(ਸਮਾਜ ਵੀਕਲੀ)
ਪੰਜਾਬੀ ਵਿੱਚ ਅਕਸਰ ਗ਼ਲਤ ਲਿਖੇ ਜਾਣ ਵਾਲ਼ੇ ਕੁਝ ਸ਼ਬਦ: ਭਾਗ ੮.
ਗੁਰਮੁਖੀ ਲਿਪੀ ਵਿੱਚ ‘ਅਧਕ’ ਦੀ ਵਰਤੋਂ
ਵਿਆਕਰਨਿਕ ਨਿਯਮਾਂ ਅਨੁਸਾਰ ਗੁਰਮੁਖੀ ਵਿੱਚ ਅਧਕ ਦੀ ਵਰਤੋਂ ਉਦੋਂ ਕੀਤੀ ਜਾਂਦੀ ਹੈ ਜਦੋਂ ਕਿਸੇ ਸ਼ਬਦ ਵਿੱਚ ਕਿਸੇ ਅੱਖਰ ਦੀ ਅਵਾਜ਼ ਦੂਹਰੀ ਆਉਂਦੀ ਹੋਵੇ। ਹਿੰਦੀ ਵਿੱਚ ਅਜਿਹੇ ਮੌਕੇ ‘ਤੇ ਅੱਧੇ ਅੱਖਰ ਦੀ ਵਰਤੋਂ ਕਰ ਲਈ ਜਾਂਦੀ ਹੈ, ਜਿਵੇਂ; ਬੱਚਾ (बच्चा), ਅੱਛਾ (अच्छा), ਕੁੱਤਾ (कुत्ता) ਆਦਿ। ਪੰਜਾਬੀ ਵਿੱਚ ਅਜਿਹੇ ਸ਼ਬਦਾਂ ਵਿੱਚ ਜਿੱਥੇ ਕਿਸੇ ਅੱਖਰ ਦੀ ਅਵਾਜ਼ ਦੂਹਰੀ ਆਉਂਦੀ ਹੋਵੇ, ਉਸ ਤੋਂ ਪਹਿਲੇ ਅੱਖਰ ‘ਤੇ ਅਧਕ ਪਾ ਦਿੱਤਾ ਜਾਂਦਾ ਹੈ। ਅਜਿਹੇ ਸ਼ਬਦਾਂ ਨੂੰ ਦਬਾਅਵਾਚੀ ਸ਼ਬਦ ਵੀ ਆਖਦੇ ਹਨ, ਜਿਵੇਂ: ਇੱਥੇ, ਉੱਥੇ, ਜਿੱਥੇ, ਕਿੱਥੇ, ਚੁੱਕ, ਉੱਠ, ਮੁੱਕ, ਠੁੱਕ ਆਦਿ।
‘ਇੱਕ’ ਅਤੇ ‘ਵਿੱਚ’ ਸ਼ਬਦਾਂ ‘ਤੇ ‘ਅਧਕ’ ਕਿਉਂ?
ਦੇਖਣ ਵਿੱਚ ਆਇਆ ਹੈ ਕਿ ਕੁਝ ਲੋਕ ‘ਇੱਕ’ ਅਤੇ ‘ਵਿੱਚ’ ਸ਼ਬਦਾਂ ਉੱਤੇ ਅਧਕ ਨਹੀਂ ਪਾਉਂਦੇ। ਇਸ ਪਿੱਛੇ ਉਹਨਾਂ ਦਾ ਤਰਕ ਇਹ ਹੈ ਕਿ ਇਹਨਾਂ ਉੱਤੇ ਅਧਕ ਪਾਉਣ ਜਾਂ ਨਾ ਪਾਉਣ ਨਾਲ਼ ਇਹਨਾਂ ਸ਼ਬਦਾਂ ਦੇ ਅਰਥਾਂ ਵਿੱਚ ਕੋਈ ਫ਼ਰਕ ਨਹੀਂ ਪੈਂਦਾ ਇਸ ਲਈ ਇਹਨਾਂ ਉੱਤੇ ਅਧਕ ਪਾਉਣ ਦੀ ਲੋੜ ਨਹੀਂ ਹੈ। ਪਰ ਅਜਿਹਾ ਕਰਦਿਆਂ ਸ਼ਾਇਦ ਉਹ ਇਹ ਗੱਲ ਭੁੱਲ ਜਾਂਦੇ ਹਨ ਕਿ ਪੰਜਾਬੀ-ਵਿਆਕਰਨ ਵਿੱਚ ਅਜਿਹਾ ਕੋਈ ਵੀ ਨਿਯਮ ਨਹੀਂ ਹੈ ਕਿ ਅਧਕ ਦੀ ਵਰਤੋਂ ਕੇਵਲ ਉਹਨਾਂ ਸ਼ਬਦਾਂ ਵਿੱਚ ਹੀ ਕੀਤੀ ਜਾਂਦੀ ਹੈ ਜਿੱਥੇ ਅਧਕ ਪਾਉਣ ਜਾਂ ਨਾ ਪਾਉਣ ਨਾਲ਼ ਸੰਬੰਧਿਤ ਸ਼ਬਦ ਦੇ ਅਰਥਾਂ ਵਿੱਚ ਫ਼ਰਕ ਪੈਂਦਾ ਹੋਵੇ। ਇਸ ਦੀ ਬਜਾਏ ਸਗੋਂ ਦੇਖਿਆ ਇਹ ਜਾਂਦਾ ਹੈ ਕਿ ਇਹ ਸ਼ਬਦ ਦਬਾਅਵਾਚੀ ਹੈ ਕਿ ਨਹੀਂ ? ਅਜਿਹੇ ਲੋਕ ਅਧਕ ਪਾਉਣ ਨੂੰ ਵੀ ਸਮਾਂ ਬਰਬਾਦ ਕਰਨ ਦੇ ਬਰਾਬਰ ਹੀ ਸਮਝਦੇ ਹਨ। ਜੇਕਰ ਉਪਰੋਕਤ ਦੋਂਹਾਂ ਸ਼ਬਦਾਂ- ਇੱਕ ਅਤੇ ਵਿੱਚ ਦਾ ਉਚਾਰਨ ਕਰ ਕੇ ਵੀ ਦੇਖਿਆ ਜਾਵੇ ਤਾਂ ਉਚਾਰਨ ਤੋਂ ਹੀ ਸਪਸ਼ਟ ਹੋ ਜਾਂਦਾ ਹੈ ਕਿ ਇਹਨਾਂ ਨੂੰ ਬੋਲਣ ਸਮੇਂ ਦਬਾਅ ਮਹਿਸੂਸ ਹੁੰਦਾ ਹੈ। ਅਧਕ ਤੋਂ ਬਿਨਾਂ ਇਹਨਾਂ ਸ਼ਬਦਾਂ ਦਾ ਉਚਾਰਨ ਲਿਖ, ਕਿਰ, ਵਿਕ ਵਰਗੇ ਬਲ-ਰਹਿਤ ਸ਼ਬਦਾਂ ਨੂੰ ਉਚਾਰਨ ਜਿਹਾ ਹੋ ਜਾਂਦਾ ਹੈ ਅਤੇ ਅਧਕ ਪਾਉਣ ਨਾਲ਼ ‘ਇੱਟ’, ‘ਸੁੱਟ’ ਅਤੇ ‘ਜਿੱਤ’ ਆਦਿ ਸ਼ਬਦਾਂ ਵਰਗਾ।
ਦੂਜੀ ਗੱਲ ਇਹ ਹੈ ਕਿ ਜੇਕਰ ਅਜਿਹੇ ਲੋਕਾਂ ਅਨੁਸਾਰ ਸ਼ਰਤ ਕੇਵਲ ਸ਼ਬਦ ਦੇ ਅਰਥ ਨਾ ਬਦਲਣ ਦੀ ਹੀ ਹੈ ਤਾਂ ਫਿਰ ਉੱਠ, ਕੁੱਟ, ਪੁੱਤਰ, ਬੁੱਲ੍ਹ, ਇੱਲ, ਕੁੱਤਾ, ਇਕੱਠ, ਉੱਪਰ ਆਦਿ ਅਨੇਕਾਂ ਸ਼ਬਦਾਂ ‘ਤੇ ਅਧਕ ਨਾ ਪਾਉਣ ਨਾਲ਼ ਕਿਹੜਾ ਇਹਨਾਂ ਸ਼ਬਦਾਂ ਦੇ ਅਰਥ ਬਦਲ ਜਾਂਦੇ ਹਨ? ਫਿਰ ਤਾਂ ਭਾਵੇਂ ਇਹਨਾਂ ਅਤੇ ਇਹਨਾਂ ਵਰਗੇ ਅਨੇਕਾਂ ਹੋਰ ਸ਼ਬਦਾਂ ਉੱਤੇ ਵੀ ਅਧਕ ਨਾ ਪਾਏ ਜਾਣ ਪਰ ਵਿਆਕਰਨਿਕ ਨਿਯਮਾਂ ਅਨੁਸਾਰ ਅਜਿਹੇ ਸ਼ਬਦਾਂ ਉੱਤੇ ਅਧਕ ਕੇਵਲ ਇਸੇ ਕਾਰਨ ਹੀ ਪਾਇਆ ਜਾਂਦਾ ਹੈ ਕਿਉਂਕਿ ਇਹ ਸਾਰੇ ਦਬਾਅਵਾਚੀ ਸ਼ਬਦ ਹਨ। ਵਿਆਕਰਨਿਕ ਨਿਯਮ ਸਾਰੇ ਸ਼ਬਦਾਂ ਲਈ ਇੱਕੋ-ਜਿਹੇ ਹੀ ਹੁੰਦੇ ਹਨ ਇਸ ਲਈ ਅਧਕ ਪਾਉਣ ਜਾਂ ਨਾ ਪਾਉਣ ਵਾਲ਼ੇ ਨਿਯਮਾਂ ਨੂੰ ਨਿੱਜੀ ਪਸੰਦ ਜਾਂ ਨਾਪਸੰਦਗੀ ਨਾਲ਼ ਜੋੜ ਕੇ ਨਹੀਂ ਦੇਖਿਆ ਜਾ ਸਕਦਾ।
ਹਾਂ, ਕੁਝ ਅਜਿਹੇ ਸ਼ਬਦ ਜ਼ਰੂਰ ਹਨ ਜਿਨ੍ਹਾਂ ਉੱਤੇ ਅਧਕ ਨਹੀਂ ਪੈਂਦਾ ਪਰ ਇਸ ਦੇ ਉਲਟ ਬਹੁਤੇ ਲੋਕ ਇਹਨਾਂ ਉੱਤੇ ਅਧਕ ਪਾ ਰਹੇ ਹਨ। ਉਦਾਹਰਨ ਦੇ ਤੌਰ ‘ਤੇ ਜੇਕਰ ‘ਅਧਕ’ ਸ਼ਬਦ ਨੂੰ ਹੀ ਦੇਖਿਆ ਜਾਵੇ ਤਾਂ ਇਸ ਉੱਤੇ ਅਧਕ ਨਹੀਂ ਪੈਂਦਾ ਪਰ ਇਸ ਦੇ ਬਾਵਜੂਦ ਕੁਝ ਲੋਕ ਇਸ ਨੂੰ ਅਧਕ ਪਾ ਕੇ ਅਰਥਾਤ ‘ਅੱਧਕ’ ਹੀ ਲਿਖਦੇ ਹਨ। ਇਸ ਪ੍ਰਕਾਰ ਦੇ ਕੁਝ ਹੋਰ ਸ਼ਬਦ ਹਨ:
ਕੁਝ, ਕੁਛ, ਵਿਥਿਆ, ਜਥਾ, ਜਥੇਦਾਰ, ਧਸ, ਧਸਣਾ, ਵਿਤ (ਵਿਤ ਅਨੁਸਾਰ), ਵਿਕਰੀ, ਮਿਥ, ਮਿਥਿਆ, ਭਵਿਖ, ਭਵਿਖਤ, ਸਮਗਰੀ, ਵਿਕੋਲਿਤਰਾ (ਅਜੀਬ, ਅਨੋਖਾ), ਲਿਪੀ, ਹਿਤ, ਹਿਤੂ, ਮਤ (ਧਰਮ, ਜਿਵੇਂ: ਬੁੱਧ ਮਤ) ਆਦਿ ਸ਼ਬਦ ਵੀ ਬਿਨਾਂ ਅਧਕ ਤੋਂ ਹੀ ਲਿਖਣੇ ਚਾਹੀਦੇ ਹਨ। ਹਿੰਦੀ ਦੇ “जत्था” ਅਤੇ “जत्थेदार” ਸ਼ਬਦ ਦਬਾਅਵਾਚੀ ਸ਼ਬਦ ਹਨ ਪਰ ਪੰਜਾਬੀ ਵਿੱਚ ਆ ਕੇ ਇਹ ਦਬਾਅ-ਮੁਕਤ ਹੋ ਜਾਂਦੇ ਹਨ ਇਸ ਲਈ ਇਹਨਾਂ ਉੱਤੇ ਅਧਕ ਪਾਉਣ ਦੀ ਲੋੜ ਨਹੀਂ ਹੈ ਪਰ ਕੁਝ ਲੋਕ ਇਹਨਾਂ ਨੂੰ ਵੀ ਅਧਕ ਪਾ ਕੇ ‘ਜੱਥਾ’ ਅਤੇ ‘ਜੱਥੇਦਾਰ’ ਹੀ ਲਿਖ ਅਤੇ ਬੋਲ ਰਹੇ ਹਨ।
ਪੰਜਾਬੀ ਦੇ ਕੁਝ ਅਜਿਹੇ ਸ਼ਬਦ ਜਿਨ੍ਹਾਂ ਦੇ ਮੁਢਲੇ ਰੂਪ ਵਿੱਚ ਅਧਕ ਪੈਂਦਾ ਹੈ ਪਰ ਜਦੋਂ ਉਹਨਾਂ ਤੋਂ ਕੁਝ ਹੋਰ ਸ਼ਬਦ ਬਣਦੇ ਹਨ ਤਾਂ ਬੋਲ-ਚਾਲ ਦੇ ਲਹਿਜੇ ਅਨੁਸਾਰ ਕਈ ਵਾਰ ਉਹਨਾਂ ਤੋਂ ਅਧਕ ਹਟਾ ਦਿੱਤਾ ਜਾਂਦਾ ਹੈ। ਇਸ ਦੇ ਬਾਵਜੂਦ ਕੁਝ ਲੋਕ ਅਜਿਹੇ ਸ਼ਬਦਾਂ ਨੂੰ ਅਧਕ ਪਾ ਕੇ ਹੀ ਲਿਖਦੇ ਹਨ ਜੋਕਿ ਵਿਆਕਰਨਿਕ ਤੌਰ ‘ਤੇ ਪੂਰੀ ਤਰ੍ਹਾਂ ਗ਼ਲਤ ਹੈ। ਅਜਿਹੇ ਕੁਝ ਸ਼ਬਦ ਇਸ ਪ੍ਰਕਾਰ ਹਨ:
ਅੱਧ ਤੋਂ ਅਧਰਿੜਕਾ, ਅਧਮੋਇਆ, ਅਧਵਾਟੇ, ਅਧਖੜ; ਦੱਬ ਤੋਂ ਦਬਦਾ, ਦਬਵੇਂ; ਮੁੱਢ ਤੋਂ ਮੁਢਲਾ, ਮੁਢਲੀਆਂ; ਵਿੱਚ ਤੋਂ ਵਿਚਕਾਰ, ਵਿਚਾਲ਼ਲਾ; ਇੱਕ ਤੋਂ ਇਕਸਾਰ, ਇਕਸਾਰਤਾ, ਇਕਵਚਨ, ਇਕਰੰਗੇ; ਗੱਠ ਤੋਂ ਗਠਜੋੜ, ਗਠਨ; ਸੱਚ ਤੋਂ ਸਚਾਈ; ਫੁੱਲ (ਵਧਣਾ-ਫੁੱਲਣਾ) ਤੋਂ ਪ੍ਰਫੁਲਿਤ; ਸਮਰੱਥ ਤੋਂ ਅਸਮਰਥ (ਬਿਨਾਂ ਅਧਕ ਤੋਂ); ਖੱਲ ਤੋਂ ਖਲੜੀ; ਖੱਬਾ ਤੋਂ ਖਬਚੂ; ਪੱਤ ਤੋਂ ਪਤਵੰਤੇ; ਪੱਤਾ ਤੋਂ ਪਤਝੜ; ਨੱਕ ਤੋਂ ਨਕਸੀਰ ਆਦਿ। ਕੁਝ ਲੋਕ ਸਪਸ਼ਟ ਅਤੇ ਦਰਖ਼ਤ ਆਦਿ ਸ਼ਬਦਾਂ ਉੱਤੇ ਵੀ ਅਧਕ ਪਾ ਦਿੰਦੇ ਹਨ, ਅਖੇ ਇੱਥੇ ਅਵਾਜ਼ ਤੇਜ਼ੀ ਨਾਲ਼ ਆ ਰਹੀ ਹੈ। ਪੰਜਾਬੀ ਵਿੱਚ ਅਜਿਹਾ ਕੋਈ ਵੀ ਵਿਆਕਰਨਿਕ ਨਿਯਮ ਨਹੀਂ ਹੈ ਜਿਸ ਅਧੀਨ ਅਜਿਹੇ ਸ਼ਬਦਾਂ ਉੱਤੇ ਅਧਕ ਪਾਏ ਜਾਣ ਦੀ ਸਿਫ਼ਾਰਸ਼ ਕੀਤੀ ਗਈ ਹੋਵੇ।
ਪੰਜਾਬੀ ਦੇ ਬਹੁਤ ਸਾਰੇ ਸ਼ਬਦ ਅਜਿਹੇ ਹਨ ਜਿਨ੍ਹਾਂ ਉੱਤੇ ਅਧਕ ਪਾਉਣ ਜਾਂ ਨਾ ਪਾਉਣ ਨਾਲ਼ ਕਈ ਵਾਰ ਅਰਥਾਂ ਵਿੱਚ ਬਹੁਤ ਅੰਤਰ ਆ ਜਾਂਦਾ ਹੈ। ਸਾਨੂੰ ਅਜਿਹੇ ਸ਼ਬਦ ਲਿਖਣ ਸਮੇਂ ਵਿਸ਼ੇਸ਼ ਤੌਰ ‘ਤੇ ਧਿਆਨ ਦੇਣ ਦੀ ਲੋੜ ਹੈ ਤਾਂਕਿ ਅਜਿਹਾ ਕਰਦਿਆਂ ਕਿਧਰੇ ਅਰਥ ਦਾ ਅਨਰਥ ਹੀ ਨਾ ਹੋ ਜਾਵੇ। ਅਜਿਹੇ ਸ਼ਬਦਾਂ ਦੀਆਂ ਕੁਝ ਉਦਾਹਰਨਾਂ ਇਸ ਪ੍ਰਕਾਰ ਹਨ: ਜਗ/ਜੱਗ; ਬੁਝ/ਬੁੱਝ; ਕਿਤੇ/ਕਿੱਤੇ; ਪਤਾ/ਪੱਤਾ; ਦਸ/ਦੱਸ; ਕੁਲ/ਕੁੱਲ; ਕੁਲੀ/ਕੁੱਲੀ; ਵਗ/ਵੱਗ; ਲਗ/ਲੱਗ; ਨਸ/ਨੱਸ; ਭਲਾ/ਭੱਲਾ; ਭਜ/ਭੱਜ; ਕਜ/ਕੱਜ (ਢਕ); ਕਸ/ਕੱਸ; ਘਟ/ਘੱਟ; ਵਟ/ਵੱਟ; ਗਦਾ/ਗੱਦਾ; ਗੁਲ (ਫੁੱਲ)/ਗੁੱਲ; ਤੁਲ/ਤੁੱਲ (ਬਰਾਬਰ); ਮੁਕਾ/ਮੁੱਕਾ; ਪਤਾ/ਪੱਤਾ; ਪਿਤਾ/ਪਿੱਤਾ; ਲੁਕ/ਲੁੱਕ; ਲਿਪੀ/ਲਿੱਪੀ; ਕਦ/ਕੱਦ; ਜਦ/ਜੱਦ; ਮਤ (ਧਰਮ)/ਮੱਤ (ਅਕਲ, ਸਿਆਣਪ/ਰਾਏ); ਬਚਾ/ਬੱਚਾ ਆਦਿ।
ਅਧਕ ਸੰਬੰਧੀ ਇੱਕ ਦਿਲਚਸਪ ਅਧਿਐਨ:
ਸ਼ਬਦਾਂ ਦਾ ਅਧਿਐਨ ਕਰਦਿਆਂ ਇੱਕ ਗੱਲ ਵਿਸ਼ੇਸ਼ ਤੌਰ ‘ਤੇ ਦੇਖਣ ਵਿੱਚ ਆਈ ਹੈ ਕਿ ਹਿੰਦੀ/ਸੰਸਕ੍ਰਿਤ ਭਾਸ਼ਾਵਾਂ ਤੋਂ ਪੰਜਾਬੀ ਵਿੱਚ ਆਏ ਬਹੁਤੇ ਸ਼ਬਦਾਂ ਵਿੱਚ ਅਧਕ ਉੱਥੇ ਪੈਂਦਾ ਹੈ ਜਿੱਥੋਂ ਕੋਈ ਲਗ-ਮਾਤਰਾ ਅਲੋਪ ਹੋ ਗਈ ਹੁੰਦੀ ਹੈ; ਕੋਈ ਦੀਰਘ ਮਾਤਰਾ ਲਘੂ ਮਾਤਰਾ ਵਿੱਚ ਤਬਦੀਲ ਹੋ ਗਈ ਹੁੰਦੀ ਹੈ ਤੇ ਜਾਂ ਫਿਰ ਕੋਈ ਅੱਧਾ ਅੱਖਰ ਅਲੋਪ ਕੀਤਾ ਜਾਂਦਾ ਹੈ, ਜਿਵੇਂ: ਲਾਤ (लात) ਤੋਂ ਲੱਤ (ਇੱਥੇ ‘ਲਾਤ’ ਵਿਚਲਾ ਕੰਨਾ ਅਲੋਪ ਹੋ ਕੇ ਅਧਕ ਵਿੱਚ ਬਦਲ ਗਿਆ ਹੈ); ਅੱਛਾ (अच्छा)= ਇੱਥੇ ਅੱਧਾ ਚ ਅੱਖਰ ਅਲੋਪ ਹੋ ਕੇ ਅਧਕ ਵਿੱਚ ਤਬਦੀਲ ਹੋ ਗਿਆ ਹੈ; ਕਾਨ (कान)= ਕੰਨ (ਇੱਥੇ ਕੰਨੇ ਦੀ ਦੀਰਘ ਮਾਤਰਾ ਅਲੋਪ ਹੋ ਕੇ ਟਿੱਪੀ ਵਿੱਚ ਤਬਦੀਲ ਹੋ ਗਈ ਹੈ); ਟਾਂਗ (टाँग)= ਟੰਗ (ਇੱਥੇ ਕੰਨਾ ਅਤੇ ਬਿੰਦੀ ਟਿੱਪੀ ਵਿੱਚ ਬਦਲ ਗਏ ਹਨ); ਅਕਸ਼ਿ/अक्षि (ਸੰਸ.)/ਆਂਖ/आँख (ਹਿੰਦੀ)= ਅੱਖ (ਇੱਥੇ ‘ਕਸ਼ੈ’ ਅੱਖਰ ‘ਖ’ ਅੱਖਰ ਵਿੱਚ ਤਬਦੀਲ ਹੋ ਗਿਆ ਹੈ); ਆਜ (आज) =ਅੱਜ (ਦੀਰਘ ਮਾਤਰਾ ਕੰਨਾ ਅਲੋਪ ਹੋ ਗਿਆ ਹੈ); ਸੂਖ/सूख=ਸੁੱਕ (ਦੁਲੈਂਕੜ ਦੀ ਦੀਰਘ ਮਾਤਰਾ ਔਂਕੜ ਦੀ ਲਘੂ ਮਾਤਰਾ ਅਤੇ ਵਿੱਚ ਬਦਲ ਗਈ ਹੈ ਅਤੇ ਖ ਅੱਖਰ ਕ ਵਿੱਚ ਬਦਲ ਗਿਆ ਹੈ); ਇਸੇ ਤਰ੍ਹਾਂ ਗੀਲਾ (गीला)= ਗਿੱਲਾ (ਬਿਹਾਰੀ ਦੀ ਦੀਰਘ ਮਾਤਰਾ ਸਿਹਾਰੀ ਅਤੇ ਔਂਕੜ ਦੀ ਲਘੂ ਮਾਤਰਾ ਅਤੇ ਅਧਕ ਵਿੱਚ ਬਦਲ ਗਈ ਹੈ); ਗਾਲ (गाल)= ਗੱਲ੍ਹ; ਚਾਂਦ (चाँद)= ਚੰਦ (ਕੰਨਾ+ਬਿੰਦੀ, ਟਿੱਪੀ ਵਿੱਚ ਬਦਲ ਗਏ ਹਨ); ਊਪਰ (ऊपर)= ਉੱਪਰ; ਕੋਖ (कोख)= ਕੁੱਖ। ਰੂਖਾ (रूखा)= ਰੁੱਖਾ; ਟੀਲਾ (टीला)= ਟਿੱਲਾ; ਦਾਂਤ (दाँत)= ਦੰਦ; ਸਾਸ (सास)= ਸੱਸ; ਸੀਖਨਾ (सीखना)= ਸਿੱਖਣਾ; ਸੂਜ (सूज)= ਸੁੱਜ; ਬੂਝ (बूझ)=ਬੁੱਝ; ਸੂਝ (सूझ)= ਸੁੱਝ; ਭੂਖ (भूख)= ਭੁੱਖ; ਲੂਟ (लूट)= ਲੁੱਟ; ਧੂਪ (धूप)=ਧੁੱਪ; ਦੂਧ (दूध)= ਦੁੱਧ; ਲਾਖ (लाख)= ਲੱਖ; ਬਾਦਲ (बादल)= ਬੱਦਲ਼ ਆਦਿ ਅਤੇ ਅਨੇਕਾਂ ਹੋਰ।
ਉਂਞ ਇਸ ਤੋਂ ਉਲਟ ਕੁਝ ਸ਼ਬਦ ਅਜਿਹੇ ਵੀ ਹਨ ਜਿਹੜੇ ਲਘੂ ਮਾਤਰਾਵਾਂ ਵਾਲ਼ੇ ਹੋਣ ਦੇ ਬਾਵਜੂਦ ਅਧਕ ਪਾ ਕੇ ਉਹਨਾਂ ਨੂੰ ਪੰਜਾਬੀ ਮੁਹਾਵਰੇ/ਉਚਾਰਨ ਅਨੁਸਾਰ ਬਣਾ ਲਿਆ ਗਿਆ ਹੈ, ਜਿਵੇਂ: पुत्र= ਪੁੱਤਰ; पत्र= ਪੱਤਰ ; उतर= ਉੱਤਰ (ਉੱਤਰਨਾ); इधर= ਇੱਧਰ; चरित्र= ਚਰਿੱਤਰ, उभर= ਉੱਭਰ; जिधर= ਜਿੱਧਰ ਆਦਿ। ਪਰ ਅਜਿਹੇ ਸ਼ਬਦਾਂ ਦੀ ਗਿਣਤੀ ਬਹੁਤ ਘੱਟ ਹੈ ਜਦਕਿ ਉਪਰੋਕਤ ਪਹਿਲੀ ਕਿਸਮ ਦੇ ਸ਼ਬਦਾਂ ਦੀ ਗਿਣਤੀ ਬਹੁਤ ਜ਼ਿਆਦਾ ਹੈ। ਇਸ ਪੱਖੋਂ ਦੇਖਿਆ ਜਾਵੇ ਤਾਂ ਸੰਸਕ੍ਰਿਤ ਭਾਸ਼ਾ ਪੰਜਾਬੀ ਦੇ ਵਧੇਰੇ ਨਜ਼ਦੀਕ ਜਾਪਦੀ ਹੈ ਕਿਉਂਕਿ ਪੰਜਾਬੀ ਦੇ ਅਧਕ ਵਾਲ਼ੇ ਕਈ ਸ਼ਬਦ ਹਿੰਦੀ ਨਾਲ਼ੋਂ ਸੰਸਕ੍ਰਿਤ ਦੇ ਵਧੇਰੇ ਨੇੜੇ ਹਨ, ਜਿਵੇਂ: ਸੰਸਕ੍ਰਿਤ ਦਾ ਕਰਣ (कर्ण)/ कान (ਹਿੰਦੀ)= ਕੰਨ (ਪੰਜਾਬੀ); ਅਕਸ਼ਿ (अक्षि)/ आँख (ਹਿੰਦੀ) = ਅੱਖ (ਪੰਜਾਬੀ); ਦੁਗ੍ਧ (दुग्ध) दूध (ਹਿੰਦੀ)= ਦੁੱਧ (ਪੰਜਾਬੀ); बहुकर (ਸੰਸਕ੍ਰਿਤ)= ਬਹੁਕਰ (ਪੰਜਾਬੀ); अद्य/ आज (ਹਿੰਦੀ)= ਅੱਜ (ਪੰਜਾਬੀ); कृषाण/किसान (ਹਿੰਦੀ)= ਕਿਰਸਾਣ (ਪੰਜਾਬੀ); कदा (ਸੰਸਕ੍ਰਿਤ) /कब (ਹਿੰਦੀ)= ਕਦ (ਪੰਜਾਬੀ) ; यदा (ਸੰਸਕ੍ਰਿਤ) /जब (ਹਿੰਦੀ)= ਜਦ (ਪੰਜਾਬੀ); शुण्ड (ਸੰਸ.) /सूंड (ਹਿੰਦੀ)= ਸੁੰਡ (ਪੰਜਾਬੀ) ਆਦਿ। ਅਜਿਹੇ ਬਹੁਤ ਸਾਰੇ ਸ਼ਬਦਾਂ ਵਿੱਚ ਹਿੰਦੀ ਵਾਂਗ ਸੰਸਕ੍ਰਿਤ/ਪੰਜਾਬੀ ਵਿੱਚ ਦੀਰਘ ਮਾਤਰਾਵਾਂ ਨਹੀਂ ਲੱਗਦੀਆਂ ਜਾਂ ਬਹੁਤ ਘੱਟ ਲੱਗਦੀਆਂ ਹਨ। ਸ਼ਾਇਦ ਹਿੰਦੀ ਵਿੱਚ ਸ਼ਬਦਾਂ ਨੂੰ ਦੀਰਘ ਮਾਤਰਾਵਾਂ ਦਾ ਸਹਾਰਾ ਦੇ ਕੇ ਖੜ੍ਹਿਆਂ ਕਰਨ ਦੇ ਜਤਨਾਂ ਕਾਰਨ ਹੀ ਇਸ ਨੂੰ ਖੜ੍ਹੀ ਬੋਲੀ ਵੀ ਕਿਹਾ ਜਾਂਦਾ ਹੈ।
ਕਿਸਾਨ ਕਿ ਕਿਰਸਾਣ?
ਉਪਰੋਕਤ ਸ਼ਬਦਾਂ ਵਿੱਚੋਂ ‘ਕਿਰਸਾਣ’ ਇੱਕ ਅਜਿਹਾ ਸ਼ਬਦ ਹੈ ਜੋ ਵਾਹੀਕਾਰਾਂ/ਕਾਸ਼ਤਕਾਰਾਂ ਲਈ ਵਰਤਿਆ ਜਾਂਦਾ ਹੈ ਪਰ ਅੱਜ-ਕੱਲ੍ਹ ਹਿੰਦੀ ਭਾਸ਼ਾ ਦੇ ਵਧਦੇ ਪ੍ਰਭਾਵ ਕਾਰਨ ਇਸ ਦੀ ਥਾਂ ‘ਕਿਸਾਨ’ ਸ਼ਬਦ ਵਧੇਰੇ ਪ੍ਰਚਲਿਤ ਹੋ ਗਿਆ ਹੈ। ਇਸ ਪ੍ਰਕਾਰ ਅਸੀਂ ਪੰਜਾਬੀ ਭਾਈਚਾਰੇ ਅਤੇ ਖੇਤੀ-ਸੱਭਿਆਚਾਰ ਵਿੱਚ ਵਰਤੇ ਜਾਂਦੇ ਅਜਿਹੇ ਮੁੱਢ ਕਦੀਮੀ ਪੰਜਾਬੀ ਸ਼ਬਦਾਂ ਤੋਂ ਵੀ ਦੂਰ ਹੁੰਦੇ ਜਾ ਰਹੇ ਹਾਂ। ਗੁਰੂ ਨਾਨਕ ਦੇਵ ਜੀ ਨੇ ਅੱਜ ਤੋਂ ਪੰਜ ਕੁ ਸੌ ਸਾਲ ਪਹਿਲਾਂ ਆਪਣੀ ਬਾਣੀ ਵਿੱਚ ਇਸੇ ਸ਼ਬਦ ਦੀ ਹੀ ਵਰਤੋਂ ਕੀਤੀ ਸੀ:
ਮਨੁ ਹਾਲੀ ਕਿਰਸਾਣੀ ਕਰਣੀ ਸਰਮੁ ਪਾਣੀ ਤਨੁ ਖੇਤੁ॥
ਨਾਮੁ ਬੀਜੁ ਸੰਤੋਖੁ ਸੁਹਾਗਾ ਰਖੁ ਗਰੀਬੀ ਵੇਸੁ॥
ਇਸ ਤੋਂ ਬਿਨਾਂ ਪ੍ਰਸਿੱਧ ਪੰਜਾਬੀ ਕਵੀ ਧਨੀ ਰਾਮ ਚਾਤ੍ਰਿਕ ਜੀ ਨੇ ਵੀ ਆਪਣੀ ਇੱਕ ਕਵਿਤਾ ਵਿੱਚ ਕਿਰਸਾਣ ਦੀ ਜ਼ਿੰਦਗੀ ਵਿੱਚ ਫ਼ਸਲਾਂ ਦੇ ਮਹੱਤਵ ਦਾ ਜ਼ਿਕਰ ਇਹਨਾਂ ਸਤਰਾਂ ਰਾਹੀਂ ਕੀਤਾ ਹੈ:
ਪੱਕੀ ਖੇਤੀ ਦੇਖ ਕੇ ਗਰਬ ਕਰੇ ਕਿਰਸਾਣ।
ਗੜਿਓਂ, ਕੁੰਗੀਓਂ, ਅਹਿਣੋਂ ਘਰ ਆਵੇ ਤਾਂ ਜਾਣ।
ਬੱਚਾ ਤੋਂ ‘ਬਚਕਾਨਾ” ਕਿ ‘ਬਚਗਾਨਾ’?
‘ਬੱਚਾ’ ਸ਼ਬਦ ਮੂਲ ਰੂਪ ਵਿੱਚ ਫ਼ਾਰਸੀ ਭਾਸ਼ਾ ਦਾ ਸ਼ਬਦ ਹੈ। ਇਸ ਸ਼ਬਦ ਦਾ ਫ਼ਾਰਸੀ ਭਾਸ਼ਾ ਵਿੱਚ ਉਚਾਰਨ ਅਤੇ ਲਿਖਤੀ ਰੂਪ ਅਧਕ ਤੋਂ ਬਿਨਾਂ ‘ਬਚਾ’ (بچہ) ਹੈ ਪਰ ਪੰਜਾਬੀ/ਹਿੰਦੀ ਵਾਲ਼ਿਆਂ ਨੇ ਇਸ ਨੂੰ ਦਬਾਅਵਾਚੀ ਸ਼ਬਦਾਂ, ‘ਬੱਚਾ’ ਅਤੇ ‘बच्चा’ ਵਿੱਚ ਬਦਲ ਲਿਆ ਹੈ। ਇਸ ਦਾ ਵਿਸ਼ੇਸ਼ਣੀ ਰੂਪ ‘ਬਚਗਾਨਾ’ (بچگانہ) ਹੈ ਜਿਸ ਦਾ ਭਾਵ ‘ਬੱਚਿਆਂ ਵਾਲ਼ੀਆਂ’ ਹਰਕਤਾਂ ਆਦਿ ਤੋਂ ਹੈ ਪਰ ਬਹੁਤੇ ਲੋਕ ਇਸ ਨੂੰ ‘ਬਚਕਾਨਾ’ ਹੀ ਲਿਖਦੇ ਅਤੇ ਬੋਲਦੇ ਹਨ। ਬਹੁਤ ਸਾਰੇ ਟੀ.ਵੀ. ਚੈਨਲਾਂ ਵਾਲ਼ੇ ਵੀ ਇਸ ਦਾ ਉਚਾਰਨ ‘ਬਚਕਾਨਾ’ ਦੇ ਤੌਰ ‘ਤੇ ਹੀ ਕਰ ਰਹੇ ਹਨ।
‘ਵੱਸ’, ‘ਬੱਸ’ ਅਤੇ ‘ਤੱਕ’ ਤਿੰਨ ਬਹੁਅਰਥਕ ਸ਼ਬਦ ਅਜਿਹੇ ਹਨ ਜਿਨ੍ਹਾਂ ਉੱਤੇ ਹਰ ਹਾਲ ਵਿੱਚ ਅਧਕ ਪੈਣਾ ਹੈ, ਉਹਨਾਂ ਦੇ ਅਰਥ ਭਾਵੇਂ ਕੋਈ ਵੀ ਕਿਉਂ ਨਾ ਹੋਣ। ਇਹਨਾਂ ਵਿੱਚੋਂ ‘ਵੱਸ’ ਸ਼ਬਦ ਸੰਸਕ੍ਰਿਤ ਭਾਸ਼ਾ ਦੇ ‘ਵਸ਼’ (वश) ਤੋਂ ਬਣਿਆ ਹੈ। ਇਸ ਦੇ ਅਰਥ ਹਨ- ਇਖ਼ਤਿਆਰ (ਵੱਸ ਵਿੱਚ ਹੋਣਾ, ਲੱਗਦੇ ਵਾਹ) ਅਤੇ ਕਿਸੇ ਦੇ ਅਧੀਨ ਹੋਣਾ, ਕਿਸੇ ਨੂੰ ਆਪਣੇ ਕਾਬੂ ਵਿੱਚ ਕਰਨਾ, ਵੱਸ ਲੱਗਣਾ (ਜ਼ੋਰ ਚੱਲਣਾ) ਆਦਿ। ਇਸ ਤੋਂ ਬਿਨਾਂ ਵੱਸ (ਵੱਸਣਾ/ਰਹਿਣਾ) ਸ਼ਬਦ ਸੰਸਕ੍ਰਿਤ ਦੇ ਹੀ ‘ਵਸ੍’ (ਵਸ) ਧਾਤੂ ਤੋਂ ਬਣਿਆ ਹੈ। ਇਸੇ ਕਾਰਨ ਸੰਸਕ੍ਰਿਤ ਵਿੱਚ ਬਸਤੀ ਨੂੰ ‘ਵਸਤੀ’ ਆਖਿਆ ਜਾਂਦਾ ਹੈ ਪਰ ਪੰਜਾਬੀ/ਹਿੰਦੀ ਵਿੱਚ ਆ ਕੇ ਇਹ ਬਸਤੀ ਵਿੱਚ ਬਦਲ ਜਾਂਦਾ ਹੈ। ਇਸੇ ਤਰ੍ਹਾਂ ‘ਬੱਸ’ ਸ਼ਬਦ ਦੇ ਦੋ ਅਰਥ ਹਨ- ੧. ਅੰਗਰੇਜ਼ੀ ਤੋਂ ਆਇਆ ਸ਼ਬਦ: ਬੱਸ (ਸਵਾਰੀਆਂ ਵਾਲ਼ੀ); ੨. ਬੱਸ= ਇਹ ਸ਼ਬਦ ਮੂਲ ਰੂਪ ਵਿੱਚ ਫ਼ਾਰਸੀ ਭਾਸ਼ਾ ਦਾ ਸ਼ਬਦ (بس) ਹੈ ਅਤੇ ਇਸ ਦੇ ਅਰਥ ਹਨ: ਬੱਸ ਕਰਨਾ: ਬਹੁਤ, ਕਾਫ਼ੀ; ਖ਼ਤਮ, ਸਮਾਪਤ। ਕਿਸੇ ਕੰਮ ਨੂੰ ਖ਼ਤਮ ਜਾਂ ਬੰਦ ਕਰਨਾ, ਸਮਾਪਤੀ ਕਰਨੀ। ‘ਤੱਕ’ ਸ਼ਬਦ ਦੇ ਅਰਥ ਹਨ- ਦੇਖਣਾ; ਤੱਕਣੀ (ਦੇਖਣ ਦਾ ਢੰਗ); ਤੱਕ: ਕੋਈ ਹੱਦਬੰਦੀ ਆਦਿ, ਜਿਵੇਂ:- ਤੱਕ= ਦੂਰ-ਦੂਰ ਤੱਕ/ਇੱਥੋਂ ਤੱਕ/ਤੀਕਰ (ਇਹ ਸ਼ਬਦ ਹਿੰਦੀ ਦੇ ‘ਤਲਕ’ ਸ਼ਬਦ ਤੋਂ ਬਣਿਆ ਹੈ), ਫ਼ਾਰਸੀ ਭਾਸ਼ਾ ਵਿੱਚ ਇਸ ‘ਤੱਕ’ ਸ਼ਬਦ ਲਈ ‘ਤਾ’ (تا) ਸ਼ਬਦ ਵਰਤਿਆ ਜਾਂਦਾ ਹੈ, ਜਿਵੇਂ: ਤਾ ਉਮਰ (ਸਾਰੀ ਉਮਰ ਤੱਕ/ਉਮਰ ਭਰ), ਤਾ ਹਾਲ/(تا حال)= ਹਾਲੇ ਤੱਕ/ਹੁਣ ਤੱਕ; ਤੱਕ= ਤੱਕੜ: ਭਾਰ ਜੋਖਣ ਵਾਲ਼ੀ ਵੱਡੀ ਤੱਕੜੀ; ਤੱਕ= ਅੰਦਾਜ਼ਾ/ਅਨੁਮਾਨ ਲਾਉਣਾ ਆਦਿ। ਪੰਜਾਬੀ ਵਿੱਚ ਲਿਖਣ ਸਮੇਂ ਇਹਨਾਂ ਸਾਰੇ ਸ਼ਬਦਾਂ ਉੱਤੇ ਅਧਕ ਜ਼ਰੂਰ ਪਵੇਗਾ।
ਇਸੇ ਤਰ੍ਹਾਂ ਮੂਲ ਸ਼ਬਦ ‘ਚੱਲ’ ਤੋਂ ਜਿੰਨੇ ਵੀ ਕਿਰਿਆ-ਸ਼ਬਦ ਬਣਦੇ ਹਨ, ਉਹਨਾਂ ਸਾਰਿਆਂ ਉੱਤੇ ਅਧਕ ਪੈਂਦਾ ਹੈ, ਜਿਵੇਂ: ਚੱਲ, ਚੱਲਣਾ, ਚੱਲਦਾ, ਚੱਲੇਗਾ, ਚੱਲਦਿਆਂ ਆਦਿ ਪਰ ਚੱਲ ਸ਼ਬਦ ਤੋਂ ਬਣੇ ਵਿਸ਼ੇਸ਼ਣੀ ਸ਼ਬਦਾਂ ‘ਤੇ ਅਧਕ ਨਹੀਂ ਪੈਂਦਾ, ਜਿਵੇਂ: ਚਲਦਾ-ਪੁਰਜ਼ਾ (ਚਲਦਾ-ਪੁਰਜ਼ਾ ਬੰਦਾ), ਚਲਦੀ (ਚਲਦੀ ਗੱਡੀ), ਚਲਦਾ-ਫਿਰਦਾ, ਚਲਦਿਆਂ, ਚਲਦੀਆਂ, ਚਲਦੇ-ਚਲਦੇ, ਆਦਿ।
ਪੰਜਾਬੀ ਵਿਆਕਰਨ ਦੇ ਨਿਯਮਾਂ ਅਨੁਸਾਰ ਦੁਲਾਵਾਂ ਨਾਲ਼ ਅਧਕ ਨਹੀਂ ਪੈਂਦਾ ਪਰ ਕੁਝ ਅੰਗਰੇਜ਼ੀ ਸ਼ਬਦਾਂ ਨੂੰ ਪੰਜਾਬੀ ਵਿੱਚ ਲਿਖਣ ਸਮੇਂ ਦੁਲਾਵਾਂ ਨਾਲ਼ ਵੀ ਅਧਕ ਪਾਉਣ ਦੀ ਸਿਫ਼ਾਰਸ਼ ਕੀਤੀ ਗਈ ਹੈ, ਜਿਵੇਂ: ਪੈੱਨ, ਪੈੱਨਸਿਲ, ਸ਼ੈੱਡ, ਬ੍ਰੈੱਡ, ਨੈੱਟ, ਸੈੱਟ, ਟੈੱਕਸ, ਟੈੱਕਸੀ, ਟੈੱਕਨੀਕ, ਟੈੱਟਨਸ, ਪ੍ਰੈੱਕਟਿਸ, ਪ੍ਰੈੱਕਟੀਕਲ,ਪ੍ਰਾਸਪੈੱਕਟਸ, ਪ੍ਰਾਜੈੱਕਟ, ਸੈੱਕਸ਼ਨ, ਸੈੱਕਟਰ, ਟ੍ਰੈੱਕਟਰ, ਇਨਸਪੈੱਕਟਰ ਆਦਿ।
—(ਚੱਲਦਾ)
ਜਸਵੀਰ ਸਿੰਘ ਪਾਬਲਾ,
ਲੰਗੜੋਆ, ਨਵਾਂਸ਼ਹਿਰ।
ਫ਼ੋਨ ਨੰ.98884-03052.
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly