ਕੜਿਆਲਵੀ ਦੱਬੇ ਕੁੱਚਲੇ ਲੋਕਾਂ ਦੀ ਗੱਲ ਕਰਨ ਵਾਲਾ ਸੁਚੱਜਾ ਕਹਾਣੀਕਾਰ_ ਡਾ ਅਜੀਤਪਾਲ ਸਿੰਘ
ਮੋਗਾ/ਭਲੂਰ (ਬੇਅੰਤ ਗਿੱਲ) ਦਫ਼ਤਰ ਜ਼ਿਲ੍ਹਾ ਭਾਸ਼ਾ ਅਫ਼ਸਰ, ਮੋਗਾ ਵੱਲੋਂ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਕੂਲ ਚੜਿੱਕ ਵਿਖੇ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਵਿਜੇਤਾ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ (ਸਮਾਜਕ ਨਿਆਂ ਅਤੇ ਅਧਿਕਾਰਤਾ ਅਫ਼ਸਰ, ਫਰੀਦਕੋਟ) ਨਾਲ ਆਯੋਜਿਤ ਰੂ-ਬ-ਰੂ ਸਮਾਗਮ ਉਸ ਸਮੇਂ ਯਾਦਗਾਰੀ ਹੋ ਨਿਬੜਿਆ, ਜਦੋਂ ਉਨ੍ਹਾਂ ਦੁਆਰਾ ਵਿਦਿਆਰਥੀਆਂ ਦੇ ਪੱਧਰ ’ਤੇ ਆ ਕੇ ਸਾਂਝੇ ਕੀਤੇ ਸੂਖਮ ਅਹਿਸਾਸਾਂ ਤੋਂ ਪ੍ਰਭਾਵਿਤ ਹੋਏ ਵਿਦਿਆਰਥੀਆਂ ਦੀਆਂ ਤਾੜੀਆਂ ਨਾਲ ਸਕੂਲ ਦਾ ਹਾਲ ਦੇਰ ਤੱਕ ਗੂੰਜਦਾ ਰਿਹਾ। ਸਮਾਗਮ ਦੀ ਪ੍ਰਧਾਨਗੀ ਸੰਸਥਾ ਦੇ ਮੁਖੀ ਪ੍ਰਿੰਸੀਪਲ ਸ਼੍ਰੀ ਸੋਹਨ ਲਾਲ ਦੁਆਰਾ ਕੀਤੀ ਗਈ। ਜ਼ਿਲ੍ਹਾ ਭਾਸ਼ਾ ਅਫ਼ਸਰ ਡਾ. ਅਜੀਤਪਾਲ ਸਿੰਘ ਨੇ ਸਭ ਨੂੰ ਜੀ ਆਇਆਂ ਆਖਦਿਆਂ ਕਿਹਾ ਕਿ ਸਾਡੇ ਲਈ ਬੜੇ ਮਾਣ ਵਾਲੀ ਗੱਲ ਹੈ ਕਿ ਸਮਾਜ ਵਿੱਚ ਹਾਸ਼ੀਏ ’ਤੇ ਧੱਕੇ ਦਬੇ ਕੁਚਲੇ ਵਰਗ ਦੇ ਲੋਕਾਂ ਦੀ ਬਾਤ ਪਾਉਣ ਵਾਲਾ ਪ੍ਰਸਿੱਧ ਕਹਾਣੀਕਾਰ ਗੁਰਮੀਤ ਕੜਿਆਲਵੀ ਸਾਡੇ ਇਲਾਕੇ ਦਾ ਵਸਨੀਕ ਹੈ ਅਤੇ ਪੰਜਾਬੀ ਸਾਹਿਤ ਜਗਤ ਵਿੱਚ ਆਪਣੀ ਬੇਹੱਦ ਸੰਵੇਦਨਸ਼ੀਲ ਰਚਨਾਕਾਰੀ ਨਾਲ ਨਵੀਆਂ ਲੀਹਾਂ ਸਿਰਜ ਰਿਹਾ ਹੈ। ਮੰਚ ਦਾ ਸੰਚਾਲਨ ਕਰ ਰਹੇ ਜਤਿੰਦਰ ਸਿੰਘ ਲੈਕਚਰਾਰ ਪੰਜਾਬੀ ਨੇ ਗੁਰਮੀਤ ਕੜਿਆਲਵੀ ਦੀਆਂ ਰਚਨਾਵਾਂ ਅਤੇ ਸਾਹਿਤਕ ਪ੍ਰਾਪਤੀਆਂ ਉੱਪਰ ਚਾਨਣਾ ਪਾਉਂਦਿਆਂ ਜਾਣਕਾਰੀ ਸਾਂਝੀ ਕੀਤੀ ਕਿ ਬਾਲ ਸਾਹਿਤ ਦੇ ਖੇਤਰ ਵਿੱਚ ਇਸ ਵਾਰ ਦਾ ਵੱਕਾਰੀ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਗੁਰਮੀਤ ਕੜਿਆਲਵੀ ਦੀ ਪੁਸਤਕ ‘ਸੱਚੀ ਦੀ ਕਹਾਣੀ’ ਲਈ ਘੋਸ਼ਿਤ ਕੀਤਾ ਗਿਆ ਹੈ। ਰੂ-ਬ-ਰੂ ਦੌਰਾਨ ਗੁਰਮੀਤ ਕੜਿਆਲਵੀ ਨੇ ਆਪਣੇ ਘਰ ਪੈਦਾ ਹੋਈਆਂ ਦੋ ਧੀਆਂ ਦੇ ਜਨਮ ਸਮੇਂ ਉਨ੍ਹਾਂ ਦੇ ਪਰਿਵਾਰ ਵੱਲੋਂ ਮਨਾਏ ਜਸ਼ਨਾਂ ਦੀਆਂ ਯਾਦਾਂ ਤਾਜ਼ਾ ਕਰਦਿਆਂ ਆਪਣੇ ਸਾਹਿਤਕ ਸਫ਼ਰ ਦੀ ਸ਼ੁਰੂਆਤ ਤੋਂ ਲੈ ਕੇ ਵੱਖ-ਵੱਖ ਪੜਾਵਾਂ ਦੌਰਾਨ ਹਾਸਿਲ ਹੋਏ ਮਿੱਠੇ-ਕੌੜੇ ਅਨੁਭਵਾਂ ਬਾਰੇ ਆਪਣੇ ਅਹਿਸਾਸ ਸਾਂਝੇ ਕੀਤੇ। ਗਰੀਬ ਪਰਿਵਾਰਾਂ ਵਿੱਚੋਂ ਉੱਠ ਕੇ ਕਾਮਯਾਬ ਹੋਈਆਂ ਧੀਆਂ ਦੀ ਉਦਾਹਰਨ ਦਿੰਦਿਆਂ ਉਨ੍ਹਾਂ ਕਿਹਾ ਕਿ ਗਰੀਬੀ ਕਦੇ ਵੀ ਜੀਵਨ ਦੀ ਕਾਮਯਾਬੀ ਦੇ ਰਸਤੇ ਵਿੱਚ ਰੁਕਾਵਟ ਪੈਦਾ ਹੋਣ ਦਾ ਕਾਰਨ ਨਹੀਂ ਬਣ ਸਕਦੀ। ਸਵਾਲਾਂ ਜਵਾਬਾਂ ਦੇ ਸਿਲਸਿਲੇ ਦੌਰਾਨ ਉਨ੍ਹਾਂ ਵੱਲੋਂ ਵਿਦਿਆਰਥਣਾਂ ਨੂੰ ਪ੍ਰੇਰਨਾ ਅਤੇ ਨਸੀਹਤ ਦਿੰਦਿਆਂ ਜ਼ੋਰ ਦੇ ਕੇ ਕਿਹਾ ਗਿਆ ਕਿ ਸਵਾਲ ਉਠਾਉਣਾ ਅਤੇ ਸਵਾਲਾਂ ਦੇ ਜਵਾਬ ਢੂੰਢਣ ਲਈ ਯਤਨਸ਼ੀਲ ਰਹਿਣਾ ਹੀ ਜੀਵਨ ਦੀ ਤਰੱਕੀ ਦਾ ਮੂਲ ਮੰਤਰ ਹੈ। ਸਮਾਗਮ ਦੌਰਾਨ ਸਕੂਲ ਦੀ ਵਿਦਿਆਰਥਣ ਹਰਮਨਦੀਪ ਕੌਰ ਅਤੇ ਸਾਥਣਾਂ ਵੱਲੋਂ ਮਾਤ ਭਾਸ਼ਾ ਪੰਜਾਬੀ ਨੂੰ ਸਮਰਪਿਤ ਕੋਰੀਓਗ੍ਰਾਫੀ ਪੇਸ਼ ਕੀਤੀ ਗਈ। ਅਖੀਰ ਵਿੱਚ ਪ੍ਰਿੰਸੀਪਲ ਸੋਹਨ ਲਾਲ ਨੇ ਸਾਰਿਆਂ ਦਾ ਧੰਨਵਾਦ ਕਰਦਿਆਂ ਕਿਹਾ ਕਿ ਸਾਹਿਤ ਸਾਨੂੰ ਜ਼ਿੰਦਗੀ ਦੀਆਂ ਗੁੰਝਲਦਾਰ ਪਰਤਾਂ ਨੂੰ ਸਮਝਣ ਦੀ ਸੂਝ ਪ੍ਰਦਾਨ ਕਰਦਾ ਹੈ। ਰਸਮੀ ਪਾਠਕ੍ਰਮ ਦੇ ਨਾਲ-ਨਾਲ ਵਿਦਿਆਰਥੀਆਂ ਨੂੰ ਹੋਰ ਸਾਹਿਤਕ ਪੁਸਤਕਾਂ ਜ਼ਰੂਰ ਪੜ੍ਹਨੀਆਂ ਚਾਹੀਦੀਆਂ ਹਨ। ਕੜਿਆਲਵੀ ਨੂੰ ਸ਼ਾਨਦਾਰ ਸਮਾਗਮ ਦੌਰਾਨ ਰੂ-ਬ-ਰੂ ਕਰਨ ‘ਤੇ ‘ਨੌਜਵਾਨ ਸਾਹਿਤ ਸਭਾ ਭਲੂਰ’ ਅਤੇ ’35 ਅੱਖਰ ਲੇਖਕ ਮੰਚ ਭਲੂਰ’ ਵੱਲੋਂ ਮੁਬਾਰਕਬਾਦ ਦਿੱਤੀ। ਇਸ ਮੌਕੇ ਲੈਕਚਰਾਰ ਗੁਰਜੀਤ ਕੌਰ, ਲੈਕਚਰਾਰ ਨਵਜੀਤ ਕੌਰ, ਲੈਕਚਰਾਰ ਕੁਲਜੀਤ ਸਿੰਘ, ਲੈਕਚਰਾਰ ਵਿਕਰਮਜੀਤ ਸਿੰਘ, ਲੈਕਚਰਾਰ ਰੂਬੀ ਰਾਣੀ, ਲੈਕਚਰਾਰ ਅੰਬਿਕਾ ਸ਼ਰਮਾ, ਲੈਕਚਰਾਰ ਜਗਦੇਵ ਸਿੰਘ, ਡੀ.ਪੀ.ਆਈ. ਹਰਪ੍ਰੀਤ ਸਿੰਘ, ਮਿਸਟ੍ਰੈੱਸ ਹਰਜੀਤ ਕੌਰ, ਮਿਸਟ੍ਰੈੱਸ ਲਖਵਿੰਦਰ ਕੌਰ, ਮਿਸਟ੍ਰੈੱਸ ਹਰਪ੍ਰੀਤ ਕੌਰ, ਮਿਸਟ੍ਰੈੱਸ ਖੁਸ਼ਵਿੰਦਰ ਕੌਰ, ਮਿਸਟ੍ਰੈੱਸ ਸੁਨੀਤਾ ਰਾਣੀ, ਮਾਸਟਰ ਮੇਜਰ ਸਿੰਘ, ਭਾਸ਼ਾ ਵਿਭਾਗ ਦੇ ਕਰਮਚਾਰੀ ਨਵਦੀਪ ਸਿੰਘ ਅਤੇ ਸਾਹਿਲ ਹਾਜ਼ਰ ਸਨ।
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly