ਸ਼ੁਭ ਸਵੇਰ ਦੋਸਤੋ

ਹਰਫੂਲ ਸਿੰਘ
ਸਮਾਜ ਵੀਕਲੀ
ਨਖਿੱਧ ਸ਼ਬਦ ਵੈਸੇ ਵਰਤਿਆ ਤਾਂ ਜਾਨਵਰਾਂ ਵਾਸਤੇ ਜਾਂਦਾ ਹੈ। ਪਰ ਜਿਨ੍ਹਾਂ ਬੰਦਿਆਂ ਦਾ ਨਿੱਤਨੇਮ ਹਰ ਵੇਲੇ ਰੋਂਦੇ ਰਹਿਣਾ ਹੋਵੇ, ਇਹ ਸ਼ਬਦ ਮੈਂ ਉਨ੍ਹਾਂ ਲਈ ਵੀ ਉਚਿੱਤ ਸਮਝ ਕੇ ਲਿਖ ਰਿਹਾ ਹਾਂ। ਨਖਿੱਧ ਬੰਦੇ ਨਾ ਤਾਂ ਆਪਣੀ ਕੋਈ ਨਵੀਂ ਸੋਚ ਉਸਾਰਦੇ ਹਨ, ਨਾ ਹੀ ਪੂਰਾ ਜੀਵਨ ਆਪਣੇ ਪੈਰਾਂ ਤੇ ਖਲੋਂ ਕੇ ਫੈਸਲਾ ਲੈਂਦੇ ਹਨ। ਇਹ ਘੰਟੇ ਵਿਚ ਵੀਹ ਸ਼ਿਕਾਇਤਾਂ ਕਰਦੇ ਹਨ, ਤੇ ਮਿੰਟ-ਮਿੰਟ ‘ਤੇ ਘਬਰਾਉਂਦੇ ਹਨ। ਇਨ੍ਹਾਂ ਦੀ ਜਿਸਮਾਨੀ ਡੀਲ-ਡੌਲ ਨਿਰਾ ਚਰਬੀ ਦਾ ਬੁੱਤ ਪ੍ਰਤੀਤ ਹੁੰਦੀ ਹੈ। ਇਨ੍ਹਾਂ ਦਾ ਸਰੀਰਕ ਖੇਤਰਫ਼ਲ ਵਿਸ਼ਾਲ ਅਤੇ ਬੇਢੰਗਾ ਹੁੰਦਾ ਹੈ। ਇਹ ਦਿਮਾਗੋਂ ਪੈਦਲ ਹੁੰਦੇ ਹਨ ਮੱਤ ਗਿੱਟਿਆਂ ਵਿਚ ਰੱਖਦੇ ਨੇ। ਇਨ੍ਹਾਂ ਦੀ ਹਾਜ਼ਰੀ ਵਿਚ ਰੌਣਕ ਨਹੀਂ, ਉਦਾਸੀ ਜ਼ਿਆਦਾ ਭਾਰੂ ਹੁੰਦੀ ਹੈ, ਕਿਉਂਕਿ ਹਾਸਾ ਮਜ਼ਾਕ ਇਨ੍ਹਾਂ ਨੂੰ ਜ਼ਹਿਰ ਵਰਗਾ ਲਗਦਾ ਹੈ। ਇਹ ਹਮੇਸ਼ਾ ਉਦਾਸੀ ਦੇ ਆਲਮ ਵਿਚ ਰਹਿੰਦੇ ਹਨ, ਖੁਸ਼ ਘੱਟ ਰਹਿੰਦੇ ਨੇ।
   ਜਨਮ ਤਾਂ ਇਨ੍ਹਾਂ ਦਾ ਵੀ ਕੁਦਰਤੀ ਪ੍ਰਕਿਰਿਆ ਰਾਹੀਂ ਹੁੰਦਾ ਹੈ, ਪਰ ਇਨ੍ਹਾਂ ਦੇ ਨਾਲ ਪੋਸ਼ਣ ਵਿਚ ਮਾਪਿਆਂ ਵੱਲੋਂ ਲੋੜ੍ਹੀਦਾ ਧਿਆਨ ਨਹੀਂ ਦਿੱਤਾ ਹੁੰਦਾ। ਇਨ੍ਹਾਂ ਵਿਚ ਖੁੱਲ੍ਹਣ, ਖਿੜਨ ਅਤੇ ਫੈਲਣ ਦੀ ਸਮਰੱਥਾ ਨਹੀਂ ਹੁੰਦੀ। ਵਿਹਲੇ ਰਹਿ ਖਾਣਾ ਇਨ੍ਹਾਂ ਦਾ ਜੀਵਨ ਉਦੇਸ਼ ਹੁੰਦਾ ਹੈ। ਇਨ੍ਹਾਂ ਦੀਆਂ ਸੋਚਾਂ ਸੁੰਗੜੀਆਂ ਅਤੇ ਨਜ਼ਰੀਆਂ ਤੰਗ ਹੁੰਦਾ ਹੈ। ਜਿਹੜਾ ਗੱਭਰੂ ਜਵਾਨੀ ਵਿਚ ਢਿੱਲ ਦਿਖਾਵੇ, ਓਹ ਹਰ ਖੇਤਰ ਵਿਚ ਢਿੱਲੜ ਹੁੰਦਾ ਹੈ। ਇਹ ਕਦੇ ਵੀ ਆਲੇ ਦੁਆਲੇ ਦੇ ਸਾਥੀਆਂ ਨਾਲ ਇੱਕ ਸੁਰ ਹੋ ਹੀ ਨਹੀਂ ਸਕਦੇ। ਆਪਣੀਆਂ ਸਾਰੀਆਂ ਸਮੱਸਿਆਵਾਂ ਦੀ ਜੜ੍ਹ ਇਹ ਖੁਦ ਹੁੰਦੇ ਹਨ, ਪਰ ਦੋਸ਼ੀ ਦੂਜਿਆਂ ਨੂੰ ਠਹਿਰਾਉਂਦੇ ਨਹੀਂ ਥੱਕਦੇ। ਇਹ ਲੋਕ ਆਰਥਿਕ ਪੱਖੋਂ ਭਾਵੇਂ ਕਿੰਨੇ ਵੀ ਸੁਖਾਲੇ ਹੋ ਜਾਣ, ਇਨ੍ਹਾਂ ਨੂੰ ਆਪਣੀ ਅਮੀਰੀ ਦਾ ਅਹਿਸਾਸ ਪੂਰਾ ਜੀਵਨ ਨਹੀਂ ਹੁੰਦਾ। ਸਾਰੇ ਸਾਧਨ ਹੋਣ ਦੇ ਬਾਵਜੂਦ ਇਹ ਬੱਸ ਦੇ ਕੁੰਡੇ ਨੂੰ ਹੱਥ ਪਾਉਣ ਵਾਸਤੇ ਤਰਜੀਹ ਦਿੰਦੇ ਹਨ। ਇਹ ਕੰਜੂਸ ਪੁੱਤਰ ਭਾਵਕ ਪੱਖੋਂ ਕਦੇ ਵੀ ਪੱਕਦੇ ਰਸਦੇ ਨਹੀਂ। ਇਹ ਆਪਣਾ ਮਾਨਸਿਕ ਵਿਕਾਸ ਕਰਨ ਦੀ ਥਾਂ ਸਰੀਰਕ ਵਿਕਾਸ ਜ਼ਿਆਦਾ ਕਰਦੇ ਹਨ ਅਤੇ ਇਹ ਵਿਚਾਰੇ ਜਿਹੇ ਬਣਕੇ ਵਿਚਾਰਨ ਦੇ ਆਦਿ ਹੋਣ ਕਰਕੇ, ਸਮਝਦਾਰ, ਖਾਰਖੂ ਤੇ ਰਸੂਖਦਾਰ ਬੰਦਿਆਂ ਦੀ ਨਫ਼ਰਤ ਦੇ ਲਾਇਕ ਵੀ ਨਹੀਂ ਹੁੰਦੇ। ਜੀਵਨ ਦੀ ਖੇਡ ਇੱਕ ਪਾਸੇ ਰਹੀ ਇਹ ਲੋਕ ਤਾਂ ਤਾਸ਼ ਦੀ ਬਾਜ਼ੀ ਵੀ ਈਮਾਨਦਾਰੀ ਨਾਲ ਨਹੀਂ ਖੇਡਦੇ, ਹਰ ਮਸਲੇ ਵਿੱਚ ਸਕੀਮ ਲਾਉਣਾ ਇਨ੍ਹਾਂ ਦੀ ਪੱਕੀ ਆਦਤ ਹੁੰਦੀ ਹੈ, ਪਰ ਕਾਮਯਾਬ ਫਿਰ ਵੀ ਨਹੀਂ ਹੁੰਦੇ। ਅਸਲ ਕਾਰਨਾਂ ਨੂੰ ਸਵੀਕਾਰ ਕਰਨ ਦੀ ਦਲੇਰੀ ਦੀ ਘਾਟ ਕਾਰਨ, ਇਨ੍ਹਾਂ ਵੱਲੋਂ ਹੋਰ ਪੱਖਾਂ ਨੂੰ ਸਾਹਮਣੇ ਰੱਖਕੇ ਹਰ ਗੱਲ ਨੂੰ ਝਗੜੇ ਵੱਲ ਵਧਾਇਆ ਜਾਂਦਾ ਹੈ।
    ਮੁਕਦੀ ਗੱਲ ਜਿਵੇਂ ਕਾਂ ਸਦੀਆਂ ਉਡੀਕਣ ਤੋਂ ਬਾਅਦ ਵੀ ਹੰਸ ਨਹੀਂ ਬਣਦੇ, ਠੀਕ ਇਸੇ ਤਰ੍ਹਾਂ ਨਖਿੱਧ ਬੰਦੇ ਕਦੇ ਵੀ ਜੀਵਨ ਦੀ ਮੁੱਖ ਧਾਰਾ ਵਿਚ ਵਾਪਿਸ ਨਹੀਂ ਆਉਂਦੇ। ਇਨ੍ਹਾਂ ਨੂੰ ਕਿਨੇ ਵੀ ਸਬਕ ਪੜ੍ਹਾਓ ਇਹ ਕੁਝ ਨਹੀਂ ਸਿੱਖਦੇ। ਇਨ੍ਹਾਂ ਤੋਂ ਦੂਰੀ ਬਣਾਕੇ ਹੀ ਖੁਦ ਨੂੰ ਨਿਰਾਸ਼ਾਵਾਦੀ ਸੋਚ ਦੇ ਪ੍ਰਭਾਵ ਤੋਂ ਬਚਾਇਆ ਜਾ ਸਕਦਾ ਹੈ। ਇਨ੍ਹਾਂ ਨੂੰ ਸਮਝਾਉਣਾ ਸੌਖਾ ਨਹੀਂ ਨਾਮੁਮਕਿਨ ਹੈ।
 ਹਰਫੂਲ ਸਿੰਘ ਭੁੱਲਰ
ਮੰਡੀ ਕਲਾਂ 9876870157

ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਏਹੁ ਹਮਾਰਾ ਜੀਵਣਾ ਹੈ -339 (ਸਾਉਣ ਮਹੀਨੇ ਦਾ ਮਹੱਤਵ)
Next articleਕਵਿਤਾ/ਕੌੜਾ ਸੱਚ