(ਸਮਾਜ ਵੀਕਲੀ) ਮਨੁੱਖ ਜ਼ਿੰਦਗੀ ਦੇ ਸਫ਼ਰ ਦਾ ਲੰਮਾਂ ਪੈਂਡਾ ਤੈਅ ਕਰਦਾ ਹੋਇਆ ਬੁਢਾਪੇ ਦੀ ਅਵਸਥਾ ਵਿੱਚ ਪਹੁੰਚਦਾ ਹੈ।ਉਹ ਮਨੁੱਖ ਭਾਗਾਂ ਵਾਲਾ ਹੁੰਦਾ ਹੈ ਜੋ ਜ਼ਿੰਦਗੀ ਦੇ ਹਰ ਪੜਾਅ ਨੂੰ ਮਾਣਦੇ ਹੋਏ ਬੁਢਾਪੇ ਦੀ ਅਵਸਥਾ ਵਿੱਚ ਪਹੁੰਚਦਾ ਹੈ। ਇਹ ਉਹ ਅਵਸਥਾ ਹੁੰਦੀ ਹੈ ਜਦੋਂ ਵਿਅਕਤੀ ਨੂੰ ਜ਼ੋਰ ਅਤੇ ਜੋਸ਼ ਦੇ ਦੌਰ ਵਿੱਚੋਂ ਲੰਘਣ ਤੋਂ ਬਾਅਦ ਠਰੰਮੇ,ਧੀਰਜ ਅਤੇ ਸਹਿਜਤਾ ਨਾਲ ਜੀਵਨ ਬਸਰ ਕਰਨਾ ਪੈਂਦਾ ਹੈ। ਬੁਢਾਪੇ ਵਿੱਚ ਮਨੁੱਖ ਜ਼ਿੰਦਗੀ ਦੇ ਤਜਰਬਿਆਂ ਨੂੰ ਸਮੇਟ ਕੇ ਬੈਠਾ ਹੁੰਦਾ ਹੈ।ਉਸ ਕੋਲ ਦੁਨੀਆ ਨੂੰ ਦੇਣ ਲਈ ਬਹੁਤ ਕੁਝ ਹੁੰਦਾ ਹੈ ਪਰ ਇਹਨਾਂ ਤਜ਼ਰਬਿਆਂ ਨੂੰ ਸੁਣਨ ਜਾਂ ਗ੍ਰਹਿਣ ਕਰਨ ਲਈ ਜੇ ਕਿਸੇ ਕੋਲ ਸਮਾਂ ਨਹੀਂ ਹੁੰਦਾ ਤਾਂ ਉਹਨਾਂ ਨੂੰ ਮਾਯੂਸ ਨਹੀਂ ਹੋਣਾ ਚਾਹੀਦਾ। ਬਹੁਤਾ ਕਰਕੇ ਇਸੇ ਵਜ੍ਹਾ ਨਾਲ ਬਜ਼ੁਰਗ ਆਪਣੇ ਆਪ ਨੂੰ ਇਕੱਲਾ ਮਹਿਸੂਸ ਕਰਦੇ ਹਨ,ਕਈ ਵਾਰ ਤਾਂ ਉਹ ਆਪਣੇ ਆਪ ਨੂੰ ਦੂਜਿਆਂ ਉੱਤੇ ਬੋਝ ਸਮਝਣ ਲੱਗਦੇ ਹਨ। ਉਹਨਾਂ ਨੂੰ ਲੱਗਦਾ ਹੈ ਕਿ ਸਾਰੇ ਰਿਸ਼ਤੇ ਉਹਨਾਂ ਤੋਂ ਦੂਰ ਨੂੰ ਭੱਜ ਰਹੇ ਹਨ। ਸਰੀਰ ਨੂੰ ਕਈ ਤਰ੍ਹਾਂ ਦੀਆਂ ਬਿਮਾਰੀਆਂ ਘੇਰਾ ਪਾਉਣ ਲੱਗ ਪੈਂਦੀਆਂ ਹਨ। ਸਰੀਰਕ ਰੋਗ ਜ਼ਿਆਦਾ ਵਧਣ ਨਾਲ ਕਈ ਬਜ਼ੁਰਗ ਲਾਚਾਰ ਵੀ ਹੋ ਜਾਂਦੇ ਹਨ ਅਤੇ ਆਪਣੀਆਂ ਸਰੀਰਕ ਕਿਰਿਆਵਾਂ ਲਈ ਵੀ ਦੂਜਿਆਂ ਉੱਤੇ ਨਿਰਭਰ ਹੋ ਜਾਂਦੇ ਹਨ।ਇਹੋ ਜਿਹੀ ਦਸ਼ਾ ਤੋਂ ਬਚਣ ਲਈ ਬਜ਼ੁਰਗਾਂ ਨੂੰ ਆਪਣੀ ਸਵੈ ਸੰਭਾਲ ਦਾ ਉਪਰਾਲਾ ਕਰਨਾ ਚਾਹੀਦਾ ਹੈ। ਇਸ ਲਈ ਆਪਣੇ ਆਪ ਨੂੰ ਪਹਿਲਾਂ ਹੀ ਮਾਨਸਿਕ ਤੌਰ ਤੇ ਤਿਆਰ ਕਰਦੇ ਰਹਿਣਾ ਚਾਹੀਦਾ ਹੈ।
ਹਰ ਵਿਅਕਤੀ ਨੂੰ ਆਪਣੇ ਬੁਢਾਪੇ ਦਾ ਸਤਿਕਾਰ ਕਰਨਾ ਚਾਹੀਦਾ ਹੈ ਤੇ ਇਸ ਨੂੰ ਆਤਮ ਸਨਮਾਨ ਨਾਲ ਜਿਉਣਾ ਚਾਹੀਦਾ ਹੈ। ਬਹੁਤੇ ਲੋਕ ਬੁਢਾਪੇ ਵਿੱਚ ਪ੍ਰਵੇਸ਼ ਕਰਦੇ ਹੀ ਖੁਦ ਦੇ ਬੁਢਾਪੇ ਨੂੰ ਹੀ ਕਮਜ਼ੋਰ ਅਤੇ ਆਪਣੇ ਆਪ ਉੱਤੇ ਬੋਝ ਸਮਝਣ ਲੱਗਦੇ ਹਨ। ਹਰ ਗੱਲ ਵਿੱਚ ਬੁਢਾਪੇ ਨੂੰ ਮੁੱਖ ਰੱਖਦਿਆਂ ਆਪਣੇ-ਆਪ ਨੂੰ ਤਾਕਤਹੀਣ ਅਤੇ ਲਾਚਾਰ ਦੱਸਦੇ ਹਨ। ਜੇ ਉਹ ਆਪ ਹੀ ਇਸ ਤਰ੍ਹਾਂ ਸੋਚਣਗੇ ਤਾਂ ਬਾਕੀ ਸਭ ਦੁਆਰਾ ਉਹਨਾਂ ਨੂੰ ਬੋਝ ਸਮਝਣ ਤੋਂ ਕੋਈ ਨਹੀਂ ਰੋਕ ਸਕਦਾ।
ਇਸ ਵਿੱਚ ਕੋਈ ਸ਼ੱਕ ਨਹੀਂ ਕਿ ਇਸ ਅਵਸਥਾ ਵਿੱਚ ਆ ਕੇ ਮਨੁੱਖ ਦੀਆਂ ਸਾਰੀਆਂ ਬਾਹਰੀ ਅਤੇ ਅੰਦਰੂਨੀ ਸ਼ਕਤੀਆਂ ਘਟ ਰਹੀਆਂ ਹੁੰਦੀਆਂ ਹਨ। ਕਈ ਤਰ੍ਹਾਂ ਦੀਆਂ ਬੀਮਾਰੀਆਂ ਘੇਰਾ ਪਾਉਣ ਲੱਗਦੀਆਂ ਹਨ। ਇਹ ਉਹ ਅਵਸਥਾ ਹੁੰਦੀ ਹੈ ਜਦ ਮਨੁੱਖ ਆਪਣੇ ਬੀਤੇ ਸਮੇਂ ਨੂੰ ਯਾਦ ਕਰ ਕਰ ਕੇ ਝੂਰਦਾ ਰਹਿੰਦਾ ਹੈ ਜਾਂ ਫਿਰ ਉਹ ਆਪਣੇ ਬੱਚਿਆਂ ਦੀਆਂ ਸਾਰੀਆਂ ਗਤੀਵਿਧੀਆਂ ਵਿੱਚ ਨਿਗਾਹ ਗੱਡ ਕੇ ਬੈਠ ਜਾਂਦਾ ਹੈ ਅਤੇ ਉਹਨਾਂ ਨੂੰ ਆਪਣੇ ਬੀਤ ਚੁੱਕੇ ਜੀਵਨ ਦੇ ਤਜਰਬਿਆਂ ਅਨੁਸਾਰ ਚੱਲਣ ਦੀ ਸਲਾਹ ਦੇਣ ਦੀ ਕੋਸ਼ਿਸ਼ ਕਰਦਾ ਹੈ।ਪਰ ਨਵੀਂ ਪੀੜ੍ਹੀ ਵਾਲ਼ੇ ਨਾ ਸਲਾਹ ਲੈਣਾ ਚਾਹੁੰਦੇ ਹਨ ਤੇ ਨਾ ਕੋਲ਼ ਬੈਠਣਾ ਚਾਹੁੰਦੇ ਹਨ। ਜਿਸ ਕਰਕੇ ਬਜ਼ੁਰਗ ਆਪਣੇ ਸਰੀਰ ਨੂੰ ਅੱਧੇ ਰੋਗ ਤਾਂ ਇਹਨਾਂ ਗੱਲਾਂ ਦਾ ਦਿਮਾਗ਼ ਤੇ ਬੋਝ ਰੱਖਣ ਕਾਰਨ ਸਹੇੜ ਲੈਂਦੇ ਹਨ। ਇਕੱਲਾਪਨ ਮਹਿਸੂਸ ਕਰਦੇ ਹਨ। ਬਹੁਤੇ ਬਜ਼ੁਰਗਾਂ ਦੇ ਮੂੰਹੋਂ ਇਹ ਸ਼ਬਦ ਤਾਂ ਅਕਸਰ ਸਭ ਨੇ ਸੁਣਿਆ ਹੋਵੇਗਾ,”ਕੀ ਕਰੀਏ, ਹੁਣ ਸਰੀਰ ਕੰਮ ਹੀ ਨਹੀਂ ਕਰਦਾ, ਹੁਣ ਤਾਂ ਬੁੱਢੇ ਹੋ ਗਏ, ਪਹਿਲਾਂ ਵਾਲੀ ਗੱਲ ਹੀ ਨਹੀਂ ਰਹੀ ਸਰੀਰ ਵਿੱਚ… ਸਾਨੂੰ ਕਿਹੜਾ ਕੋਈ ਪੁੱਛਦਾ ਹੈ ਆਦਿ।” ਇਹੋ ਜਿਹੀਆਂ ਗੱਲਾਂ ਮਨੁੱਖ ਨੂੰ ਢਹਿੰਦੀ ਕਲਾ ਵੱਲ ਲੈ ਜਾਂਦੀਆਂ ਹਨ। ਇਹ ਸਮਾਂ ਉਨ੍ਹਾਂ ਦਾ ਬਿਮਾਰੀਆਂ ਜਾਂ ਹਾਲਾਤਾਂ ਦੇ ਖ਼ਿਲਾਫ਼ ਡਟਣ ਦਾ ਸਮਾਂ ਹੁੰਦਾ ਹੈ।ਜੇ ਇੱਕ ਵਾਰ ਮਨ ਤੋਂ ਹਾਰ ਮੰਨ ਕੇ ਆਪਣੇ ਆਪ ਨੂੰ ਢਹਿ ਢੇਰੀ ਕਰ ਲਿਆ ਤਾਂ ਤੁਹਾਨੂੰ ਦੁਨੀਆ ਦੀ ਕੋਈ ਤਾਕਤ ਨਹੀਂ ਉਠਾ ਸਕਦੀ।
ਬੁਢਾਪੇ ਨੂੰ ਸ਼ਾਨਦਾਰ ਢੰਗ ਨਾਲ ਬਿਤਾਉਣ ਲਈ ਹਰ ਵਿਅਕਤੀ ਲਈ ਸਵੈ ਨਿਰਭਰਤਾ ਜ਼ਰੂਰੀ ਹੈ। ਬਜ਼ੁਰਗਾਂ ਨੂੰ ਆਪਣੇ ਆਲੇ-ਦੁਆਲੇ ਦੀਆਂ ਪ੍ਰਸਥਿਤੀਆਂ ਪ੍ਰਤੀ ਅਵੇਸਲੇ ਹੋ ਜਾਣਾ ਚਾਹੀਦਾ ਹੈ। ਆਪਣੇ ਸਰੀਰ ਦੀ ਘਟਦੀ ਤਾਕਤ ਨੂੰ ਦੇਖ ਦੇਖ ਕੇ ਝੁਰਨ ਦੀ ਬਜਾਏ ਉਸ ਦੀ ਸੰਭਾਲ ਵੱਲ ਜ਼ਿਆਦਾ ਧਿਆਨ ਦੇਣਾ ਚਾਹੀਦਾ ਹੈ। ਘਰ ਪਰਿਵਾਰ ਦੀਆਂ ਗਤੀਵਿਧੀਆਂ ਵਿੱਚ ਆਪਣੀ ਪੁੱਛ ਗਿੱਛ ਅਨੁਸਾਰ ਹੀ ਯੋਗਦਾਨ ਪਾਉਣਾ ਚਾਹੀਦਾ ਹੈ। ਆਪਣੀ ਮਾਨਸਿਕਤਾ ਨੂੰ ਕਿਸੇ ਵੀ ਹਾਲਤ ਵਿੱਚ ਡਿੱਗਣ ਨਾ ਦਿੱਤਾ ਜਾਵੇ।ਆਪਣੀ ਸੋਚ ਨੂੰ ਸਵੈਮਾਨੀ ਬਣਾਉਣਾ ਜ਼ਰੂਰੀ ਹੁੰਦਾ ਹੈ। ਆਪਣੇ ਅੰਦਰ ਇੱਕ ਗੱਲ ਪੱਕੀ ਕਰ ਲਈ ਜਾਵੇ ਕਿ ਬੁਢਾਪਾ ਇੱਕ ਵਰਦਾਨ ਹੈ,ਇਸ ਅਵਸਥਾ ਵਿੱਚ ਪਹੁੰਚ ਕੇ ਆਪਣੇ ਆਪ ਨੂੰ ਮਾਣ ਮਹਿਸੂਸ ਕਰਵਾਉਣਾ ਚਾਹੀਦਾ ਹੈ ਕਿਉਂਕਿ ਮਨੁੱਖ ਜ਼ਿੰਦਗੀ ਦੇ ਹਰ ਰੰਗ ਨੂੰ ਮਾਣਦੇ ਹੋਏ ਇਸ ਅਵਸਥਾ ਵਿੱਚ ਪਹੁੰਚਦਾ ਹੈ। ਆਪਣੀਆਂ ਨਿੱਜੀ ਅਤੇ ਸਰੀਰਕ ਕਿਰਿਆਵਾਂ ਪ੍ਰਤੀ ਸੁਚੇਤ ਹੋ ਜਾਣਾ ਚਾਹੀਦਾ ਹੈ ।ਸਰੀਰ ਦੀ ਸੰਭਾਲ ਰੱਖਣ ਪ੍ਰਤੀ ਰੁਝਾਨ ਵਧਾਉਣਾ ਚਾਹੀਦਾ ਹੈ। ਢਹਿੰਦੀ ਕਲਾ ਵਾਲੀ ਮਾਨਸਿਕਤਾ ਨੂੰ ਮੂਲੋਂ ਹੀ ਤਿਆਗ ਦੇਣਾ ਚਾਹੀਦਾ ਹੈ। ਜੇ ਬਜ਼ੁਰਗ ਆਪਣਾ ਬੁਢਾਪਾ ਆਪ ਸੰਵਾਰਨ ਲੱਗ ਪੈਣਗੇ ਤਾਂ ਉਹਨਾਂ ਨੂੰ ਆਪਣਾ ਬੁਢਾਪਾ ਬਿਤਾਉਣ ਲਈ ਦੂਜਿਆਂ ਤੇ ਨਿਰਭਰ ਨਹੀਂ ਹੋਣਾ ਪਵੇਗਾ ਅਤੇ ਜੀਵਨ ਦੇ ਇਸ ਆਖਰੀ ਪੜਾਅ ਨੂੰ ਸ਼ਾਨਦਾਰ ਢੰਗ ਨਾਲ ਬਿਤਾ ਸਕਣਗੇ ਕਿਉਂਕਿ ਚੜ੍ਹਦੀ ਕਲਾ ਵਿੱਚ ਰਹਿਣਾ ਹੀ ਅਸਲੀ ਏਹੁ ਹਮਾਰਾ ਜੀਵਣਾ ਹੈ।