ਏਹੁ ਹਮਾਰਾ ਜੀਵਣਾ ਹੈ -349

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਚੰਨੀ ਕਿੰਨੀ ਮਰੀਅਲ ਜਿਹੀ ਕੁੜੀ ਸੀ, ਵਿਚਾਰੀ ਬਹੁਤੀ ਈ ਗਰੀਬੜੀ ਜਿਹੀ ਸੀ। ਉਸ ਦਾ ਪਿਓ ਮਰੇ ਨੂੰ ਵੀ ਕਈ ਸਾਲ ਹੋ ਗਏ ਸਨ। ਉਸ ਦੀ ਮਾਂ ਵੀ ਸੁੱਕੀ ਜਿਹੀ ਕੁੱਬੀ ਜਿਹੀ ਸੀ। ਉਸ ਦੇ ਦੋ ਹੋਰ ਛੋਟੇ ਭੈਣ ਭਰਾ ਵੀ ਸਨ।ਉਹ ਘਰ ਦਾ ਗੁਜ਼ਾਰਾ ਕਰਨ ਲਈ ਲੋਕਾਂ ਦੇ ਘਰਾਂ ਵਿੱਚ ਭਾਂਡੇ ਮਾਂਜਦੀ ਸੀ। ਚੰਨੀ ਘਰ ਦੇ ਸਾਰੇ ਕੰਮ ਕਰਦੀ ਸੀ । ਉਂਝ ਉਹ ਘਰ ਦੇ ਕੋਲ ਹੀ ਸਰਕਾਰੀ ਸਕੂਲ ਵਿੱਚ ਸੱਤਵੀਂ ਜਮਾਤ ਵਿੱਚ ਪੜ੍ਹਦੀ ਸੀ। ਅੱਧੀ ਛੁੱਟੀ ਵੇਲੇ ਵੀ ਉਹ ਘਰ ਗੇੜਾ ਮਾਰ ਆਉਂਦੀ ਸੀ। ਉਹਨਾਂ ਦਾ ਛੋਟਾ ਜਿਹਾ ਤਾਂ ਘਰ ਸੀ। ਉਸ ਵਿੱਚ ਨਿੱਕਾ ਜਿਹਾ ਵਿਹੜਾ ਸੀ।ਵਿਹੜੇ ਦੇ ਇੱਕ ਪਾਸੇ ਨਲਕਾ ਲੱਗਿਆ ਹੋਇਆ ਸੀ,ਉੱਥੇ ਈ ਖੁਰਾ ਬਣਿਆ ਹੋਇਆ ਸੀ। ਖੁਰੇ ਦੇ ਇੱਕ ਪਾਸੇ ਭਾਂਡੇ ਮਾਂਜਣ ਲਈ ਸਵਾਹ ਦਾ ਅੱਧਾ ਕੁ ਭਰਿਆ ਬੱਠਲ ਪਿਆ ਸੀ। ਨਲ਼ਕੇ ਕੋਲ਼ੇ ਕਿਤੇ ਕਿਤੇ ਕਾਈ ਵੀ ਜੰਮੀ ਹੋਈ ਸੀ। ਉੱਥੇ ਈ ਇੱਕ ਪਾਸੇ ਨਿੱਕਾ ਜਿਹਾ ਗੁਸਲਖਾਨਾ ਸੀ ਜਿਸ ਦੇ ਦਰਵਾਜ਼ੇ ਦੀ ਥਾਂ ਇੱਕ ਪੁਰਾਣੀ ਮੈਲ਼ੀ ਜਿਹੀ ਚਾਦਰ ਦਾ ਪਰਦਾ ਬਣਾ ਕੇ ਟੰਗਿਆ ਹੋਇਆ ਸੀ। ਉਂਝ ਘਰ ਦੇ ਹਾਲਾਤਾਂ ਤੋਂ ਹੀ ਬੱਚਿਆਂ ਦੇ ਰਹਿਣ ਸਹਿਣ ਬਾਰੇ ਪਤਾ ਲੱਗ ਜਾਂਦਾ ਹੈ। ਜਦ ਇਸ ਉਮਰੇ ਸਾਰੇ ਘਰ ਦੇ ਕੰਮਾਂ ਕਾਰਾਂ ਦੀ ਜ਼ਿੰਮੇਵਾਰੀ ਸਿਰ ਤੇ ਹੋਵੇ ਤੇ ਉੱਤੋਂ ਕੋਈ ਕਹਿਣ ਵਾਲ਼ਾ ਨਾ ਹੋਵੇ ਤਾਂ ਪੜ੍ਹਾਈ ਵੱਲ ਧਿਆਨ ਘੱਟ ਈ ਜਾਂਦਾ ਹੈ। ਚੰਨੀ ਵੀ ਪੜ੍ਹਾਈ ਵਿੱਚ ਨਲਾਇਕ ਈ ਸੀ। ਉਂਝ ਸਕੂਲ ਹਰ ਰੋਜ਼ ਜਾਂਦੀ ਸੀ। ਉਸ ਦੀ ਜਮਾਤ ਵਿੱਚ ਹੀ ਕਮਲ ਨਾਂ ਦੀ ਕੁੜੀ ਵੀ ਪੜ੍ਹਦੀ ਸੀ। ਪੜ੍ਹਾਈ ਵਿੱਚ ਤਾਂ ਉਹ ਵੀ ਨਲਾਇਕ ਸੀ।ਪਰ ਉਸ ਦੇ ਘਰ ਦੀ ਹਾਲਤ ਇਸ ਤੋਂ ਜਮ੍ਹਾਂ ਈ ਇਸ ਤੋਂ ਉਲਟ ਸੀ। ਉਹ ਮਾਪਿਆਂ ਦੀ ਇਕਲੌਤੀ ਕੁੜੀ ਸੀ। ਸਿਹਤ ਪੱਖੋਂ ਵੀ ਬਹੁਤ ਮੋਟੀ ਤਕੜੀ ਸੀ। ਮੋਟੀ ਤਕੜੀ ਤਾਂ ਆਪੇ ਹੋਣਾ,ਘਰ ਦਾ ਦੁੱਧ ਘਿਓ ਖੁੱਲ੍ਹਾ ਸੀ ਕਿਉਂਕਿ ਮਾਂ ਨੇ ਮੱਝ ਰੱਖੀ ਹੋਈ ਸੀ । ਉਸ ਦਾ ਪਿਓ ਵੀ ਸਰਕਾਰੀ ਨੌਕਰੀ ਕਰਦਾ ਸੀ। ਬਹੁਤੀ ਲਾਡਲੀ ਹੋਣ ਕਰਕੇ ਮਾਂ ਤਾਂ ਉਸ ਨੂੰ ਕਿਸੇ ਕੰਮ ਨੂੰ ਹੱਥ ਨਹੀਂ ਲਾਉਣ ਦਿੰਦੀ ਸੀ।
          ਇੱਕ ਦਿਨ ਸਕੂਲ ਸਾਇੰਸ ਵਾਲ਼ੀ ਅਧਿਆਪਕਾ ਨੇ ਜਮਾਤ ਵਿੱਚ ਕੰਮ ਨਾ ਕਰਕੇ ਆਉਣ ਵਾਲੇ ਬੱਚਿਆਂ ਨੂੰ ਖੜ੍ਹਾ ਕਰ ਲਿਆ। ਨਾ ਚੰਨੀ ਨੇ ਕੰਮ ਕੀਤਾ ਹੋਇਆ ਸੀ ਤੇ ਨਾ ਹੀ ਕਮਲ ਨੇ ਕੰਮ ਕੀਤਾ ਸੀ। ਚੰਨੀ ਬਹੁਤੀ ਕਮਜ਼ੋਰ ਜਿਹੀ ਹੋਣ ਕਰਕੇ ਤੇ ਦੂਜਾ ਡਰ ਕੇ ਵਿੰਗੀ ਜਿਹੀ ਹੋਈ ਖੜ੍ਹੀ ਸੀ। ਭੈਣ ਜੀ ਦੀ ਕੁੱਟ ਤੋਂ ਡਰਦੀ ਉਹ ਕੰਬ ਵੀ ਰਹੀ ਸੀ।ਓਧਰ ਕਮਲ ਬਿਲਕੁਲ ਬੇਫ਼ਿਕਰੀ ਨਾਲ਼ ਪੂਰੇ ਆਤਮਵਿਸ਼ਵਾਸ ਨਾਲ ਸਿੱਧੀ ਖੜੀ ਆਪਣੀਆਂ ਦੂਜੀਆਂ ਹੋਰ ਬੈਠੀਆਂ ਸਹੇਲੀਆਂ ਵੱਲ ਵੇਖ ਕੇ ਮਿੰਨਾ ਮਿੰਨਾ ਮੁਸਕਰਾ ਰਹੀ ਸੀ ਜਿਵੇਂ ਭੈਣ ਜੀ ਦਾ ਮਜ਼ਾਕ ਉਡਾ ਰਹੀ ਹੋਵੇ। ਉਸ ਨੂੰ ਕੁੱਟ ਦਾ ਕੋਈ ਡਰ ਨਹੀਂ ਸੀ। ਭੈਣ ਜੀ ਵੀ ਆਪ ਕੁਰਸੀ ਤੇ ਬੈਠੀ,ਖੜ੍ਹੇ ਬੱਚਿਆਂ ਨੂੰ ਇੱਕ ਇੱਕ ਕਰਕੇ ਆਪਣੇ ਕੋਲ ਬੁਲਾ ਰਹੀ ਸੀ । ਬੱਚੇ ਉਸ ਮੂਹਰੇ ਦੋਵੇਂ ਹਥੇਲੀਆਂ ਕਰਕੇ ਖੜ੍ਹ ਜਾਂਦੇ ਤੇ ਉਹ ਮੋਟੇ ਸਾਰੇ ਗੋਲ਼ ਡੰਡੇ ਨਾਲ ਦੋਵੇਂ ਹੱਥਾਂ ਤੇ ਦੋ ਦੋ ਜਾਂ ਜਿਸ ਤੇ ਜ਼ਿਆਦਾ ਗੁੱਸਾ ਚੜ੍ਹਿਆ ਹੁੰਦਾ ਉਸ ਦੇ ਤਿੰਨ ਤਿੰਨ ਵੀ ਲਾ ਕੇ ਭੇਜੀ ਜਾਂਦੀ। ਢੀਠ ਜਵਾਕ ਹੱਸ ਕੇ ਆ ਕੇ ਬੈਠੀ ਜਾਂਦੇ ਤੇ ਕਈ ਨੀਵੀਂ ਪਾ ਕੇ ਆ ਕੇ ਆਪਣੀ ਆਪਣੀ ਸੀਟ ਤੇ ਟਾਟਾਂ ਤੇ ਬੈਠੀ ਜਾਂਦੇ। ਚੰਨੀ  ਜਦ ਭੈਣ ਜੀ ਸਾਹਮਣੇ ਹੱਥ ਖੋਲ੍ਹ ਕੇ ਖੜ੍ਹੀ ਹੋਈ ਤਾਂ ਉਸ ਦੇ ਸੁੱਕੇ ਜਿਹੇ ਖੁਸ਼ਕ ਹੱਥਾਂ ਦੀਆਂ ਲਕੀਰਾਂ ਵਿੱਚ ਸਵਾਹ ਨਾਲ਼ ਕਲੱਤਣ ਭਰੀ ਹੋਈ ਦੇਖ਼ ਕੇ ਭੈਣ ਜੀ ਉੱਚੀ ਅਵਾਜ਼ ਵਿੱਚ ਬੋਲੇ,” ਆਹ ਹੱਥਾਂ ਚ ਐਨੀ ਐਨੀ ਸਵਾਹ ਭਰੀ ਹੋਈ ਆ….. ਇਹਨਾਂ ਨੂੰ ਚੱਜ ਨਾਲ ਧੋ ਲਿਆ ਕਰ…… ਸਾਬਣ ਮਲ਼ ਲਿਆ ਕਰ…. ਤੇਰੀ ਮਾਂ ਨੀ ਤੈਨੂੰ ਅਕਲ ਦਿੰਦੀ….!” ਹਰੇਕ ਗੱਲ ਤੋਂ ਬਾਅਦ ਕਚੀਚੀਆਂ ਵੱਟ ਕੇ ਦੋ ਡੰਡੇ ਮਾਰੀ ਜਾਵੇ। ਉਹ ਪਤਲੀ ਜਿਹੀ ਇੱਕ ਪਾਸੇ ਨੂੰ ਬਹੁਤ ਵਿੰਗੀ ਜਿਹੀ ਖੜ੍ਹੀ ਬਹੁਤ ਕੰਬੀ ਜਾਵੇ ਤੇ ਜਮਾਤ ਦੇ ਬਾਕੀ ਬੱਚੇ ਹੱਸੀ ਜਾਣ। ਉਸ ਦੇ ਸੁੱਕੇ ਸੁੱਕੇ ਹੱਥਾਂ ਤੇ ਸੱਟ ਵੀ ਜ਼ੋਰ ਦੀ ਲੱਗਦੀ ਹੋਣੀ ਹੈ। ਇਸ ਤਰ੍ਹਾਂ ਉਸ ਦੇ ਅੱਠ ਦਸ ਡੰਡੇ ਮਾਰੇ। ਉਹ ਰੋਂਦੀ ਰੋਂਦੀ ਆ ਕੇ ਆਪਣੀ ਜਗ੍ਹਾ ਤੇ ਬਸਤੇ ਕੋਲ਼ ਆ ਕੇ ਟਾਟਾ ਤੇ ਬੈਠ ਗਈ। ਉਸ ਤੋਂ ਬਾਅਦ ਕਮਲ ਦੀ ਵਾਰੀ ਆਈ ਤਾਂ ਉਹ ਜਾ ਕੇ ਭੈਣ ਜੀ ਦੇ ਮੂਹਰੇ ਬਿਨਾਂ ਡਰੇ ਹੱਥ ਅੱਡ ਕੇ ਖੜ੍ਹ ਗਈ।ਭੈਣ ਜੀ ਬੋਲੀ,” ਆਹ ਦੇਖੋ….. ਕਿੰਨੇ ਕੂਲੇ ਕੂਲੇ ਹੱਥ ਨੇ…… ਮਾਰਨ ਨੂੰ ਵੀ ਜੀਅ ਨੀ ਕਰਦਾ……ਆਏਂ ਸਫ਼ਾਈ ਰੱਖੀਦੀ ਆ……. (ਚੰਨੀ ਵੱਲ ਨੂੰ ਦੇਖ ਕੇ ਬੋਲੀ)….. (ਕਮਲ ਨੂੰ ਬਿਨਾਂ ਮਾਰੇ ਆਖਣ ਲੱਗੀ) …… ਜਾਹ ਕੁੜੀਏ! ਬਹਿ ਜਾ…… ਜਾ ਕੇ…..!”
         “ਉਦੋਂ ਆਪਾਂ ਨਿਆਣੇ ਸੀ….. ਐਨਾ ਮਹਿਸੂਸ ਨਹੀਂ ਕਰਦੇ ਸੀ….. ਪਰ ਮੈਨੂੰ ਉਸ ਉੱਤੇ ਉਦੋਂ ਵੀ ਤਰਸ ਬਹੁਤ ਆਇਆ ਸੀ……ਅੱਜ ਵੀ ਉਸ ਦੀ ਇਹ ਗੱਲ ਯਾਦ ਕਰਕੇ ਮੈਨੂੰ ਭੈਣ ਜੀ ਤੇ ਗੁੱਸਾ ਆਉਂਦਾ ਹੈ….. ਓਹ ਇਸ ਤਰ੍ਹਾਂ ਗ਼ਰੀਬ ਬੱਚਿਆਂ ਦੀ ਮਜ਼ਬੂਰੀ ਸਮਝਣ ਦੀ ਬਜਾਏ….. ਵਿਤਕਰਾ ਕਿਉਂ ਕਰਦੀ ਸੀ…..!” ਮੇਰੀ ਭੈਣ ਰਾਣੀ ਮੇਰੇ ਨਾਲ ਫੋਨ ਤੇ ਸਾਡੀਆਂ ਬਚਪਨ ਦੀਆਂ ਯਾਦਾਂ ਸਾਂਝੀਆਂ ਕਰਦੇ ਕਰਦੇ ਆਪਣੀ ਜਮਾਤਣ ਕੁੜੀ ਚੰਨੀ ਦੀ ਗੱਲ ਕਰਦੇ ਕਰਦੇ ਅੱਜ ਵੀ ਭਾਵੁਕ ਹੋ ਗਈ । ਮੈਂ ਫੋਨ ਕੱਟਣ ਤੋਂ ਬਾਅਦ ਵੀ ਇਸ ਘਟਨਾ ਨੂੰ ਯਾਦ ਕਰਕੇ ਉਦਾਸ ਰਹੀ। ਕਦੇ ਮੈਂ ਚੰਨੀ ਬਾਰੇ ਸੋਚ ਰਹੀ ਸੀ ਤੇ ਕਦੇ ਆਪਣੀ ਭੈਣ ਬਾਰੇ ਜਿਸ ਨੇ ਐਨੇ ਸਾਲ ਚੰਨੀ ਦੇ ਹੱਥਾਂ ਦਾ ਦਰਦ ਆਪਣੇ ਅੰਦਰ ਸੰਭਾਲ਼ ਕੇ ਰੱਖਿਆ ਹੋਇਆ ਸੀ। ਕਿਸੇ ਮਜ਼ਲੂਮ ਦੀ ਪੀੜਾ ਨੂੰ ਅੰਦਰ ਤੱਕ ਮਹਿਸੂਸ ਕਰਨਾ ਤੇ ਉਸ ਨੂੰ ਚਿਰਾਂ ਤੱਕ ਆਪਣੇ ਅੰਦਰ ਸੰਭਾਲ਼ ਕੇ ਰੱਖਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
99889-01324

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਸਿੰਗਾਪੁਰ ਟ੍ਰੇਨਿੰਗ ਤੋਂ ਪਰਤੇ ਪ੍ਰਿੰਸੀਪਲ ਸੰਦੀਪ ਕੌਰ ਦਾ ਸ਼ਾਨਦਾਰ ਸਵਾਗਤ 
Next articleਬੱਚਿਆਂ ਦੇ ਮਾਨਸਿਕ ਅਤੇ ਸਰੀਰਿਕ ਵਿਕਾਸ ਲਈ ਜਰੂਰੀ ਹੈ  ਮਾਪੇ-ਅਧਿਆਪਕ ਮਿਲਣੀ