ਰਾਏਕੋਟ (ਸਮਾਜ ਵੀਕਲੀ) ( ਗੁਰਭਿੰਦਰ ਗੁਰੀ ) : ਸੰਨ 1800 ਦੇ ਨੇੜੇ-ਤੇੜੇ ਹੋਂਦ ’ਚ ਆਈ ‘ਬੱਸੀਆਂ ਕੋਠੀ’ ਆਪਣੇ ’ਚ ਅਨੇਕਾਂ ਇਤਿਹਾਸਕ ਘਟਨਾਵਾਂ ਸਮੋਈ ਬੈਠੀ ਹੈ। ਫੇਰੂ ਸ਼ਾਹ ਤੇ ਮੁੱਦਕੀ ਦੀ ਜੰਗ ਮੌਕੇ ਇਹ ਕੋਠੀ ਲਾਰਡ ਹਾਰਡਿੰਗ ਦਾ ਹੈੱਡ ਕੁਆਟਰ ਸੀ। ਫਿਰੋਜ਼ਪੁਰ ਸਥਿਤ ਬ੍ਰਿਟਿਸ਼ ਮਿਲਟਰੀ ਡਿਵੀਜਨ ਦਾ ਇਹ ਅਸਲਾ ਸਪਲਾਈ ਡਿੱਪੂ ਵੀ ਰਿਹਾ। ਰਾਏਕੋਟ ਦੇ ਬੁੱਚੜਾਂ ਨੂੰ ਸੋਧਨ ਵਾਲੇ ਕੂਕਿਆਂ ਨੂੰ ਫਾਂਸੀ ਦੀ ਸਜ਼ਾ ਇਸੇ ਕੋਠੀ ’ਚ ਸੈਸ਼ਨ ਕੋਰਟ ਲਗਾ ਕੇ ਦਿੱਤੀ ਗਈ ਸੀ। ਜਦੋਂ ਅੰਗਰੇਜ਼ਾਂ ਨੇ 11 ਸਾਲ ਦੇ ਮਹਾਰਾਜਾ ਦਲੀਪ ਸਿੰਘ ਨੂੰ ਪੰਜਾਬ ਤੋਂ ਬਾਹਰ ਕੱਢਿਆ ਤਾਂ ਦੇਸ਼-ਬਦਰ ਹੋ ਕੇ ਜਾ ਰਹੇ ਪੰਜਾਬ ਦੇ ਆਖਰੀ ਮਹਾਰਾਜਾ ਨੇ 31 ਦਸੰਬਰ 1849 ਨੂੰ ਪੰਜਾਬ ’ਚ ਆਖਰੀ ਰਾਤ ਇਸੇ ਕੋਠੀ ’ਚ ਕੱਟੀ ਸੀ। ਰਾਜ ’ਚ ਇੱਕ ਦਹਾਕੇ ਤੋਂ ਵੱਧ ਚੱਲੀ ਅਸ਼ਾਂਤੀ ਦੌਰਾਨ ਇਸ ਇਮਾਰਤ ਨੂੰ ਪੰਜਾਬ ਪੁਲਿਸ ਨੇ ਰੱਜ ਕੇ ‘ਤਸੀਹੇ ਕੇਂਦਰ ਵਜੋਂ ਵੀ ਵਰਤਿਆ। ਇਸੇ ਲਈ ਇਸ ਨੂੰ ਸਰਾਪੀ ਕੋਠੀ ਵੀ ਕਿਹਾ ਜਾਂਦਾ ਰਿਹਾ।
ਬਾਅਦ ’ਚ ਨਹਿਰੀ ਰੈਸਟ ਹਾਊਸ ਬਣ ਕੇ ਨਹਿਰੀ ਵਿਭਾਗ ਦੀ ਮਲਕੀਅਤ ਹੋ ਗਈ। ਇਲਾਕਾ ਨਿਵਾਸੀਆਂ ਦੀ ਮੰਗ ’ਤੇ ਬੱਸੀਆਂ ਕੋਠੀ ਨੂੰ 2015 ’ਚ ਪੰਜਾਬ ਸਰਕਾਰ ਵੱਲੋਂ ਕਰੋੜਾਂ ਰੁਪਏ ਖਰਚ ਕਰਕੇ ਮਹਾਰਾਜਾ ਦਲੀਪ ਸਿੰਘ ਯਾਦਗਾਰ ’ਚ ਤਬਦੀਲ ਕੀਤਾ ਗਿਆ ਸੀ। ਪ੍ਰੰਤੂ 2015 ਤੋਂ ਬਾਅਦ ਇਸ ਨੂੰ ਕਿਸੇ ਨੇ ਦੁਬਾਰਾ ਰੰਗ-ਰੋਗਨ ਤੱਕ ਨਹੀਂ ਕਰਵਾਇਆ। ਮਿਊਜ਼ੀਅਮ ਦੇ ਲੱਗੇ ਕਈ ਦਰਵਾਜਿਆਂ ਨੂੰ ਸਿਉਂਕ ਲੱਗ ਚੁੱਕੀ ਹੈ ਅਤੇ ਕਈ ਦਰਵਾਜੇ ਖਰਾਬ ਹੋ ਚੁੱਕੇ ਹਨ। ਮਿਊਜ਼ੀਅਮ ਦੇ ਹਾਲ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਹਨ। ਕਈ ਥਾਵਾਂ ’ਤੇ ਪੇਂਟ ਤੇ ਪਲਾਸਟਰ ਟੁੱਟ ਰਿਹਾ ਹੈ। ਸਿੱਖ ਰਾਜ ਦੀਆਂ ਵੱਖ-ਵੱਖ ਕਲਾਵਾਂ ਦੀਆਂ ਪ੍ਰਤੀਕ੍ਰਿਤੀਆਂ ਨੂੰ ਉਜਾਗਰ ਕਰਨ ਲਈ ਲਗਾਈਆਂ ਗਈਆਂ ਕੁਝ ਫੋਕਸ ਲਾਈਟਾਂ ਕੰਮ ਨਹੀਂ ਕਰ ਰਹੀਆਂ ਹਨ। ਮੁੜ ਖੰਡਰ ਹੋ ਰਹੀ ਸਿੱਖਾਂ ਦੇ ਆਖਰੀ ਬਾਦਸ਼ਾਹ ਦੀ ਯਾਦਗਾਰ ਪੰਜਾਬ ਸਰਕਾਰ ਦਾ ਧਿਆਨ ਮੰਗਦੀ ਹੈ। ਇਸ ਕੋਠੀ ਦੇ ਪੁਰਾਣੇ ਢਾਂਚੇ ਨੂੰ ਬਰਕਰਾਰ ਰੱਖਦੇ ਹੋਏ, ਇਸ ਦੀ ਨਵ ਉਸਾਰੀ ਕਰਕੇ ਇਸ ਨੂੰ ਸੁੰਦਰ ਦਿਖ ਪ੍ਰਦਾਨ ਕੀਤੀ ਗਈ ਸੀ ।
ਯਾਦਗਾਰ ਬਣੀ ਇਸ ਇਮਾਰਤ ਵਿੱਚ ਮਹਾਰਾਜਾ ਰਣਜੀਤ ਸਿੰਘ ਦੇ ਸਿੰਘਾਸਣ, ਇੱਕ ਵੱਡੀ ਤਲਵਾਰ, ਇੱਕ ਸਾਹੀ ਕੁਰਸੀ, ਇੱਕ ਪਹਿਰਾਵਾ ਤੇ ਉਸਦੇ ਜੀਵਨ ਦੇ ਵੱਖ-ਵੱਖ ਪਹਿਲੂਆਂ ਨੂੰ ਦਰਸਾਉਂਦੀਆਂ ਤਸਵੀਰਾਂ ਦੀਆਂ ਪ੍ਰਤੀਕ੍ਰਿਤੀਆਂ ਰੱਖੀਆਂ ਗਈਆਂ ਹਨ। ਪ੍ਰੰਤੂ ਸਰਕਾਰ ਦੀ ਅਣਗਹਿਲੀ ਇਹ ਪ੍ਰਤੀ ਕ੍ਰਿਤੀਆਂ ਖਰਾਬ ਹੋ ਰਹੀਆਂ ਹਨ, ਤਸਵੀਰਾਂ ਫਿਕੀਆਂ ਪੈ ਗਈਆਂ ਹਨ। ਕੋਠੀ ਵਿਚ ਲੱਗੇ 1.5 ਏਕੜ ਦੇ ਬਾਗ, 2 ਏਕੜ ਦੇ ਲਾਅਨ, ਤੇ 1.5 ਏਕੜ ’ਚ ਲਗਾਏ ਜੰਗਲ ਨੂੰ ਪਾਣੀ ਦੇਣ ਲਈ ਡੇਢ ਦੀ ਮੋਟਰ ਲੱਗੀ ਹੋਣ ਕਰਕੇ ਪਾਣੀ ਪੂਰਾ ਨਹੀਂ ਹੋ ਰਿਹਾ, ਜਿਸ ਕਾਰਨ ਹਰਿਆਲੀ ਗਾਇਬ ਹੋ ਰਹੀ ਹੈ। ਜਿਕਰਯੋਗ ਹੈ ਕਿ ਪਿਛਲੇ ਦਿਨੀਂ ਕੋਠੀ ’ਚ ਹੋਏ ਇਕ ਸਮਾਗਮ ਦੌਰਾਨ ਰਾਜ ਸਭਾ ਮੈਂਬਰ ਸੰਜੀਵ ਅਰੋੜਾ ਨੇ ਇਸ ਦੀ ਦਿੱਖ ਸਵਾਰਨ ਲਈ 20 ਲੱਖ ਰੁਪਏ ਅਤੇ ਪੰਜਾਬ ਸਰਕਾਰ ਵੱਲੋ ਮੁੱਖ ਮਾਰਗ ’ਤੇ ਗੇਟ ਬਣਾਉਣ ਲਈ ਪੰਜ ਲੱਖ ਰੁਪਏ ਦਾ ਐਲਾਨ ਕੀਤਾ ਸੀ ਪ੍ਰੰਤੂ ਅਜੇ ਤੱਕ ਇਹ ਪੈਸੇ ਪ੍ਰਾਪਤ ਨਹੀਂ ਹੋਏ ਹਨ।
ਕੀ ਕਹਿਣਾ ਹੈ ਐੱਸ ਡੀ ਐਮ ਰਾਏਕੋਟ ਦਾ :-
ਇਸ ਸਬੰਧੀ ਐਸ.ਡੀ.ਐਮ. ਰਾਏਕੋਟ ਗੁਰਬੀਰ ਸਿੰਘ ਕੋਹਲੀ ਨੇ ਕਿਹਾ ਕਿ ਕੋਠੀ ਦੀ ਦਿੱਖ ਸਵਾਰਨ ਲਈ ਤਜਵੀਜ਼ ਤਿਆਰ ਕੀਤੀ ਗਈ ਹੈ ਤੇ ਫੰਡ ਮਿਲਦਿਆਂ ਹੀ ਕੰਮ ਸ਼ੁਰੂ ਕਰਵਾ ਦਿੱਤਾ ਜਾਵੇਗਾ। ਮਹਾਰਾਜਾ ਦਲੀਪ ਸਿੰਘ ਯਾਦਗਾਰੀ ਬੱਸੀਆਂ ਕੋਠੀ ਦੀ ਮੁਰੰਮਤ ਨਾ ਹੋਣ ਸਬੰਧੀ ਗੱਲ ਕਰਦਿਆਂ ਕੌਸਲਰ ਮੁਹੰਮਦ ਇਮਰਾਨ ਨੇ ਕਿਹਾ ਕਿ ਬੱਸੀਆਂ ਕੋਠੀ ਦੀ ਦਿੱਖ ਨੂੰ ਬਰਕਰਾਰ ਰੱਖਣ ਲਈ ਉਸਦੀ ਮੁਰੰਮਤ ਹੋਣਾ ਜਰੂਰੀ ਹੈ, ਮੈਂ ਸਰਕਾਰ ਤੋਂ ਮੰਗ ਕਰਦਾ ਹਾਂ ਕਿ ਇਸ ਯਾਦਗਾਰ ਵੱਲ ਧਿਆਨ ਦੇਵੇ, ਜਲਦੀ ਫੰਡ ਭੇਜ ਕੇ ਮਹਾਰਾਜਾ ਦਲੀਪ ਸਿੰਘ ਬੱਸੀਆਂ ਕੋਠੀ ਦੀ ਮੁਰੰਮਤ ਕਰਵਾਵੇ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly