(ਸਮਾਜ ਵੀਕਲੀ)-ਮਨਰਾਜ ਦਾ ਵਿਆਹ ਹੋਏ ਨੂੰ ਚਾਰ ਸਾਲ ਹੋ ਗਏ ਸਨ। ਜਦੋਂ ਉਹ ਵਿਆਹੀ ਆਈ ਸੀ ਤਾਂ ਉਸ ਦੇ ਪਰਿਵਾਰ ਵਿੱਚ ਉਸ ਦੀ ਵਿਧਵਾ ਸੱਸ ਤੇ ਉਸ ਦਾ ਘਰਵਾਲਾ ਜੱਸੀ ਹੀ ਸਨ। ਉਸ ਦੀਆਂ ਦੋਵੇਂ ਵੱਡੀਆਂ ਨਣਦਾਂ ਵਿਆਹੀਆਂ ਹੋਈਆਂ ਸਨ ਤੇ ਸਹੁਰੇ ਨੂੰ ਮਰੇ ਨੂੰ ਪੰਜ ਛੇ ਸਾਲ ਹੋ ਗਏ ਸਨ। ਜੱਸੀ ਵੀ ਕਿਸੇ ਵੱਡੀ ਪ੍ਰਾਈਵੇਟ ਕੰਪਨੀ ਵਿੱਚ ਨੌਕਰੀ ਤੇ ਲੱਗਿਆ ਹੋਇਆ ਸੀ ਤੇ ਉਹ ਬਹੁਤ ਸੋਹਣੀ ਤਨਖਾਹ ਲੈਂਦਾ ਸੀ। ਆੜਤੀਆ ਹੋਣ ਕਰਕੇ ਉਸ ਦੇ ਸਹੁਰੇ ਦਾ ਕਾਫ਼ੀ ਪੈਸਾ ਵਿਆਜ ਤੇ ਦਿੱਤਾ ਹੋਇਆ ਸੀ, ਉਸ ਦੇ ਮਰਨ ਤੋਂ ਬਾਅਦ ਉਸ ਦੀ ਸੱਸ ਨੇ ਲੋਕਾਂ ਤੋਂ ਲੈ ਕੇ ਸਾਂਭ ਲਿਆ ਸੀ। ਛੋਟੀ ਕੁੜੀ ਦੂਰ ਵਿਆਹੀ ਹੋਣ ਕਰਕੇ ਕਦੇ ਕਦਾਈਂ ਈ ਪੇਕੇ ਗੇੜਾ ਮਾਰਦੀ ਸੀ। ਵੱਡੀ ਕੁੜੀ ਨਾਲ਼ ਦੇ ਪਿੰਡ ਈ ਵਿਆਹੀ ਹੋਈ ਸੀ।ਉਹ ਧੀ ਜਵਾਈ ਤਾਂ ਅਕਸਰ ਲੰਘਦੇ ਵੜਦੇ ਚੱਕਰ ਮਾਰ ਜਾਂਦੇ ਸਨ।
ਮਨਰਾਜ ਦਾ ਪੁੱਤਰ ਨੀਟੂ ਵੀ ਸੁੱਖ ਨਾਲ ਤਿੰਨ ਵਰ੍ਹਿਆਂ ਦਾ ਹੋ ਗਿਆ ਸੀ ਤੇ ਉਸ ਨੂੰ ਨੇੜੇ ਲੱਗਦੇ ਸਭ ਤੋਂ ਵੱਡੇ ਸਕੂਲ ਵਿੱਚ ਦਾਖਲਾ ਦਵਾ ਦਿੱਤਾ ਸੀ। ਸਾਰਾ ਪਰਿਵਾਰ ਬਹੁਤ ਖੁਸ਼ਹਾਲ ਜੀਵਨ ਬਤੀਤ ਕਰ ਰਿਹਾ ਸੀ। ਮੀਹਣੇ ਕੀ ਕੰਧ ਇਹਨਾਂ ਦੇ ਵਿਹੜੇ ਨਾਲ਼ ਸਾਂਝੀ ਲੱਗਦੀ ਸੀ। ਉਹਨਾਂ ਨਾਲ਼ ਇਹਨਾਂ ਦੀ ਬੋਲ ਬਾਣੀ ਕਈ ਸਾਲਾਂ ਤੋਂ ਬੰਦ ਸੀ। ਜੱਸੀ ਦੇ ਵਿਆਹ ਵੇਲ਼ੇ ਇਹਨਾਂ ਨੇ ਉਹਨਾਂ ਨੂੰ ਨੀ ਬੁਲਾਇਆ ਸੀ ਤੇ ਉਹਨਾਂ ਦੇ ਦੋਵੇਂ ਮੁੰਡਿਆਂ ਦੇ ਵਿਆਹਾਂ ਵਿੱਚ ਇਹਨਾਂ ਨੂੰ ਨੀ ਬੁਲਾਇਆ ਸੀ। ਇੰਝ ਸਮਝੋ ਕਿ ਦੋਵੇਂ ਘਰਾਂ ਦਾ ਹੱਡ ਕੁੱਤੇ ਦਾ ਵੈਰ ਸੀ।
ਜਦ ਨੀਟੂ ਸਕੂਲ ਜਾਣ ਲੱਗਿਆ ਤਾਂ ਉਸ ਨੂੰ ਸਕੂਲ ਦੀ ਬੱਸ ਗਲ਼ੀ ਤੋਂ ਬਾਹਰ ਫਿਰਨੀ ਤੋਂ ਲੈਕੇ ਜਾਂਦੀ। ਮੀਹਣੇ ਦੇ ਦੋਵੇਂ ਮੁੰਡਿਆਂ ਦੇ ਤਿੰਨ ਜਵਾਕ ਵੀ ਉਸੇ ਬੱਸ ਵਿੱਚ ਉਸੇ ਸਕੂਲ ਪੜ੍ਹਨ ਜਾਂਦੇ ਸਨ। ਉਹਨਾਂ ਦੇ ਛੋਟੇ ਮੁੰਡੇ ਦੀ ਕੁੜੀ ਤਾਂ ਨੀਟੂ ਦੀ ਕਲਾਸ ਵਿੱਚ ਹੀ ਪੜ੍ਹਦੀ ਸੀ। ਮਨਰਾਜ ਹਰ ਰੋਜ਼ ਨੀਟੂ ਨੂੰ ਬੱਸ ਚੜ੍ਹਾਉਣ ਜਾਂਦੀ ਤਾਂ ਪਹਿਲਾਂ ਪਹਿਲ ਤਾਂ ਮੀਹਣੇ ਦੀ ਛੋਟੀ ਨੂੰਹ ਤੇ ਮਨਰਾਜ ਇੱਕ ਦੂਜੇ ਵੱਲ ਨੂੰ ਪਿੱਠ ਕਰਕੇ ਖੜ੍ਹਦੀਆਂ ਤੇ ਬੱਸ ਆਉਣ ਤੇ ਬੱਚਿਆਂ ਨੂੰ ਬੱਸ ਵਿੱਚ ਚੜ੍ਹਾ ਕੇ ਇੱਕ ਦੂਜੇ ਤੋਂ ਦੂਰੀ ਬਣਾ ਕੇ ਆਪਣੇ ਆਪਣੇ ਘਰੀਂ ਆ ਵੜਦੀਆਂ। ਫੇਰ ਹੌਲੀ ਹੌਲੀ ਨੀਟੂ ਤੇ ਉਹਨਾਂ ਦੀ ਛੋਟੀ ਕੁੜੀ ਬੱਸ ਵਿੱਚੋਂ ਗੱਲਾਂ ਕਰਦੇ ਉਤਰਦੇ ਕਿਉਂ ਕਿ ਉਹ ਜਮਾਤੀ ਸਨ ਤਾਂ ਉਹਨਾਂ ਦੀਆਂ ਮਾਵਾਂ ਕੰਡਕਟਰ ਤੋਂ ਆਪਣਾ ਆਪਣਾ ਬੱਚਾ ਲੈ ਕੇ ਇੱਕ ਦੂਜੇ ਨੂੰ ਵੇਖ ਕੇ ਮੁਸਕਰਾ ਕੇ ਬਿਨਾਂ ਬੋਲੇ ਆ ਜਾਂਦੀਆਂ। ਫਿਰ ਹੌਲ਼ੀ ਹੌਲ਼ੀ ਸਕੂਲ ਦੇ ਕੰਮ ਜਾਂ ਹੋਰ ਜਾਣਕਾਰੀ ਬਾਰੇ ਪੁੱਛਣ ਦੇ ਬਹਾਨੇ ਇੱਕ ਦੂਜੇ ਨਾਲ ਮਾੜੀ ਮੋਟੀ ਗੱਲ ਕਰਦੀਆਂ ਤੇ ਫਿਰ ਇੱਕ ਦੂਜੇ ਦੇ ਘਰ ਵੀ ਆਉਣ ਜਾਣ ਲੱਗ ਪਈਆਂ। ਜਦ ਇਸ ਤਰ੍ਹਾਂ ਟੁੱਟ ਕੇ ਚਿਰ ਬਾਅਦ ਨਵੀਂ ਨਵੀਂ ਵਰਤੋਂ ਸ਼ੁਰੂ ਹੋਈ ਹੋਵੇ ਤਾਂ ਇੱਕ ਵਾਰ ਪਿਆਰ ਜ਼ਿਆਦਾ ਹੀ ਵਧ ਜਾਂਦਾ ਹੈ। ਹੁਣ ਤਾਂ ਦੋਹਾਂ ਘਰਾਂ ਦਾ ਪਿਆਰ ਐਨਾ ਵਧ ਗਿਆ ਸੀ ਕਿ ਲੋਕ ਵੀ ਇਹਨਾਂ ਦੇ ਪਿਆਰ ਦੀਆਂ ਗੱਲਾਂ ਕਰਨ ਲੱਗ ਪਏ ਸਨ। ਮੀਹਣੇ ਦੇ ਪੋਤੇ ਪੋਤੀਆਂ ਮਨਰਾਜ ਦੇ ਘਰ ਤੇ ਮਨਰਾਜ ਦਾ ਮੁੰਡਾ ਮੀਹਣੇ ਦੇ ਘਰ ਸਾਰਾ ਸਾਰਾ ਦਿਨ ਖੇਡਦੇ ਰਹਿੰਦੇ। ਇਹੀ ਹਾਲ ਉਹਨਾਂ ਦੀਆਂ ਮਾਵਾਂ ਦਾ ਸੀ। ਮੀਹਣੇ ਦੀ ਘਰਵਾਲ਼ੀ ਨੇ ਹੌਲ਼ੀ ਹੌਲ਼ੀ ਮਨਰਾਜ ਨੂੰ ਸੱਸ ਖ਼ਿਲਾਫ਼ ਚੱਕਣਾ ਸ਼ੁਰੂ ਕਰ ਦਿੱਤਾ,” ਨੀ ਕੁੜੇ ਮਨਰਾਜ….. ਤੇਰੀ ਸੱਸ ਕੋਲ ਤਾਂ ਬਹੁਤ ਪੈਸਾ….. ਤੇਰਾ ਸਹੁਰਾ ਛੱਡ ਕੇ ਗਿਆ ਹੋਇਆ….. ਆਏਂ ਤਾਂ ਹੁਣ ਓਹਨੇ ਮਾੜਾ ਮੋਟਾ ਤੁਹਾਡੇ ਨਾਂ ਵੀ ਕਰਵਾਤਾ ਹੋਣੈਂ….. ਕਿ ਨਹੀਂ?…….ਊਂ ਤਾਂ ਸਿਆਣੇ ਬੰਦੇ ਨੇ ਆਪਣੇ ਕੋਲ ਐਨਾ ਪੈਸਾ ਰੱਖ ਕੇ ਕੀ ਕਰਨਾ….. ਆਹ ! ਦਮ ਦਾ ਕੀ ਭਰੋਸਾ ਹੁੰਦਾ…..ਆਇਆ ਕਿ ਨਾ….!”
“ਕਿਹੜਾ ਪੈਸਾ ਤਾਈ ਜੀ…… ਮੈਨੂੰ ਤਾਂ ਅੱਜ ਤੱਕ ਨੀ ਦੱਸਿਆ ਕਿਸੇ ਨੇ…..!” ਮਨਰਾਜ ਬੋਲੀ।
“….ਲੈ ਦੱਸ….. ਕੱਲੀ ਕੱਲੀ ਨੂੰਹ ਹੋਵੇ……ਤੇ …… ਓਹਦੇ ਤੋਂ ਈ ਮਾਂ ਪੁੱਤ ਲਕੋ ਰੱਖੀ ਜਾਂਦੇ ਨੇ….. ਹੱਦ ਹੋ ਗਈ…… ਭਾਈ…..ਆਪਣਾ ਤਾਂ ਸਭ ਕੁਝ ਦੋਹੇਂ ਨੂੰਹਾਂ ਦੇ ਸਾਮ੍ਹਣੇ ਆ ……… ਰੱਬ ਨੂੰ ਜਾਨ ਦੇਣੀ ਆ……. ਕਦੇ ਧੇਲੇ ਦਾ ਲੁਕੋ ਨੀ ਰੱਖਿਆ….. ਚੰਗਾ ਹੁਣ…. ਆਪਣੀ ਸੱਸ ਨੂੰ ਨਾ ਪੁੱਛਣ ਬਹਿਜੀਂ…… ਮੇਰੀ ਗੁੱਤ ਮੁਨੂੰਗੀ…… ਆਖੂਗੀ ਮੇਰੀ ਨੂੰਹ ਨੂੰ ਚੱਕਦੀ ਆ…… ਆਪਣੀ ਤਾਂ ਊਈਂ ਆਦਤ ਨੀ…. ਕਿਸੇ ਦੀ ਵੀ ਨੂੰਹ ਧੀ ਕੋਲ਼ ਏਧਰ ਓਧਰ ਦੀਆਂ ਲੂਤੀਆਂ ਲਾਉਣ ਦੀ….!” ਤਾਈ ਬੋਲੀ।
ਮਨਰਾਜ ਘਰ ਆ ਗਈ। ਉਸ ਨੇ ਰਾਤ ਨੂੰ ਜੱਸੀ ਨੂੰ ਪੁੱਛਿਆ,” ਆਪਣੇ ਬੀਜੀ ਕੋਲ਼ ਕਿੰਨਾ ਕੁ ਪੈਸਾ ਹੋਊ ਜੱਸੀ….?”
“ਕਿਉਂ….?”
“ਮੈਂ ਤਾਂ ਊਈਂ ਪੁੱਛਿਆ….!”
” ਆਪਾਂ ਨੇ ਕੀ ਲੈਣਾ ਬੀਜੀ ਦੇ ਪੈਸਿਆਂ ਤੋਂ…. ਮੇਰੀ ਤਨਖਾਹ ਚੰਗੀ ਆ….. ਤੈਨੂੰ ਦੱਸ ਕਿਸੇ ਚੀਜ਼ ਦੀ ਕਮੀ ਆ….?”ਜੱਸੀ ਨੇ ਥੋੜ੍ਹੇ ਜਿਹੇ ਗਰਮ ਲਹਿਜੇ ਵਿੱਚ ਕਿਹਾ।
“ਹੱਦ ਹੋ ਗਈ ਜੱਸੀ….. ਤੁਸੀਂ ਤਾਂ ਮੈਨੂੰ ਆਏਂ ਬੋਲਦੇ ਓਂ ਜਿਵੇਂ ਮੈਂ ਪੁੱਛ ਕੇ ਗੁਨਾਹ ਕਰ ਲਿਆ ਹੋਵੇ….. ਨਾਲ਼ੇ ਮੈਂ ਘਰ ਦੀ ਕੱਲੀ ਕੱਲੀ ਨੂੰਹ ਆਂ…… ਜੇ ਤੁਸੀਂ ਮਾਂ ਪੁੱਤ ਮੇਰੇ ਤੋਂ ਈ ਪਰਦੇ ਰੱਖੀ ਜਾਵੋਗੇ….. ਤਾਂ ਤੁਹਾਨੂੰ ਸ਼ਰਮ ਨੀ ਆਉਂਦੀ….?” ਮਨਰਾਜ ਵੀ ਉੱਚੀ ਬੋਲੀ।
ਦੋਹਾਂ ਦਾ ਤਕਰਾਰ ਹੋ ਗਿਆ।
ਸਵੇਰੇ ਦੋਹਾਂ ਦੇ ਮੂੰਹ ਵੱਟੇ ਹੋਏ ਸਨ।ਉਸ ਦੀ ਸੱਸ ਨੇ ਜੱਸੀ ਦੇ ਜਾਣ ਤੋਂ ਬਾਅਦ ਮਨਰਾਜ ਨੂੰ ਪੁੱਛਿਆ,” ਮਨਰਾਜ….. ਤੇਰੀ ਤੇ ਜੱਸੀ ਦੀ ਕੋਈ ਗੱਲ ਹੋਈ ਆ…..?… ਦੋਵੇਂ ਖਿਝੇ ਪਏ ਸੀ…!”
“ਪੁਆੜੇ ਤਾਂ ਥੋਡੇ ਈ ਪਾਏ ਹੋਏ ਨੇ….. ਵਿਆਹੁਣ ਵੇਲੇ ਤਾਂ ਕਹਿ ਦਿੰਦੇ ਆ ਅਸੀਂ ਧੀ ਬਣਾ ਕੇ ਰੱਖਾਂਗੇ…..ਮਾਤਾ….. ਨੂੰਹ ਨੂੰ ਧੀ ਸਮਝਣ ਚ ਬਹੁਤ ਫ਼ਰਕ ਹੁੰਦਾ….!” ਮਨਰਾਜ ਬੋਲੀ।
ਉਸ ਦੀ ਸੱਸ ਤੌਰ ਭੌਰ ਹੋਈ ਆਖਦੀ ਹੈ,” ਤੂੰ ਦੱਸ….. ਐਨੇ ਸਾਲਾਂ ‘ਚ ਅਸੀਂ ਤੈਨੂੰ ਕੋਈ ਕਮੀ ਰੱਖੀ ਆ….?”
ਉਸ ਦਾ ਜਵਾਬ ਦਿੱਤੇ ਬਿਨਾਂ ਮੂੰਹ ਵਿੱਚ ਬੁੜ ਬੁੜ ਕਰਦੀ ਮਨਰਾਜ ਆਪਣੇ ਕਮਰੇ ਵਿੱਚ ਚਲੀ ਗਈ।
ਅਗਲੇ ਦਿਨ ਤੋਂ ਹੀ ਨੀਟੂ ਨੂੰ ਸਕੂਲੋਂ ਛੁੱਟੀਆਂ ਹੋ ਗਈਆਂ ਸਨ। ਮਨਰਾਜ ਨੇ ਜੱਸੀ ਨੂੰ ਪੇਕੇ ਛੱਡ ਕੇ ਆਉਣ ਦੀ ਜ਼ਿੱਦ ਫੜ ਲਈ। ਉਸ ਦੀ ਸੱਸ ਨੇ ਜੱਸੀ ਨੂੰ ਕਿਹਾ ਕਿ ਮਨਰਾਜ ਨੂੰ ਪੇਕੇ ਛੱਡ ਆਏ ਕਿਉਂ ਕਿ ਉੱਥੇ ਜਾ ਕੇ ਉਸ ਦਾ ਦਿਲ ਹੋਰ ਹੋ ਜਾਵੇਗਾ। ਜੱਸੀ ਨੀਟੂ ਤੇ ਮਨਰਾਜ ਨੂੰ ਛੁੱਟੀਆਂ ਕਰਕੇ ਥੋੜ੍ਹੇ ਦਿਨਾਂ ਲਈ ਛੱਡ ਆਇਆ। ਮਨਰਾਜ ਨੇ ਪੇਕੇ ਜਾ ਕੇ ਆਪਣੀ ਸੱਸ ਤੇ ਜੱਸੀ ਦਾ ਫ਼ੋਨ ਚੱਕਣਾ ਬੰਦ ਕਰ ਦਿੱਤਾ। ਜੱਸੀ ਦੋ ਵਾਰ ਲੈਣ ਵੀ ਗਿਆ ਮਨਰਾਜ ਨੇ ਨਾਲ਼ ਆਉਣ ਦੀ ਕੋਰੀ ਨਾਂਹ ਕਰ ਦਿੱਤੀ। ਕੁਝ ਮਹੀਨਿਆਂ ਬਾਅਦ ਨੀਟੂ ਦਾ ਸਕੂਲ ਵਿੱਚੋਂ ਨਾਂ ਵੀ ਕੱਟਿਆ ਗਿਆ। ਪੰਚਾਇਤਾਂ ਲੈ ਕੇ ਵੀ ਜੱਸੀ ਮਨਰਾਜ ਨੂੰ ਲੈਣ ਗਿਆ। ਉਹਦੀ ਮਾਂ ਨੇ ਕਹਿ ਦਿੱਤਾ,” ਤੇਰੀ ਮਾਂ ਦੇ ਨਾਂ ਜਿਹੜਾ ਪੈਸਾ ਤੇ ਕੋਠੀ ਮੇਰੀ ਕੁੜੀ ਦੇ ਨਾਂ ਲਵਾ ਦੋ…. ਅਸੀਂ ਕੁੜੀ ਤੋਰ ਦਿੰਨੇ ਆਂ……!”
“ਜਿੰਨਾ ਚਿਰ ਬੀਜੀ ਬੈਠੇ ਆ…..ਇਹ ਕਿਵੇਂ ਹੋ ਸਕਦਾ ਬੀਬੀ ਜੀ…..ਸਾਰਾ ਕੁਛ ਸਾਡਾ ਈ ਤਾਂ ਹੈ….!” ਜੱਸੀ ਨੇ ਕਿਹਾ।
“ਭਾਈ…. ਅਸੀਂ ਆਪਣੇ ਕਾਲਜੇ ਦਾ ਟੁਕੜਾ ਦਿੱਤਾ ਥੋਨੂੰ….. ਸਾਨੂੰ ਵੀ ਕੋਈ ਗਰੰਟੀ ਹੋਵੇ….. ਕਿ ਇਹਦਾ ਵੀ ਉੱਥੇ ਕੁਛ ਹੈਗਾ…..!” ਮਨਰਾਜ ਦੀ ਮਾਂ ਬੋਲੀ।
“ਬੀਬੀ ਜੀ….. ਤੁਸੀਂ ਕਿਹੋ ਜਿਹੀਆਂ ਗੱਲਾਂ ਕਰਦੇ ਓ….. ਅਸੀਂ ਸਭ ਇਹਦੇ ਈ ਤਾਂ ਹਾਂ…..!”
ਪਰ ਉਹ ਕਿੱਥੇ ਮੰਨਣ ਵਾਲੇ ਸਨ। ਤਿੰਨ ਸਾਲ ਬੀਤ ਗਏ। ਹੁਣ ਉਸ ਨੇ ਕਚਹਿਰੀਆਂ ਵਿੱਚ ਖਰਚੇ ਦਾ ਕੇਸ ਕਰ ਦਿੱਤਾ। ਉੱਧਰੋਂ ਓਹਦੇ ਇੱਕ ਭਰਾ ਦਾ ਵਿਆਹ ਹੋ ਗਿਆ। ਕੁਝ ਮਹੀਨਿਆਂ ਬਾਅਦ ਭਰਜਾਈ ਨੂੰ ਉਹ ਰੜਕਣ ਲੱਗੀ। ਘਰ ਵਿੱਚ ਹੀ ਮਾਂ ਨਾਲ ਮਨਰਾਜ ਅੱਡ ਰਹਿਣ ਲੱਗੀਆਂ ਤੇ ਉਸ ਦੇ ਭਰਾ ਭਰਜਾਈ ਅੱਡ ਰਹਿਣ ਲੱਗੇ। ਇੱਕ ਦਿਨ ਮਨਰਾਜ ਦੇ ਪੇਟ ਤੇ ਇੱਕ ਫਿਨਸੀ ਹੋਈ ਤਾਂ ਉਹ ਅਜੀਬ ਤਰੀਕੇ ਨਾਲ ਵਧਣ ਲੱਗੀ। ਮਾੜੀ ਮੋਟੀ ਦਵਾਈ ਨਾਲ ਫ਼ਰਕ ਨਾ ਪੈਂਦਾ ਦੇਖ ਕੇ ਵੱਡੇ ਡਾਕਟਰ ਨੂੰ ਦਿਖਾਇਆ,ਟੈਸਟ ਕੀਤੇ ਤਾਂ ਮਨਰਾਜ ਨੂੰ ਮੁੱਢਲੀ ਸਟੇਜ ਦੀ ਕੈਂਸਰ ਨਿਕਲ ਆਈ। ਡਾਕਟਰ ਨੇ ਛੇਤੀ ਤੋਂ ਛੇਤੀ ਇਲਾਜ ਕਰਵਾਉਣ ਲਈ ਕਿਹਾ ਤੇ ਉਸ ਦਾ ਖਰਚਾ ਦਸ ਲੱਖ ਰੁਪਏ ਦੱਸ ਦਿੱਤਾ। ਮਾਂ ਦੀ ਹੈਸੀਅਤ ਤੋਂ ਬਾਹਰ ਸੀ।ਹੁਣ ਕਿਸੇ ਰਾਹੀਂ ਜੱਸੀ ਨੂੰ ਆਪਣੀ ਬੀਮਾਰੀ ਬਾਰੇ ਦੱਸਿਆ ਤਾਂ ਅਗਲੇ ਦਿਨ ਹੀ ਜੱਸੀ ਤੇ ਉਸ ਦੇ ਬੀਜੀ ਉਸ ਨੂੰ ਲੈਣ ਚਲੇ ਗਏ ਕਿਉਂ ਕਿ ਉਹਨਾਂ ਨੂੰ ਨੀਟੂ ਦੇ ਭਵਿੱਖ ਦੀ ਵੀ ਚਿੰਤਾ ਸੀ। ਮਨਰਾਜ ਨੂੰ ਲਿਆ ਕੇ ਉਸ ਦਾ ਵੱਡੇ ਤੋਂ ਵੱਡੇ ਡਾਕਟਰ ਤੋਂ ਇਲਾਜ ਕਰਵਾਇਆ। ਉਸ ਨੂੰ ਉਸ ਦੀ ਸੱਸ ਨੇ ਧੀਆਂ ਵਾਂਗ ਧਿਆਨ ਰੱਖਿਆ।ਦਸ ਬਾਰਾਂ ਲੱਖ ਰੁਪਏ ਇਲਾਜ ਤੇ ਲਾਏ। ਹੁਣ ਮਨਰਾਜ ਨੂੰ ਨਾ ਪੇਕੇ ਚੰਗੇ ਲੱਗਦੇ ਨਾ ਗੁਆਂਢੀ…. ਬੱਸ ਘਰ ਵਿੱਚ ਆਪਣੀ ਸੱਸ ਨਾਲ ਪਹਿਲਾਂ ਵਾਂਗ ਖੁਸ਼ ਰਹਿਣ ਲੱਗੀ। ਇੱਕ ਦਿਨ ਮੀਹਣੇ ਦੀ ਘਰਵਾਲ਼ੀ ਉਸ ਦੀ ਖ਼ਬਰ ਲੈਣ ਆਈ ਤਾਂ ਆਖਣ ਲੱਗੀ,”ਕੁੜੇ ਠੀਕ ਹੋ ਕੇ…. ਮੇਰੀਆਂ ਨੂੰਹਾਂ ਕੋਲ਼ੇ ਵੀ ਚੱਕਰ ਲਾ ਆਵੀਂ….ਓਦਰੀਆਂ ਪਈਆਂ ਨੇ ਤੇਰੇ ਬਿਨ੍ਹਾਂ…..!” ਮਨਰਾਜ ਨੇ ਕੋਈ ਜਵਾਬ ਨਾ ਦਿੱਤਾ।
ਓਹਦੇ ਜਾਣ ਤੋਂ ਬਾਅਦ ਉਸ ਦੀ ਸੱਸ ਨੇ ਉਸ ਨੂੰ ਜਵਾਬ ਨਾ ਦੇਣ ਬਾਰੇ ਪੁੱਛਿਆ ਤਾਂ ਉਹ ਆਖਣ ਲੱਗੀ,” ਬੀਜੀ….. ਹੁਣ ਤੱਕ ਇਹਦੀ ਸੁੱਟੀ ਚੰਗਿਆੜੀ ਨਾਲ਼ ਈ….. ਆਪਣੇ ਘਰ ਅੱਗ ਲੱਗੀ ਰਹੀ ਆ…..!” (ਦੋਵੇਂ ਇੱਕ ਦੂਜੇ ਦੀਆਂ ਅੱਖਾਂ ਵਿੱਚ ਅੱਖਾਂ ਪਾ ਕੇ ਦੇਖਦੀਆਂ ਹਨ ਤੇ ਸਭ ਕੁਝ ਸਮਝ ਜਾਂਦੀਆਂ ਹਨ) ਜਿਵੇਂ ਮਨਰਾਜ ਆਪਣੀ ਸੱਸ ਨੂੰ ਕਹਿ ਰਹੀ ਹੋਵੇ ਕਿ ਹੁਣ ਉਹ ਲੋਕਾਂ ਦੀਆਂ ਗੱਲਾਂ ਵਿੱਚ ਕਦੇ ਨਹੀਂ ਆਵੇਗੀ ਕਿਉਂਕਿ ਅਸਲ ਵਿੱਚ ਆਪਣੇ ਘਰ ਵਿੱਚ ਪਿਆਰ ਨਾਲ ਰਹਿਣਾ ਈ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
9988901324
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly