(ਸਮਾਜ ਵੀਕਲੀ)
ਅਸੀਂ ਜਿਸ ਸਮਾਜ ਵਿੱਚ ਵਿਚਰਦੇ ਹਾਂ , ਉਸ ਵਿੱਚ ਵੱਖ – ਵੱਖ ਧਰਮਾਂ ਅਤੇ ਜਾਤਾਂ ਦੇ ਲੋਕ ਰਹਿੰਦੇ ਹਨ… ਹਰ ਇੱਕ ਜਾਤ ਧਰਮ ਦੇ ਆਪੋ ਆਪਣੇ ਰੀਤੀ ਰਿਵਾਜ ਹਨ, ਜਿਹਨਾਂ ਨੂੰ ਉਹ ਬਹੁਤ ਨਿਸ਼ਠਾ ਅਤੇ ਆਦਰ ਨਾਲ ਨਿਭਾਉਂਦੇ ਹਨ…
ਅਸੀਂ ਅਕਸਰ ਦੇਖਦੇ ਹਾਂ ਕਿ ਹਰ ਧਰਮ ਜਾਤ ਵਿੱਚ ਕੁਝ ਮਨਾਹੀ ਵੀ ਹੈ… ਕੁਝ ਕੁ ਕੰਮਾਂ ਦੇ ਕਰਨ ਤੇ ਉਹਨਾਂ ਨੂੰ ਉਹਨਾਂ ਦੇ ਵੱਡ – ਵਡੇਰਿਆ ਵੱਲੋਂ ਮਨਾਹੀ ਹੈ….
ਕਿਸੇ ਨੂੰ ਇੱਕ ਰੰਗ ਦੇ ਕੱਪੜੇ ਪਾਉਣ ਤੋਂ ਮਨਾਹੀ ਹੈ ਅਤੇ ਕਿਸੇ ਨੂੰ ਕੋਈ ਸਾਜ਼ੋ ਸ਼ਿੰਗਾਰ ਦਾ ਸਮਾਨ ਵਰਤਣ ਤੇ….ਕਿਸੇ ਨੂੰ ਪੈਰੀਂ ਜੁੱਤੀ ਪਾਉਣ ਤੋਂ ਰੋਕ ਲਾਈ ਜਾਂਦੀ ਹੈ ਤੇ ਕਿਸੇ ਨੂੰ ਕਿਸੇ ਧਾਰਮਿਕ ਥਾਂ ਤੇ ਆਉਣ ਦੀ ਵੀ ਇਜ਼ਾਜ਼ਤ ਨਹੀਂ…. ਅਕਸਰ ਧਾਰਮਿਕ ਗ੍ਰੰਥ ਕਹਿੰਦੇ ਹਨ ਕਿ ਪਰਮਾਤਮਾ ਇੱਕ ਹੈ…ਹਰ ਸਾਹ ਦੇ ਨਾਲ ਓਸਨੂੰ ਸਿਮਰਨਾ ਚਾਹੀਦਾ ਹੈ…ਫਿਰ ਇਹ ਭੇਦਭਾਵ ਕਿਉਂ???
ਲੋਕਾਂ ਨੂੰ ਇਹ ਕਹਿ ਕੇ ਇਹਨਾਂ ਕਰਮ ਕਾਂਡਾ ਤੋਂ ਰੋਕ ਲਗਾਈ ਜਾਂਦੀ ਹੈ ਕਿ ਜੇਕਰ ਜੀਵਨ ਸੁੱਖਾਂ ਭਰਿਆ ਗੁਜਾਰਨਾ ਹੈ ਤਾਂ ਤੁਹਾਨੂੰ ਇਹਨਾਂ ਕੰਮਾਂ ਨੂੰ ਕਰਨ ਤੋਂ ਖੁਦ ਨੂੰ ਰੋਕਣਾ ਹੋਵੇਗਾ….
ਲੋਕ ਡਰ ਕਾਰਨ ਉਹਨਾਂ ਧਾਰਮਿਕ ਆਗੂਆਂ ਦੀਆਂ ਗੱਲਾਂ ਨੂੰ ਸੱਚ ਜਾਣ ਕੇ ਆਪਣੇ ਮਨ ਨੂੰ ਮਾਰ ਕੇ ਕੁਛ ਕ ਕੰਮਾਂ ਨੂੰ ਕਰਨ ਤੋਂ ਡਰਦੇ ਹਨ…
ਕਿੰਨਾ ਚੰਗਾ ਹੋਵੇ ਜੇਕਰ ਇਹ ਧਾਰਮਿਕ ਆਗੂ ਲੋਕਾਂ ਨੂੰ ਬੁਰੇ ਕੰਮਾਂ ਤੋਂ ਰੋਕ ਲਗਾਉਣ ਨੂੰ ਕਹਿਣ…. ਜੇਕਰ ਲੋਕ ਓਹਨਾਂ ਨੂੰ ਆਪਣੇ ਈਸ਼ਟ ਦੀ ਥਾਂ ਪੂਜਦੇ ਹਨ , ਓਹਨਾਂ ਦੀਆਂ ਕਹੀਆ ਗੱਲਾਂ ਨੂੰ ਸਿਰ ਮੱਥੇ ਮੰਨਦੇ ਹਨ ਤਾਂ ਓਹਨਾਂ ਨੂੰ ਆਪਣੀ ਵਾਹਵਾਹੀ ਨੂੰ ਤਿਆਗ ਕੇ ਇਨਸਾਨੀਅਤ ਦਾ ਫਰਜ਼ ਨਿਭਾਉਣਾ ਚਾਹੀਦਾ ਹੈ…. ਲੋਕਾਂ ਨੂੰ ਸੱਚ ਦਾ ਰਾਹ ਦਿਖਾਉਣਾ ਚਾਹੀਦਾ ਹੈ…. ਓਹਨਾਂ ਦਾ ਫਰਜ ਹੈ ਕਿ ਲੋਕਾਂ ਨੂੰ ਅੰਧਵਿਸ਼ਵਾਸ ਦੇ ਹਨੇਰੇ ਵਿਚੋਂ ਬਾਹਰ ਕੱਢਣ ਵਿੱਚ ਮਦਦ ਕਰਨ… ਪਰ ਜਿਹੜੇ ਆਪ ਇਸ ਹਨੇਰੇ ਵਿੱਚ ਫਸੇ ਹੋਏ ਹਨ ਓਹ ਦੂਜਿਆਂ ਨੂੰ ਸਹੀ ਰਸਤੇ ਕਿਵੇਂ ਪਾਉਣਗੇ….
ਓਹਨਾਂ ਨੇ ਜੇਕਰ ਲੋਕਾਂ ਦੇ ਮਨਾਂ ਵਿੱਚ ਡਰ ਹੀ ਪਾਉਣਾ ਹੈ ਤਾਂ ਇਸ ਗੱਲ ਦਾ ਕਿਉਂ ਨਹੀਂ ਪਾਉਂਦੇ ਕਿ ਜੇਕਰ ਤੁਸੀਂ ਕਿਸੇ ਦੇ ਦੁੱਖ ਦਾ ਕਾਰਣ ਬਣਦੇ ਹੋ ਤਾਂ ਆਪਣੇ ਸੁੱਖਾਂ ਨੂੰ ਕਦੇ ਨਹੀਂ ਪਾ ਸਕਦੇ…
…
ਲੋਕ ਡਰ ਦੇ ਕਾਰਣ ਹੀ ਸਹੀ…. ਪਰ ਇੱਕ ਦੂਸਰੇ ਦੇ ਕੰਮ ਤਾਂ ਆਉਣਗੇ… ਹੌਲੀ ਹੌਲੀ ਉਹਨਾਂ ਦੀ ਇਹ ਆਦਤ ਓਹਨਾਂ ਦਾ ਸੁਭਾਅ ਬਣ ਜਾਏਗੀ ਤੇ ਇਥੇ ਆਪਣੇ ਪਰਾਏ ਦਾ ਫ਼ਰਕ ਹੌਲੀ ਹੌਲੀ ਖ਼ਤਮ ਹੋਣ ਲੱਗ ਜਾਏਗਾ….
ਜੇਕਰ ਇਹਨਾਂ ਫਿਜ਼ੂਲ ਦੀਆਂ ਗੱਲਾਂ ਵਿੱਚ ਲੋਕਾਂ ਨੂੰ ਉਲਝਾਉਣ ਦੀ ਥਾਂ ਅਜਿਹੀਆਂ ਗੱਲਾਂ ਨੂੰ ਮੁੱਖ ਰੱਖ ਕੇ ਸੱਚ ਦਾ ਪਾਠ ਪੜ੍ਹਾਇਆ ਜਾਵੇ ਤਾਂ ਇਹ ਜਗਤ ਸੁੱਖਾਂ ਦਾ ਭੰਡਾਰ ਬਣ ਜਾਵੇਗਾ । ਜਦੋਂ ਸਾਰੇ ਇੱਕ ਦੂਸਰੇ ਦਾ ਹੱਥ ਫੜ੍ਹ ਕੇ ਅੱਗੇ ਵੱਧਣਗੇ ਤਾਂ ਸਭ ਦੇ ਮਨਾਂ ਵਿੱਚ ਇੱਕ ਦੁੂਜੇ ਲਈ ਪਿਆਰ ਹੀ ਪਿਆਰ ਹੋਵੇਗਾ…ਕੋਈ ਨਫ਼ਰਤ ਦੀ ਭਾਵਨਾ ਨਹੀਂ…
ਪਰ ਅਫਸੋਸ ਲੋਕ ਇਨਸਾਨੀਅਤ ਦੇ ਫਰਜ ਨੂੰ ਭੁੱਲ ਕੇ ਆਪੋ ਆਪਣੇ ਸੁੱਖਾਂ ਮਗਰ ਇਸ ਕਦਰ ਅੰਨੇ ਹੋ ਕੇ ਭੱਜ ਰਹੇ ਹਨ ਮੰਨੋ ਓਹਨਾਂ ਦੀਆਂ ਅੱਖਾਂ ਤੇ ਪੱਟੀ ਬੰਨੀ ਹੋਵੇ…. ਸੱਚ ਅਤੇ ਝੂਠ, ਵਿਸ਼ਵਾਸ ਅਤੇ ਅੰਧਵਿਸ਼ਵਾਸ , ਅਸਲ ਸੁੱਖ ਅਤੇ ਦੁੱਖ ਵਿੱਚ ਓਹ ਫ਼ਰਕ ਹੀ ਨਹੀਂ ਲੱਭ ਪਾਉਂਦੇ…
ਜਿਵੇਂ ਇੱਕ ਕੀੜੀ ਦੇ ਪਿੱਛੇ ਓਸੇ ਲਾਈਨ ਵਿੱਚ ਉਸਦੇ ਮਗਰ ਮਗਰ ਅਨੇਕਾਂ ਹੀ ਕੀੜੀਆਂ ਦਾ ਝੁੰਡ ਜਾ ਰਿਹਾ ਹੁੰਦਾ ਹੈ , ਓਸੇ ਤਰ੍ਹਾਂ ਹੀ ਇਹ ਅੰਧਵਿਸ਼ਵਾਸੀ ਲੋਕ ਹਨ…, ਬਿਨਾਂ ਕੁਝ ਸੋਚੇ ਸਮਝੇ ਅਜਿਹੇ ਰਿਵਾਜਾਂ ਦੇ ਮਗਰ ਤੁਰਦੇ ਰਹਿੰਦੇ ਹਨ ਜਿਸ ਨਾਲ ਲੋਕ ਕਲਿਆਣ ਤਾਂ ਦੂਰ ਦੀ ਗੱਲ,,, ਕੋਈ ਮਨੁੱਖ ਆਪਣਾ ਆਪ ਵੀਂ ਨਹੀਂ ਸਵਾਰ ਸਕਦਾ….
ਅਜੋਕੇ ਸਮੇਂ ਵਿੱਚ ਹਰ ਵਸਤੂ ਇੱਕ ਨਵੇਂ ਰੂਪ ਵਿੱਚ ਸਾਡੇ ਸਾਮ੍ਹਣੇ ਹੀ…ਬਸ ਲੋੜ ਹੈ ਸਮੇਂ ਦੇ ਨਾਲ ਆਪਣੀ ਸੋਚ ਨੂੰ ਵੀ ਬਦਲਣ ਦੀ…. ਸਾਡੀ ਨਿੱਕੀ ਜਿਹੀ ਪਹਿਲ ਇਸ ਸਮਾਜ ਨੂੰ ਬਦਲਣ ਵਿੱਚ ਮਦਦ ਕਰ ਸਕਦੀ ਹੈ…. ਆਓ ਇੱਕ ਕੋਸ਼ਿਸ਼ ਕਰੀਏ…. ਤੇ ਸਮਾਜ ਨੂੰ ਨਵੀਂ ਦਿਸ਼ਾ ਦਿਖਾਈਏ….
ਕਾਜਲ ਲੁਧਿਆਣਾ