(ਸਮਾਜ ਵੀਕਲੀ)
ਪੇਟੀ ਦਾਨ ਦੀ ਖੋਲ੍ਹੀ,
ਪੂੰਛ-ਧਾਰੀਆਂ ਨੇ।
ਕਿੰਨੇ ਸਿੱਕੇ,
ਤੇ ਕਿੰਨੇ ਨੋਟ ਆਏ।
ਪੰਡਿਤ ਖ਼ੁਸ਼ ਹੋਇਆ,
ਭਾਈ ਜੀ ਪਏ ਚਾਂਭਲ,
ਕਿੰਨੇ ਖਰੇ,
ਤੇ ਕਿੰਨੇ ਖੋਟ ਆਏ।
ਹੋ ਗਈਆਂ ਬਖਸ਼ਿਸ਼ਾਂ,
ਗੁਰੂ ਦੀ ਗੋਲਕ ਦੇ ਵਿਚ।
ਪੱਥਰ ਘਰਾਂ ! ਗੁਰੂ-ਘਰਾਂ
ਵਿਚ ਲੱਗਣਗੇ ਜੀ।
ਪੈਰ ਮੱਚਣਗੇ ਜਦੋਂ
ਆਈਆਂ ਸੰਗਤਾਂ ਦੇ,
ਫ਼ਰਸ਼ ਧੋਣ ਦੀ ਸੇਵਾ,
ਫ਼ਿਰ ਮੰਗਣਗੇ ਜੀ।
ਜਿਨ੍ਹਾਂ ਮੰਗਣਾ ,
ਗੁਰੂ ਦੇ ਦਰ ਆ ਕੇ।
ਹੁਕਮ ਉਹਨਾਂ ਨੂੰ ਨਹੀਂ,
ਅੰਦਰ ਲੰਘਣੇ ਦਾ।
ਚੱਲ ਹਟ ਪਰ੍ਹਾਂ,
ਸੇਵਾਦਾਰ ਚੀਕਣ।
ਜਾ ਕੇ ਹੋਰ ਮੰਗ ਕਿਤੇ ,
ਮਲੰਗਣੇ ਦਾ।
ਸਾਰਾ ਰੌਲਾ ਐ ,
ਮਾਇਆ ਤੇ ਗੋਲਕਾਂ ਦਾ।
ਗੋਲਕਾਂ ਚੁੱਕ ਦੇਈਏ,
ਧਾਰਮਿਕ ਆਦਾਰਿਆਂ ਚੋਂ।
ਰੱਖੀਏ ਗੋਲਕਾਂ ,
ਸਕੂਲਾਂ ਤੇ ਹਸਪਤਾਲਾਂ ਦੇ ਵਿਚ,
ਰੋਸ਼ਨ ਦਿਮਾਗ਼ ਬੱਚੇ, ਸਿਹਤਮੰਦ ਬੱਚੇ,
ਮਿਲਣਗੇ ਦੇਸ਼ ਨੂੰ ,
ਇਨ੍ਹਾਂ ਉਜਿਆਰਿਆਂ ‘ਚੋਂ।
(ਜਸਪਾਲ ਜੱਸੀ)
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly