ਜੇ ਫੇਰ ਨਜ਼ਰ ਨਾਂ ਆਉੰਦੀ ਆ
ਇਹ ਦੁਨੀਆਂ ਰੱਸੀਆਂ ਦੇ ਸੱਪ ਬਣਾਉੰਦੀ ਆ…..
ਦਾਤ਼ੀ ਨੂੰ ਦੰਦੇ ਇੱਕ ਪਾਸੇ ਦੁਨੀਆਂ ਨੂੰ ਦੋਹੀਂ ਪਾਸੀ ਆ,
ਮੂੰਹ ਦੇ ਅੰਦਰ ਮਿਠੀਆਂ ਗੱਲਾਂ ਜੜ੍ਹੀੰ ਫੇਰਦੇ ਦਾਤ਼ੀ ਆ।
ਵੱਡਿਆਂ ਦੇ ਪੈਰਾਂ ਵਿੱਚ ਵਿਛਦੀ ਖੱਲ ਗ਼ਰੀਬ ਦੀ ਲਾਹੁੰਦੀ ਆ
ਇਹ ਦੁਨੀਆਂ ਰੱਸੀਆਂ ਦੇ ਸੱਪ ਬਣਾਉੰਦੀ ਆ ….
ਕਲਯੁੱਗ ਦੇ ਇਸ ਦੌਰ ਦੇ ਅੰਦਰ ਬਜ਼ੁਰਗਾਂ ਦਾ ਸਤਿਕਾਰ ਨਹੀਂ,
ਬਹੁਤੇ ਨੂੰਹਾਂ ਪੁੱਤਰ ਕਰਦੇ ਮਾਪਿਆਂ ਦੇ ਨਾਲ ਪਿਆਰ ਨਹੀਂ।
ਉੰਝ ਪਤਾ ਨਹੀਂ ਕਿੱਥੇ ਕਿੱਥੇ ਮੱਥੇ ਰਗੜਕੇ ਆਉੰਦੀ ਆ
ਇਹ ਦੁਨੀਆਂ ਰੱਸੀਆਂ ਦੇ ਸੱਪ ਬਣਾਉੰਦੀ ਆ….
ਗਰੀਬ ਬੰਦਾ ਜੇ ਕਰੇ ਤਰੱਕੀ ਵੇਖਕੇ ਦੁਨੀਆਂ ਸੜਦੀ ਆ,
ਪਤਾ ਨਹੀਂ ‘ਬਲਦੇਵ’ ਕਿਉਂ ਖਾਂਦੇ ਨੂੰ ਵੇਖ ਨਾਂ ਜ਼ਰਦੀ ਆਈ।
ਅੱਲ੍ਹੇ ਅੱਲ੍ਹੇ ਜ਼ਖ਼ਮਾਂ ਉੱਤੇ ਮਿਰਚਾਂ ਰਗੜਕੇ ਲਾਉੰਦੀ ਆ
ਇਹ ਦੁਨੀਆਂ ਰੱਸੀਆਂ ਦੇ ਸੱਪ ਬਣਾਉੰਦੀ ਆ …..
ਬਲਦੇਵ ਸਿੰਘ ‘ਪੂਨੀਆਂ’
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly