ਏਹੁ ਹਮਾਰਾ ਜੀਵਣਾ ਹੈ -320

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਆਮ ਕਰਕੇ ਪੰਜਾਬ ਵਿੱਚ ਬਹੁਤੇ ਬੰਦਿਆਂ ਦੀਆਂ ਜਾਤਾਂ ਪਾਤਾਂ,ਕੰਮ ਧੰਦਿਆਂ, ਕਰਤੂਤਾਂ, ਗੁਣਾਂ-ਔਗੁਣਾਂ ਜਾਂ ਕਿਸੇ ਨਿਸ਼ਾਨ ਦੇਹੀ ਜਾਂ ਸਰੀਰਕ ਬਣਤਰ ਦੇ ਹਿਸਾਬ ਨਾਲ ਟੱਬਰਾਂ ਤੇ ਖ਼ਾਨਦਾਨਾਂ ਦੇ ਨਾਂ ਮਸ਼ਹੂਰ ਹੋ ਜਾਂਦੇ ਹਨ ਜਿਵੇਂ ‘ਹਕਲੇ ਕੇ’,ਥਥਲਿਆਂ ਦੇ, ਭਲਵਾਨਾਂ ਕੇ, ਗੰਜਿਆਂ ਕੇ, ਕਲਕੱਤੇ ਵਾਲਿਆਂ ਦੇ, ਟਰੱਕਾਂ ਵਾਲਿਆਂ ਦੇ, ਸੂਏ ਪਾਰ ਵਾਲ਼ਿਆਂ ਦੇ,ਰੇਹੜੇ ਵਾਲ਼ਿਆਂ ਦੇ, ਕਾਣੇ ਕੇ, ਭੰਤਿਆਂ ਕੇ,ਹੱਟੀ ਵਾਲਿਆਂ ਦੇ, ਅਮਰੀਕਾ ਵਾਲ਼ਿਆਂ ਦੇ, ਬਾਹਰਲੀ ਕੋਠੀ ਵਾਲਿਆਂ ਦੇ, ਛੱਤੀ ਬੀਹੀ ਵਾਲ਼ਿਆਂ ਦੇ ਆਦਿ ਅਨੇਕਾਂ ਹੋਰ ਨਾਂਅ ਵਰਤ ਕੇ ਪੀੜੀਆਂ ਦਰ ਪੀੜੀਆਂ ਝੱਟ ਪਛਾਣ ਕਰਨ ਦਾ ਜ਼ਰੀਆ ਬਣਿਆ ਹੁੰਦਾ ਹੈ। ਇਹ ਆਪਣੇ ਪੰਜਾਬੀਆਂ ਦੀ ਮੁੱਢ ਕਦੀਮ ਤੋਂ ਚੱਲੀ ਆ ਰਹੀ ਰੀਤ ਹੀ ਹੈ। ਇਸ ਨੂੰ ਰੀਤ ਮੰਨ ਲਿਆ ਜਾਵੇ ਤਾਂ ਚੰਗੀ ਗੱਲ ਹੈ ਕਿਉਂਕਿ ਇਹ ਨਾਂ ਰੱਖਣ ਦਾ ਕੰਮ ਸਦੀਆਂ ਤੋਂ ਚੱਲਿਆ ਆ ਰਿਹਾ ਹੈ।4

ਕਈ ਵਾਰ ਕੋਈ ਖਾਨਦਾਨ ਅੱਜ ਦੇ ਦੌਰ ਵਿੱਚ ਮਹਾਂ ਸ਼ਰੀਫ਼ ਹੁੰਦਾ ਹੈ ਪਰ “ਬਦਮਾਸ਼ਾਂ ਕੇ” ਨਾਂ ਨਾਲ ਕਈ ਪੀੜ੍ਹੀਆਂ ਤੋਂ ਵੱਜਦਾ ਆ ਰਿਹਾ ਹੁੰਦਾ ਹੈ।ਕਿਸੇ ਨੇ ਆਪਣੇ ਘਰ ਅੰਦਰ ਜਾਂ ਮੂਹਰੇ ਬਣੇ ਖੂਹ ਨੂੰ ਭਾਵੇਂ ਦੋ ਤਿੰਨ ਪੀੜ੍ਹੀਆਂ ਪਹਿਲਾਂ ਹੀ ਭਰਵਾ ਦਿੱਤਾ ਹੋਵੇ ਜਾਂ ਉਹਨਾਂ ਨੇ ਉਹ ਘਰ ਛੱਡ ਕੇ ਬਾਹਰ ਖੇਤਾਂ ਵਿੱਚ ਕੋਠੀ ਪਾ ਲਈ ਹੋਵੇ ਪਰ ਨਾਂ “ਖੂਹ ਵਾਲਿਆਂ ਦੇ” ਹੀ ਸਦੀਆਂ ਤੱਕ ਵੱਜਦਾ ਰਹੇਗਾ।

ਇਸੇ ਤਰ੍ਹਾਂ ਅੱਜ ਕੱਲ੍ਹ ਚਾਹੇ ਕਿਸੇ ਦਾ ਸਾਰਾ ਟੱਬਰ ਕਨੇਡਾ ਚਲਿਆ ਗਿਆ ਹੋਵੇ ਪਰ ਉਹਨਾਂ ਦੀ ਗੱਲ ਕਰਨ ਸਮੇਂ ਵਰਤਿਆ ਜਾਂਦਾ ਹੈ,” ਕਲਕੱਤੇ ਵਾਲਿਆਂ ਦਾ ਵੱਡਾ ਮੁੰਡਾ ਰਾਤ ਈ ਕਨੇਡਾ ਤੋਂ ਆਇਆ।” ਸੋਚਣ ਦੀ ਗੱਲ ਹੈ ਕਿ ਹੁਣ ਟੱਬਰ ਤਾਂ ਸਾਰਾ ਕਨੇਡਾ ਰਹਿੰਦਾ ਹੈ ਪਰ ਫਿਰ ਵੀ ਉਹਨਾਂ ਦੀ ਪਛਾਣ”ਕਲਕੱਤੇ ਵਾਲਿਆਂ” ਵਜੋਂ ਬਣੀ ਹੋਈ ਹੈ। ਇਸ ਦਾ ਕਾਰਨ ਇਹ ਹੈ ਕਿ ਉਹਨਾਂ ਦਾ ਕੋਈ ਪੁਰਖਾ ਕਲਕੱਤੇ ਗਿਆ ਹੋਵੇਗਾ ਤਾਂ ਬੱਸ ਉਦੋਂ ਤੋਂ ਹੀ ਇਹ ਨਾਂ ਪੱਕ ਗਿਆ ਹੋਵੇਗਾ। ਇਸ ਗੱਲ ਦੀ ਪੁਸ਼ਟੀ ਤਾਂ ਗਿ: ਗੁਰਦਿੱਤ ਸਿੰਘ ਦੇ ਲੇਖ ‘ਮੇਰੇ ਵੱਡੇ ਵਡੇਰੇ ‘ ਪੜ੍ਹ ਕੇ ਵੀ ਕੀਤੀ ਜਾ ਸਕਦੀ ਹੈ ਜਿਸ ਵਿੱਚ ਉਹ ਦੱਸਦੇ ਹਨ ਕਿ ਉਹਨਾਂ ਦੇ ਮਾੜਕੂ ਜਿਹੇ ਸਰੀਰ ਦੀ ਤੁਲਨਾ ਉਹਨਾਂ ਦੇ ਵੱਡੇ ਵਡੇਰਿਆਂ ਦੇ ਤਕੜੇ ਜੁੱਸਿਆਂ ਨਾਲ ਕਰਕੇ ਲੋਕ ਉਹਨਾਂ ਨੂੰ”ਕਾਗਜ਼ੀ ਭਲਵਾਨ” ਆਖ ਦਿੰਦੇ ਸਨ। ਅਸਲੀ ਗੱਲ ਤਾਂ ਇਹ ਹੈ ਕਿ ਇਹਨਾਂ ਛੋਟੇ ਛੋਟੇ ਨਾਵਾਂ ਵਿੱਚੋਂ ਪੁਰਖਿਆਂ ਦੀ ਪਛਾਣ ਵੀ ਉਭਰਦੀ ਹੈ।

ਮੈਂ ਇੱਕ ਵਾਰੀ ਆਪਣੇ ਕਿਸੇ ਰਿਸ਼ਤੇਦਾਰ ਦੇ ਘਰ ਗਈ। ਅਸੀਂ ਬੈਠੇ ਚਾਹ ਪਾਣੀ ਪੀ ਰਹੇ ਸੀ ਕਿ ਇੱਕ ਲਾਗਣ ਗੇਟ ਖੜਕਾ ਕੇ ਸੁਨੇਹਾ ਦੇ ਕੇ ਗਈ,” …..’ਸਿੱਧਰਿਆਂ ਦੇ’ ਘਰੇ ਕੱਲ੍ਹ ਨੂੰ ਪਾਠ ਦਾ ਭੋਗ ਪੈਣਾ ਹੈ…..ਦਸ ਵਜੇ ਤੋਂ ਗਿਆਰਾਂ ਵਜੇ ਤੱਕ ਦਾ ਟੈਮ ਆ….।” ਮੈਂ”ਸਿੱਧਰਿਆਂ ਦੇ ” ਨਾਂ ਪਹਿਲੀ ਵਾਰੀ ਸੁਣਿਆ ਸੀ। ਮੈਂ ਉਹਨਾਂ ਨੂੰ ਪੁੱਛਿਆ ਕਿ ਇਹਨਾਂ ਨੂੰ “ਸਿੱਧਰਿਆਂ ਦੇ” ਕਿਉਂ ਕਹਿੰਦੇ ਨੇ ਤਾਂ ਉਹਨਾਂ ਨੇ ਦੱਸਿਆ ਕਿ ਜਦੋਂ ਤੋਂ ਉਹ ਇੱਥੇ ਰਹਿਣ ਲੱਗੇ ਹਨ ਤਾਂ ਉਦੋਂ ਤੋਂ ਹੀ ਉਹ ਸੁਣ ਰਹੇ ਨੇ, ਉਂਝ ਪਤਾ ਨੀ ਕਿਉਂ “ਸਿੱਧਰਿਆਂ ਦੇ” ਆਖ਼ਦੇ ਨੇ। ਚਲੋ ਗੱਲ ਹੋਈ ਤੇ ਓਨੇ ਕੁ ਸਮੇਂ ਦੀ ਲੋੜ ਮੁਤਾਬਿਕ ਗੱਲ ਓਥੇ ਹੀ ਖ਼ਤਮ ਹੋ ਗਈ। ਜਦ ਮੈਂ ਅਗਲੀ ਵਾਰ ਗਈ ਤਾਂ ਬੈਠੇ ਬੈਠੇ ਮੇਰੇ ਰਿਸ਼ਤੇਦਾਰ ਨੂੰ ਗੱਲ ਯਾਦ ਆ ਗਈ ਤੇ ਆਖਣ ਲੱਗੇ ਕਿ ਜਿਹੜਾ ਪ੍ਰਸ਼ਨ ਤੂੰ ਪੁੱਛਿਆ ਸੀ ਉਸ ਦਾ ਜਵਾਬ ਮਿਲ ਗਿਆ ਹੈ, ਮੈਂ ਪੁੱਛਿਆ ” ਕਿਹੜਾ ਪ੍ਰਸ਼ਨ….?” “ਓਹੀ…. ਸਿੱਧਰਿਆਂ ਦੇ ‘ ਵਾਲ਼ਾ…..!”

ਕਹਿਕੇ ਉਹ ਦੱਸਣ ਲੱਗੇ ਕਿ,” ਉਹਨਾਂ ਦੇ ਘਰ ਦੀ ਬਜ਼ੁਰਗ ਔਰਤ ਦਾ ਪਿੱਛੇ ਜਿਹੇ ਦੇਹਾਂਤ ਹੋ ਗਿਆ….. ਭੋਗ ਵੀ ਪੈ ਗਿਆ…… ਫੇਰ ਅਸੀਂ ਦੋ ਚਾਰ ਔਰਤਾਂ ਨੇ ਸੋਚਿਆ ਕਿ ਚਲੋ ਹੁਣ ਦੁਬਾਰਾ ਅਫ਼ਸੋਸ ਕਰਕੇ ਪਰਿਵਾਰ ਨੂੰ ਹੌਂਸਲਾ ਦੇ ਆਉਂਦੇ ਆਂ…… ਅਸੀਂ ਗਏ ਤਾਂ ਉਸ ਬਜ਼ੁਰਗ ਦਾ ਪਤੀ ਤੇ ਜਵਾਕ ਇੱਕ ਕਮਰੇ ਵਿੱਚ ਬੈਠੇ ਟੈਲੀਵਿਜ਼ਨ ਵੇਖ ਰਹੇ ਸਨ….. ਅਸੀਂ ਜਾ ਕੇ ਉੱਥੇ ਹੀ ਕੁਰਸੀਆਂ ਤੇ ਬੈਠ ਗਈਆਂ….. ਅਸੀਂ ਉਸ ਦੇ ਪਤੀ ਨੂੰ ਹੌਸਲਾ ਦੇਣ ਲਈ ਆਖਿਆ,’ਬਹੁਤ ਮਾੜਾ ਕੰਮ ਹੋਇਆ ਜੀ ‘….. ਸਾਨੂੰ ਜਵਾਬ ਮਿਲਿਆ….’ਮਾੜਾ ਕੀ ਹੋਇਆ…… ਚੰਗਾ ਹੋਇਆ ਮਰਗੀ…… ਸਾਰਾ ਦਿਨ ਕਦੇ ਸਾਨੂੰ ਕਹਿੰਦੀ ਸੀ …ਆਹ ਟੀ ਵੀ ਬੰਦ ਕਰ ਦਿਓ,ਆਹ ਪੱਖਾ ਫਾਲਤੂ ਕਿਉਂ ਚਲਾਇਆ ਹੋਇਆ,ਆਹ ਪਾਣੀ ਦੀ ਟੂਟੀ ਕਿਉਂ ਖੁੱਲ੍ਹੀ ਛੱਡੀ ਆ…… ਅਸੀਂ ਤਾਂ ਸੌਖੇ ਹੋਗੇ ਹੁਣ ‘…… ਇਹ ਸੁਣ ਕੇ ਸਾਨੂੰ ਸਮਝ ਨਾ ਆਵੇ ਕਿ ਅਸੀਂ ਕੀ ਗੱਲ ਕਰੀਏ ਤੇ ਕੀ ਨਾ ਕਰੀਏ…. ਉਂਝ ਗੱਲ ਤਾਂ ਉਸ ਬੰਦੇ ਨੇ ਸਿੱਧਰਿਆਂ ਵਾਲੀ ਹੀ ਕੀਤੀ….. ਨਹੀਂ ਤਾਂ ਮਾੜੇ ਤੋਂ ਮਾੜੇ ਬੰਦੇ ਦੇ ਮਰਨ ਤੇ ਵੀ ਕੋਈ ਐਦਾਂ ਨਹੀਂ ਕਹਿੰਦਾ….. ।” ਇਹ ਸੁਣ ਕੇ ਮੈਨੂੰ ਹਾਸਾ ਵੀ ਨਿਕਲ਼ ਰਿਹਾ ਸੀ ਤੇ ਉਸ ਔਰਤ ਉੱਪਰ ਅਫਸੋਸ ਵੀ ਹੋ ਰਿਹਾ ਸੀ ਕਿ ਜਿਸ ਦੇ ਗੁਣਾਂ ਦੀ ਕਦਰ ਸਿੱਧਰਿਆਂ ਨੇ ਪਾਈ ਨਹੀਂ ਸੀ।

ਚਲੋ ਆਪਾਂ ਨੇ ਗੱਲ ਤਾਂ ਪੱਕੀ ਪਛਾਣ ਵਾਲੇ ਨਾਂ ਦੀ ਕਰਨੀ ਹੈ। ਉਂਝ ਇਹ ਪੱਕੇ ਨਾਂ ਕਿਸੇ ਰਿਸ਼ਤੇਦਾਰ ਜਾਂ ਜਾਣਕਾਰ ਦੇ ਪਹਿਲੀ ਵਾਰ ਮਿਲ਼ਣ ਆਉਣ ਤੇ ਘਰ ਲੱਭਣ ਵਿੱਚ ਸਹਾਈ ਵੀ ਹੁੰਦੇ ਹਨ ਪਰ ਕਈ ਵਾਰੀ ਇਹੋ ਜਿਹੇ ਨਾਂ ਕੰਮ ਵੀ ਵਿਗਾੜ ਦਿੰਦੇ ਹਨ। ਇੱਕ ਵਾਰੀ ਕਿਸੇ ਦੇ ਮੁੰਡੇ ਨੂੰ ਰਿਸ਼ਤਾ ਕਰਨ ਲਈ ਕੁੜੀ ਵਾਲੇ ਵੇਖਣ ਲਈ ਆਏ ਤਾਂ ਉਨ੍ਹਾਂ ਨੇ ਪਿੰਡ ਦੇ ਦਰਵਾਜ਼ੇ ਬੈਠੇ ਬਜ਼ੁਰਗਾਂ ਨੂੰ ਅਸਲੀ ਨਾਂ ਦੱਸ ਕੇ ਪੁੱਛਿਆ ਕਿ ਉਹਨਾਂ ਨੇ ਫ਼ਲਾਣੇ ਦੇ ਘਰੇ ਜਾਣਾ ਹੈ ਜਿਹਨਾਂ ਦੇ ਵੱਡੇ ਮੁੰਡੇ ਨੇ ਡਾਕਟਰੀ ਦੀ ਪੜ੍ਹਾਈ ਪੂਰੀ ਕੀਤੀ ਅਤੇ ਤੇ ਦੂਜਾ ਡਾਕਟਰੀ ਦੀ ਪੜ੍ਹਾਈ ਕਰਦਾ ਹੈ।ਇਹ ਸੁਣਦਿਆਂ ਹੀ ਇੱਕ ਬਜ਼ੁਰਗ ਬੋਲਿਆ,” ਅੱਛਾ ! ਅੱਛਾ ,ਆਹ ਓਹ “ਬਲੈਕੀਆਂ” ਦੀ ਗੱਲ ਕਰਦੇ ਨੇ….. ਆਹੋ ਉਹਨਾਂ ਦੇ ਵੱਡੇ ਮੁੰਡੇ ਦੇ ਮੁੰਡੇ ਈ ਡਾਕਟਰੀ ਦੀ ਪੜ੍ਹਾਈ ਕਰਦੇ ਨੇ…… ।”

ਰਿਸ਼ਤਾ ਕਰਨ ਵਾਲੇ ਓਹਨੀਂ ਪੈਰੀਂ ਵਾਪਸ ਮੁੜ ਗਏ। ਗੱਲ ਤਾਂ ਇਹ ਸੀ ਕਿ ਉਹਨਾਂ ਦੇ ਕਿਤੇ ਦੋ ਤਿੰਨ ਪੀੜ੍ਹੀਆਂ ਪਹਿਲਾਂ ਬਜ਼ੁਰਗ ਨੇ ਫੌਜ ਤੋਂ ਛੁੱਟੀ ਆਏ ਨੇ ਆਪ ਸ਼ਰਾਬ ਪੀਣੀ ਛੱਡ ਦਿੱਤੀ ਸੀ ਤੇ ਜਿਹੜੀ ਰੰਮ ਦੀ ਬੋਤਲ ਉਸ ਦੇ ਘਰੇ ਪਈ ਸੀ ਉਸ ਨੇ ਪਿੰਡ ਦੇ ਕਿਸੇ ਬੰਦੇ ਨੂੰ ਵੇਚ ਦਿੱਤੀ ਸੀ, ਉਦੋਂ ਤੋਂ ਹੀ ਉਹ ਬੰਦਾ ਰੰਮ ਮੁਫ਼ਤ ਵਿੱਚ ਨਾ ਦੇਣ ਕਰਕੇ ਹਾਸੇ ਹਾਸੇ ਵਿੱਚ ਉਸ ਨੂੰ ਬਲੈਕੀਆ ਆਖਣ ਲੱਗਿਆ ,ਤੇ ਜਿੱਥੇ ਮਿਲ਼ਦਾ ਉਸ ਨੂੰ ਅਪਣੱਤ ਵਿੱਚ ਆਖ ਦਿੰਦਾ,” ਹੋਰ ਬਈ ਬਲੈਕੀਆ ਕਿੱਧਰੋਂ ਆਇਆਂ…?” ਤੇ ਉਸ ਦੀ ਰੀਸੇ ਹੌਲ਼ੀ ਹੌਲ਼ੀ ਸਾਰੇ ਪਿੰਡ ਦੇ ਲੋਕ ਉਸ ਨੂੰ ਬਲੈਕੀਆ ਆਖਣ ਲੱਗੇ ਤੇ ਪਿੰਡ ਵਿੱਚ “ਬਲੈਕੀਆਂ ਦੇ” ਕਰਕੇ ਨਾਂ ਹੀ ਪੱਕ ਗਿਆ । ਉਂਝ ਤਾਂ ਸਭ ਨੂੰ ਪਤਾ ਸੀ ਕਿ ਇਹ ਨਾਂ ਤਾਂ ਪਿਆਰ ਨਾਲ ਹੀ ਪੱਕਿਆ ਹੋਇਆ ਨਾਂ ਹੈ ਪਰ ਬਾਹਰਲੇ ਅਣਜਾਣ ਲੋਕਾਂ ਨੂੰ ਅਸਲੀਅਤ ਪਤਾ ਨਾ ਹੋਣ ਕਰਕੇ ਕੰਮ ਵਿਗੜ ਵੀ ਜਾਂਦਾ ਹੈ।

ਉਂਝ ਵੇਖਿਆ ਜਾਏ ਤਾਂ ਇਹਨਾਂ ਪੱਕੇ ਨਾਵਾਂ ਵਿੱਚ ਅਪਣੱਤ, ਪਿਆਰ ਤੇ ਖ਼ਾਨਦਾਨਾਂ ਦੇ ਪੁਰਖਿਆਂ ਦੀਆਂ ਆਦਤਾਂ,ਸੁਭਾਅ ਜਾਂ ਗੁਣ ਛੁਪੇ ਹੋਏ ਹੁੰਦੇ ਹਨ। ਇਹ ਨਾਂ ਖਾਨਦਾਨ ਦੀ ਪੀੜ੍ਹੀ ਦਰ ਪੀੜ੍ਹੀ ਪੱਕੀ ਪਛਾਣ ਬਣਾ ਕੇ ਰੱਖਦੇ ਹਨ । ਅੱਜ ਕੱਲ੍ਹ ਨਵੀਂ ਪੀੜ੍ਹੀ ਦੇ ਬੱਚਿਆਂ ਦੇ ਪੜ੍ਹ ਲਿਖ ਜਾਣ ਕਰਕੇ ਕਈ ਵਾਰ ਉਹਨਾਂ ਵੱਲੋਂ ਇਸ ਗੱਲ ਦਾ ਇਤਰਾਜ਼ ਵੀ ਕੀਤਾ ਜਾਣ ਲੱਗਿਆ ਹੈ। ਅੱਜ ਕੱਲ੍ਹ ਕਿਸੇ ਦੇ ਖ਼ਾਨਦਾਨ ਨੂੰ ਪਛਾਨਣਾ ਤਾਂ ਬਹੁਤ ਦੂਰ ਦੀ ਗੱਲ ਹੈ , ਕਿਸੇ ਦੇ ਚਿਹਰੇ ਨੂੰ ਪੜ੍ਹਨਾ ਬਹੁਤ ਮੁਸ਼ਕਲ ਹੈ ਇਸ ਲਈ ਜੇ ਦੇਖਿਆ ਜਾਵੇ ਤਾਂ ਇਹ ਪਿਆਰੀ ਜਿਹੀ “ਪੱਕੇ ਨਾਂ ਦੀ ਪਛਾਣ ” ਸਿਰਫ਼ ਸਾਡੇ ਪੰਜਾਬੀ ਸੱਭਿਆਚਾਰ ਦੇ ਹਿੱਸੇ ਹੀ ਆਈ ਹੈ ਜਿਸ ਵਿੱਚ ਢੇਰ ਸਾਰਾ ਆਪਸੀ ਪਿਆਰ ਛੁਪਿਆ ਹੋਇਆ ਹੈ ਕਿਉਂਕਿ ਇਹ ਪਿਆਰ ਹੀ ਸਾਡੀ ਵਿਲੱਖਣਤਾ ਹੈ ਅਤੇ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleBSES Discoms fully geared for monsoon
Next articleਪੇਇੰਗ ਗੈਸਟ