(ਸਮਾਜ ਵੀਕਲੀ)
ਜਦ ਤੈਨੂੰ ਸਮੁੰਦਰ ਕਹਿੰਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਹਰ ਦਮ ਤੇਰੇ ਕੋਲ ਰਹਿੰਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਹੁਣ ਤੇਰੇ ਬੱਗੇ ਹੋ ਰਹੇ ਵਾਲਾਂ ਨੂੰ ਨਜ਼ਮਾਂ ‘ਚ ਕੀ ਕਹੀਏ,
ਜਦ ਇਨ੍ਹਾਂ ਨੂੰ ਨਾਗ ਕਹਿੰਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਹੁਣ ਤੇਰੇ ਕੌੜੇ ਬੋਲ ਸਹਿਣੇ ਤਾਂ ਕੀ, ਅਸੀਂ ਸੁਣਨੇ ਵੀ ਨਹੀਂ,
ਜਦ ਤੇਰੇ ਕੌੜੇ ਬੋਲ ਸਹਿੰਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਹੁਣ ਤੇਰੀ ਕੋਈ ਵੀ ਲੋੜ ਨਹੀਂ ਸਾਨੂੰ ਅਸੀਂ ਪੈਰਾਂ ਤੇ ਖੜੇ ਹਾਂ,
ਜਦ ਤੇਰੇ ਬਿਨਾਂ ਡਿਗਦੇ, ਢਹਿੰਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਹੁਣ ਚੁਬਾਰਿਆਂ‘ਚ ਰਹਿੰਦੇ ਹਾਂ ਅਸੀਂ ਬੜੇ ਠਾਠ ਦੇ ਨਾਲ,
ਜਦ ਕੱਚੇ ਕੋਠਿਆਂ‘ਚ ਰਹਿੰਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਚਾਹੇ ਹੁਣ ਤੂੰ ਰਹਿ ਉਮਰ ਭਰ ਰੋਗੀ, ਅਸੀਂ ਆਣਾ ਨਹੀਂ,
ਜਦ ਤੇਰਾ ਹਾਲ ਪੁੱਛਦੇ ਰਹਿੰਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਹੁਣ ਕਾਣੀ ਵੰਡ, ਮਹਿੰਗਾਈ ਤੇ ਦਾਜ ਤੇ ਨਜ਼ਮਾਂ ਕਹਾਂਗੇ,
ਜਦ ਤੇਰੇ ਤੇ ਨਜ਼ਮਾਂ ਕਹਿੰਦੇ ਸਾਂ, ਜ਼ਮਾਨਾ ਹੋਰ ਹੁੰਦਾ ਸੀ।
ਮਹਿੰਦਰ ਸਿੰਘ ਮਾਨ
ਚੈਨਲਾਂ ਵਾਲੀ ਕੋਠੀ
ਸਾਮ੍ਹਣੇ ਅੰਗਦ ਸਿੰਘ ਐੱਮ ਐੱਲ ਏ ਰਿਹਾਇਸ਼
ਨਵਾਂ ਸ਼ਹਿਰ-144514
ਫੋਨ 9915803554
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly