ਕਵਿਤਾ

(ਸਮਾਜ ਵੀਕਲੀ)

ਸੁਪਨੇ ਰੀਝਾਂ ਚਾਵ੍ਹਾਂ ਨੂੰ ਵਿਆਹਉਣਾ ਏ ਕਿ ਨਈਂ,
ਕੀ ਪਤਾ ਮੁੜ ਏਸ ਜੂਨ ਵਿੱਚ ਆਉਣਾ ਏ ਕਿ ਨਈਂ।
ਹੱਸ-ਖੇਡ ਕੇ ਕੱਟ ਲੈ, ਜਿਹੜੇ ਮਿਲਦੇ ਸਾਹ ਉਧਾਰੇ,
ਫਿਕਰਾਂ ਸੰਸੇ ਝੋਰੇ ਛੱਡਦੇ, ਜ਼ਿੰਦਗੀ ਦੇ ਲੁੱਟ ਨਜ਼ਾਰੇ,
ਸ਼ੇਰ ਔਕੜਾਂ ਵਾਲਾ ਦੱਸ ਤੂੰ ਢਾਹਉਣਾ ਏ ਕਿ ਨਈਂ,
ਕੀ ਪਤਾ ਮੁੜ ਏਸ ਜੂਨ ਵਿੱਚ ਆਉਣਾ ਏ ਕਿ ਨਈਂ।
ਲੱਗਜੇ ਹੋਣ ਤਜ਼ੁਰਬਾ, ਜਾਵੇ ਜਿਵੇਂ-ਜਿਵੇਂ ਬੰਦਾ ਹੰਢਦਾ,
ਮੁਹੱਬਤ ਵੰਡਣੀ ਸਿੱਖ ਜਵਾਨਾ, ਕਾਤੋਂ ਨਫ਼ਰਤ ਵੰਡਦਾ,
ਤੈਨੂੰ ਵੇਖ ਕਿਸੇ ਨੇ ਨੈਣਾਂ ਨੂੰ ਮਟਕਾਉਣਾ ਏ ਕਿ ਨਈਂ,
ਕੀ ਪਤਾ ਮੁੜ ਏਸ ਜੂਨ ਵਿੱਚ ਆਉਣਾ ਏ ਕਿ ਨਈਂ।
ਤੇਰੇ ਵਰਗੇ ਕਿੰਨੇ ਤੁਰਗੇ, ਕਿਹੜੀ ਗੱਲ ਦਾ ਵਹਿਮ ਤੂੰ ਪਾਲ਼ੇਂ,
ਫੂਕ ਨਿਕਲਗੀ ਜਿਸ ਦਿਨ, ਉਸ ਦਿਨ ਰਹਿਜੂ ਸਭ ਵਿਚਾਲੇ,
ਸਮਾਂ ਬੜਾ ਹੈ ਕੀਮਤੀ ਮੁੜ ਥਿਆਉਣਾ ਏ ਕਿ ਨਈਂ,
ਕੀ ਪਤਾ ਮੁੜ ਏਸ ਜੂਨ ਵਿੱਚ ਆਉਣਾ ਏ ਕਿ ਨਈਂ।
ਇੱਥੇ ਕੀ-ਕੀ ਹੋਗਿਆ, ਕੀ-ਕੀ ਹੋਣਾ ਵੇਖੋ ਬੁੱਧੀਜੀਵ ਦੇ ਕਾਰੇ,
ਚੱਖਣ ਲਈ ਹੀ ਜੀਭ ਨ੍ਹੀਂ ਮਿਲੀ, ਬੋਲਣ ਲਈ ਬੋਲ ਪਿਆਰੇ,
ਕਲਮ ਨੇ ਐਸਾ ਗੀਤ ਮੁੜ ਲਿਖਾਉਣਾ ਏ ਕਿ ਨਈਂ,
ਕੀ ਪਤਾ ਮੁੜ ਏਸ ਜੂਨ ਵਿੱਚ ਆਉਣਾ ਏ ਕਿ ਨਈਂ।
                   ।। ਸਿਮਰਨ ।।

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਾ ਦਿਓ ਮੈਨੂੰ ਦੁਆਵਾਂ.
Next articleIndian-origin man in UK who left neighbour with multiple facial fractures, jailed