ਏਹੁ ਹਮਾਰਾ ਜੀਵਣਾ ਹੈ -355

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)-  ਗੱਲ ਪੁਰਾਣੇ ਸਮਿਆਂ ਦੀ ਹੈ। ਸਤਵੰਤ ਕੌਰ ਹੈੱਡ ਮਾਸਟਰਨੀ ਰਿਟਾਇਰ ਹੋਈ ਸੀ। ਜਿਸ ਦਿਨ ਉਸ ਨੇ ਰਿਟਾਇਰ ਹੋ ਕੇ ਆਉਣਾ ਸੀ ਉਸ ਦਾ ਪੁੱਤਰ ਸੋਖੀ ਤੇ ਪਤੀ ਜ਼ੋਰਾ ਸਿੰਘ ਉਸ ਲਈ ਅੰਬੈਸਡਰ ਕਾਰ ਕਿਰਾਏ ਤੇ ਲੈਕੇ ਉਸ ਨੂੰ ਲੈਣ ਗਏ ਸਨ । ਉਹਨਾਂ ਦਿਨਾਂ ਵਿੱਚ ਤਾਂ ਵਿਆਹ ਵੇਲੇ ਵੀ ਇੱਕ ਜਾਂ ਦੋ ਕਾਰਾਂ ਈ ਕਿਰਾਏ ਤੇ ਕੀਤੀਆਂ ਜਾਂਦੀਆਂ ਸਨ ਬਾਕੀ ਬਰਾਤੀ ਬੱਸ ਵਿੱਚ ਹੀ ਜਾਂਦੇ ਹੁੰਦੇ ਸਨ। ਵੱਡੀਆਂ ਸੜਕਾਂ ਉੱਤੇ ਵੀ ਸਾਰੇ ਦਿਨ ਵਿੱਚ ਕਿਸੇ ਅਮੀਰ ਵਜ਼ੀਰ ਦੀ ਇੱਕ ਅੱਧੀ ਕਾਰ ਹੀ ਲੰਘਦੀ ਹੁੰਦੀ ਸੀ। ਕਾਰ ਵਿੱਚੋਂ ਉਤਰਦੇ ਹੀ ਮੂਹਰੇ ਹੋ ਕੇ ਉਸ ਦੀ ਨੂੰਹ ਨੇ ਸ਼ਰੀਕਾ ਕਬੀਲਾ ਇਕੱਠਾ ਕਰਕੇ ਇੱਕ ਇੱਕ ਦੇ ਕੜਕਦੇ ਨੋਟਾਂ ਵਾਲ਼ਾ ਹਾਰ ਪਾ ਕੇ ਸਵਾਗਤ ਕੀਤਾ ਸੀ। ਪਿੰਡ ਦੇ ਬਹੁਤੇ ਲੋਕ ਤਾਂ ਕਾਰ ਨੂੰ ਵੇਖਣ ਲਈ ਹੀ ਖੜ੍ਹੇ ਸਨ ।ਇਸ ਦਿਨ ਉਸ ਦਾ ਕਿੰਨਾ ਸਤਿਕਾਰ ਹੋ ਰਿਹਾ ਸੀ। ਸ਼ਰੀਕੇ ਵਿੱਚੋਂ ਲੱਗਦੀਆਂ ਦਰਾਣੀਆਂ ਜਠਾਣੀਆਂ ਆਪਸ ਵਿੱਚ ਮੂੰਹ ਨਾਲ ਮੂੰਹ ਜੋੜ ਕੇ ਘੁਸਰ ਮੁਸਰ ਗੱਲਾਂ ਕਰਦੀਆਂ ਸਨ । ਗੱਲਾਂ ਤਾਂ ਉਹਨਾਂ ਨੇ ਕਰਨੀਆਂ ਹੀ ਸਨ ਕਿਉਂਕਿ ਉਹ ਕਿਹੜਾ ਉਹਨਾਂ ਵਿੱਚ ਬਹੁਤਾ ਰਹੀ ਸੀ। ਚਾਹੇ ਉਸ ਦੀ ਰਿਟਾਇਰਮੈਂਟ ਹੋ ਗਈ ਸੀ ਪਰ ਉਸ ਦਾ ਇਸ ਪਿੰਡ ਨਾਲ ਰਿਸ਼ਤਾ ਤਾਂ ਕੁਝ ਕੁ ਵਰ੍ਹਿਆਂ ਦਾ ਹੀ ਸੀ।ਪਰ ਉਹ ਮਿਲ਼ਦੀ ਹਰ ਕਿਸੇ ਨੂੰ ਖਿੜੇ ਮੱਥੇ ਸੀ। ਹੈੱਡਮਾਸਟਰਨੀ ਹੋਣ ਕਰਕੇ ਉਸ ਦੀ ਦਿੱਖ ਰੋਹਬਦਾਰ ਸੀ। ਇਸ ਕਰਕੇ ਮੂੰਹ ਨਾਲ਼ ਮੂੰਹ ਜੋੜ ਕੇ ਗੱਲਾਂ ਕਰਨ ਵਾਲ਼ੀਆਂ ਸ਼ਰੀਕਣੀਆਂ ਉਸ ਦੀਆਂ ਚੁਗਲੀਆਂ ਤਾਂ ਨਹੀਂ ਕਰ ਸਕਦੀਆਂ ਸੀ। ਉਹ ਤਾਂ ਸਤਵੰਤ ਪਿੱਛੇ ਛੁਪੇ ਸੰਘਰਸ਼ ਅਤੇ ਸਬਰ ਦੀਆਂ ਗੱਲਾਂ ਕਰ ਰਹੀਆਂ ਸਨ।

            ਅਸਲ ਵਿੱਚ ਜਦੋਂ ਸਤਵੰਤ ਕੌਰ ਇਸ ਪਿੰਡ ਵਿੱਚ ਵਿਆਹੀ ਹੋਈ ਆਈ ਸੀ ਤਾਂ ਉਹ ਪੰਜ ਜਮਾਤਾਂ ਹੀ ਪੜ੍ਹੀ ਹੋਈ ਸੀ। ਉਸ ਦਾ ਰੰਗ ਕਣਕ ਵੰਨਾ ,ਨੈਣ ਨਕਸ਼ ਮੋਟੇ ਹੋਣ ਕਰਕੇ ਤੇ ਜ਼ੋਰੇ ਦਾ ਰੰਗ ਗੋਰਾ ਅੰਗਰੇਜ਼ਾਂ ਵਰਗਾ ਹੋਣ ਕਰਕੇ ਉਸ ਦੀ ਢਾਣੀ ਦੇ ਮੁੰਡੇ ਉਸ ਦਾ ਮਜ਼ਾਕ ਜਿਹਾ ਉਡਾ ਦਿੰਦੇ ਸਨ। ਜ਼ੋਰੇ ਨੂੰ ਬੜੀ ਸ਼ਰਮ ਆ ਜਾਣੀ। ਵਿਆਹ ਨੂੰ ਸਾਲ ਲੰਘ ਗਿਆ ਸੀ, ਸਤਵੰਤ ਨੇ ਰਿਵਾਜ ਮੁਤਾਬਕ ਆਪਣੇ ਪੇਕੇ ਘਰ ਸੋਖੀ ਨੂੰ ਜਨਮ ਦਿੱਤਾ । ਜ਼ੋਰੇ ਨੂੰ ਤਾਂ ਸ਼ੁਰੂ ਤੋਂ ਹੀ ਸਤਵੰਤ ਨੂੰ ਨਾਲ਼ ਲੈ ਕੇ ਤੁਰਦੇ ਨੂੰ ਸ਼ਰਮ ਆਉਂਦੀ ਸੀ। ਉਸ ਦੇ ਪੇਕੇ ਸੁਨੇਹੇ ਦੇ ਕੇ ਥੱਕ ਗਏ ਸਨ ਕਿ ਮੁੰਡਾ ਸਵਾ ਮਹੀਨੇ ਦਾ ਹੋ ਗਿਆ ਹੈ,ਆ ਕੇ ਲੈ ਜਾਣ ਪਰ ਉਸ ਨੇ ਕਿਸੇ ਦੀ ਇੱਕ ਨਾ ਸੁਣੀ। ਸਾਲ ਕੁ ਬਾਅਦ ਜ਼ੋਰਾ ਪੰਚਾਇਤ ਨੂੰ ਵਿੱਚ ਪਾ ਕੇ ਸੋਖੀ ਨੂੰ ਸਤਵੰਤ ਤੋਂ ਆਪਣੇ ਕੋਲ ਲੈ ਆਇਆ ਤੇ ਸਤਵੰਤ ਨੂੰ ਨਾਲ਼ ਲੈ ਕੇ ਜਾਣ ਤੋਂ ਕੋਰੀ ਨਾਂਹ ਕਰ ਦਿੱਤੀ। ਅੱਜ ਕੱਲ੍ਹ ਵਾਂਗ ਧੀਆਂ ਵਾਲ਼ੇ ਮੁੰਡੇ ਵਾਲਿਆਂ ਨੂੰ ਬਹੁਤੀਆਂ ਅੱਖਾਂ ਨਹੀਂ ਦਿਖਾਉਂਦੇ ਹੁੰਦੇ ਸਨ।ਜੋ ਫੈਸਲਾ ਪੰਚਾਇਤ ਕਰਦੀ ਹੁੰਦੀ ਸੀ ਉਸ ਨੂੰ ਉਹ ਸਿਰ ਮੱਥੇ ਪ੍ਰਵਾਨ ਕਰ ਲੈਂਦੇ ਸਨ। ਸਤਵੰਤ ਰੋਂਦੀ ਕੁਰਲਾਉਂਦੀ ਰਹਿ ਗਈ ਸੀ।ਉਸ ਦੇ ਜਿਗਰ ਦੇ ਟੋਟੇ ਨੂੰ ਇੱਕ ਮਿੰਟ ਵਿੱਚ ਦੋਹਾਂ ਪੰਚਾਇਤਾਂ ਦੇ ਫੈਸਲੇ ਨੇ ਦੂਰ ਕਰ ਦਿੱਤਾ ਸੀ। ਸਤਵੰਤ ਦੀ ਮਾਂ ਨੇ ਵੀ ਉਸ ਨੂੰ ਸਮਝਾਉਂਦੇ ਹੋਏ ਕਹਿ ਦਿੱਤਾ ਸੀ,” ਪੁੱਤ…. ਜਿਹਨਾਂ ਦੀ ਆਸ ਮੁਰਾਦ ਸੀ…. ਅਗਲੇ ਲੈ ਗਏ…. ਤੇਰੇ ਨਾਲ ਲੋਕਾਂ ਨੇ ਓਹਨੂੰ ਵੀ ਮਿਹਣੇ ਮਾਰਨੇ ਸੀ……. ਹੁਣ ਪ੍ਰਾਹੁਣੇ ਦੀ ਬੁੱਧੀ ਸੂਤ ਨੀ ਆਉਂਦੀ…..ਕੀ ਕਰੀਏ…?”
               ਸਤਵੰਤ ਨੇ ਹੌਲੀ ਹੌਲੀ ਮਨ ਨੂੰ ਸੰਭਾਲਿਆ ਪਰ ਦੁਬਾਰਾ ਵਿਆਹ ਕਰਵਾਉਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ। ਉਸ ਦੇ ਪੇਕਿਆਂ ਨੇ ਵੀ ਉਸ ਦੀ ਗੱਲ ਮੰਨ ਕੇ ਉਸ ਨੂੰ ਦੁਬਾਰਾ ਵਿਆਹੁਣ ਦੀ ਥਾਂ ਉਸ ਨੂੰ ਹੋਰ ਪੜ੍ਹਾਉਣਾ ਚਾਹਿਆ ਤੇ ਨਾਲ਼ ਦੇ ਪਿੰਡ ਦੇ ਸਕੂਲ ਤੋਂ ਹੀ ਫ਼ਾਰਮ ਭਰ ਕੇ ਅੱਠਵੀਂ ਜਮਾਤ ਦੇ ਪੇਪਰ ਦਵਾ ਦਿੱਤੇ ਕਿਉਂਕਿ ਉਹਨਾਂ ਦੇ ਆਪਣੇ ਪਿੰਡ ਵਾਲ਼ਾ ਸਕੂਲ ਤਾਂ ਪੰਜਵੀਂ ਤੱਕ ਹੀ ਸੀ। ਸਤਵੰਤ ਨੇ ਸੋਹਣੇ ਨੰਬਰਾਂ ਵਿੱਚ ਅੱਠਵੀਂ ਪਾਸ ਕਰ ਲਈ। ਉਹਨਾਂ ਦਿਨਾਂ ਵਿੱਚ ਅੱਠਵੀਂ ਤੋਂ ਬਾਅਦ ਹੀ ਜੇ ਬੀ ਟੀ ਦਾ ਕੋਰਸ ਹੋ ਜਾਂਦਾ ਸੀ। ਉਸ ਦੇ ਭਰਾਵਾਂ ਨੇ ਉਸ ਨੂੰ ਸ਼ਹਿਰ ਜੇ ਬੀ ਟੀ ਵਿੱਚ ਦਾਖ਼ਲਾ ਦਵਾ ਕੇ ਉੱਥੇ ਕੁੜੀਆਂ ਦੇ ਹੋਸਟਲ ਵਿੱਚ ਛੱਡ ਕੇ ਕੋਰਸ ਪੂਰਾ ਕਰਵਾ ਦਿੱਤਾ। ਉਹਨਾਂ ਦਿਨਾਂ ਵਿੱਚ ਸਰਕਾਰੀ ਨੌਕਰੀਆਂ ਵੀ ਛੇਤੀ ਹੀ ਮਿਲ਼ ਜਾਂਦੀਆਂ ਸਨ। ਜਿਵੇਂ ਹੀ ਉਹ ਰੋਜ਼ਗਾਰ ਦਫ਼ਤਰ ਵਿੱਚ ਆਪਣਾ ਨਾਂ ਦਰਜ ਕਰਵਾ ਕੇ ਆਈ ਤਾਂ ਉਸ ਨੂੰ ਦੋ ਕੁ ਮਹੀਨਿਆਂ ਬਾਅਦ ਪਿੰਡ ਦੇ ਸਕੂਲ ਵਿੱਚ ਹੀ ਨੌਕਰੀ ਦੀ ਚਿੱਠੀ ਆ ਗਈ।ਉਹ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ ਇੱਕ ਅਧਿਆਪਕਾ ਬਣ ਕੇ ਨੌਕਰੀ ਕਰਨ ਲੱਗੀ।
              ਸਤਵੰਤ ਦੇ ਭਰਾ ਭਰਜਾਈਆਂ ਵੀ ਬਹੁਤ ਚੰਗੇ ਸਨ ਤੇ ਸਤਵੰਤ ਵੀ ਉਹਨਾਂ ਸਾਰਿਆਂ ਦਾ ਬਹੁਤ ਸਤਿਕਾਰ ਕਰਦੀ ਸੀ। ਉਹਨਾਂ ਦੇ ਟੱਬਰ ਦਾ ਇਕੱਠ ਵੀ ਤਾਂ ਹੀ ਨਿਭੀ ਜਾਂਦਾ ਸੀ। ਦਸ ਸਾਲ ਬਾਅਦ ਉਸ ਦੀ ਤਰੱਕੀ ਹੋ ਕੇ ਉਹ ਨਾਲ਼ ਦੇ ਪਿੰਡ ਵਾਲ਼ੇ ਸਕੂਲ ਵਿੱਚ ਹੈੱਡਮਾਸਟਰਨੀ ਬਣ ਕੇ ਜਾਣ ਲੱਗੀ। ਪੂਰੇ ਤੇਈ ਵਰ੍ਹੇ ਹੋ ਗਏ ਸਨ ਉਸ ਨੂੰ ਪੇਕੀਂ ਬੈਠੀ ਨੂੰ ਤੇ ਅਠਾਰਾਂ ਵਰ੍ਹੇ ਹੋ ਗਏ ਸਨ ਉਸ ਨੂੰ ਨੌਕਰੀ ਕਰਦੀ ਨੂੰ , ਜ਼ਿੰਦਗੀ ਵਧੀਆ ਲੰਘ ਰਹੀ ਸੀ। ਓਧਰ ਜ਼ੋਰੇ ਨੇ ਵੀ ਹੋਰ ਵਿਆਹ  ਕਰਵਾ ਲਿਆ ਸੀ। ਉਸ ਦੀ ਦੂਜੀ ਘਰਵਾਲ਼ੀ ਨੇ ਸੋਖੀ ਨੂੰ ਸਾਂਭਣ ਤੋਂ ਕੋਰੀ ਨਾਂਹ ਕਰ ਦਿੱਤੀ ਸੀ ਤੇ ਜ਼ੋਰੇ ਨੂੰ ਲੈ ਕੇ ਆਉਂਦੀ ਹੀ ਅੱਡ ਹੋ ਗਈ ਸੀ ।ਉਸ ਦੇ ਵੀ ਦੋ ਜਵਾਕ ਹੋ ਗਏ ਸਨ। ਸੋਖੀ ਨੂੰ ਉਸ ਦੇ ਦਾਦਾ ਦਾਦੀ ਨੇ ਪਾਲ਼ਿਆ ਸੀ। ਸੋਖੀ ਨੂੰ ਤਾਂ ਉਹਨਾਂ ਨੇ ਦੱਸਿਆ ਹੋਇਆ ਸੀ ਕਿ ਉਸ ਦੀ ਮਾਂ ਮਰ ਗਈ ਸੀ ਪਰ ਜਿਵੇਂ ਹੀ ਉਸ ਨੇ ਸੁਰਤ ਸੰਭਾਲੀ ਸੀ ਕਿਸੇ ਨੇ ਉਸ ਨੂੰ ਉਸ ਦੀ ਮਾਂ ਬਾਰੇ ਦੱਸ ਦਿੱਤਾ ਸੀ। ਉਸ ਨੇ ਵੀ ਆਪਣੀ ਮਾਂ ਦਾ ਪਤਾ ਲਾ ਲਿਆ ਸੀ ਪਰ ਇਹ ਗੱਲ ਉਸ ਨੇ ਆਪਣੇ ਦਿਲ ਵਿੱਚ ਹੀ ਰੱਖੀ। ਉਹ ਪੜ੍ਹ ਕੇ ਸੋਹਣੀ ਨੌਕਰੀ ਤੇ ਲੱਗ ਗਿਆ ਸੀ । ਸੋਖੀ ਦਾ ਵਿਆਹ ਰੱਖਿਆ ਹੋਇਆ ਸੀ। ਵਿਆਹ ਵਾਲ਼ਾ ਦਿਨ ਵੀ ਆ ਗਿਆ। ਸੋਖੀ ਦੀ ਬਰਾਤ ਚੜ੍ਹਨ ਤੋਂ ਪਹਿਲਾਂ ਵਾਲੀਆਂ ਰਸਮਾਂ ਵੀ ਪੂਰੀਆਂ ਹੋ ਗਈਆਂ। ਜਦ ਸਾਰੇ ਸੋਖੀ ਨੂੰ ਲਾੜੇ ਵਾਲ਼ੀ ਕਾਰ ਵਿੱਚ ਬੈਠਣ ਲਈ ਆਖਣ ਲੱਗੇ ਤਾਂ ਸੋਖੀ ਅੜ ਕੇ ਖੜ੍ਹ ਗਿਆ ਤੇ ਆਖਣ ਲੱਗਿਆ,” ਮੇਰੀ ਮਾਂ….. ਜਿੰਨਾ ਚਿਰ ਤੱਕ ਮੇਰੇ ਮੂੰਹ ਨੂੰ ਸ਼ਗਨ ਲਾ ਕੇ ਕਾਰ ਵਿੱਚ ਨਹੀਂ ਬਿਠਾਵੇਗੀ…. ਮੈਂ ਜੰਝ ਨਹੀਂ ਚੜ੍ਹਨਾ…..ਤੇ ਮੇਰੇ ਤੋਂ ਪਾਣੀ ਵਾਰ ਕੇ ਵੀ ਉਹੀ ਪੀਵੇਗੀ…….ਇਹ ਮੇਰਾ ਉਹ ਫ਼ੈਸਲਾ ਹੈ …..ਜੋ ਮੈਂ ਕਿੰਨੇ ਸਾਲਾਂ ਤੋਂ ਆਪਣੇ ਦਿਲ ਵਿੱਚ ਲਈ ਫਿਰਦਾ ਹਾਂ…..!” ਸਾਰਿਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ। ਉਸ ਨੂੰ ਬਹੁਤ ਮਨਾਉਣ ਦੀ ਕੋਸ਼ਿਸ਼ ਕੀਤੀ ਪਰ ਉਹ ਸਿਹਰੇ ਲਾਈ ਵਿਹੜੇ ਵਿੱਚ ਮੰਜੇ ਤੇ ਬੈਠ ਗਿਆ।
           ਜ਼ੋਰੇ ਨੇ ਫਟਾਫਟ ਪੰਚਾਇਤ ਨੂੰ ਨਾਲ਼ ਲਿਜਾਕੇ ਸਤਵੰਤ ਦੇ ਭਰਾਵਾਂ ਦੀਆਂ ਮਿੰਨਤਾਂ ਕੀਤੀਆਂ ਤੇ ਸਤਵੰਤ ਜੋ ਸਕੂਲ ਜਾਣ ਲਈ ਤਿਆਰ ਸੀ,ਉਹ ਆਪਣੇ ਭਰਾਵਾਂ ਨਾਲ਼ ਸੋਖੀ ਦੇ ਵਿਆਹ ਵਿੱਚ ਪਹੁੰਚ ਗਈ ਤੇ ਉਸ ਨੇ ਸੋਖੀ ਦੇ ਮੂੰਹ ਨੂੰ ਸ਼ਗਨ ਲਾ ਕੇ ਵਿਆਹ ਵਾਲ਼ੀ ਕਾਰ ਵਿੱਚ ਬਿਠਾਇਆ ਤੇ ਸ਼ਾਮ ਨੂੰ ਆਪਣੇ ਨੂੰਹ ਪੁੱਤ ਉੱਤੋਂ ਪਾਣੀ ਵਾਰ ਕੇ ਪੀਤਾ। ਉਹ ਸੋਖੀ ਤੇ ਓਹਦੀ ਵਹੁਟੀ ਨੂੰ ਪਿਆਰ ਦੇ ਕੇ ਆਪਣੇ ਭਾਈਆਂ ਨਾਲ ਵਾਪਸ ਜਾਣ ਲੱਗੀ ਤਾਂ ਸੋਖੀ ਨੇ ਆਪਣੇ ਮਾਮੇ ਨੂੰ ਆਖਿਆ,” ਮਾਮਾ ਜੀ….. ਮੈਂ ਬੁੱਧਵਾਰ ਨੂੰ ਬੀਬੀ ਨੂੰ ਲੈਣ ਆਵਾਂਗਾ…..ਹੁਣ ਤੁਸੀਂ ਬੀਬੀ ਨੂੰ ਖੁਸ਼ੀ ਖੁਸ਼ੀ…. ਇੱਕ ਪਤੀ ਨਾਲ਼ ਨਹੀਂ ਇੱਕ ਪੁੱਤ ਨਾਲ਼ ਉਸ ਦੇ ਆਪਣੇ ਘਰ ਤੋਰੋਗੇ…..!” ਸਤਵੰਤ ਦੇ ਭਾਈਆਂ ਨੇ ਸੋਖੀ ਨੂੰ ਪਿਆਰ ਦਿੱਤਾ ਤੇ ‘ਹਾਂ’ ਦਾ ਹੁੰਗਾਰਾ ਭਰ ਕੇ ਵਾਪਸ ਚਲੇ ਗਏ। ਬੁੱਧਵਾਰ ਨੂੰ ਸੋਖੀ ਆਪਣੀ ਵਹੁਟੀ ਨਾਲ਼ ਪੂਰੇ ਆਦਰ ਮਾਣ ਨਾਲ ਆਪਣੇ ਨਾਨਕਿਆਂ ਤੋਂ ਆਪਣੀ ਮਾਂ ਨੂੰ ਆਪਣੇ ਘਰ ਹਮੇਸ਼ਾ ਲਈ ਰਹਿਣ ਲਈ ਲੈ ਕੇ ਆਇਆ। ਹੈੱਡਮਾਸਟਰਨੀ ਹੋਣ ਕਰਕੇ ਆਲੇ ਦੁਆਲੇ ਦੇ ਸਾਰੇ ਪਿੰਡਾਂ ਵਿੱਚ ਤਾਂ ਉਸ ਦੀ ਸ਼ੋਭਾ ਪਹਿਲਾਂ ਹੀ ਬਹੁਤ ਸੀ ਪਰ ਹੁਣ ਸੋਖੀ ਨੇ ਉਸ ਦੀ ਸ਼ੋਭਾ ਨੂੰ ਚਾਰ ਚੰਨ ਲਾ ਦਿੱਤੇ ਸਨ । ਉਸ ਨੇ ਚਿਰਾਂ ਤੋਂ ਆਪਣੇ ਮਨ ਅੰਦਰਲੀ ਧੁਖਦੀ ਧੂਣੀ ਨੂੰ ਬਾਲ਼ ਕੇ ਮਾਂ ਦੀ ਜ਼ਿੰਦਗੀ ਨੂੰ ਹੋਰ ਰੌਸ਼ਨ ਕਰ ਦਿੱਤਾ ਸੀ । ਇੱਕ ਪੁੱਤ ਨੇ ਆਪਣਾ ਫਰਜ਼ ਨਿਭਾਇਆ ਸੀ।ਸੋਖੀ ਵਾਂਗ ਰਿਸ਼ਤਿਆਂ ਨੂੰ ਸਤਿਕਾਰਨਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
99889-01324

 (ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਗੀਤ ਪਚੱਤਰ ਸਾਲਾਂ ਦੀ ਹੋਈ ਆਜ਼ਾਦੀ
Next articleਨਸ਼ੇ ਦੇ ਹਾਰੇ ਵਿੱਚ ਧੁੱਖਦਾ ਚੰਦਨ”