(ਸਮਾਜ ਵੀਕਲੀ)
ਜਦੋਂ ਸਾਡੀ ਸਮਝ ਸਾਡੀਆਂ ਸਮੱਸਿਆਵਾਂ ਤੋਂ ਵੱਡੀ ਹੋ ਜਾਵੇਗੀ ਤਾਂ ਲੋਕ ਸਾਨੂੰ ਮਾਹਿਰ ਕਹਿਣ ਲੱਗ ਜਾਣਗੇ।
ਯੁੱਗ ਅਧੂਰੀਆਂ ਜਾਣਕਾਰੀਆਂ ਦਾ ਚੱਲ ਰਿਹਾ, ਜੋ ਸਾਰਿਆਂ ਲਈ ਹੀ ਨੁਕਸਾਨਦੇਹ ਹੈ। ਜਦੋਂ ਸੱਚ ਪਤਾ ਨਾ ਹੋਵੇ, ਤਾਂ ਸਾਡਾ ਬੰਦ ਮੂੰਹ ਸਾਨੂੰ ਕਈ ਤਰ੍ਹਾਂ ਦੇ ਝੰਜਟ-ਝੇੜਿਆਂ ਤੋਂ ਬਚਾ ਲੈਂਦਾ ਹੈ ਕਿਉਂਕਿ… *ਚੁੱਪ ਨਾਲ ਕੋਈ ਲੜਾਈ ਨਹੀਂ ਹੁੰਦੀ ਤੇ ਚੌਕਸੀ ਵਿਚ ਕੋਈ ਡਰ ਨਹੀਂ ਹੁੰਦਾ!*
ਦੂਜਿਆਂ ਤੇ ਸਾਡੀ ਚੁੱਪ ਦਾ ਅਸਰ, ਉੱਚੀ ਆਵਾਜ਼ ‘ਚ ਜ਼ੋਰ ਲਾ-ਲਾ ਕੇ ਕੱਢੀਆਂ ਗੰਦੀਆਂ ਗਾਲ੍ਹਾਂ ਨਾਲੋਂ ਵੀ ਜ਼ਿਆਦਾ ਹੁੰਦਾ ਹੈ। ਜਿੱਥੇ ਕਾਵਾਂ ਦੀ ਸਰਕਾਰ ਵੱਲੋਂ ਕਾਵਾਂਰੋਲੀਂ ਪੈਂਦੀ ਹੋਵੇ, ਸਾਨੂੰ ਉੱਥੇ ਦੂਰ ਹੀ ਰਹਿਣਾ ਚਾਹੀਦਾ ਹੈ। ਜੇ ਗ਼ਲਤੀ ਨਾਲ ਚਲੇ ਵੀ ਗਏ ਤਾਂ ਚੁੱਪ ਹੀ ਰਹੀਏ, ਕਾਂ-ਕਾਂ ਕਰਦੇ ਸਿਰਫਿਰੇ ਲੋਕ ਸਾਨੂੰ ਫ਼ਿਲਾਸਫ਼ਰ ਸਮਝਣਗੇ। ਕਿਉਂਕਿ ਸਿਰਫਿਰਿਆਂ ਦੇ ਇਕੱਠ ਵਿਚ ਭੌਂਕ ਤਾਂ ਹਰ ਕੋਈ ਰਿਹਾ ਹੁੰਦਾ ਹੈ, ਪਰ ਸੁਣ ਕੋਈ ਵੀ ਨਹੀਂ ਰਿਹਾ ਹੁੰਦਾ।
ਗੁਰੂ ਨਾਨਕ ਦੇਵ ਜੀ ਨੇ ਵੀ ਜਪੁਜੀ ਸਾਹਿਬ ਚ ਇਸੇ ਗੁਣ ਦੇ ਤੱਥ ਨੂੰ ਬਿਆਨਿਆਂ ਹੈ। ਹਾਂ ਇਹ ਮਹਿਜ਼ ਇੱਕ ਬਿਰਤਾਂਤ ਹੈ ਕਿ ਗੁਰੂ ਸਾਹਿਬ ਨੇ ਸੁਣਨ ਤੋਂ ਸ਼ੁਰੂਆਤ ਕੀਤੀ ਹੈ। ਪਰ ਅਸੀਂ ਪਹਿਲਾਂ ਪੂਰਾ ਖਲਾਰਾ ਪਸਾਰ ਕੇ ਫਿਰ ਸੁਣਦੇ ਹਾਂ, ਇਸੇ ਕਰਕੇ ਹੀ ਬਹੁਤਾਤ ਅੱਗ ਦੇ ਭਾਂਬੜ ਦੀਆਂ ਉੱਚੀਆਂ ਲਾਟਾਂ ਵਾਂਗੂੰ ਬਲਦੀ ਹੈ, ਜਦ ਕਿ ਅਸਲ ਸੇਕ ਮਘਦੇ ਕੋਲਿਆਂ ਤੇ ਹੁੰਦਾ ਹੈ ਜੋ ਚੁੱਪ ਚਾਪ ਜ਼ਮੀਨ ਤੇ ਪਏ ਹੁੰਦੇ ਹਨ।
ਚੁੱਪ ਸਾਡੀਆਂ ਗਿਆਨ ਇੰਦਰੀਆਂ ਦਾ ਸਭ ਤੋਂ ਤਾਕਤਵਰ ਹਥਿਆਰ ਹੈ। ਸਾਡੀ ਚੁੱਪ, ਵਰ੍ਹਿਆਂ ਚ ਕਮਾਈ ਸਿਆਣਪ ਦੁਆਲੇ ਬਣਾਈ ਵਾੜ ਹੁੰਦੀ ਹੈ, ਇਸ ਵਾੜ ਨੂੰ ਦੁਨਿਆਵੀ ਲਾਲਚਾਂ ਕਰਕੇ ਤੋੜ ਲੈਣਾ ਕੋਈ ਵਾਲੀ ਵਧੀਆ ਗੱਲ ਨਹੀਂ ਹੁੰਦੀ। ਲਾਲਚੀਆਂ ਦੀ ਉਮਰ ਸਧਾਰਨ ਲੋਕਾਂ ਨਾਲੋਂ ਹਮੇਸ਼ਾਂ ਘੱਟ ਹੁੰਦੀ ਹੈ। ਉਹ ਖੁਦ ਨਹੀਂ ਜਾਣ ਪਾਉਂਦੇ ਕੇ ਅਸੀਂ ਅਣਜਾਣੇ ਪੁਣੇ ਵਿਚ ਕਿਹੜੀਆਂ ਕੀਮਤੀ ਸੌਗਾਤਾਂ ਗੁਆ ਬੈਠੇ ਹਾਂ! ਜ਼ਿੰਦਗੀ ਨਾਲ ਸ਼ਿਕਾਇਤਾਂ ਕਰਨ ਵਾਲਿਆਂ ਵਾਗੂੰ, ਸ਼ਿਕਾਰੀ ਵੀ ਲੱਖਾਂ ਯਤਨ ਕਰਦੇ ਨੇ ਮੱਛੀ ਫੜਨ ਦੇ, ਪਰ ਜਿਹੜੀ ਮੱਛੀ ਆਪਣਾ ਮੂੰਹ ਬੰਦ ਰੱਖਦੀ ਹੈ, ਉਹ ਕਦੇ ਕਾਬੂ ਨਹੀਂ ਆਉਂਦੀ। ਕਹਿਣ ਦਾ ਮਤਲਬ ਹੈ ਮੂਰਖਾਂ ਨੂੰ ਜਵਾਬ ਚੁੱਪ ਰਹਿਕੇ ਵੀ ਦਿੱਤਾ ਜਾ ਸਕਦਾ ਹੈ।
ਏਥੇ ਮੈਂ ਇਹ ਨਹੀਂ ਕਹਿੰਦਾ ਕਿ ‘ਪਹਿਲਾਂ ਤੋਲੇ ਫਿਰ ਬੋਲੇ ਦਾ ਸਿਧਾਂਤ ਗ਼ਲਤ ਹੈ।’ ਅਸਲ ਵਿਚ ਇਸ ਅਵਸਥਾ ਤੱਕ ਪਹੁੰਚਣ ਦਾ ਸਾਧਨ ਵੀ ਚੁੱਪ ਹੈ। ਕਿਉਂਕਿ ਸਾਡੀ ਚੁੱਪ ਰਜ਼ਾਮੰਦੀ ਦਾ ਬੂਹਾ ਹੁੰਦੀ ਹੈ। ਜੇ ਕਲੇਸ਼ ਹੀ ਖ਼ਤਮ ਹੋ ਜਾਣ ਤਾਂ ਜੀਵਨ ਤੋਂ ਵੱਡਾ ਸਵਰਗ ਕਿਤੇ ਹੋਰ ਹੈ ਹੀ ਨਹੀਂ। ਸਾਨੂੰ ਹਰ ਕਲੇਸ਼ ਨੂੰ ਕਿਸੇ ਵੀ ਕੀਮਤ ਤੇ ਖ਼ਤਮ ਕਰ ਲੈਣਾ ਚਾਹੀਦਾ ਹੈ, ਉਸੇ ਸਮੇਂ ਸਫ਼ਲਤਾ ਸਾਡੇ ਨਾਲ ਜ਼ਿੰਦਗੀ ਦੇ ਸਫ਼ਰ ਤੇ ਚੱਲ ਪਵੇਗੀ।
ਹਰਫੂਲ ਭੁੱਲਰ
ਮੰਡੀ ਕਲਾਂ 9876870157
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly