(ਸਮਾਜ ਵੀਕਲੀ)-ਪੰਜਾਬੀ ਦੀਆਂ ਬਹੁਤੀਆਂ ਕਵਿੱਤਰੀਆਂ ਦੀ ਕਾਵਿ-ਸਿਰਜਣਾ ਅਜੇ ਵੀ ਔਰਤ-ਮਰਦ ਸਬੰਧਾਂ ਤੱਕ ਹੀ ਸੀਮਤ ਦਿਖਾਈ ਦਿੰਦੀ ਹੈ। ਜੇਕਰ ਕੁੱਝ ਕਵਿੱਤਰੀਆਂ ਇਸ ਨਿੱਜਵਾਦੀ ਭੰਬਲਭੂਸੇ ਵਿੱਚੋਂ ਨਿੱਕਲੀਆਂ ਵੀ ਹਨ, ਤਾਂ ਉਨ੍ਹਾਂ ਨੇ ਅਖੌਤੀ ਨਾਰੀਵਾਦ ਦੇ ਨਾਂ ’ਤੇ ਮਰਦਾਂ ਨੂੰ ਗਾਲਾਂ ਕੱਢਣੀਆਂ ਸ਼ੁਰੂ ਕਰ ਦਿੱਤੀਆਂ ਹਨ। ਸਮੁੱਚਾ ਮਰਦ ਭਾਈਚਾਰਾ ਅਜਿਹੀਆਂ ਕਵਿੱਤਰੀਆਂ ਦੀ ਦ੍ਰਿਸ਼ਟੀ ਵਿੱਚ ਜ਼ਾਲਮ, ਭੇੜੀਆ ਅਤੇ ਬੇਰਹਿਮ ਜੱਲਾਦ ਦਾ ਦਰਜਾ ਰੱਖਦਾ ਹੈ ਅਤੇ ਇਨ੍ਹਾਂ ਵੱਲੋਂ ਪ੍ਰਚਾਰੀ ਜਾ ਰਹੀ ਔਰਤ ਦੀ ਆਜ਼ਾਦੀ ਵੀ ਸਰੀਰ ’ਤੇ ਪਹਿਨੇ ਕੱਪੜਿਆਂ ਜਾਂ ਮਨਮਰਜ਼ੀ ਦੇ ਸਰੀਰਕ ਸਬੰਧਾਂ ਤੱਕ ਹੀ ਸੀਮਤ ਹੋ ਕੇ ਰਹਿ ਗਈ ਹੈ। ਇਨ੍ਹਾਂ ਨੂੰ ਕੌਣ ਸਮਝਾਵੇ ਕਿ ਇਨ੍ਹਾਂ ਦੀ ਇਸ ਤਰ੍ਹਾਂ ਦੀ ਝੂਠੀ ਸੁਤੰਤਰਤਾ ਵੀ ਮਰਦ ਸਮਾਜ ਦੇ ਇੱਕ ਖ਼ਾਸ ਵਰਗ ਨੂੰ ਖ਼ੂਬ ਰਾਸ ਆਉਂਦੀ ਹੈ। ਅਜਿਹੇ ਘਰ-ਪਰਿਵਾਰ ਨੂੰ ਤਬਾਹ ਕਰਨ ਵਾਲੇ ਨਾਰੀਵਾਦ ਦੀ ਜਗ੍ਹਾ ਜੇਕਰ ਸੱਚਮੁੱਚ ਹੀ ਨਾਰੀ-ਚੇਤਨਾ ਦਾ ਪਰਚਮ ਲਹਿਰਾਇਆ ਹੁੰਦਾ, ਤਾਂ ਇਸ ਦੇ ਨਤੀਜੇ ਵੀ ਜ਼ਰੂਰ ਸਾਰਥਿਕ ਨਿੱਕਲਦੇ।
ਪ੍ਰੋ. ਸਵਰਾਜ ਘੁੰਮਣ ਦਾ ਨਾਂ ਉਂਗਲਾਂ ’ਤੇ ਗਿਣੀਆਂ ਜਾ ਸਕਣ ਵਾਲੀਆਂ ਕੁੱਝ ਕੁ ਅਜਿਹੀਆਂ ਕਵਿੱਤਰੀਆਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ, ਜਿਨ੍ਹਾਂ ਨੇ ਆਪਣੀ ਕਵਿਤਾ ਨੂੰ ਨਿੱਜੀ ਜੀਵਨ ਦੇ ਰੋਣ-ਧੋਣ ਤੱਕ ਸੀਮਤ ਕਰਨ ਦੀ ਬਜਾਏ ਲੋਕਾਂ ਦੇ ਦੁੱਖਾਂ-ਦਰਦਾਂ ਦੀ ਗੱਲ ਕਰਨ ਦਾ ਕਲਿਆਣਕਾਰੀ ਮਾਰਗ ਚੁਣਿਆ ਹੈ। ਬੇਸ਼ੱਕ ਪੰਛੀ ਝਾਤ ਮਾਰਦਿਆਂ ਪਾਠਕ ਉਨ੍ਹਾਂ ਦੀ ਕਵਿਤਾ ਵਿੱਚ ਜਿਸਮਾਨੀ ਆਕਰਸ਼ਣ ਦਾ ਭੁਲੇਖਾ ਖਾ ਸਕਦਾ ਹੈ ਪਰ ਜਿਉਂ-ਜਿਉਂ ਉਹ ਕਵਿਤਾ ਦੇ ਸਾਗਰ ਵਿੱਚ ਹੋਰ ਡੂੰਘਾ ਉੱਤਰਦਾ ਜਾਂਦਾ ਹੈ, ਤਾਂ ਉਸ ਲਈ ਇਹ ਬਿਰਤਾਂਤ ਕਿਸੇ ਆਤਮਿਕ ਉਡਾਰੀ ਦਾ ਸਿਖਰ ਹੋ ਨਿੱਬੜਦਾ ਹੈ:
ਪਾਰ ਨਦੀਏ ਮੇਰਾ ਰਾਂਝਣ ਵੱਸੇ
ਮੇਰੇ ਪੀੜ ਕਲੇਜੇ ਉਹ ਖਿੜ-ਖਿੜ ਹੱਸੇ
ਜਾਓ ਨੀ ਸਹੀਓ ਰਲ ਦਿਓ ਵਧਾਈ
ਆਣ ਕਹਾਰਾਂ ਮੇਰੀ ਅਰਥੀ ਉਠਾਈ
ਜਾਗਦੀ ਅੱਖ ਦੇ ਸੁਪਨੇ ਕਦੇ ਵੀ ਮਨੁੱਖ ਨੂੰ ਟਿਕ ਕੇ ਨਹੀਂ ਬਹਿਣ ਦਿੰਦੇ। ਮੰਜ਼ਿਲ ਤੱਕ ਪਹੁੰਚਣ ਦੀ ਤਾਂਘ ਉਸ ਨੂੰ ਵਿਆਕੁਲ ਕਰਦੀ ਰਹਿੰਦੀ ਹੈ, ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਕੁਦਰਤ ਨੇ ਸੰਸਾਰ ਦੇ ਹਰ ਵਿਅਕਤੀ ਨੂੰ ਇੱਕੋ ਜਿਹੀ ਸ਼ਕਤੀ ਅਤੇ ਸਮਰੱਥਾ ਦਿੱਤੀ ਹੈ, ਇਸ ਲਈ ਉਹ ਕਦੇ ਵੀ ਦਰਪੇਸ਼ ਪ੍ਰਸਥਿਤੀਆਂ ਨਾਲ ਸਮਝੌਤਾ ਕਰਨ ਲਈ ਤਿਆਰ ਨਹੀਂ ਹੁੰਦਾ। ਉਨ੍ਹਾਂ ਦੀ ਧਾਰਨਾ ਹੈ ਕਿ ਜਾਗਦੀ ਜ਼ਮੀਰ ਵਾਲੇ ਲੋਕ ਕਦੇ ਵੀ ਆਪਣੀ ਅੰਦਰਲੀ ਆਵਾਜ਼ ਨੂੰ ਅਣਗੌਲਿਆ ਨਹੀਂ ਕਰ ਸਕਦੇ:
ਮੈਂ ਪਈ ਜਾਗਾਂ ਸੁਫ਼ਨੇ ਹਾਰੇ
ਕਿੰਝ ਮੈਂ ਸਾਂਭਾਂ ਸਾਗਰ ਖਾਰੇ
ਅੰਬਰ ਨੇ ਹੈ ਉਹਲਾ ਕਰਿਆ
ਚੁੱਪ ਦਾ ਸ਼ੋਰ ਨਾ ਜਾਵੇ ਜਰਿਆ
ਅਜੋਕਾ ਮਨੁੱਖ ਸਮੇਂ ਮੁਤਾਬਿਕ ਚਿਹਰੇ ਬਦਲਣ ਵਿੱਚ ਇੰਨੀ ਮੁਹਾਰਤ ਹਾਸਲ ਕਰ ਚੁੱਕਿਆ ਹੈ ਕਿ ਉਹ ਹੁਣ ਉਹੀ ਦਿਸਦਾ ਹੈ, ਜੋ ਲੋਕ ਉਸ ਨੂੰ ਦੇਖਣਾ ਪਸੰਦ ਕਰਦੇ ਹਨ। ਜਦੋਂ ਕਵੀ ਦਾ ਆਲਾ-ਦੁਆਲਾ ਪੀੜਾਂ ਰੁੰਨ੍ਹਿਆ ਮਹਿਸੂਸ ਹੋਣ ਦੇ ਬਾਵਜੂਦ ਵੀ ਅਜਿਹੇ ਬਨਾਉਟੀ ਹਾਸੇ ਹੱਸਣ ਦਾ ਦੰਭ ਰਚਾ ਰਿਹਾ ਹੋਵੇ, ਜਦੋਂ ਕੋਈ ਉਹ ਕਹਿਣ ਦੀ ਬਜਾਏ, ਜੋ ਉਸ ਦੇ ਮਨ ਵਿੱਚ ਹੈ, ਉਹ ਕਹਿਣ ਦੀ ਕੋਸ਼ਿਸ ਵਿੱਚ ਹੋਵੇ, ਜੋ ਲੋਕ ਉਸ ਤੋਂ ਸੁਣਨਾ ਚਾਹੁੰਦੇ ਹਨ, ਤਾਂ ਕਵੀ ਦੀ ਕਲਮ ਦੀ ਅੱਖ ਦਾ ਨਮ ਹੋ ਜਾਣਾ ਸੁਭਾਵਿਕ ਹੈ:
ਅੱਜ ਅੱਖ ਕਲਮ ਦੀ ਨਮ ਹੈ
ਅੰਬਰ ਦੀ ਹਿੱਕੋਂ ਕਿਰਦੀ
ਮੈਂ ਅੱਜ ਤੱਕੀ ਸ਼ਬਨਮ ਹੈ
ਜਿੰਦ ਨਿਗੂਣੀ ਪੀੜਾਂ ਰੁੰਨੀ
ਹੋਠਾਂ ਵਿੱਚੋਂ ਕਿਰਦਾ ਹਾਸਾ
ਕੁੱਝ ਹੋਰ ਨਹੀਂ ਬਸ ਦੰਭ ਹੈ
ਵਿਗਿਆਨ ਕਹਿੰਦਾ ਹੈ ਕਿ ਸੰਸਾਰ ਵਿੱਚ ਜੋ ਕੁੱਝ ਵੀ ਵਾਪਰ ਰਿਹਾ ਹੈ, ਉਹ ਕੁਦਰਤ ਦੇ ਅਟੱਲ ਨਿਯਮਾਂ ਅਨੁਸਾਰ ਹੀ ਵਾਪਰ ਰਿਹਾ ਹੈ। ਧਰਮ ਨੇ ਇਸ ਨਿਯਮਾਵਲੀ ਦੇ ਚੱਕਰ ਨੂੰ ਹੁਕਮ ਕਿਹਾ ਹੈ। ਦੋਵੇਂ ਸੂਰਤਾਂ ਵਿੱਚ ਹੀ ਇੱਕ ਗੱਲ ਤਾਂ ਸਪੱਸ਼ਟ ਹੈ ਕਿ ਮਨੁੱਖ ਦੀ ਮਰਜ਼ੀ ਮੁਤਾਬਿਕ ਕੁੱਝ ਵੀ ਨਹੀਂ ਹੁੰਦਾ ਬਲਕਿ ਬਹੁਤ ਕੁੱਝ ਅਜਿਹਾ ਵੀ ਵਾਪਰਦਾ ਰਹਿੰਦਾ ਹੈ, ਜੋ ਮਨੁੱਖ ਦੇ ਚਾਹੁਣ ਦੇ ਉੱਕਾ ਹੀ ਉਲਟ ਹੁੰਦਾ ਹੈ। ਕਈ ਵਾਰ ਸਾਡੀ ਸਵਾਰਥੀ ਪਹੁੰਚ ਕਾਰਨ ਇਹੀ ਵਰਤਾਰਾ ਸਾਡੀ ਬੇਚੈਨੀ ਦਾ ਸਬੱਬ ਬਣਦਾ ਹੈ:
ਹਰ ਅੱਖਰ ਕਿਉਂ ਭਾਰਾ ਲੱਗਦੈ
ਦਿਲ ਦਾ ਦਰਦ ਉਧਾਰਾ ਲੱਗਦੈ
ਸਾਗਰ ਵਿੱਚ ਜਦ ਚੁੱਭੀ ਲਾਵਾਂ
ਗੰਧਲਾ ਪਾਣੀ ਖ਼ਾਰਾ ਲੱਗਦੈ
ਜਦੋਂ ਪ੍ਰਸਥਿਤੀਆਂ ਅਨੁਕੂਲ ਨਾ ਹੋਣ, ਤਾਂ ਬਹੁਤੀ ਵਾਰ ਕਾਰਜ ਕਰਨਾ ਮੁਸ਼ਕਿਲ ਤਾਂ ਹੁੰਦਾ ਹੈ ਪਰ ਇਹ ਵੀ ਮੰਨਿਆ ਹੋਇਆ ਸੱਚ ਹੈ ਕਿ ਮੁਸ਼ਕਿਲਾਂ ਅਤੇ ਚੁਣੌਤੀਆਂ ਹੀ ਮਨੁੱਖ ਨੂੰ ਤਾਕਤਵਰ ਅਤੇ ਮਜ਼ਬੂਤ ਬਣਾਉਂਦੀਆਂ ਹਨ। ਸੰਘਣੇ ਦਰੱਖਤਾਂ ਵਿੱਚ ਖੜ੍ਹੇ ਦਰੱਖਤ ਦੀ ਬਜਾਏ ਪਹਾੜਾਂ ਉੱਤੇ ਇਕੱਲਾ ਖੜ੍ਹਾ ਦਰੱਖਤ ਝੱਖੜ-ਤੂਫ਼ਾਨਾਂ ਦੇ ਥਪੇੜੇ ਸਹਿ-ਸਹਿ ਕੇ ਵਧੇਰੇ ਮਜ਼ਬੂਤ ਹੁੰਦਾ ਹੈ। ਤਪਦੀਆਂ ਧੁੱਪਾਂ ਅਤੇ ਕੰਬਣੀ ਛੇੜਦੀਆਂ ਠੰਢਾਂ ਸੰਘਰਸ਼ੀ ਲੋਕਾਂ ਦੇ ਕਦਮਾਂ ਵਿੱਚ ਕੇਵਲ ਵਕਤੀ ਰੁਕਾਵਟ ਹੀ ਬਣ ਸਕਦੀਆਂ ਹਨ:
ਸੱਜਣ ਜੀ ਕੀਕਣ ਵੰਝਾਂ
ਡਾਢੀ ਧੁੱਪ ਤਿਖੇਰੀ
ਹਾੜ ਤਪੰਦਾ ਧਰਤ ਪਈ ਰੋਵੇ
ਬਿੱਖੜੇ ਪੈਂਡੇ ਮੈਂ ਘੇਰੀ
ਪ੍ਰੋ. ਸਵਰਾਜ ਘੁੰਮਣ ਦੀਆਂ ਕਵਿਤਾਵਾਂ ਵਿੱਚ ਵਰਤੀ ਗਈ ਇਹ ਤਕਨੀਕ ਵੀ ਪਾਠਕ ਦੇ ਮਨ ਵਿੱਚ ਬੜੀ ਉਤਸੁਕਤਾ ਅਤੇ ਦਿਲਚਸਪੀ ਪੈਦਾ ਕਰਦੀ ਹੈ ਕਿਉਂਕਿ ਜਦੋਂ ਵੀ ਉਨ੍ਹਾਂ ਨੇ ਆਮ ਲੋਕਾਂ ਦੀ ਮਾਨਸਿਕ ਪੀੜਾ ਦੀ ਗੱਲ ਕਰਨੀ ਹੁੰਦੀ ਹੈ, ਤਾਂ ਉਹ ਉਸ ਨੂੰ ਵੀ ਆਪਣੇ ਹਵਾਲੇ ਨਾਲ ਹੀ ਪੇਸ਼ ਕਰਦੇ ਹਨ। ਉਨ੍ਹਾਂ ਦਾ ਮੰਨਣਾ ਹੈ ਕਿ ਭਾਵੇਂ ਸਾਰੀ ਦੁਨੀਆ ਹੀ ਮਨੁੱਖ ਦਾ ਸਾਥ ਕਿਉਂ ਨਾ ਛੱਡ ਜਾਵੇ ਪਰ ਅਜਿਹੀ ਪ੍ਰਸਥਿਤੀ ਕਦੇ ਵੀ ਨਹੀਂ ਬਣਨੀ ਚਾਹੀਦੀ ਕਿ ਉਸ ਦਾ ਆਪਣਾ ਆਪਾ ਹੀ ਉਸ ਦੇ ਖ਼ਿਲਾਫ਼ ਹੋ ਜਾਵੇ:
ਵਿਥਿਆ ਮੈਂ ਆਪਣੀ ਕੀ ਸੁਣਾਵਾਂ
ਮੈਥੋਂ ਰੁੱਸਿਆ ਮੇਰਾ ਪਰਛਾਵਾਂ
ਅਹਿਸਾਸਾਂ ਦੀ ਬੱਦਲੀ ਆਈ
ਕਿੰਨੇ ਹੀ ਹਾਵੇ ਨਾਲ ਲਿਆਈ
ਕਹਿੰਦੇ ਹਨ ਕਿ ਇੱਕ ਵਾਰ ਕਿਸੇ ਸਾਧੂ ਦੇ ਭੇਸ ਵਿੱਚ ਆ ਰਹੇ ਸ਼ਿਕਾਰੀ ’ਤੇ ਵਿਸ਼ਵਾਸ ਕਰ ਕੇ ਇੱਕ ਚਿੜਾ-ਚਿੜੀ ਉੱਡਣ ਦੀ ਬਜਾਏ ਆਪਣੀ ਜਗ੍ਹਾ ਹੀ ਬੈਠੇ ਰਹੇ, ਜਿਸ ਕਰਕੇ ਚਿੜਾ ਉਸ ਸ਼ਿਕਾਰੀ ਦੀ ਗੁਲੇਲ ਦਾ ਨਿਸ਼ਾਨ ਬਣ ਗਿਆ। ਜੰਗਲੀ ਅਦਾਲਤ ਵਿੱਚ ਪੇਸ਼ ਹੁੰਦਿਆਂ ਚਿੜੀ ਨੇ ਕੇਵਲ ਇੰਨਾ ਹੀ ਕਿਹਾ ਕਿ ਸ਼ਿਕਾਰੀ ਦਾ ਚਿੜੇ ਦੇ ਕਤਲ ਤੋਂ ਵੀ ਵੱਡਾ ਗਨਾਹ ਆਪਣਾ ਅਸਲੀ ਚਿਹਰਾ ਛਿਪਾ ਕੇ ਦੂਜਿਆਂ ਨੂੰ ਧੋਖੇ ਵਿੱਚ ਰੱਖਣਾ ਹੈ। ਸਾਡੇ ਸਮਾਜਿਕ ਤਾਣੇ-ਬਾਣੇ ਦੀ ਹਾਲਤ ਵੀ ਕੁੱਝ ਇਸੇ ਤਰ੍ਹਾਂ ਦੀ ਹੀ ਬਣ ਗਈ ਹੈ:
ਭੋਲਾ ਬੰਦਾ ਠੱਗਿਆ ਜਾਂਦਾ
ਚਾਤਰ ਫਿਰਦੇ ਨੇ ਮੂੰਹ-ਜ਼ੋਰ
ਜਾਪਣ ਉੱਪਰੋਂ ਨਵੇਂ ਨਕੋਰ
ਔਖਾ ਭਾਂਪਣ ਸਾਧੂ ਤੇ ਚੋਰ
ਪ੍ਰੋ. ਸਵਰਾਜ ਘੁੰਮਣ ਇੱਕ ਨੂਰ ਤੋਂ ਸਾਰਾ ਸੰਸਾਰ ਉਪਜਣ ਦੇ ਬ੍ਰਹਿਮੰਡੀ ਸਿਧਾਂਤ ਦੇ ਧਾਰਨੀ ਹਨ। ਜਾਤਾਂ-ਪਾਤਾਂ ਅਤੇ ਧਰਮਾਂ ਦੀਆਂ ਵਲਗਣਾਂ ਨੂੰ ਉਹ ਸ਼ਰਾਰਤੀ ਬੰਦਿਆਂ ਦੇ ਮਨਾਂ ਦੀ ਕਾਢ ਸਮਝਦੇ ਹਨ। ਸਮਾਜ ਦੇ ਜਿਹੜੇ ਵਿੱਚ ਕੋਈ ਮਨੁੱਖ ਪੈਦਾ ਹੋ ਜਾਂਦਾ ਹੈ, ਉਸ ’ਤੇ ਉਸੇ ਵਰਗ ਦਾ ਠੱਪਾ ਲਗਾ ਦਿੱਤਾ ਜਾਂਦਾ ਹੈ ਪਰ ਉਹ ਕਰਤੇ ਦੇ ਸਭਨਾਂ ਜੀਆਂ ਵਿੱਚ ਇੱਕੋ ਜੋਤ ਦਾ ਪ੍ਰਕਾਸ਼ ਦੇਖਦੇ ਹਨ, ਜਿਸ ਨੂੰ ਕੋਈ ਅੱਲ੍ਹਾ ਕਹਿ ਕੇ ਸਿਜਦਾ ਕਰ ਰਿਹਾ ਹੈ ਅਤੇ ਕੋਈ ਰਾਮ ਜਾਂ ਵਾਹਿਗੁਰੂ ਕਹਿ ਕੇ ਸੀਸ ਝੁਕਾਉਂਦਾ ਹੈ:
ਧਰਮਾਂ, ਜਾਤਾਂ ਦੀਆਂ ਬਾਤਾਂ ਕੂੜ
ਕਿਉਂ ਅੱਜ ਰੂਹਾਂ ’ਤੇ ਪੈ ਗਈ ਧੂੜ
ਵਾਹਿਗੁਰੂ ਤੇ ਅੱਲ੍ਹ ਇੱਕੋ
ਸੋਚੋ ਵਿਚਾਰੋ ਤੇ ਪਰਖੋ ਘੋਖੋ
ਨਾ ਲੋਕਾਂ ਨੂੰ ਕੁਰਾਹੇ ਪਾਵੋ
ਸੱਚ ਤੇ ਸੁੱਚ ਦਾ ਰਾਹ ਦਿਖਾਵੋ
ਵਿਸ਼ਵ ਦੇ ਸਾਰੇ ਹੀ ਧਰਮ-ਗ੍ਰੰਥ ਕੇਵਲ ਤੇ ਕੇਵਲ ਇਸ ਲਈ ਹੋਂਦ ਵਿੱਚ ਆਏ ਹਨ ਕਿ ਮਨੁੱਖ ਆਪਣੇ ਜੀਵਨ ਦੇ ਅਸਲ ਸੱਚ ਤੱਕ ਪਹੁੰਚ ਸਕੇ। ਵੱਖ-ਵੱਖ ਧਰਮ-ਗ੍ਰੰਥਾਂ ਵਿੱਚ ਵਰਤੀ ਗਈ ਭਾਸ਼ਾ ਜਾਂ ਸ਼ਬਦਾਵਲੀ ਤਾਂ ਵੱਖ-ਵੱਖ ਹੋ ਸਕਦੀ ਹੈ ਪਰ ਮਕਸਦ ਸਾਰਿਆਂ ਦਾ ਇੱਕੋ ਹੀ ਹੈ। ਇਨ੍ਹਾਂ ਧਰਮ-ਗ੍ਰੰਥਾਂ ਦੀ ਭੂਮਿਕਾ ਮੀਲ-ਪੱਥਰ ਵਰਗੀ ਹੁੰਦੀ ਹੈ ਪਰ ਤੁਰਨਾ ਮਨੁੱਖ ਨੇ ਖ਼ੁਦ ਹੁੰਦਾ ਹੈ। ਜਦੋਂ ਤੱਕ ਮੰਜ਼ਿਲ ਨਾ ਮਿਲ ਜਾਵੇ, ਉਦੋਂ ਤੱਕ ਇਨ੍ਹਾਂ ਧਰਮ-ਗ੍ਰੰਥਾਂ ਦਾ ਡੂੰਘਾ ਅਧਿਐਨ ਬੇਹੱਦ ਸਹਾਇਕ ਸਿੱਧ ਹੁੰਦਾ ਹੈ:
ਜਦ ਦਾ ਤੂੰ ਵਿੱਚ ਹਿਰਦੇ ਵੜਿਆ
ਨਾ ਪੋਥੀ ਨਾ ਪੁਸਤਕ ਪੜ੍ਹਿਆ
ਅਨਹੱਦ ਵਾਜਾ ਪਾਵੇ ਸ਼ੋਰ
ਤੂੰ ਮੈਂ ਬਣ ਗਈ ਮੈਂ ਨਾ ਹੋਰ
ਪ੍ਰੋ. ਸਵਰਾਜ ਘੁੰਮਣ ਦੀ ਕਵਿਤਾ ਉਸ ਵੇਲੇ ਆਪਣੀ ਅਧਿਆਤਮਿਕ ਉਚਾਈ ਦੇ ਸਿਖਰਾਂ ਨੂੰ ਛੂੰਹਦੀ ਦਿਖਾਈ ਦਿੰਦੀ ਹੈ, ਜਦੋਂ ਉਹ ਲਿਖਦੇ ਹਨ ਕਿ ਇੱਕ ਵਿਅਕਤੀ ਦੀ ਮੈਂ ਅਤੇ ਦੂਜੇ ਵਿਅਕਤੀ ਦੀ ਮੈਂ ਵਿਚਲਾ ਫ਼ਰਕ ਮਹਿਜ ਵੱਖਰੇ-ਵੱਖਰੇ ਸਰੀਰਾਂ ਕਰਕੇ ਹੀ ਪ੍ਰਤੀਤ ਹੁੰਦਾ ਹੈ। ਜੇਕਰ ਸਰੀਰਾਂ ਨੂੰ ਪਰ੍ਹੇ ਹਟਾ ਦਿੱਤਾ ਜਾਵੇ, ਤਾਂ ਇੱਕ ਵਿਅਕਤੀ ਦੀ ਮੈਂ ਅਤੇ ਦੂਜੇ ਵਿਅਕਤੀ ਦੀ ਮੈਂ ਇੱਕ ਹੀ ਤਾਂ ਹੈ, ਜਿਵੇਂ ਸਾਗਰ ਦੀ ਇੱਕ ਬੂੰਦ ਉਨ੍ਹਾਂ ਸਾਰੇ ਗੁਣਾਂ ਨਾਲ ਭਰਪੂਰ ਹੁੰਦੀ ਹੈ, ਜਿਹੜੇ ਇੱਕ ਵਿਸ਼ਾਲ ਸਮੁੰਦਰ ਵਿੱਚ ਹੁੰਦੇ ਹਨ:
ਤੂੰ ਨਾਲ ਹੀ ਸੌਂਦਾ ਮੇਰੇ
ਤੂੰ ਹੀ ਆਣ ਜਗੇਂਦਾ
ਹੁਣ ਨਾ ਮੈਨੂੰ ਨਜ਼ਰੀਂ ਆਵੇ
ਜੱਗ ਦੂਜਾ ਹੋਰ ਵਿਖੇਂਦਾ
ਵਿਸ਼ਵਮੰਡੀ ਦੇ ‘ਵਰਤੋ ਅਤੇ ਸੁੱਟੋ’ ਦੇ ਪਦਾਰਥਵਾਦੀ ਦੌਰ ਵਿੱਚ ਮਨੁੱਖ ਇੰਨਾ ਸਵਰਾਥੀ ਹੋ ਗਿਆ ਹੈ ਕਿ ਉਹ ਅਜਿਹਾ ਕੋਈ ਵੀ ਕੰਮ ਕਰਨਾ ਵਿਅਰਥ ਸਮਝਦਾ ਹੈ, ਜਿਸ ਵਿੱਚ ਉਸ ਦਾ ਆਪਣਾ ਕੋਈ ਹਿੱਤ ਨਾ ਹੋਵੇ। ਅੱਜਕੱਲ੍ਹ ਦੇ ਰਿਸ਼ਤੇ ਨਿਭਣ ਦੀ ਭਾਵਨਾ ਦੀ ਬਜਾਏ ਵਰਤਣ ਦੀ ਭਾਵਨਾ ਤੋਂ ਪ੍ਰੇਰਿਤ ਹੁੰਦੇ ਹਨ ਅਤੇ ਕੇਵਲ ਉਦੋਂ ਤੱਕ ਹੀ ਕਿਸੇ ਨਾਲ ਮੇਲ-ਜੋਲ ਰੱਖਿਆ ਜਾਂਦਾ ਹੈ, ਜਦੋਂ ਤੱਕ ਉਸ ਨਾਲ ਕੋਈ ਨਾ ਕੋਈ ਮਤਲਬ ਹੁੰਦਾ ਹੈ। ਰੂਹਾਂ ਦਾ ਪਿਆਰ ਤਾਂ ਹੁਣ ਕੇਵਲ ਭੋਗ-ਵਿਲਾਸ ਤੱਕ ਸੀਮਤ ਹੋ ਕੇ ਰਹਿ ਗਿਆ ਹੈ:
ਰੂਹਾਂ ਦੇ ਨਾ ਲੱਗਦੇ ਮੇਲੇ
ਹਿੱਕਾਂ ਵਿੱਚ ਤਾਂ ਨਾਗਣ ਖੇਲ੍ਹੇ
ਦੋ ਸਿੱਕਿਆਂ ’ਚ ਵਿਕ ਜਾਂਦੇ ਯਾਰ
ਕਰ ਨਾ ਬੈਠੀ ਤੂੰ ਇਤਬਾਰ
ਮਤਲਬ ਫਾਥਾ ਕੁਲ ਸੰਸਾਰ
ਪ੍ਰੋ. ਸਵਰਾਜ ਘੁੰਮਣ ਕੇਵਲ ਉਸ ਸੱਚ ਨੂੰ ਹੀ ਨਹੀਂ ਦੇਖਦੇ, ਜੋ ਦਿਖਾਈ ਦੇ ਰਿਹਾ ਹੁੰਦਾ ਹੈ ਬਲਕਿ ਉਹ ਉਸ ਸੱਚ ਨੂੰ ਵੀ ਦੇਖਣ ਦੀ ਸਮਰੱਥਾ ਰੱਖਦੇ ਹਨ, ਜੋ ਦਿਖਾਈ ਨਹੀਂ ਦੇ ਰਿਹਾ ਹੁੰਦਾ। ਮੁਖੌਟਿਆਂ ਤੋਂ ਪਾਰ ਦੇਖਣ ਦੇ ਇਸੇ ਵਿਲੱਖਣ ਹੁਨਰ ਕਾਰਨ ਹੀ ਉਹ ਸ਼ਹਿਦ ਵਰਗੇ ਮਿੱਠੇ-ਮਿੱਠੇ ਸ਼ਬਦ ਬੋਲਣ ਵਾਲਿਆਂ ਦੇ ਹਿਰਦੇ ਵਿੱਚ ਘੁਲ ਰਹੇ ਜ਼ਹਿਰ ਨੂੰ ਵੀ ਸਹਿਜੇ ਹੀ ਮਹਿਸੂਸ ਕਰ ਲੈਂਦੇ ਹਨ ਕਿਉਂਕਿ ਆਪਣੀਆਂ ਕੱਛ ਵਿੱਚ ਅਤੇ ਦੂਜਿਆਂ ਦੀਆਂ ਹੱਥ ਵਿੱਚ ਰੱਖਣਾ ਹੀ ਵਿਅਕਤੀ ਦਾ ਸੁਭਾਅ ਬਣ ਗਿਆ ਹੈ:
ਕੀ ਵੇਖੀਏ ਆਰ ਤੇ ਪਾਰ
ਵਿੱਚ ਮੁਖੌਟਿਆਂ ਛਿਪੇ ਕਿਰਦਾਰ
ਮੈਂ ਹੀ ਮੈਂ ਦੀ ਤੂਤੀ ਬੋਲੇ
ਅੰਦਰ ਬਿਸੀਅਰ ਵਿਹੁ ਪਿਆ ਘੋਲੇ
ਸਿੱਖ ਇਤਿਹਾਸ ਦੀ ਸਰਬੱਤ ਦੇ ਭਲੇ ਵਾਲੀ ਮਾਨਵਵਾਦੀ ਵਿਚਾਰਧਾਰਾ ਦਾ ਵੀ ਉਨ੍ਹਾਂ ਦੇ ਮਨ ਵਿੱਚ ਬੜਾ ਸਤਿਕਾਰ ਹੈ। ਪੰਜਾਬੀ ਨੌਜਵਾਨੀ ਦੇ ਨਸ਼ਿਆਂ ਦੀ ਦਲਦਲ ਵਿੱਚ ਫਸਣ ਦਾ ਕਾਰਨ ਵੀ ਉਹ ਉਸ ਦਾ ਆਪਣੀ ਅਮੀਰ ਵਿਰਾਸਤ ਨਾਲੋਂ ਟੁੱਟਣਾ ਹੀ ਸਮਝਦੇ ਹਨ। ਉਨ੍ਹਾਂ ਮੁਤਾਬਿਕ ਗੁਰੂ ਸਾਹਿਬਾਨ ਦੀ ਸਿੱਖਿਆ ਅਨੁਸਾਰ ਜੀਵਨ ਬਤੀਤ ਕਰਨ ਵਾਲਾ ਵਿਅਕਤੀ ਕਦੇ ਵੀ ਕੁਰਾਹੇ ਨਹੀਂ ਪੈ ਸਕਦਾ ਕਿਉਂਕਿ ਉਸ ਕੋਲ ਸੱਚ ਦਾ ਹਥਿਆਰ ਹੁੰਦਾ ਹੈ ਅਤੇ ਸੱਚੇ ਵਿਅਕਤੀ ਸੁਭਾਵਿਕ ਹੀ ਸ਼ੁਭ ਕਰਮ ਕਰਦੇ ਹਨ:
ਨਵਾਂ ਅੱਜ ਇਤਿਹਾਸ ਹੈ ਤੈਨੂੰ ਵਾਜਾਂ ਮਾਰਦਾ
ਵਾਰਿਸ ਹੈਂ ਸੋਹਣਿਆ ਤੂੰ ਬਾਜਾਂ ਵਾਲੇ ਪਾਤਸ਼ਾਹ ਦਾ
ਸੱਚ ਹੈ ਹਥਿਆਰ ਤੇਰਾ, ਸੁੱਚ ਤੇਰਾ ਧਰਮ ਹੈ
ਗੁਰੂਆਂ ਦੀ ਸਿੱਖ ਤੈਨੂੰ ਇਹੀ ਸ਼ੁਭ ਕਰਮ ਹੈ
ਸਿਆਣੇ ਕਹਿੰਦੇ ਹਨ ਕਿ ਮਨੁੱਖ ਆਪਣੇ ਦੁੱਖਾਂ ਕਰਕੇ ਉਨਾ ਦੁਖੀ ਨਹੀਂ ਹੁੰਦਾ, ਜਿੰਨਾ ਦੂਜਿਆਂ ਦੇ ਸੁੱਖਾਂ ਕਰਕੇ ਹੁੰਦਾ ਹੈ। ਅਸਲ ਵਿੱਚ ਮਨੁੱਖ ਦਾ ਅਸਲੀ ਦੁੱਖ ਇਹੋ ਹੀ ਬਣ ਗਿਆ ਹੈ ਕਿ ਉਸ ਦਾ ਗੁਆਂਢੀ ਰੱਜ ਕੇ ਕਿਉਂ ਖਾਂਦਾ ਹੈ। ਸੁਖਮਨੀ ਸਾਹਿਬ ਵਿੱਚ ਗੁਰੂ ਅਰਜਨ ਦੇਵ ਜੀ ਨੇ ਲਿਖਿਆ ਹੈ ਕਿ ਜੇਕਰ ਮਨੁੱਖ ਆਪਣੇ ਚਿੱਤ ਵਿੱਚ ਦੂਜੇ ਦਾ ਬੁਰਾ ਨਾ ਸੋਚੇ, ਤਾਂ ਉਹ ਕਦੇ ਵੀ ਦੁਖੀ ਨਹੀਂ ਹੋ ਸਕਦਾ। ਪ੍ਰੋ. ਸਵਰਾਜ ਘੁੰਮਣ ਦੀ ਕਵਿਤਾ ਦੀਆਂ ਇਨ੍ਹਾਂ ਸਤਰਾਂ ਵਿੱਚ ਵੀ ਸਮੁੱਚੀ ਮਾਨਵਤਾ ਦਾ ਭਲਾ ਮੰਗਿਆ ਗਿਆ ਹੈ:
ਥੋਹਰ ਕੰਡੇ ਨਾ ਰਾਹਾਂ ’ਚੇ ਹੋਵਣ
ਪੌਣ ਸੁਗੰਧੀਆਂ ਖ਼ੁਸ਼ਬੂ ਖਿੰਡਾਰੇ
ਆ ਧਰਤ ਫ਼ਰਿਸ਼ਤੇ ਖੇੜੇ ਵੰਡਣ
ਹਾਸੇ ਗੂੰਜਣ ਹਰ ਆਂਗਣ ਦੁਆਰੇ
ਸ਼ਬਦ ਕੇਵਲ ਉਦੋਂ ਤੱਕ ਹੀ ਸਾਡੇ ਅਧਿਕਾਰ ਖੇਤਰ ਵਿੱਚ ਹੁੰਦੇ ਹਨ, ਜਦੋਂ ਤੱਕ ਉਹ ਸਾਡੀ ਜ਼ੁਬਾਨ ’ਤੇ ਨਹੀਂ ਆਉਂਦੇ ਪਰ ਕਮਾਣ ਵਿੱਚੋਂ ਨਿੱਕਲੇ ਤੀਰ ਵਾਂਗ ਜਦੋਂ ਉਹ ਜ਼ੁਬਾਨ ਵਿੱਚੋਂ ਨਿੱਕਲ ਜਾਂਦੇ ਹਨ, ਤਾਂ ਫਿਰ ਉਹ ਕਦੇ ਵੀ ਵਾਪਸ ਨਹੀਂ ਲਏ ਜਾ ਸਕਦੇ। ਸਿਆਣਾ ਵਿਅਕਤੀ ਹਮੇਸ਼ਾ ਸੋਚ ਕੇ ਬੋਲਦਾ ਹੈ ਪਰ ਮੂਰਖ ਵਿਅਕਤੀ ਬੋਲ ਕੇ ਪਛਤਾਉਂਦਾ ਹੈ। ਬਹੁਤੇ ਪੁਆੜਿਆਂ ਦਾ ਜੜ ਸਾਡੇ ਵੱਲੋਂ ਬਿਨਾਂ ਸੋਚ-ਸਮਝ ਕੇ ਬੋਲੇ ਗਏ ਸ਼ਬਦ ਹੀ ਹੁੰਦੇ ਹਨ ਕਿਉਂਕਿ ਜਿਹਦੀ ਜ਼ੁਬਾਨ ’ਤੇ ਫ਼ਤਹਿ, ਉਹਦੀ ਜਹਾਨ ’ਤੇ ਫ਼ਤਹਿ:
ਤੋਲੋ ਤੋਲੋ ਫਿਰ ਹੀ ਬੋਲੋ
ਫਿਰਦੇ ਸ਼ਬਦਾਂ ਦੇ ਵਪਾਰੀ
ਕੇਰੇ ਮੋਤੀ ਬਣ ਜਾਣੇ ਪੱਥਰ
ਘਰ ਵਿੱਚ ਨਾ ਵਿਛ ਜਾਵੇ ਸੱਥਰ
ਸਾਹਿਤਕ ਖੇਤਰ ਦੇ ਨਾਲ-ਨਾਲ ਉਹ ਰਾਜਨੀਤਕ ਖੇਤਰ ਵਿੱਚ ਵੀ ਸਰਗਰਮ ਹਨ ਪਰ ਬਹੁਤੇ ਸਿਆਸੀ ਆਗੂਆਂ ਦੇ ਉਲਟ ਉਹ ਇੱਕ ਸੱਚੇ-ਸੁੱਚੇ ਅਤੇ ਨਿਧੜਕ ਨੇਤਾ ਹਨ। ਉਹ ਜੋ ਕੁੱਝ ਵੀ ਕਹਿੰਦੇ ਹਨ, ਠੋਕ-ਵਜਾ ਕੇ ਕਹਿੰਦੇ ਹਨ ਅਤੇ ਅਜਿਹਾ ਕਰਦਿਆਂ ਉਹ ਕਦੇ ਵੀ ਆਪਣੇ ਨਿੱਜੀ ਨਫ਼ੇ-ਨੁਕਸਾਨ ਦੀ ਪ੍ਰਵਾਹ ਨਹੀਂ ਕਰਦੇ। ਉਹ ਭਲੀ-ਭਾਂਤ ਸਮਝਦੇ ਹਨ ਕਿ ਦੇਸ਼ ਲਈ ਬੇਸ਼ੁਮਾਰ ਕੁਰਬਾਨੀਆਂ ਦੇ ਬਾਵਜੂਦ ਵੀ ਦਿੱਲੀ ਦੀਆਂ ਹਕੂਮਤਾਂ ਨੇ ਹਮੇਸ਼ਾ ਹੀ ਪੰਜਾਬ ਨਾਲ ਮਤਰੇਈ ਮਾਂ ਵਾਲਾ ਸਲੂਕ ਕੀਤਾ ਹੈ:
ਕਿਉਂ ਤੂੰ ਹੋਈ ਕਾਫ਼ਰ ਦਿੱਲੀਏ
ਬਣ ਗਈ ਤੂੰ ਹੰਕਾਰੀ ਦਿੱਲੀਏ
ਲੂੰ-ਲੂੰ ਤੇਰਾ ਵਿਹੁ ਨਾਲ ਭਰਿਆ
ਨਾਗਾਂ ਨਾਲ ਸ਼ਿੰਗਾਰੀ ਦਿੱਲੀਏ
ਹੱਥਲੇ ਕਾਵਿ-ਸੰਗ੍ਰਹਿ ‘ਚੁੱਪ ਦਾ ਸ਼ੋਰ’ ਤੋਂ ਪਹਿਲਾਂ ਉਨ੍ਹਾਂ ਦੇ ਦੋ ਕਾਵਿ-ਸੰਗ੍ਰਹਿ ‘ਕੱਚ ਕਰੇਸ’, ‘ਪੀੜ ਸਿਆਹੀ’ ਅਤੇ ਇੱਕ ਨਾਵਲ ‘‘ਅਗਨ ਕਲੇਜੇ ਮਾਹਿ’ ਪ੍ਰਕਾਸ਼ਿਤ ਹੋ ਚੁੱਕੇ ਹਨ। ਕਵਿਤਾ ਦੇ ਰੂਪਕ ਪੱਖ ਦੀ ਸੂਖਮ ਸੂਝ-ਬੂਝ ਦੇ ਨਾਲ-ਨਾਲ ਵਿਚਾਰਧਾਰਕ ਪੱਖੋਂ ਵੀ ਉਹ ਪੂਰੀ ਤਰ੍ਹਾਂ ਪਰਿਪੱਕ ਅਤੇ ਸਮਰੱਥ ਦਿਖਾਈ ਦਿੰਦੇ ਹਨ ਅਤੇ ਉਨ੍ਹਾਂ ਦੀ ਕਵਿਤਾ ਸੱਤਿਅਮ, ਸ਼ਿਵਮ, ਸੁੰਦਰਮ ਦੇ ਮਾਪਦੰਡ ’ਤੇ ਪੂਰੀ ਤਰ੍ਹਾਂ ਖਰੀ ਉੱਤਰਦੀ ਹੈ। ਭਾਰਤ ਦੀ ਸੱਭਿਆਚਾਰਕ ਵੰਨ-ਸੁਵੰਨਤਾ ਅਤੇ ਸਾਂਝੀਵਾਲਤਾ ਦੀ ਭਾਵਨਾ ਨੂੰ ਉਹ ਆਪਣੀ ਕਵਿਤਾ ਦੇ ਕੇਂਦਰ ਵਿੱਚ ਰੱਖ ਕੇ ਚੱਲਦੇ ਹਨ, ਜੋ ਕਿ ਅੱਜ ਦੇ ਸਮੇਂ ਦੀ ਇੱਕ ਬਹੁਤ ਹੀ ਅਣਸਰਦੀ ਜ਼ਰੂਰਤ ਹੈ। ਉਨ੍ਹਾਂ ਕੋਲੋਂ ਹੋਰ ਉਸਾਰੂ ਸਾਹਿਤਕ ਸਿਰਜਣਾ ਦੀ ਉਮੀਦ ਰੱਖਦਾ ਹੋਇਆ ਮੈਂ ਉਨ੍ਹਾਂ ਦੇ ਇਸ ਕਲਿਆਣਕਾਰੀ ਉੱਦਮ ਦਾ ਭਰਪੂਰ ਸਮਰਥਨ ਕਰਦਾ ਹਾਂ।
–ਕਰਮ ਸਿੰਘ ਜ਼ਖ਼ਮੀ
ਸੰਪਰਕ: 98146-28027
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly