ਗ਼ਜ਼ਲ

ਮਾਲਵਿੰਦਰ ਸ਼ਾਇਰ

(ਸਮਾਜ ਵੀਕਲੀ)

ਹੜ੍ਹ ਦੇ ਜਲ ਵਿੱਚ ਸਭ ਕੁਝ ਰੁੜ੍ਹਿਆ,
ਨੈਣੀਂ ਛਲਕੇ ਗ਼ਮ ਦਾ ਪਾਣੀ।
ਆਸ ਬਚੀ ਹੈ ਜੇਕਰ ਕੋਈ,
ਉਹ ਬਸ ਹੈ ਨਾਨਕ ਦੀ ਬਾਣੀ।
ਦਿਲ ਦੇ ਜ਼ਖ਼ਮ ਬੜੇ ਨੇ ਡੂੰਘੇ,
ਕੀ ਮੈਂ ਤੈਨੂੰ ਖੋਲ੍ਹ ਸੁਣਾਵਾਂ,
ਬੇ-ਮੌਸਮ ਹੀ ਘਰ ਉੱਜੜੇ ਨੇ,
ਇਹ ਹੈ ਮੇਰੀ ਅਜਬ ਕਹਾਣੀ।
ਸਾਉਣ ਮਹਿਨੇ ਚੜ੍ਹਣੋਂ ਪਹਿਲਾਂ,
ਦਿਲ ਜਾ ਮੇਰਾ ਡੋਲ ਗਿਆ ਹੈ,
ਹੜ੍ਹ ਦੇ ਪਾਣੀ ਦੇ ਵਿੱਚ ਡੁੱਬਿਆ,
ਸਭ ਕੁਝ ਦੇਖਾਂ ਝੀਥਾਂ ਥਾਣੀ।
ਸਾਉਣ ਮਹੀਨੇ ਅੰਬਰ ਦੇ ਵਿੱਚ,
ਪੀਂਘ ਪਈ ਹੈ ਜੋ ਸਤਰੰਗੀ,
ਦਿਲ ਦੇ ਸੁੱਤੇ ਦਰਦ ਜਗਾਵੇ,
ਐਤਕ ਤਾਂ ਹੈ ਖਸਮਾ ਖਾਣੀ।
ਮੇਰੇ ਦਿਲ ‘ਤੇ ਬੀਤ ਰਹੀ ਜੋ,
ਸ਼ਾਇਦ ਉਨ੍ਹਾਂ ਨੂੰ ਲਗਦਾ ਨਾਟਕ,
ਮਹਿਲਾਂ ‘ਚੋਂ ਜੋ ਵੇਖ ਰਹੇ ਨੇ,
ਬੈਠ ਸਿੰਘਾਸਨ ਰਾਜਾ-ਰਾਣੀ।
 ਉਹ ਤੇ ਮੈਂ ਹਾਂ ਦੋਨੋਂ ਜਾਣੇ,
ਉੱਚੇ-ਨੀਵੇਂ ਘਰ ਵਿੱਚ ਜਾਏ,
ਕੁਦਰਤ ਦੀ ਕਾਦਰ ਨੂੰ ਕੋਸਾਂ,
ਜਿਸਨੇ ਵੰਡ ਕਰੀ ਹੈ ਕਾਣੀ।
‘ਸ਼ਾਇਰ’ ਦੁਖੀ ਜਿਸ ਖਾਤਰ ਹੁਨੈਂ,
ਉਹ ਵੀ ਹੌਕੇ ਭਰਦਾ ਹੋਣੈ,
ਗੱਲ ਬਤੀਸੀ ਮੁੱਖ ‘ਚੋਂ ਆਖਾਂ,
ਇਹ ਤੂੰ ਆਮ ਜਿਹੀ ਨਾ ਜਾਣੀ।
 ਮਾਲਵਿੰਦਰ ਸ਼ਾਇਰ
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਬਲਾਵਾਂ
Next article   *ਗੀਤ*