ਏਹੁ ਹਮਾਰਾ ਜੀਵਣਾ ਹੈ -346

ਬਰਜਿੰਦਰ-ਕੌਰ-ਬਿਸਰਾਓ-

(ਸਮਾਜ ਵੀਕਲੀ)-ਸਵੇਰੇ ਦਸ ਕੁ ਵਜੇ ਦਾ ਸਮਾਂ ਸੀ,ਨਿਹਾਲ ਕੌਰ ਵਿਹੜੇ ਵਿੱਚ ਮੰਜੇ ਤੇ ਬੈਠੀ ਸੀ। ਘਰ ਦੇ ਵਰਾਂਡੇ ਤੱਕ ਹੀ ਪੱਕਾ ਫਰਸ਼ ਸੀ। ਵਿਹੜਾ ਕੱਚਾ ਈ ਸੀ।  ਵਿਹੜੇ ਵਿੱਚ ਪੁਰਾਣੀ ਨਿੰਮ ਲੱਗੀ ਹੋਣ ਕਰਕੇ ਦੁਪਹਿਰ ਨੂੰ ਮੰਜਾ ਉੱਥੇ ਹੀ ਡਾਹ ਲੈਂਦੀ ਸੀ। ਗਰਮੀਆਂ ਵਿੱਚ ਬਿਜਲੀ ਦੇ ਵੱਡੇ ਵੱਡੇ ਕੱਟ ਲੱਗਣ ਕਰਕੇ ਬਿਜਲੀ ਤਾਂ ਕਦੇ ਈ ਆਉਂਦੀ ਸੀ। ਮਲਮਲ ਦੀ ਚੁੰਨੀ ਨੂੰ ਸਿਰ ਤੇ ਇਕੱਠਾ ਕਰਕੇ ਰੱਖਿਆ ਹੋਇਆ ਸੀ। ਖੱਬੇ ਹੱਥ ਨਾਲ ਪੱਖੀ ਨਾਲ ਝੱਲ ਮਾਰ ਰਹੀ ਸੀ ਤੇ ਸੱਜੇ ਹੱਥ ਵਿੱਚ ਮਾਲਾ ਫੜੀ ਹੋਈ ਸੀ ਤੇ ਉਸ ਦੇ ਮਣਕੇ ਛੇਤੀ ਛੇਤੀ ਹੀ ਫੇਰ ਰਹੀ ਸੀ ਜਿਵੇਂ ਸਿਰਫ਼ “ਸਤਿਨਾਮੁ ਵਾਹਿਗੁਰੂ” ਦਾ ਜਾਪ ਹੀ ਕਰ ਰਹੀ ਹੋਵੇ ਪਰ ਉਸ ਦਾ ਧਿਆਨ ਵੀ ਐਧਰ ਓਧਰ ਭਟਕ ਰਿਹਾ ਸੀ ਤੇ ਵੇਖਣ ਨੂੰ ਇੰਝ ਲੱਗਦਾ ਸੀ ਜਿਵੇਂ ਉਸ ਦੇ ਦਿਮਾਗ਼ ਵਿੱਚ ਹੋਰ ਵੀ ਕਈ ਸੋਚਾਂ ਘੁੰਮ ਰਹੀਆਂ ਹੋਣ।

                ਵੱਡੇ ਸਾਰੇ ਵਿਹੜੇ ਵਿੱਚ ਹੀ ਸਧਾਰਨ ਜਿਹੇ ਪੁਰਾਣੇ ਡਿਜ਼ਾਈਨ ਦੇ ਲੋਹੇ ਦੇ ਗੇਟ ਦੇ ਅੰਦਰ ਵੜਦਿਆਂ ਹੀ ਖੱਬੇ ਹੱਥ ਖੁਰਾ ਬਣਿਆ ਹੋਇਆ ਸੀ ਜਿਸ ਵਿੱਚ ਇੱਕ ਨਲਕਾ ਤੇ ਇੱਕ ਸਰਕਾਰੀ ਪਾਣੀ ਵਾਲੀ ਟੂਟੀ ਲੱਗੀ ਹੋਈ ਸੀ। ਜਿਸ ਵਿੱਚੋਂ ਲਗਾਤਾਰ ਪਾਣੀ ਚੋਂਦਾ ਹੋਣ ਕਰਕੇ ਉਸ ਦੇ ਥੱਲੇ ਇੱਕ ਪੁਰਾਣੀ ਜਿਹੀ ਲੋਹੇ ਦੀ ਬਾਲਟੀ ਪਈ ਸੀ। ਨਿਹਾਲ ਕੌਰ ਕੋਲ਼ ਮੂਹਰਲੇ ਦੋ ਕਮਰੇ ਸਨ ਤੇ ਕਮਰਿਆਂ ਤੋਂ ਪਹਿਲਾਂ ਈ ਇੱਕ ਰਸੋਈ ਸੀ ਤੇ ਉਸ ਦੀ ਨੂੰਹ ਕੋਲ਼ ਅਗਲੇ ਦੋ ਕਮਰੇ ਸਨ। ਕਮਰਿਆਂ ਦੇ ਖ਼ਤਮ ਹੁੰਦੇ ਹੀ ਇੱਕ ਰਸੋਈ ਸੀ ਤੇ ਰਸੋਈ ਦੇ ਨਾਲ ਹੀ ਖੁੱਲੇ ਚੌਂਕੇ ਚੁੱਲ੍ਹੇ ਵਾਲ਼ਾ ਓਟਾ ਸੀ। ਉੱਥੇ ਬੈਠੀ ਨਿਹਾਲ ਕੌਰ ਦੀ ਨੂੰਹ ਮਨਜੀਤ ਕੌਰ ਬੈਠੀ ਖਾਣਾ ਬਣਾਉਂਦੀ ਹੋਈ ਕਦੇ ਗਰਦਨ ਉਤਾਂਹ ਨੂੰ ਚੁੱਕ ਕੇ ਨਿਹਾਲ ਕੌਰ ਵੱਲ ਦੇਖ ਲੈਂਦੀ ਹੈ ਤੇ ਮੂੰਹ ਵਿੱਚ ਇਕੱਲੀ ਹੀ ਬੁੜ ਬੁੜ ਕਰਦੀ ਬੋਲਦੀ ਹੈ,” ਕਿਵੇਂ ਵਿਹੜੇ ਵਿੱਚ ਸਜ ਕੇ ਬੈਠੀ ਪਖੰਡ ਕਰਨ ਲੱਗੀ ਆ… ਦੇਖਣ ਵਾਲਾ ਸੋਚੂ ਇਹਦੇ ਤੋਂ ਵੱਡੀ ਕੋਈ ਰੱਬ ਦੀ ਭਗਤਣੀ ਹੈ ਈ ਨੀ….ਪਖੰਡਣ ਬੁੜੀ ਕਿਸੇ ਥਾਂ ਦੀ…!” ਕਦੇ ਛੋਟੀ ਜਿਹੀ ਪਿੱਤਲ ਦੀ ਬਾਲਟੀ ਫੜੀ ਟੂਟੀ ਤੋਂ ਪਾਣੀ ਲੈਣ ਆਉਂਦੀ ਹੈ ਤਾਂ ਵੀ ਬੁੜ ਬੁੜ ਕਰਦੀ ਈ ਆਉਂਦੀ ਤੇ ਬੁੜ ਬੁੜ ਕਰਦੀ ਜਾਂਦੀ। ਨਿਹਾਲ ਕੌਰ ਉਸ ਦੇ ਬੋਲਾਂ ਕੁਬੋਲਾਂ ਨੂੰ ਸੁਣ ਕੇ ਵੀ ਅਣਸੁਣਿਆ ਕਰ ਛੱਡਦੀ ਹੈ।
              ਅਚਾਨਕ ਗੇਟ ਖੁੱਲ੍ਹਿਆ ਤਾਂ ਨਿਹਾਲ ਕੌਰ ਦਾ ਚਿਹਰਾ ਖਿੜ ਉੱਠਦਾ ਹੈ, ਬਾਹਰੋਂ ਕਾਰ ਵਿੱਚੋਂ ਉਤਰ ਕੇ ਉਸ ਦੀ ਧੀ ਭੋਲੀ ਆਪਣੇ ਦੋਹਾਂ ਜਵਾਕਾਂ ਨਾਲ  ਅੰਦਰ ਨੂੰ ਆ ਰਹੀ ਸੀ। ਨਿਹਾਲ ਕੌਰ ਆਪਣੀ ਧੀ ਤੇ ਦੋਹਤੀਆਂ ਨੂੰ ਗਲਵਕੜੀ ਵਿੱਚ ਲੈ ਕੇ ਪਿਆਰ ਦਿੰਦੀ ਹੈ। ਭੋਲੀ ਕਾਫ਼ੀ ਪੜ੍ਹੀ ਲਿਖੀ ਲੱਗਦੀ ਹੈ।ਉਸ ਦੀਆਂ ਦੋਵੇਂ ਧੀਆਂ ਵੀ ਬਹੁਤ ਤਮੀਜ਼ ਵਾਲ਼ੀਆਂ ਲੱਗਦੀਆਂ ਹਨ। ਭੋਲੀ ਮਾਂ ਨੂੰ ਮਿਲ ਕੇ ਕਹਿੰਦੀ ਹੈ,”ਬੀਜੀ… ਮੈਂ ਭਾਬੀ ਨੂੰ ਵੀ ਮਿਲ਼ ਆਵਾਂ….!”
“ਆਹੋ…. ਜਾਹ ਪੁੱਤ…. ਨਣਦ ਭਰਜਾਈ ਦੇ ਕਾਹਦੇ ਰੋਸੇ….!”
ਭੋਲੀ ਮਨਜੀਤ ਕੋਲ਼ ਓਟੇ ਦੇ ਬਾਹਰੋਂ ਹੀ ਕਹਿੰਦੀ ਹੈ,” ਭਾਬੀ … ਸਤਿ ਸ੍ਰੀ ਆਕਾਲ….।” ਤੇ ਆਪਣੀਆਂ ਦੋਵੇਂ ਧੀਆਂ ਨੂੰ ਵੀ ਕਹਿੰਦੀ ਹੈ,” ਬੇਟਾ…. ਆਪਣੇ ਮਾਮੀ ਜੀ ਨੂੰ ਸਤਿ ਸ੍ਰੀ ਆਕਾਲ ਬੁਲਾਓ….!”
ਦੋਵੇਂ ਬੱਚੀਆਂ ਵੀ ਆਪਣੀ ਮਾਮੀ ਨੂੰ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਆਕਾਲ ਬੁਲਾਉਂਦੀਆਂ ਹਨ।
ਮਨਜੀਤ ਬਹੁਤ ਰੁੱਖੇ ਜਿਹੇ ਲਹਿਜੇ ਵਿੱਚ ਇੱਕ ਵਾਰ ‘ਸਤਿ ਸ੍ਰੀ ਆਕਾਲ ‘ ਬੋਲ ਕੇ ਤਿੰਨਾਂ ਦਾ ਜਵਾਬ ਦੇ ਦਿੰਦੀ ਹੈ।ਉਹ ਨਾ ਉਹਨਾਂ ਨੂੰ ਬੈਠਣ ਨੂੰ ਕਹਿੰਦੀ ਹੈ ਤੇ ਨਾ ਅਗਾਂਹ ਕੁਝ ਹੋਰ ਹਾਲ ਚਾਲ ਪੁੱਛਦੀ ਹੈ। ਭੋਲੀ ਆਪਣੀ ਮਾਂ ਵੱਲ ਨੂੰ ਮੁੜ ਆਉਂਦੀ ਹੈ। ਮਨਜੀਤ ਭੋਲੀ ਦੇ ਮਹਿੰਗੇ ਕੱਪੜੇ, ਜੁੱਤੀਆਂ,ਰੰਗ ਰੂਪ ਤੇ ਉਸ ਦੇ ਬੱਚਿਆਂ ਨੂੰ ਵੇਖ ਕੇ ਸੜ ਜਾਂਦੀ ਹੈ ਤੇ ਇਕੱਲੀ ਹੀ ਬੋਲਦੀ ਹੈ,”ਆ ਜਾਂਦੀ ਆ ਅਛਣੇ ਪਛਣੇ ਕਰਕੇ….. ਮਾਂ ਨੂੰ ਮਿਲ਼ਣ…. ਜਿਵੇਂ ਕਿਤੇ ਹੁਣੇ ਈ ਬੁੜੀ ਮਰਨ ਲੱਗੀ ਆ …. ਇਹ ਨੀ ਮਰਦੀ…. ਜੇ ਐਨਾ ਹੇਜ ਮਾਰਦਾ….. ਲੈ ਜਾਵੇ ਆਪਣੇ ਕੋਲ……!”
        ਦਰ ਅਸਲ ਭੋਲੀ ਨਿਹਾਲ ਕੌਰ ਦੀ ਵੱਡੀ ਧੀ ਹੈ ਜੋ ਬਹੁਤ ਪੜ੍ਹ ਲਿਖ ਕੇ ਪ੍ਰੋਫੈਸਰ ਲੱਗੀ ਹੋਈ ਸੀ। ਉਸ ਦਾ ਵਿਆਹ ਵੀ ਪ੍ਰੋਫੈਸਰ ਲੜਕੇ ਨਾਲ ਹੀ ਹੋਇਆ ਸੀ,ਉਹ ਸ਼ਹਿਰ ਹੀ ਕੋਠੀ ਪਾ ਕੇ ਰਹਿੰਦੇ ਸਨ। ਉਸ ਦਾ ਪਤੀ ਰਣਜੀਤ ਵੀ ਬਹੁਤ ਲਾਇਕ ਅਤੇ ਹਲੀਮੀ ਵਾਲ਼ਾ ਮੁੰਡਾ ਸੀ। ਨਿਹਾਲ ਕੌਰ ਦੇ ਭੋਲੀ ਤੋਂ ਬਾਅਦ ਦੋ ਕੁੜੀਆਂ ਹੋਰ ਵੀ ਹੋਈਆਂ ਸਨ ਪਰ ਉਹ ਬਹੁਤੀਆਂ ਕਮਜ਼ੋਰ ਹੋਣ ਕਰਕੇ ਜੰਮਦੀਆਂ ਹੀ ਬਚੀਆਂ ਨਹੀਂ ਸਨ। ਚੌਥੇ ਨੰਬਰ ਤੇ ਮਨਜੀਤ ਦਾ ਘਰਵਾਲਾ ਸੋਹਣਾ ਸੀ ਜੋ ਮਸਾਂ ਮਸਾਂ ਉਹਨਾਂ ਨੇ ਸੁੱਖਾਂ ਸੁੱਖ ਸੁੱਖ ਕੇ ਲਿਆ ਸੀ। ਸੋਹਣਾ ਸਾਰਿਆਂ ਦਾ ਬਹੁਤਾ ਲਾਡਲਾ ਹੋਣ ਕਰਕੇ ਪੜ੍ਹਿਆ ਹੀ ਨਹੀਂ ਸੀ। ਉਸ ਨੂੰ ਨਿਹਾਲ ਕੌਰ ਦੇ ਪਤੀ ਨੇ ਆਪਣੇ ਜਿਉਂਦੇ ਜੀਅ ਟਰੈਕਟਰਾਂ ਦਾ ਕੰਮ ਸਿਖਾ ਕੇ ਪਿੰਡ ਦੇ ਨਾਲ ਲੱਗਦੇ ਹੀ ਵਰਕਸ਼ਾਪ ਖੋਲ੍ਹ ਦਿੱਤੀ ਸੀ। ਕੰਮ ਤਾਂ ਵਧੀਆ ਚੱਲਦਾ ਸੀ ਪਰ ਉਸ ਦੀ ਆਪਣੀ ਲੜਾਕੂ ਘਰਵਾਲ਼ੀ ਅੱਗੇ ਕੋਈ ਪੇਸ਼ ਨਹੀਂ ਚੱਲਦੀ ਸੀ। ਉਸ ਦੇ ਵਿਆਹ ਨੂੰ ਪੰਜ ਸਾਲ ਹੋ ਗਏ ਸਨ ਤੇ ਹਜੇ ਉਹਨਾਂ ਦੇ ਕੋਈ ਬੱਚਾ ਵੀ ਨਹੀਂ ਹੋਇਆ ਸੀ।ਉਹ ਨਾ ਮਾਂ ਨਾਲ ਗੱਲ ਕਰਨ ਦਿੰਦੀ ਸੀ ਤੇ ਨਾ ਹੀ ਕੁੜੀ ਕੋਲ ਜਾਣ ਦਿੰਦੀ ਸੀ।
              ਦੁਪਹਿਰੇ ਦੋ ਕੁ ਵਜੇ ਸੋਹਣਾ ਵਰਕਸ਼ਾਪ ਤੋਂ ਘਰ ਰੋਟੀ ਖਾਣ ਆਇਆ ਤਾਂ ਉਹ ਪਹਿਲਾਂ ਆਪਣੇ ਕਮਰੇ ਵਿੱਚ ਗਿਆ ਤਾਂ ਉਸ ਨੂੰ ਆਪਣੀ ਮਾਂ ਨਿਹਾਲ ਕੌਰ ਵਾਲੇ ਪਾਸਿਉਂ ਭੋਲੀ ਦੀਆਂ ਕੁੜੀਆਂ ਦੀ ਖੇਡਦੀਆਂ ਦੀ ਅਵਾਜ਼ ਆਈ ਤਾਂ ਉਹ ਝੱਟ ਦੇਣੇ ਆਪਣੀ ਭੈਣ ਨੂੰ ਮਿਲਣ ਚਲਿਆ ਗਿਆ। ਬੱਸ ਫੇਰ ਕੀ ਸੀ, ਮਨਜੀਤ ਦਾ ਗੁੱਸਾ ਤਾਂ ਸੱਤਵੇਂ ਅਸਮਾਨੀ ਜਾ ਚੜ੍ਹਿਆ। ਜਦ ਉਹ ਮਿਲ਼ ਕੇ ਵਾਪਸ ਆਇਆ ਤਾਂ ਉਸ ਨੇ ਰੋਟੀ ਵਾਲ਼ੀ ਥਾਲੀ ਵਗਾਹ ਕੇ ਵਿਹੜੇ ਵਿੱਚ ਮਾਰੀ ਤੇ ਆਖਣ ਲੱਗੀ,”…..ਜਾਹ ….. ਰੋਟੀ ਹੁਣ ਤੈਨੂੰ ਬੁੜੀ ਓ ਦੇਊ…… ਮੇਰੇ ਕੋਲ਼ ਕੀ ਧੱਕੇ ਖਾਣ ਨੂੰ ਆਇਐਂ….. !”  ਸੋਹਣੇ ਨੂੰ ਵੀ ਗੁੱਸਾ ਆਇਆ ਕਿ ਉਹ ਸਵੇਰ ਦਾ ਕੰਮ ਕਰਦਾ ਭੁੱਖਾ ਭਾਣਾ ਘਰ ਆਇਆ ਜੇ ਆਪਣੀ ਭੈਣ ਤੇ ਭਾਣਜੀਆਂ ਨੂੰ ਦੋ ਮਿੰਟ ਮਿਲ਼ ਆਇਆ ਤਾਂ ਕੀ ਗੁਨਾਹ ਕਰ ਦਿੱਤਾ ਸੀ? ਉਸ ਨੂੰ ਮਨਜੀਤ ਦੀ ਇਸ ਹਰਕਤ ਤੇ ਗੁੱਸਾ ਆਇਆ ਤੇ ਗੁੱਸੇ ਵਿੱਚ ਉਸ ਦੇ ਇੱਕ ਚਪੇੜ ਜੜ ਦਿੱਤੀ। ਭੋਲੀ ਉਹਨਾਂ ਦੀ ਲੜਾਈ ਦੀ ਅਵਾਜ਼ ਸੁਣ ਕੇ ਸੋਹਣੇ ਨੂੰ ਸਮਝਾ ਕੇ ਸ਼ਾਂਤ ਕਰਵਾ ਆਈ ਪਰ ਮਨਜੀਤ ਜੋ ਬੁਰਾ ਭਲਾ ਭੋਲੀ ਨੂੰ ਬੋਲ ਸਕਦੀ ਸੀ ਬੋਲਦੀ ਰਹੀ।
           ਸੋਹਣਾ ਬਿਨਾਂ ਰੋਟੀ ਖਾਧੇ ਵਰਕਸ਼ਾਪ ਤੇ ਚਲਿਆ ਗਿਆ। ਤਿੰਨ ਕੁ ਵਜੇ ਮਨਜੀਤ ਵਿਹੜੇ ਵਿੱਚ ਨੂੰ ਤੜਫ਼ਦੀ ਉਲਟੀਆਂ ਕਰਦੀ ਨਿਕਲੀ। ਅੰਦਰੋਂ ਹੀ ਉਸ ਨੂੰ ਵੇਖ ਕੇ ਭੋਲੀ ਦਾ ਮੱਥਾ ਠਣਕਿਆ ਤੇ ਉਹ ਭੱਜ ਕੇ ਬਾਹਰ ਨਿਕਲੀ… ਜਦ ਦੇਖਿਆ ਤਾਂ ਆਏਂ ਲੱਗਦਾ ਸੀ ਕਿ ਉਸ ਨੇ ਕੋਈ ਜ਼ਹਿਰੀਲੀ ਚੀਜ਼ ਨਿਗਲ ਲਈ ਹੋਵੇ। ਭੋਲੀ ਨੇ ਫਟਾਫਟ ਗਰਮ ਪਾਣੀ ਕਰਕੇ ਉਸ ਪਿਲਾਇਆ ਤੇ ਉਸ ਨੂੰ ਕਈ ਸਾਰੀਆਂ ਉਲਟੀਆਂ ਕਰਵਾ ਕੇ ਪਿੰਡ ਦੇ ਸਰਪੰਚ ਨੂੰ ਨਾਲ ਲੈਕੇ ਆਪਣੀ ਗੱਡੀ ਵਿੱਚ ਸ਼ਹਿਰ ਦੇ ਵੱਡੇ ਹਸਪਤਾਲ ਲੈ ਗਈ। ਉਸ ਨੇ ਉਸ ਦੇ ਪੇਕਿਆਂ ਨੂੰ ਵੀ ਫੋਨ ਕਰਕੇ ਇਤਲਾਹ ਦਿੱਤੀ। ਉੱਧਰੋਂ ਸੋਹਣਾ ਵੀ ਪਹੁੰਚ ਗਿਆ ਸੀ। ਘੰਟੇ ਕੁ ਬਾਅਦ ਮਨਜੀਤ ਦੇ ਪੇਕੇ ਪੰਦਰਾਂ ਵੀਹ ਬੰਦਿਆਂ ਨੂੰ ਨਾਲ ਲਿਆ ਕੇ ਹੰਗਾਮਾ ਕਰਨ ਲੱਗੇ ਕਿ ਉਹਨਾਂ ਦੀ ਧੀ ਨੂੰ ਦਾਜ ਦੇ ਲੋਭੀ ਉਸ ਦੀ ਸੱਸ,ਨਣਾਨ ਤੇ ਘਰਵਾਲ਼ੇ ਨੇ ਜ਼ਹਿਰ ਦੇ ਕੇ ਮਾਰਨ ਦੀ ਕੋਸ਼ਿਸ਼ ਕੀਤੀ ਹੈ। ਪੁਲਿਸ ਵੀ ਆ ਗਈ। ਨਿਹਾਲ ਕੌਰ ਦੇ ਪਿੰਡ ਦੇ ਸਰਪੰਚ ਨੇ ਬਥੇਰਾ ਕਿਹਾ ਕਿ ਇਹਨਾਂ ਨੇ ਇਹ ਗਰੀਬ ਬੰਦਿਆਂ ਤੋਂ ਦਾਜ ਲੈ ਕੇ ਕੀ ਕਰਨਾ ਹੈ। ਇਹ ਤਾਂ ਸਗੋਂ ਸਮੇਂ ਸਿਰ ਹਸਪਤਾਲ ਲਿਆ ਕੇ ਉਸ ਦੀ ਜਾਨ ਬਚਾ ਰਹੇ ਹਨ। ਪਰ ਪੁਲਿਸ ਵਾਲੇ ਉਹਨਾਂ ਉੱਪਰ ਕੇਸ ਪਾਉਣ ਦੀ ਤਿਆਰੀ ਕਰਨ ਲੱਗੇ। ਡਾਕਟਰ ਨੇ ਆ ਕੇ ਦੱਸਿਆ,” ਤੁਹਾਡੇ ਮਰੀਜ਼ ਦੀ ਜਾਨ ਬਚ ਗਈ ਹੈ…. ਸਮੇਂ ਸਿਰ ਦਿੱਤੀ ਮੁੱਢਲੀ ਸਹਾਇਤਾ ਨੇ ਅਤੇ ਵੇਲਾ ਰਹਿੰਦੇ ਹਸਪਤਾਲ ਲਿਆ ਕੇ ਤੁਸੀਂ ਬਹੁਤ ਚੰਗਾ ਕੰਮ ਕੀਤਾ ਹੈ…. ਕੱਲ੍ਹ ਤੱਕ ਛੁੱਟੀ ਮਿਲ ਜਾਵੇਗੀ…!”  ਕਹਿ ਕੇ ਡਾਕਟਰ ਅੰਦਰ ਚਲਿਆ ਗਿਆ। ਪੁਲਿਸ ਨੇ ਮਨਜੀਤ ਦੇ ਮਾਪਿਆਂ ਦੇ ਬਿਆਨਾਂ ਦੇ ਆਧਾਰ ਤੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ। ਐਨੇ ਨੂੰ ਮਨਜੀਤ ਦੀ ਦਾਦੀ ਉਸ ਦੇ ਚਾਚਿਆਂ ਤਾਇਆਂ ਨੂੰ ਨਾਲ਼ ਲੈ ਕੇ ਆ ਗਈ ਤੇ ਪੁਲਿਸ ਮੂਹਰੇ ਹੱਥ ਜੋੜ ਕੇ ਆਖਣ ਲੱਗੀ,” ਠਾਣੇਦਾਰ ਸਾਹਬ…. ਇਹਨਾਂ ਸ਼ਰੀਫ਼ ਬੰਦਿਆਂ ਤੇ ਕੇਸ ਪਾ ਕੇ ਕਿਤੇ ਤੁਸੀਂ ਕੋਈ ਪਾਪ ਨਾ ਕਰ ਬੈਠਿਓ….. ਆਹ ਜਿਹੜੇ ਕੁੜੀ ਦੇ ਮਾਂ ਬਾਪ ਨੇ…… ਨਿਰਾ ਝੂਠ ਬੋਲਦੇ ਨੇ….. ਕੁੜੀ ਨੂੰ ਅਕਲ ਦੇਣ ਦੀ ਥਾਂ ਮਾਂ ਨੇ ਆਪਣੇ ਵਰਗੀ ਬਣਾ ਲਿਆ….. ਇਹਨੇ ਤਾਂ ਜੀ ਕੁਆਰੀ ਹੁੰਦੀ ਨੇ…. ਮਾਂ ਨਾਲ਼ ਲੜਕੇ ਵੀ ਦੋ ਵਾਰ ਡੀ ਟੀ ਪੀਤੀ ਸੀ…… ਤਾਂ ਹੀ ਤਾਂ ਜੀ ਓਹਦੇ ਜਵਾਕ ਨੀ ਹੁੰਦਾ…. ਕੋਈ ਨੁਕਸ ਪੈ ਗਿਆ ਹੋਣਾ….ਇਹ ਤਾਂ ਇਹਨਾਂ ਨੂੰ ਸ਼ੁਕਰ ਮਨਾਉਣਾ ਚਾਹੀਦਾ ਕਿ ਇਹੋ ਜਿਹੀ ਪਾਗਲ ਕੁੜੀ ਇਹਨਾਂ ਨੇ ਵਸਾਈ ਹੋਈ ਆ (ਮਨਜੀਤ ਦੀ ਮਾਂ ਵੱਲ ਨੂੰ ਮੂੰਹ ਕਰਕੇ ਗੁੱਸੇ ਵਿੱਚ ਬੋਲੀ) ….. ਉਦੋਂ ਕਿਉਂ ਨਾ ਪੁਲਸ ਨੂੰ ਬੁਲਾਇਆ ਸੀ ਨੀ….. ? (ਮਨਜੀਤ ਦੇ ਮਾਂ ਪਿਓ ਦੇ ਬੁੱਲ੍ਹਾਂ ਤੇ ਸਿੱਕਰੀ ਆਉਣ ਲੱਗੀ) …. ਠਾਣੇਦਾਰ ਸਾਹਬ ਇਹ ਬਿਲਕੁਲ ਝੂਠੇ ਨੇ….. ਜੇ ਪਰਚਾ ਪਾਉਣਾ ਤਾਂ ਇਹਨਾਂ ਤੇ ਪਾਓ….. ਧੀਆਂ ਨੂੰ ਘਰ ਵਸਾਉਣ ਦੀ ਅਕਲ ਦੇਣੀ ਚਾਹੀਦੀ ਆ ਕਿ ਘਰ ਉਜਾੜਨ ਦੀ….? ਮਾਂ ਸਵੇਰੇ ਈ ਫੂਨ ਲਾ ਕੇ ਬਹਿ ਜਾਂਦੀ ਆ…. ਸਾਰਾ ਦਿਨ ਧੀ ਨੂੰ ਸੱਸ ਤੇ ਨਣਦ ਦੇ ਖਿਲਾਫ ਚੱਕਦੀ ਰਹਿੰਦੀ ਆ….. !”
         ਮਨਜੀਤ ਦੇ ਤਾਏ ਚਾਚੇ ਵੀ ਆਪਣੀ ਮਾਂ ਨਾਲ ਸਹਿਮਤੀ ਪ੍ਰਗਟਾ ਰਹੇ ਸਨ। ਜਿਹੜੇ ਲੋਕ ਮਨਜੀਤ ਦੇ ਮਾਂ ਪਿਓ ਨਾਲ਼ ਹਮਾਇਤੀ ਬਣ ਕੇ ਆਏ ਸਨ ਉਹ ਸਭ ਇੱਕ ਇੱਕ ਕਰਕੇ ਖਿਸਕ ਗਏ ਸਨ। ਮਨਜੀਤ ਦੇ ਮਾਂ ਪਿਓ ਲੱਗਿਆ ਕਿ ਹੁਣ ਸੱਚ ਬੋਲਣ ਵਿੱਚ ਹੀ ਭਲਾਈ ਹੈ । ਨਿਹਾਲ ਕੌਰ ਤੇ ਭੋਲੀ ਨੇ ਮਨਜੀਤ ਦੀ ਦਾਦੀ ਦਾ ਧੰਨਵਾਦ ਕੀਤਾ। ਨਿਹਾਲ ਕੌਰ ਉਸ ਨੂੰ ਆਖਦੀ ਹੈ,” ਬੀਬੀ ਜੀ….. ਜੇ ਤੁਸੀਂ ਸਮੇਂ ਸਿਰ ਨਾ ਆਂਉਂਦੇ ਤਾਂ ਅੱਜ ਅਨਰਥ ਹੋ ਜਾਣਾ ਸੀ…ਮੇਰਾ ਬੁਢਾਪਾ ਰੁਲਣ ਦੇ ਨਾਲ ਨਾਲ ਮੇਰੀ ਧੀ ਦਾ ਵਸਿਆ ਵਸਾਇਆ ਘਰ ਉਜੜ ਜਾਣਾ ਸੀ…..!” ਉਹ ਉੱਪਰ ਨੂੰ ਦੇਖਦੀ ਹੋਈ ਦੋਵੇਂ ਹੱਥ ਜੋੜ ਕੇ ਰੱਬ ਦਾ ਧੰਨਵਾਦ ਕਰਦੀ ਹੈ,”…. ਸ਼ੁਕਰ ਐ ਰੱਬਾ…… ਸੱਚ ਹਜੇ ਮਰਿਆ ਨਹੀਂ…।”
 ‌ਮਨਜੀਤ ਦੀ ਦਾਦੀ ਵਾਂਗ ਸੱਚਾ ਵਿਅਕਤੀ ਆਪਣੇ ਪਰਾਏ ਤੋਂ ਉੱਪਰ ਉੱਠ ਕੇ ਹਮੇਸ਼ਾ ਸੱਚ ਉੱਤੇ ਪਹਿਰਾ ਦਿੰਦਾ ਹੈ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।
ਬਰਜਿੰਦਰ ਕੌਰ ਬਿਸਰਾਓ…
99889-01324
ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
Previous articleਮਨੀਪੁਰ ਵਿੱਚ ਔਰਤਾਂ ਨਾਲ ਵਾਪਰੀਆਂ ਅਮਾਨਵੀ ਘਟਨਾਵਾਂ ਵਿਰੁੱਧ ਪੰਜਾਬ ਯੂ ਟੀ ਮੁਲਾਜ਼ਮ ਤੇ ਪੈਨਸ਼ਨਰਜ਼ ਸਾਂਝਾ ਫਰੰਟ ਵਲੋਂ ਫਿਲੌਰ ਵਿੱਚ ਵਿਸ਼ਾਲ ਅਰਥੀ ਫੂਕ ਮੁਜਾਹਰਾ। 
Next articleਕਾਰਗਿਲ ਵਿਜੈ ਦਿਵਸ ਨੂੰ ਸਮਰਪਿਤ ਸ਼ਹੀਦ ਮੇਜਰ ਸਿੰਘ ਸਰਕਾਰੀ ਹਾਈ ਸਮਾਰਟ ਸਕੂਲ ਲਾਪਰਾਂ ਵਿਖੇ ਵਣ ਮਹਾਂਉਤਸਵ ਮਨਾਇਆ ਗਿਆ।