ਏਹੁ ਹਮਾਰਾ ਜੀਵਣਾ ਹੈ -316

ਬਰਜਿੰਦਰ ਕੌਰ ਬਿਸਰਾਓ

(ਸਮਾਜ ਵੀਕਲੀ)

ਸੋਨੀਆ ਤੇ ਉਸ ਦੇ ਪਤੀ ਦੀ ਬੈਠੇ ਬੈਠੇ ਕਿਸੇ ਗੱਲ ਤੋਂ ਬਹਿਸ ਹੋ ਗਈ ਸੀ ਤੇ ਦੋ ਤਿੰਨ ਦਿਨ ਤੋਂ ਦੋਨਾਂ ਦਾ ਮਨ ਮੁਟਾਵ ਚੱਲ ਰਿਹਾ ਸੀ। ਵੈਸੇ ਵੀ ਪਤੀ ਪਤਨੀ ਦਾ ਰਿਸ਼ਤਾ ਹੁੰਦਾ ਈ ਐਹੋ ਜਿਹਾ ਹੈ ਕਿ ਜੇ ਤਾਂ ਖੁਸ਼ ਹੋਣ ਤਾਂ ਹੱਸਦਿਆਂ ਦੇ ਠਹਾਕੇ ਵੀ ਗੁਆਂਢੀਆਂ ਨੂੰ ਸੁਣਦੇ ਹਨ ਤੇ ਜੇ ਮੂੰਹ ਵੱਟਿਆ ਹੋਵੇ ਤਾਂ ਕੋਲ਼ ਦੀ ਇੰਝ ਲੰਘਦੇ ਹਨ ਜਿਵੇਂ ਵਾਹਘਾ ਬਾਰਡਰ ਤੇ ਗਸ਼ਤ ਕਰਦੇ ਹਿੰਦ ਪਾਕ ਦੇ ਸਿਪਾਹੀ ਹੋਣ। ਰੋਸਿਆਂ ਦੇ ਸਮਿਆਂ ਵਿੱਚ ਸੋਨੀਆ ਨੇ ਜਦ ਘਰ ਦੀ ਕੋਈ ਚੀਜ਼ ਮੰਗਵਾਉਣੀ ਹੁੰਦੀ ਹੈ ਤਾਂ ਉਸ ਨੂੰ ਫ਼ੋਨ ਤੇ ਟਾਈਪ ਕਰਕੇ ਮੈਸੇਜ ਕਰ ਦਿੰਦੀ ਤੇ ਉਹਦੇ ਪਤੀ ਨੇ ਸਮਾਨ ਲਿਆ ਕੇ ਲਿਫ਼ਾਫ਼ਾ ਟੇਬਲ ਤੇ ਆਏਂ ਰੱਖਣਾ ਜਿਵੇਂ ਉਹਨਾਂ ਦੋਨਾਂ ਦੀ ਲੜਾਈ ਦਾ ਸਾਰਾ ਕਸੂਰ ਉਸ ਲਿਫ਼ਾਫ਼ੇ ਦਾ ਈ ਹੋਏ। ਜੇ ਕਿਤੇ ਬੱਚਿਆਂ ਨੇ ਕਿਸੇ ਨਿੱਕੀ ਜਿਹੀ ਗੱਲ ਦੀ ਜ਼ਿੱਦ ਕਰਨੀ ਤਾਂ ਦੋਹਾਂ ਦੀ ਲੜਾਈ ਦੇ ਬਰੂਦ ਵਾਲ਼ਾ ਬੰਬ ਵੀ ਉਹਨਾਂ ਉੱਪਰ ਹੀ ਫੁੱਟਣਾ ਹੁੰਦਾ।

ਸੋਮਵਾਰ ਤੋਂ ਲੈ ਕੇ ਸ਼ੁੱਕਰਵਾਰ ਤੱਕ ਤਾਂ ਇਸ ਮਨ ਮੁਟਾਵ ਦਾ ਸਾਈਡ ਇਫੈਕਟ ਘਰ ਅਤੇ ਬੱਚਿਆਂ ਉੱਤੇ ਘੱਟ ਈ ਪੈਂਦਾ ਹੈ ਕਿਉਂਕਿ ਸਾਰਾ ਦਿਨ ਪਤੀ ਦੇਵ ਦੇ ਘਰ ਤੋਂ ਬਾਹਰ ਰਹਿਣ ਕਰਕੇ ਘਰ ਵਿੱਚ ਸੁੱਖ ਚੈਨ ਰਹਿੰਦਾ ਹੈ। ਸ਼ਾਮ ਨੂੰ ਕਿਤੇ ਕਿੰਨਾ ਕੁ ਵਕਤ ਹੁੰਦਾ ਹੈ,ਸਾਰਾ ਦਿਨ ਦਾ ਥੱਕਿਆ ਬੰਦਾ ਰੋਟੀ ਖਾ ਕੇ ਆਏਂ ਸੌਂਦਾ ਹੈ ਜਿਵੇਂ ਕਿਸੇ ਨੇ ਬੇਹੋਸ਼ੀ ਦਾ ਟੀਕਾ ਲਾਇਆ ਹੋਵੇ। ਰੋਟੀ ਦੀ ਥਾਲੀ ਵੀ ਤਾਂ ਸ੍ਰੀਮਤੀ ਜੀ ਇਸ ਤਰ੍ਹਾਂ ਟੇਬਲ ਤੇ ਰੱਖ ਕੇ ਜਾਂਦੇ ਹਨ ਕਿ ਜਿਵੇਂ ਕੋਈ ਲਛਮਣ ਰੇਖਾ ਖਿੱਚੀ ਹੋਈ ਹੋਵੇ। ਦੂਰੋਂ ਈ ਲੰਮੀ ਸਾਰੀ ਬਾਂਹ ਕਰਕੇ ਟੇਬਲ ਤੇ ਰੱਖ ਕੇ ਫਾਹਾ ਵੱਢ ਦਿੱਤਾ ਜਾਂਦਾ ਹੈ।

ਜੇ ਪਤੀ ਦੇਵ ਨੂੰ ਹੋਰ ਰੋਟੀ ਜਾਂ ਸਬਜ਼ੀ ਅਚਾਰ ਬਗੈਰਾ ਚਾਹੀਦਾ ਹੋਵੇ ਤਾਂ ਉਹ ਆਪਣੇ ਨਿਆਣੇ ਨੂੰ ਹਾਕ ਮਾਰਕੇ ਆਖਦਾ ਹੈ,” ਟੀਟੂ…. ਇੱਕ ਰੋਟੀ ਲਿਆਦੇ….. !” ਟੀਟੂ ਚਾਹੇ ਪਿਛਲੀ ਨੁੱਕਰ ਵਾਲ਼ੇ ਕਮਰੇ ਵਿੱਚ ਕੰਨਾਂ ਵਿੱਚ ਟੂਟੀਆਂ ਜਿਹੀਆਂ ਫਸਾ ਕੇ ਗਾਣੇ ਸੁਣਦਾ ਹੋਵੇ। ਚਲੋ ਗੱਲ ਤਾਂ ਹੋਰ ਰੋਟੀ ਲੈਣ ਤੱਕ ਦੀ ਹੁੰਦੀ ਹੈ। ਸ੍ਰੀ ਮਤੀ ਜੀ ਦੇ ਕੰਨ ਵਿੱਚ ਅਵਾਜ਼ ਪੈਂਦੇ ਹੀ ਕੋਲ਼ ਖੜ੍ਹੇ ਨਿਆਣੇ ਦੇ ਹੱਥ ਘੱਲ ਦਿੰਦੀ ਹੈ। ਇਸ ਤਰ੍ਹਾਂ ਪਤੀ ਪਤਨੀ ਦੀ ਲੜਾਈ ਵਿੱਚ ਮੂਕ ਹੋਏ ਦੋਵੇਂ ਜੀਆਂ ਦੀਆਂ ਗੱਲਾਂ ਜਾਂ ਲੋੜਾਂ ਦੀ ਪੂਰਤੀ ਕਰਨ ਲਈ ਫੋਨ ਦੇ ਮੈਸੇਜ ਜਾਂ ਨਿਆਣੇਂ ਹੀ ਸੰਚਾਰ ਦੇ ਮੁੱਖ ਸਾਧਨ ਹੁੰਦੇ ਹਨ।

ਗੱਲ ਤਾਂ ਹਫ਼ਤੇ ਦੇ ਅਖੀਰਲੇ ਦੋ ਦਿਨਾਂ ਦੀ ਹੁੰਦੀ ਹੈ,ਉਸ ਦਾ ਸਾਈਡ ਇਫੈਕਟ ਜ਼ਿਆਦਾ ਵੀ ਹੋ ਸਕਦਾ ਹੁੰਦਾ ਹੈ ਜਾਂ ਫਿਰ ਕਈ ਵਾਰ ਸਮਝੌਤਾ ਹੋਣ ਦੇ ਅਸਾਰ ਵੀ ਬਣ ਜਾਂਦੇ ਹਨ। ਬਦਕਿਸਮਤੀ ਨਾਲ ਜੇ ਸਮਝੌਤਾ ਨਾ ਹੋਵੇ ਤਾਂ ਘਰ ਦਾ ਮਾਹੌਲ ਘੁੱਟਿਆ ਘੁੱਟਿਆ ਹੋਣ ਕਰਕੇ ਸਮਾਂ ਪਾਸ ਕਰਨਾ ਈ ਔਖਾ ਹੋ ਜਾਂਦਾ ਹੈ। ਦੋਹਾਂ ਧਿਰਾਂ ਵੱਲੋਂ ਕੀਤੀ ਥੋੜ੍ਹੀ ਜਿਹੀ ਊਚ ਨੀਚ ਇਸ ਜੰਗ ਨੂੰ ਲੰਮੇ ਸਮੇਂ ਤੱਕ ਵੀ ਖਿੱਚ ਸਕਦੀ ਹੁੰਦੀ ਹੈ। ਇਸ ਕਰਕੇ ਕੋਸ਼ਿਸ਼ ਇਹੀ ਕੀਤੀ ਜਾਂਦੀ ਹੈ ਕਿ ਇੱਧਰ ਓਧਰ ਦੇ ਕੰਮ ਕਰਕੇ ਹੱਥ ਪੱਲੇ ਮਾਰਦੇ ਹੋਏ ਸਮਾਂ ਪਾਸ ਕੀਤਾ ਜਾਏ। ਸ਼ਨੀਵਾਰ ਨੂੰ ਸੋਨੀਆ ਦਾ ਪਤੀ ਵੀ ਆਪਣੇ ਕੰਪਿਊਟਰ ਦੇ ਟੇਬਲ ਦੇ ਦਰਾਜਾਂ ਅਤੇ ਆਪਣੀਆਂ ਫਾਈਲਾਂ ਦੇ ਫੋਲਡਰਾਂ ਨੂੰ ਸਾਫ਼ ਕਰ ਕੇ ‘ਸਮੇਂ ਦਾ ਸਦਉਪਯੋਗ’ ਕਰਨ ਲੱਗਾ।

ਉਸ ਨੇ ਛਾਂਟੀ ਕਰਕੇ ਕਿੰਨੇ ਸਾਰੇ ਵਿਅਰਥ ਕਾਗਜ਼ ਕੱਢ ਲਏ ਤੇ ਉਹਨਾਂ ਨੂੰ ਕੂੜੇਦਾਨ ਵਿੱਚ ਸੁੱਟਣ ਦੀ ਬਜਾਏ ਉਹ ਘਰ ਦੇ ਬਾਹਰ ਗੇਟ ਦੇ ਇੱਕ ਪਾਸੇ ਜਿਹੇ ਨੂੰ ਰੱਖ ਕੇ ਅੱਗ ਲਗਾ ਦਿੱਤੀ। ਉਹ ਉਹਨਾਂ ਨੂੰ ਇੱਕ ਛੋਟੀ ਜਿਹੀ ਸੋਟੀ ਨਾਲ ਇੱਧਰ ਉੱਧਰ ਕਰਦਾ ਹੋਇਆ ਚੰਗੀ ਤਰ੍ਹਾਂ ਸਾੜ ਰਿਹਾ ਸੀ ਤਾਂ ਜੋ ਐਵੇਂ ਕੋਈ ਅੱਧ ਸੜਿਆ ਸਰਕਾਰੀ ਕਾਗਜ਼ ਕਿਸੇ ਦੇ ਹੱਥ ਆ ਕੇ ਦੁਰਵਰਤੋਂ ਨਾ ਹੋ ਸਕੇ। ਉਹਨਾਂ ਦੀ ਸਾਹਮਣੇ ਵਾਲ਼ੀ ਗੁਆਂਢਣ ਖਿੜਕੀ ਵਿੱਚੋਂ ਦੇਖ਼ ਕੇ ਆਪਣੀ ਦੂਜੀ ਗੁਆਂਢਣ ਨੂੰ ਫ਼ੋਨ ਕਰਕੇ ਦੱਸਦੀ ਹੈ,”ਨੀ ਰੀਨਾ…… ਦੇਖੀਂ ਸੋਨੀਆ ਦਾ ਆਦਮੀ…. ਅੱਜ ਸ਼ਨੀਵਾਰ ਨੂੰ ਪੂਰੇ ਸਵਾ ਬਾਰਾਂ ਵਜੇ ਘਰ ਦੇ ਬਾਹਰ ਪਤਾ ਨੀ ਕੀ ਸਾੜਨ ਲੱਗਿਆ ਹੋਇਆ….?” ਦੂਜੀ ਗੁਆਂਢਣ ਨੇ ਤੀਜੀ ਨੂੰ,ਤੀਜੀ ਨੇ ਚੌਥੀ ਨੂੰ…… ਜਿਸ ਨੇ ਉਸ ਸਮੇਂ ਖਿੜਕੀਆਂ ਵਿੱਚੋਂ ਲੁਕ ਲੁਕ ਕੇ ਨਹੀਂ ਦੇਖਿਆ ਉਸ ਨੂੰ ਦੇਖਣ ਵਾਲੀਆਂ ਗੁਆਂਢਣਾਂ ਨੇ ਮਸਾਲੇ ਲਾ ਲਾ ਕੇ ਦੱਸਿਆ,”ਸੋਨੀਆ ਦੇ ਆਦਮੀ ਨੇ…. ਸ਼ਨੀਵਾਰ ਨੂੰ ਸਿਖ਼ਰ ਦੁਪਹਿਰੇ ਬਾਰਾਂ ਸਵਾ ਬਾਰਾਂ ਵਜੇ ਕਾਗਜ਼ਾਂ ‘ਚ ਰੱਖ ਕੇ ਤਵੀਤ ਸਾੜ ਕੇ ਟੂਣਾ ਕੀਤਾ….!”

ਐਤਵਾਰ ਨੂੰ ਜਵਾਕਾਂ ਦੀ ਜ਼ਿੱਦ ਕਾਰਨ ਸਿਨੇਮਾ ਘਰ ਵਿੱਚ ਫ਼ਿਲਮ ਵੇਖਣ ਜਾਣ ਦੇ ਨਾਲ ਹੀ ਸੋਨੀਆ ਅਤੇ ਉਸ ਦੇ ਪਤੀ ਵਿਚਲਾ ਮਨ ਮੁਟਾਵ ਚਾਹੇ ਖ਼ਤਮ ਹੋ ਗਿਆ ਸੀ ਪਰ ਉਸ ਲੜਾਈ ਵਿੱਚੋਂ ਪੈਦਾ ਹੋਇਆ ਸਾਈਡ ਇਫੈਕਟ ਸਾਲਾਂ ਬੱਧੀ ਤੱਕ ਵੀ ਚੱਲਦਾ ਰਹਿੰਦਾ ਹੈ ਕਿਉਂਕਿ ਜਦੋਂ ਜ਼ਨਾਨੀਆਂ ਨੇ ਆਪਣੇ ਕੰਮਾਂ ਕਾਰਾਂ ਤੋਂ ਵਿਹਲੀਆਂ ਹੋ ਕੇ ਬੈਠਣਾ ਤੇ ਕਿਤੇ ਟੂਣਿਆਂ ਟਾਮਣਿਆਂ ਦੀਆਂ ਗੱਲਾਂ ਛਿੜਨੀਆਂ ਤਾਂ ਔਰਤਾਂ ਦੁਆਰਾ ਸੋਨੀਆ ਦੇ ਪਤੀ ਦੁਆਰਾ ਕੀਤੇ ਟੂਣੇ ਦਾ ਅੱਖੀਂ ਡਿੱਠਾ ਹਾਲ ਜ਼ਰੂਰ ਬਿਆਨ ਕੀਤਾ ਜਾਂਦਾ।ਪਰ ਸੋਨੀਆ ਅਤੇ ਉਸ ਦਾ ਪਤੀ ਆਪਣੀ ਲੜਾਈ ਕਾਰਨ ਉਤਪੰਨ ਹੋਏ ‘ਸਾਈਡ ਇਫੈਕਟ ‘ ਤੋਂ ਬੇਖ਼ਬਰ ਸਨ। ਸਾਈਡ ਇਫੈਕਟ ਜੋ ਮਰਜੀ ਹੋਵੇ ਪਰ ਇਸ ਤਰ੍ਹਾਂ ਦੀਆਂ ਗੱਲਾਂ ਪਤੀ ਪਤਨੀ ਦੀ ਜ਼ਿੰਦਗੀ ਦਾ ਹਿੱਸਾ ਹੁੰਦੀਆਂ ਹਨ ਜੋ ਨਾਲ਼ ਦੀ ਨਾਲ਼ ਜ਼ਿੰਦਗੀ ਨੂੰ ਰੰਗੀਨ ਵੀ ਬਣਾਉਂਦੀਆਂ ਹਨ ਕਿਉਂਕਿ ਅਸਲ ਵਿੱਚ ਏਹੁ ਹਮਾਰਾ ਜੀਵਣਾ ਹੈ।

ਬਰਜਿੰਦਰ ਕੌਰ ਬਿਸਰਾਓ
9988901324

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਨਵੀ ਪਨੀਰੀ, ਬੱਚਿਆਂ ਦਾ ਚਿੰਤਾਜਨਕ ਭਵਿੱਖ ?
Next articleਲੇਖਕ ਤੇ ਸ਼ਾਇਰ ਮਹਿੰਦਰ ਸੂਦ ਨੂੰ ਕੀਤਾ ਸਨਮਾਨਿਤ