(ਸਮਾਜ ਵੀਕਲੀ)
ਕਦੇ ਧੁੱਪਾਂ ਵਿਚ ਕਦੇ ਛਾਵਾਂ ਵਿੱਚ
ਹੈ ਖ਼ੁਸ਼ਬੂ ਘੁਲ਼ੀ ਹਾਵਾਵਾਂ ਵਿੱਚ
ਮੈਨੂੰ ਰੱਬ ਲੱਭਣ ਦੀ ਲੋੜ ਨਹੀਂ
ਉਹ ਵਸਦਾ ਸਭਨਾ ਥਾਵਾਂ ਵਿੱਚ
ਮੈਂ ਛੱਡਕੇ ਠਾਠਾਂ ਬਾਠਾਂ ਨੂੰ ਸਿਰ ਭਗਵਾਂ ਬਸਤਰ ਤਾਣ ਲਿਆ
ਕੁਝ ਆਉਂਦੇ ਬੁਰੇ ਖਿਆਲਾਂ ਨੂੰ ਮੈਂ ਸੰਬਰ ਲਿਆ ਤੇ ਛਾਣ ਲਿਆ
ਹੁਣ ਅਪਣੇ ਚਿੱਤ ਦੀਆਂ ਗੱਲਾਂ ਨੂੰ ਮੈਂ ਚੰਗੀ ਤਰ੍ਹਾਂ ਜਾਣ ਲਿਆ
ਨਾ ਅੱਖਾਂ ਦਾ ਨਾ ਕੰਨਾਂ ਦਾ
ਇੱਕ ਡਰ ਜੁਬਾਨੋਂ ਬੋਲਣ ਦਾ
ਤੂੰ ਤਾਹੀਂ ਘਾਟਾ ਖਾਇਆ ਏ
ਓ ਦਿਲ ਦੀਆਂ ਪਰਤਾਂ ਖੋਲ੍ਹਣ ਦਾ
ਤੇਰੇ ਬੋਲੇ ਕੌੜੇ ਸ਼ਬਦਾਂ ਦਾ ਰਸ ਵਾਂਙ ਪਤਾਸੇ ਮਾਣ ਲਿਆ
ਕੁਝ ਆਉਂਦੇ ਬੁਰੇ ਖ਼ਿਆਲਾਂ ਨੂੰ ਮੈਂ ਸੰਬਰ ਲਿਆ ਤੇ ਛਾਣ ਲਿਆ
ਹੁਣ ਅਪਣੇ ਚਿੱਤ ਦੀਆਂ ਮਰਜਾਂ ਨੂੰ ਨਾਲ਼ੇ ਚੰਗੀ ਤਰ੍ਹਾਂ ਜਾਣ ਲਿਆ
ਜੋ ਛੇੜਨ ਜਾ ਅੰਗਾਰਿਆਂ ਨੂੰ
ਉਹ ਵਾਂਙ ਪਤੰਗੇ ਮੱਚ ਜਾਵਣ
ਹੋਰਾਂ ਲਈ ਟੋਏ ਪੁੱਟਣ ਜੋ
ਚੁੱਭ ਖੁਦ ਪੈਰਾਂ ਵਿੱਚ ਕੱਚ ਜਾਵਣ
ਨੀਤਾਂ ਵਿਚ ਜਿਹੜਾ ਫ਼ਰਕ ਰੱਖੇ ਮੈਂ ਕਮਲ਼ਾ ਭੌਰ ਪਛਾਣ ਲਿਆ
ਕੁਝ ਆਉਂਦੇ ਬੁਰੇ ਖ਼ਿਆਲਾਂ ਨੂੰ ਮੈਂ ਸੰਬਰ ਲਿਆ ਤੇ ਛਾਣ ਲਿਆ
ਹੁਣ ਅਪਣੇ ਚਿੱਤ ਦੀਆਂ ਰਮਜ਼ਾਂ ਨੂੰ ਨਾਲ਼ੇ ਚੰਗੀ ਤਰ੍ਹਾਂ ਜਾਣ ਲਿਆ
ਮੈਂ ਮੈਲ਼ਾ ਬਸਤਰ ਧੋ ਲਿਆ
ਜਲ ਕੱਢਕੇ ਪੰਜਾਂ ਖੂਹਾਂ ਦਾ
ਗਿਆ ਬਣ ਹਾਂ ਆਸ਼ਿਕ ਫੱਕਰਾਂ ਦਾ
ਤੇ ਪਾਕ ਪਵਿੱਤਰ ਰੂਹਾਂ ਦਾ
ਏਹ ਮੈਂ ਮੈਂ ਮੇਰੀ ਵਾਲ਼ਾ ਹੀ ਹੁਣ ਕੱਢ ਏਹ ਵਿੱਚੋਂ ਕਾਣ ਲਿਆ
ਕੁਝ ਆਉਂਦੇ ਬੁਰੇ ਖ਼ਿਆਲਾਂ ਨੂੰ ਮੈਂ ਸੰਬਰ ਲਿਆ ਤੇ ਛਾਣ ਲਿਆ
ਹੁਣ ਅਪਣੇ ਚਿੱਤ ਦੀਆਂ ਰਮਜ਼ਾਂ ਨੂੰ ਨਾਲ਼ੇ ਚੰਗੀ ਤਰ੍ਹਾਂ ਜਾਣ ਲਿਆ
ਧੰਨਾ ਧਾਲੀਵਾਲ:-9878235714
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly