ਆਜ਼ਾਦੀ (ਕਹਾਣੀ)

ਸਤਨਾਮ ਸ਼ਦੀਦ ਸਮਾਲਸਰ

(ਸਮਾਜ ਵੀਕਲੀ)-ਪਿੰਡੋ ਤੋਂ ਬਾਹਰ ਨਹਿਰ ਕੋਲ ਬਣੇ ਸਕੂਲ ਵਿੱਚ ਅੱਜ ਪੰਦਰਾਂ ਅਗਸਤ ਨੂੰ ਆਜ਼ਾਦੀ ਦਾ ਬਹੁਤ ਵੱਡਾ ਸਮਾਗਮ ਮਨਾਇਆ ਜਾ ਰਿਹਾ ਸੀ। ਸਕੂਲ ਦੇ ਬਾਹਰ ਟੈਂਟ ਵਿੱਚ ਕੁਰਸੀਆਂ ਲਾ ਕੇ ਵੱਡਾ ਸਾਰਾ ਪੰਡਾਲ ਸਜਾਇਆ ਹੋਇਆ ਸੀ , ਪੰਡਾਲ ਦੇ ਸਾਹਮਣੇ ਇੱਕ ਉੱਚਾ ਜਿਹਾ ਮੰਚ ਲਗਾ ਕੇ ਮੋਹਤਬਾਰ ਬੰਦਿਆਂ ਦੇ ਬੈਠਣ ਲਈ ਸੋਫੇ ਲਗਾ ਕੇ ਟੇਬਲਾਂ ਉੱਤੇ ਖਾਣ ਲਈ ਕਈ ਤਰ੍ਹਾਂ ਦੇ ਮੇਵੇ ਰੱਖੇ ਹੋਏ ਸਨ। ਸਕੂਲ ਦੇ ਬੱਚਿਆਂ ਸਮੇਤ ਉਨ੍ਹਾਂ ਦੇ ਮਾਤਾ ਪਿਤਾ ਵੀ ਇਸ ਆਜ਼ਾਦੀ ਦੇ ਸਮਾਗਮ ਵਿੱਚ ਪਹੁੰਚੇ ਹੋਏ ਸਨ।ਦੇਸ਼ ਭਗਤੀ ਦੇ ਗੀਤ ਚੱਲ ਰਹੇ ਸਨ , ਏਨੇ ਨੂੰ ਇੱਕ ਮੰਤਰੀ ਦੀ  ਹੂਟਰ ਮਾਰਦੀ ਗੱਡੀ ਸਕੂਲ ਵਿੱਚ ਦਾਖਲ ਹੁੰਦੀ ਹੈ , ਜਿੰਨ੍ਹਾਂ ਦੇ ਨਾਲ ਦਸ ਬਾਰਾਂ ਹੋਰ ਗੱਡੀਆਂ ਅਤੇ ਕਿੰਨ੍ਹੇ ਸਾਰੇ ਪੁਲਿਸ ਵਾਲੇ ਵੀ ਸਨ। ਮੰਤਰੀ ਸਾਹਿਬ ਦੇ ਆਉਂਦਿਆਂ ਹੀ ਉਨ੍ਹਾਂ ਦੇ ਹਾਰ ਪਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਗਿਆ ਫੇਰ ਦੇਸ਼ ਦਾ ਤਿਰੰਗਾ ਝੰਡਾ ਲਹਿਰਾਇਆ ਗਿਆ ਤੇ ਗੀਤ ਚੱਲਿਆ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ ।ਇਹ ਸਭ ਸਕੂਲ ਦੇ ਬਾਹਰਲੀ ਕੰਧ ਕੋਲ ਪਹੀ ਤੋਂ ਪੱਠੇ ਖੋਤਦੀ ਗੇਲੋ ਦੀ ਕੁੜੀ ਪੰਜ-ਛੇ ਸਾਲਾਂ ਦੀ ਕੁੜੀ ਭਿੱਲੀ ਸਕੂਲ ਦੀ ਕੰਧ ਨਾਲ ਖੜ੍ਹੀ ਆਪਣੀ ਪੱਠਿਆਂ ਵਾਲੀ ਰੇਹੜੀ ‘ਤੇ ਖੜ੍ਹੀ ਦੇਖ ਰਹੀ ਸੀ। ਉਹ ਸਕੁੂਲ ਬੱਚਿਆਂ ਨੂੰ ਹੱਸਦੇ ਗਾਉਂਦੇ ਵੇਖਦੀ ਆਪਣੇ ਆਪ ਵਿੱਚ ਖੁਸ਼ ਹੋਈ ਜਾਂਦੀ ਸੀ ।ਏਨੇ ਨੂੰ ਮੰਤਰੀ ਸਾਹਬ ਨੂੰ ਮੰਚ ਤੇ ਆਉਣ ਦਾ ਸੱਦਾ ਦਿੱਤਾ ਗਿਆ , ਉਹ ਆਪਣੇ ਦੋ ਗੰਨਮੈਨਾਂ ਨਾਲ ਮੰਚ ‘ਤੇ ਆਏ ਤੇ ਆਪਣਾ ਲੱਛੇਦਾਰ ਭਾਸ਼ਣ ਦਿੰਦੇ ਹੋਏ ਕਹਿਣ ਲੱਗੇ , ਦੇਸ਼ ਵਾਸੀਓ ! ਅਸੀਂ ਅੱਜ ਆਪਣਾ ਸੱਤਰਵਾਂ ਆਜ਼ਾਦੀ ਦਿਹਾੜਾ ਮਨ੍ਹਾ ਰਹੇ ਹਾਂ। ਅੱਜ ਸਾਨੂੰ ਆਜ਼ਾਦੀ ਮਿਲਿਆ ਸਤੱਤਰ ਸਾਲ ਹੋ ਗਏ।ਆਜ਼ਾਦੀ ਮਿਲਣ ਤੋਂ ਪਹਿਲਾਂ ਅਸੀਂ ਅੰਗਰੇਜ਼ਾਂ ਦੇ ਗੁਲਾਮ ਹੁੰਦੇ ਸੀ ਜਿੰਨ੍ਹਾਂ ਨੇ ਸਾਨੂੰ ਸੌ ਸਾਲਾਂ ਤੱਕ ਗੁਲਾਮ ਬਣਾ ਕੇ ਰੱਖਿਆ।ਅਸੀਂ ਆਪਣੀ ਮਰਜ਼ੀ ਨਾਲ ਕੋਈ ਕੰਮ ਨਹੀਂ ਕਰ ਸਕਦੇ ਸੀ , ਅਸੀਂ ਕਿਤੇ ਜਾ ਨਹੀਂ ਸਕਦੇ ਸੀ, ਅਸੀਂ ਮਰਜ਼ੀ ਨਾਲ ਕੁਝ ਖਾ ਨਹੀ ਸਕਦੇ ਸੀ,  ਇੱਥੋਂ ਤੱਕ ਅਸੀਂ ਆਪਣੇ ਖੇਤਾਂ ਵਿੱਚ ਫਸਲ ਬੀਜ਼ ਨੀ ਸਕਦੇ ਸੀ ਕੱਟ ਨਹੀਂ ਸਕਦੇ ਸੀ। ਅਸੀਂ ਪੂਰੀ ਤਰ੍ਹਾਂ ਨਾਲ ਅੰਗਰੇਜ਼ਾਂ ਦੇ ਗੁਲਾਮ ਸੀ।” ਹੁਣ ਜਦੋਂ ਮਾਂ ਪੱਠਿਆਂ ਦਾ ਥੱਬਾ ਭਰ ਕੇ ਰੇਹੜੀ ਸੁੱਟਣ ਲੱਗੀ ਤਾਂ ਕੰਧ ਨਾਲ ਖੜ੍ਹੀ ਭਿੱਲੀ ਨੇ ਮਾਂ ਨੂੰ ਕਿਹਾ, ” ਮਾਂ ਇਹ ਅਜ਼ਾਦੀ ਕੀ ਹੁੰਦੀ ਏ ਮਾਂ ” ਨੇ ਚੁੰਨੀ ਦੇ ਪੱਲੇ ਨਾਲ ਆਪਣਾ ਮੁੜਕਾ ਪੂੰਝਦਿਆਂ ਕਿਹਾ, ” ਧੀਏ ਇਹ ਅਜ਼ਾਦੀ ਮਹਿਲਾ ਵਿੱਚ ਵੱਸਦੀ ਏ ਤੇ ਗੱਡੀਆਂ ਵਿੱਚ ਘੁੰਮਦੀ ਏ , ਸਾਡੇ ਕੁੱਤੀ ਦੇ ਘੂਰਨਿਆਂ ਵਰਗੇ ਘਰਾਂ ਤੋਂ ਡਰਦੀ ਆ ਇਹ ਅਜ਼ਾਦੀ।” ਮਾਂ ਦੇ ਕਹੇ ਬੋਲਾਂ ਦੀ ਭਿੱਲੀ ਨੂੰ ਰਤਾ ਵੀ ਸਮਝ ਨਾ ਆਈ ਤੇ ਉਹ ਫੇਰ ਕਹਿਣ ਲੱਗੀ, ” ਮਾਂ ਅੱਜ ਆਪਾਂ ਵੀ ਅਜ਼ਾਦੀ ਦਿਹਾੜਾ ਮਨਾਵਾਂਗੇ ਘਰੇ ਜਾ ਕੇ।” ਏਨੇ ਨੂੰ ਖੇਤ ਦੇ ਮਾਲਕ ਨੇ ਪਹੀ ‘ਤੇ ਖੜ੍ਹ ਕੇ ਅਵਾਜ਼ ਦਿੰਦਿਆਂ ਕਿਹਾ, ” ਕਿਹੜੀ ਐ ਤੂੰ ਸਾਡਾ ਝੋਨਾ ਮਿੱਧਦੀ ਫਿਰਦੀ ਐਂ , ਤੇਰੇ ਪਿਉ ਦਾ ਖੇਤ ਐ , ਆ ਜਾਂਦੀਆਂ ਮੂੰਹ ਚੱਕ ਕੇ , ਆਹ ਪੱਠੇ ਇੱਥੇ ਹੀ ਰੱਖ ਜਾ ਨਹੀਂ ਤਾਂ ਮੈਥੋਂ ਬੁਰਾ ਕੋਈ ਨੀ ਹੋਣਾ।” ਜਿਮੀਂਦਾਰ ਦੇ ਮਾਂ ਨੂੰ ਮਾਰੇ ਦਬਕੇ ਨਾਲ ਕੁੜੀ ਡਰ ਕੇ ਮਾਂ ਦੇ ਨਾਲ ਲੱਗ ਗਈ ਤੇ ਗੇਲੋ ਰੇਹੜੀ ਵਿੱਚ ਲੱਦੇ ਪੱਠੇ ਕੱਢ ਕੇ ਬਾਹਰ ਸੁੱਟਣ ਲੱਗੀ , ਮਾਂ ਨੂੰ ਇਉਂ ਪੱਠੇ ਸੁੱਟਦਿਆਂ ਦੇਖ ਕੁੜੀ ਕਹਿਣ ਲੱਗੀ ” ਮਾਂ ਇਹ ਪੱਠੇ ਆਪਣੇ ਨਹੀਂ , ਅੱਜ ਆਪਾਂ ਗਾਂ ਨੂੰ ਕੀ ਪਾਵਾਂਗੇ।” ਪੁੱਤ ਇਹ ਪੱਠੇ ਆਪਣੇ ਨੀ, ਅਜ਼ਾਦ ਲੋਕਾਂ ਦੇ ਆ , ਆਪਣੀ ਅਜ਼ਾਦੀ ਹਾਲੇ ਦੂਰ ਆ ।” ਏਨੇ ਨੂੰ ਸਟੇਜ਼ ਤੋਂ ਮੰਤਰੀ ਦਾ ਭਾਸ਼ਣ ਖਤਮ ਹੋਇਆ ਤੇ ਜੈ ਹਿੰਦ, ਜੈ ਭਾਰਤ ਤੇ ਮੇਰਾ ਭਾਰਤ ਮਹਾਨ ਦੇ ਨਾਅਰੇ ਪੂਰੇ ਪੰਡਾਲ ਵਿੱਚ ਗੂੰਜ ਉੱਠੇ ਤੇ ਮੰਤਰੀ ਜੀ ਗੱਡੀਆਂ ਵੱਲ ਨੂੰ ਚੱਲ ਪਏ ਤੇ ਵਿਚਾਰੀ ਗੇਲੋ ਖਾਲੀ ਰੇਹੜੀ ਲੈ ਪਿੰਡ ਵੱਲ ਨੂੰ ਮੁੜ ਪਈ।

ਸਤਨਾਮ ਸ਼ਦੀਦ ਸਮਾਲਸਰ

99142-98580

 

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleक्यों नहीं सुनते हैं प्रधानमंत्री!
Next articleਬੂਟੇ ਲਗਵਾ ਕੇ ਮਨਾਇਆ ਧੀ ਦਾ ਜਨਮਦਿਨ