ਨਕੋਦਰ ਮਹਿਤਪੁਰ (ਹਰਜਿੰਦਰ ਪਾਲ ਛਾਬੜਾ) – ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਂਡ ਐਸੋਸੀਏਸ਼ਨਜ਼ ਆਫ ਪੰਜਾਬ ਵੱਲੋਂ ਵਾਤਾਵਰਨ ਦੀ ਸੰਭਾਲ ਨੂੰ ਲੈ ਕੇ ਕੀਤੇ ਜਾਂਦੇ ਉਪਰਾਲਿਆਂ ਦੀ ਲਗਾਤਾਰਤਾ ਵਿੱਚ ਇਸ ਵਾਰ 17 ਜੁਲਾਈ ਨੂੰ ਮਿਸ਼ਨ ਹਰਿਆਲੀ ਦਿਵਸ ਮਨਾਇਆ ਜਾਵੇਗਾ। ਆਪਣਾ ਪੰਜਾਬ ਫਾਊਂਡੇਸ਼ਨ ਦੇ ਫਾਊਂਡਰ ਡਾ. ਜਗਜੀਤ ਸਿੰਘ ਧੂਰੀ ਦੀ ਅਗਵਾਈ ਹੇਠ ਸਾਲ 2022 ਵਿੱਚ 12 ਸਤੰਬਰ ਨੂੰ ਪੰਜਾਬ ਦੇ ਸਕੂਲਾਂ ਦੇ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਵੱਲੋਂ ਪੰਜ ਲੱਖ ਅਠਾਹਠ ਹਜ਼ਾਰ ਪੌਦੇ ਲਗਾ ਕੇ ਆਪਣੀ ਕਿਸਮ ਦਾ ਇੱਕ ਵਿਸ਼ਵ ਰਿਕਾਰਡ ਬਣਾਇਆ ਗਿਆ ਸੀ ਅਤੇ ਇਸ ਵਾਰ ਮਿਸ਼ਨ ਹਰਿਆਲੀ 2023 ਤਹਿਤ ਫਾਊਂਡੇਸ਼ਨ ਵੱਲੋਂ ਸਕੂਲੀ ਬੱਚਿਆਂ ਹੱਥੋਂ ਇੱਕ ਦਿਨ ਵਿੱਚ ਸੱਤ ਲੱਖ ਪੌਦੇ ਲਗਾਉਣ ਦਾ ਟੀਚਾ ਮਿੱਥਿਆ ਗਿਆ ਹੈ।
ਸੰਸਥਾ ਦੇ ਡਾੲਇਰੈਕਟਰ ਨਿਰਮਲ ਸਿੰਘ ਤੇ ਪ੍ਰਿੰਸੀਪਲ ਸ਼੍ਰੀਮਤੀ ਅਮਨਦੀਪ ਕੌਰ ਨੇ ਦੱਸਿਆ ਕਿ 17 ਜੁਲਾਈ ਨੂੰ ਉਹਨਾਂ ਦੇ ਸਕੂਲ ਦੇ ਵਿਦਿਆਰਥੀਆਂ ਵੱਲੋਂ ਇਸ ਸਾਲ ਬਣਾਏ ਜਾਣ ਵਾਲੇ ਵਿਸ਼ਵ ਰਿਕਾਰਡ ਵਿੱਚ ਵੱਧ ਚੜ੍ਹ ਕੇ ਹਿੱਸਾ ਲਿਆ ਜਾਵੇਗਾ। ਹਰ ਇੱਕ ਵਿਦਿਆਰਥੀ ਆਪਣੇ ਮਾਤਾ—ਪਿਤਾ ਅਤੇ ਅਧਿਆਪਕਾਂ ਦੀ ਸਹਾਇਤਾ ਨਾਲ ਇੱਕ ਪੌਦਾ ਲਗਾਵੇਗਾ ਅਤੇ ਉਸ ਨੂੰ ਪਾਲਣ ਅਤੇ ਵੱਡਾ ਕਰਨ ਦੀ ਜ਼ਿੰਮੇਵਾਰੀ ਵੀ ਚੁੱਕੇਗਾ। ਇਸ ਦਿਨ ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਵੱਲੋਂ ਇੱਕ ਨਵੇਕਲਾ ਵਿਸ਼ਵ ਰਿਕਾਰਡ ਬਣਾਇਆ ਜਾਵੇਗਾ ਜਿਸ ਤਹਿਤ ਬੱਚੇ ਵੱਡੀ ਗਿਣਤੀ ਵਿੱਚ ਹਰੇ ਰੰਗ ਦੀਆਂ ਪੱਗਾਂ ਜਾਂ ਪਟਕੇ ਬੰਨ ਕੇ ਹਿਊਮਨ ਟਰੀ ਬਣਾਉਣਗੇ।
ਇਹ ਹਿਊਮਨ ਟਰੀ ਹਰ ਜ਼ਿਲ੍ਹਾ ਪੱਧਰ ਤੇ ਸਕੂਲਾਂ ਦੇ ਵਿਦਿਆਰਥੀਆਂ ਵੱਲੋਂ ਮਿਲ ਕੇ ਬਣਾਏ ਜਾਣਗੇ। ਇਸ ਗਤੀਵਿਧੀ ਰਾਹੀਂ ਜਿੱਥੇ ਵਿਦਿਆਰਥੀ ਵਾਤਾਵਰਨ ਦੀ ਸੰਭਾਲ ਲਈ ਸੁਨੇਹਾ ਦੇਣਗੇ, ਉਸ ਦੇ ਨਾਲ ਨਾਲ ਉਹ ਆਪਸ ਵਿੱਚ ਮਿਲਵਰਤਨ ਨਾਲ ਕੰਮ ਕਰਨ ਦੀ ਭਾਵਨਾ ਵੀ ਸਿੱਖਣਗੇ। ਉਹਨਾਂ ਦੱਸਿਆ ਕਿ ਇਸ ਸਬੰਧੀ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਗਈਆਂ ਹਨ। ਜ਼ਿਕਰਯੋਗ ਹੈ ਕਿ *ਏਕਮ ਪਬਲਿਕ ਸਕੂਲ ਮਹਿਤਪੁਰ* ਹਮੇਸ਼ਾਂ ਆਪਣਾ ਪੰਜਾਬ ਫਾਊਂਡੇਸ਼ਨ ਅਤੇ ਫੈਡਰੇਸ਼ਨ ਦੇ ਸੱਦੇ ਤੇ ਸਿਹਤ, ਸਿੱਖਿਆ ਅਤੇ ਵਾਤਾਵਰਨ ਦੀ ਸੰਭਾਲ ਦੀਆਂ ਗਤੀਵਿਧੀਆਂ ਵਿੱਚ ਵੱਧ ਚੜ੍ਹ ਕੇ ਭਾਗ ਲੈਂਦਾ ਹੈ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly