ਮਾਨਸਾ/ ਬੁਢਲਾਡਾ (ਚਾਨਣ ਦੀਪ ਸਿੰਘ ਔਲਖ ) ਸਿਹਤ ਵਿਭਾਗ ਵੱਲੋਂ ਚਲਾਈ ਜਾ ਰਹੀ ਡੇਂਗੂ ਵਿਰੋਧੀ ਵਿਸ਼ੇਸ਼ ਮੁਹਿੰਮ ‘ਹਰ ਸ਼ੁੱਕਰਵਾਰ-ਡੇਂਗੂ ਤੇ ਵਾਰ’ ਲਗਾਤਾਰ ਜਾਰੀ ਹੈ। ਸਿਵਲ ਸਰਜਨ ਡਾ. ਅਸ਼ਵਨੀ ਕੁਮਾਰ, ਜਿਲਾ ਐਪੀਡੀਮਾਲੋਜਿਸਟ ਡਾ. ਅਰਸ਼ਦੀਪ ਸਿੰਘ,ਜਿਲਾ ਸਮੂਹ ਸਿੱਖਿਆ ਅਤੇ ਸੂਚਨਾ ਅਫ਼ਸਰ ਵਿਜੇ ਕੁਮਾਰ ਜੈਨ ਅਤੇ ਸੀਨੀਅਰ ਮੈਡੀਕਲ ਅਫਸਰ ਡਾ. ਗੁਰਚੇਤਨ ਪ੍ਰਕਾਸ਼ ਦੇ ਦਿਸ਼ਾ ਨਿਰਦੇਸ਼ਾ ਹੇਠ ਚਲ ਰਹੀ ਇਸ ਮੁਹਿੰਮ ‘ਹਰ ਸ਼ੁੱਕਰਵਾਰ-ਡੇਂਗੂ ਤੇ ਵਾਰ’ ਤਹਿਤ ਵੱਖ ਵੱਖ ਥਾਵਾਂ ਤੇ ਸੰਬੋਧਨ ਕਰਦਿਆਂ ਸਿਹਤ ਸੁਪਰਵਾਇਜ਼ਰ ਅਸਵਨੀ ਕੁਮਾਰ ਅਤੇ ਸਿਹਤ ਕਰਮਚਾਰੀ ਨਿਰਭੈ ਸਿੰਘ, ਗੁਰਪ੍ਰੀਤ ਸਿੰਘ ਅਤੇ ਰਾਹੁਲ ਕੁਮਾਰ ਨੇ ਕਿਹਾ ਕਿ ਡੇਂਗੂ ਤੇ ਮਲੇਰੀਆ ਮੱਛਰਾਂ ਤੋਂ ਪੈਦਾ ਹੋਣ ਵਾਲੀਆਂ ਬਿਮਾਰੀਆਂ ਹਨ। ਇਸ ਲਈ ਮੱਛਰਾਂ ਦੀ ਰੋਕਥਾਮ ਤੇ ਆਪਣੇ ਆਲੇ-ਦੁਆਲੇ ਦੀ ਸਫਾਈ ਬਹੁਤ ਜਰੂਰੀ ਹੈ। ਉਨ੍ਹਾਂ ਕਿਹਾ ਕਿ ਡੇਂਗੂ ਇਕ ਬੁਖ਼ਾਰ ਹੈ ਜੋ ਏਡੀਜ਼ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਹੁੰਦਾ ਹੈ। ਡੇਂਗੂ ਫੈਲਾਉਣ ਵਾਲੇ ਮੱਛਰ ਖੜੇ ਸਾਫ਼ ਪਾਣੀ ਵਿਚ ਪਲਦੇ ਹਨ ਜਿਵੇਂ ਕੂਲਰਾਂ ਵਿਚ, ਪਾਣੀ ਦੀਆਂ ਟੈਕੀਆਂ ਵਿਚ, ਫੁੱਲਾਂ ਦੇ ਗਮਲਿਆਂ ਵਿਚ, ਫ਼ਰਿੱਜਾਂ ਪਿੱਛੇ ਲੱਗੀ ਟਰੇਅ ਵਿਚ, ਟੁੱਟੇ-ਭੱਜੇ/ਸੁੱਟੇ ਭਾਂਡਿਆਂ ਅਤੇ ਟਾਇਰਾਂ ਆਦਿ ਵਿਚ। ਉਨ੍ਹਾਂ ਦਸਿਆ ਕਿ ਡੇਂਗੂ ਬੁਖ਼ਾਰ ਦਾ ਟੈਸਟ ਅਤੇ ਇਲਾਜ ਸਰਕਾਰੀ ਹਸਪਤਾਲਾਂ ਵਿਚ ਬਿਲਕੁਲ ਮੁਫ਼ਤ ਹੁੰਦਾ ਹੈ। ਉਨਾਂ ਕਿਹਾ ਕਿ ਡੇਂਗੂ ਦੇ ਆਮ ਲੱਛਣਾਂ ਵਿਚ ਤੇਜ਼ ਸਿਰਦਰਦ ਅਤੇ ਤੇਜ਼ ਬੁਖ਼ਾਰ, ਮਾਸਪੇਸ਼ੀਆਂ ਅਤੇ ਜੋੜਾਂ ਵਿਚ ਦਰਦ, ਭੁੱਖ ਨਾ ਲਗਣਾ, ਅੱਖ ਦੇ ਪਿਛਲੇ ਹਿੱਸੇ ਵਿਚ ਦਰਦ, ਹਾਲਤ ਖ਼ਰਾਬ ਹੋਣ ’ਤੇ ਨੱਕ, ਮੂੰਹ ਅਤੇ ਮਸੂੜਿਆਂ ਵਿਚੋਂ ਖ਼ੂਨ ਵਗਣਾ, ਜੀ ਕੱਚਾ ਹੋਣਾ ਅਤੇ ਉਲਟੀਆਂ ਆਉਣਾ ਆਦਿ ਸ਼ਾਮਲ ਹਨ। ਇਹ ਲਛਣ ਦਿਖਾਈ ਦੇਣ ਤੇ ਸਰਕਾਰੀ ਹਸਪਤਾਲ ਵਿਚ ਡਾਕਟਰ ਦੀ ਸਲਾਹ ਲੈਣੀ ਚਾਹੀਦੀ ਹੈ। ਉਨਾਂ ਇਸ ਤੋਂ ਬਚਣ ਬਾਰੇ ਸਾਵਧਾਨੀਆਂ ਬਾਰੇ ਚਾਨਣਾ ਪਾਉਂਦੇ ਹੋਏ ਕਿਹਾ ਕਿ ਜਾਲੀ ਵਾਲੀਆਂ ਖਿੜਕੀਆਂ ਅਤੇ ਦਰਵਾਜ਼ੇ ਲਗਵਾਉਣੇ ਚਾਹੀਦੇ ਹਨ। ਪੂਰੇ ਸਰੀਰ ਨੂੰ ਢੱਕ ਕੇ ਰੱਖਣ ਵਾਲੇ ਕਪੜੇ ਪਾਉਣੇ ਚਾਹੀਦੇ ਹਨ। ਕੂਲਰਾਂ ਦੇ ਪਾਣੀ ਨੂੰ ਹਫ਼ਤੇ ਵਿਚ ਘੱਟੋ ਘੱਟ ਇਕ ਵਾਰ ਜਰੂਰ ਬਦਲਣਾ ਚਾਹੀਦਾ ਹੈ। ਕੰਟੇਨਰਾਂ ਵਿਚ ਪਾਣੀ ਇਕੱਠਾ ਨਹੀਂ ਹੋਣ ਦੇਣਾ ਚਾਹੀਦਾ ਹੈ ਅਤੇ ਪਾਣੀ ਦੀਆਂ ਟੈਂਕੀਆਂ ਨੂੰ ਵੀ ਢੱਕ ਕੇ ਰੱਖਣਾ ਚਾਹੀਦਾ ਹੈ। ਡੇਂਗੂ ਬੁਖ਼ਾਰ ਫੈਲਾਉਣ ਵਾਲਾ ਮੱਛਰ ਜ਼ਿਆਦਾਤਰ ਦਿਨ ਵੇਲੇ ਕੱਟਦਾ ਹੈ, ਇਸ ਲਈ ਅਜਿਹੇ ਕਪੜੇ ਪਾਓ ਜਿਨ੍ਹਾਂ ਨਾਲ ਪੂਰਾ ਸਰੀਰ ਢਕਿਆ ਰਹੇ। ਅੱਜ ਪਿੰਡ ਵਰੇ ਵਿਚ ਸਿਹਤ ਵਿਭਾਗ ਦੀ ਟੀਮ ਵੱਲੋਂ ਸਰਕਾਰੀ ਤੇ ਪ੍ਰਾਈਵੇਟ ਦਫ਼ਤਰਾਂ ਦੇ ਨਾਲ ਨਾਲ ਘਰਾਂ ਵਿਚ ਲਾਰਵਾ ਚੈਕ ਕੀਤਾ ਅਤੇ ਡੇਂਗੂ, ਮਲੇਰੀਆ ਅਤੇ ਮੌਸਮੀ ਬਿਮਾਰੀਆਂ ਬਾਰੇ ਜਾਣਕਾਰੀ ਵੀ ਦਿਤੀ। ਸਿਹਤ ਵਿਭਾਗ ਦੀ ਟੀਮ ਵੱਲੋਂ ਕੂਲਰਾਂ, ਗਮਲਿਆਂ ਆਦਿ ਵਿੱਚ ਲਾਰਵੇ ਦੀ ਚੈਕਿੰਗ ਵੀ ਕੀਤੀ ਗਈ। ਇਸ ਮੌਕੇ ਡਾਕਟਰ ਮਮਤਾ ਮੈਡੀਕਲ ਅਫ਼ਸਰ, ਡਾਕਟਰ ਸੂਰਭੀ ਜੈਨ ਵੈਟਰਨਰੀ ਅਫ਼ਸਰ, ਸਿਹਤ ਵਿਭਾਗ ਦੇ ਹੋਰ ਕਰਮਚਾਰੀ ਹਾਜ਼ਰ ਸਨ।
(ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly