(ਸਮਾਜ ਵੀਕਲੀ)
ਨੀਲਾ ਪੀਲ਼ਾ ਲਾਲ ਜਾਮਨੀ,
ਪੰਜਵਾਂ ਰੰਗ ਅਸਮਾਨੀ।
ਛੇਵਾਂ ਹਰਾ ਸੰਤਰੀ ਸੱਤਵਾਂ
ਗੱਲ ਤੂੰ ਪੱਕੀ ਜਾਣੀ।
ਮਿਲ ਕੇ ਸੱਤ ਸਫ਼ੈਦ ਬਣ ਗਿਆ,
ਲਗਦੀ ਏ ਬਹੁਰੰਗੀ ਪੀਂਘ
ਔਹ ਦੇਖੋ ਸਤਰੰਗੀ ਪੀਂਘ।
ਮੀਂਹ ਪਿੱਛੋਂ ਪਾਣੀ ਦੀਆਂ ਬੂੰਦਾਂ
ਹਵਾ ਵਿੱਚ ਜਦ ਲਟਕਣ।
ਸੂਰਜ ਦੀ ਲਿਸ਼ਕੋਰ ਨਾਲ ਫੇਰ
ਵਿੱਚ ਅਕਾਸ਼ ਦੇ ਲਿਸ਼ਕਣ।
ਕੋਈ ਇੰਦਰ ਧਨੁਸ਼ ਆਖਦਾ,
ਕੋਈ ਬੁੜੀ ਦੀ ਟੰਗੀ ਪੀਂਘ।
ਔਹ ਦੇਖੋ……….
ਸਾਇੰਸ ਰੂਮ ਵਿੱਚ ਪ੍ਰਿਜ਼ਮ ਨਾਲ ਮੈਂ,
ਦੇਖੇ ਵੱਖ ਵੱਖ ਰੰਗ।
ਸਭ ਰੰਗਾਂ ਨੂੰ ਦੇਖਣ ਦੇ ਲਈ,
ਹੋਰ ਵੀ ਦੱਸੇ ਸਾਨੂੰ ਢੰਗ।
ਸ਼ੀਸ਼ਿਆਂ ਦੇ ਟੁਕੜਿਆਂ ਨਾਲ ਦਿਖਦੀ
ਪਾਣੀ ਵਿਚ ਬਹੁਰੰਗੀ ਪੀਂਘ।
ਔਹ ਦੇਖੋ…….
ਧਰਮ ਮਜ਼ਹਬ ਦੇ ਠੇਕੇਦਾਰਾਂ
ਰੰਗ ਵੀ ਸਾਡੇ ਵੰਡੇ।
ਮਾਨਵਤਾ ਦੇ ਰਸਤੇ ਦੇ ਵਿੱਚ,
ਇੰਝ ਨਾ ਬੀਜੋ ਕੰਡੇ।
ਰੰਗਾਂ ਖਾਤਰ ਕਤਲ ਜੇ ਹੋਗੇ,
ਬਣ ਜਾਣੀ ਬਦਰੰਗੀ ਪੀਂਘ।
ਔਹ ਦੇਖੋ…….
ਗੋਰੇ ਕਾਲੇ ਰੰਗ ਦੇਖ ਨਾ
ਗੁਣਾਂ ਦੇ ਰੰਗ ਪਛਾਣ।
ਗੁਣਾਂ ਨਾਲ ਵਡਿਆਈ ਮਿਲਣੀ,
ਇਹੋ ਦੇਣ ਸਨਮਾਨ।
ਇਕ ਦੂਜੇ ਲਈ ਬਣੋ ਸਹਾਰਾ,
ਮਾਨਵਤਾ ਦੀ ਟੰਗੀ ਪੀਂਘ।
ਔਹ ਦੇਖੋ…….
ਰੰਗ ਨਾ ਹੁੰਦੇ ਦੁਨੀਆਂ ਸਾਰੀ,
ਫਿੱਕੀ ਫਿੱਕੀ ਲਗਦੀ।
ਰੰਗਾਂ ਨਾਲ ਰੰਗੀਨ ਜ਼ਿੰਦਗੀ,
ਫੁੱਲਾਂ ਵਾਂਗ ਟਹਿਕਦੀ।
ਕੁਦਰਤ ਤੋਂ ਰੰਗ ਲੈ ਉਧਾਰੇ,
ਪ੍ਰੇਮ ਪਿਆਰ ਵਿੱਚ ਰੰਗੀ ਪੀਂਘ।
ਔਹ ਦੇਖੋ……..
ਮਾਸਟਰ ਪ੍ਰੇਮ ਸਰੂਪ
ਛਾਜਲੀ ਜ਼ਿਲ੍ਹਾ ਸੰਗਰੂਰ
9417134982
‘ਸਮਾਜ ਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly
https://play.google.com/store/apps/details?id=in.yourhost.samajweekly