ਕੁਪਵਾੜਾ ਮੁਕਾਬਲੇ ’ਚ ਪੰਜ ਵਿਦੇਸ਼ੀ ਅਤਿਵਾਦੀ ਹਲਾਕ

 

  • ਪਾਕਿਸਤਾਨ ਤੇ ਅਫ਼ਗਾਨਿਸਤਾਨ ਨਾਲ ਸਬੰਧਤ ਦੱਸੇ ਜਾ ਰਹੇ ਨੇ ਅਤਿਵਾਦੀ

ਸ੍ਰੀਨਗਰ (ਸਮਾਜ ਵੀਕਲੀ): ਜੰਮੂ ਕਸ਼ਮੀਰ ਦੇ ਕੁਪਵਾੜਾ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨੇੜੇ ਸੁਰੱਖਿਆ ਬਲਾਂ ਨਾਲ ਹੋਏ ਮੁਕਾਬਲੇ ਦੌਰਾਨ ਪੰਜ ਵਿਦੇਸ਼ੀ ਅਤਿਵਾਦੀ ਮਾਰੇ ਗਏ। ਜਾਣਕਾਰੀ ਮੁਤਾਬਿਕ ਇਹ ਅਤਿਵਾਦੀ ਪਾਕਿਸਤਾਨ ਅਤੇ ਅਫ਼ਗਾਨਿਸਤਾਨ ਨਾਲ ਸਬੰਧਤ ਦੱਸੇ ਜਾ ਰਹੇ ਹਨ। ਕਸ਼ਮੀਰ ਜ਼ਿਲ੍ਹੇ ਵਿੱਚ ਕੰਟਰੋਲ ਰੇਖਾ ਨੇੜੇ ਜੁਮਾਗੁੰਡ ਖੇਤਰ ਵਿੱਚ ਤਲਾਸ਼ੀ ਮੁਹਿੰਮ ਦੌਰਾਨ ਅੱਜ ਤੜਕੇ ਮੁਕਾਬਲਾ ਹੋਇਆ। ਕਸ਼ਮੀਰ ਦੇ ਏਡੀਜੀਪੀ ਵਿਜੈ ਕੁਮਾਰ ਨੇ ਟਵੀਟ ਕਰਦਿਆਂ ਕਿਹਾ, ‘‘ਮੁਕਾਬਲੇ ਦੌਰਾਨ ਪੰਜ ਵਿਦੇਸ਼ੀ ਅਤਿਵਾਦੀ ਮਾਰੇ ਗਏ।’’ ਥਲ ਸੈਨਾ ਦੀ 28ਵੀਂ ਡਵੀਜ਼ਨ ਦੇ ਜੀਓਸੀ ਮੇਜਰ ਜਨਰਲ ਗਿਰੀਸ਼ ਕਾਲੀਆ ਨੇ ਕਿਹਾ ਕਿ ਖੁਫ਼ੀਆ ਸੂਚਨਾ ਦੇ ਆਧਾਰ ’ਤੇ ਸਰਹੱਦ ਨੇੜੇ ਘੁਸਪੈਠ ਵਾਲੀਆਂ ਥਾਵਾਂ ’ਤੇ ਚੌਕਸੀ ਰੱਖੀ ਜਾ ਰਹੀ ਸੀ।

ਅੱਧੀ ਰਾਤ ਤੋਂ ਬਾਅਦ ਜਦੋਂ ਅਤਿਵਾਦੀਆਂ ਦੀ ਹਿੱਲ-ਜੁੱਲ ਹੋਈ ਤਾਂ ਜਵਾਨਾਂ ਨੇ ਉਨ੍ਹਾਂ ਨੂੰ ਲਲਕਾਰਿਆ। ਇਸ ਮਗਰੋਂ ਅਤਿਵਾਦੀਆਂ ਨੇ ਗੋਲੀਬਾਰੀ ਸ਼ੁਰੂੁ ਕਰ ਦਿੱਤੀ ਅਤੇ ਮੁਕਾਬਲੇ ਵਿੱਚ ਪੰਜ ਅਤਿਵਾਦੀ ਮਾਰੇ ਗਏ। ਅਤਿਵਾਦੀਆਂ ਕੋਲੋਂ ਪੰਜ ਏਕੇ ਸੀਰੀਜ਼ ਦੀਆਂ ਰਾਇਫ਼ਲਜ਼, 15 ਮੈਗਜ਼ੀਨ ਅਤੇ ਹੱਥ ਗੋਲਿਆਂ ਸਮੇਤ ਵੱਡੀ ਗਿਣਤੀ ਵਿੱਚ ਗੋਲੀ-ਸਿੱਕਾ ਬਰਾਮਦ ਹੋਇਆ ਹੈ। ਇਸ ਤੋਂ ਪਹਿਲਾਂ ਸੁਰੱਖਿਆ ਬਲਾਂ ਨੇ ਵੀਰਵਾਰ ਤੋਂ ਘੁਸਪੈਠ ਦੀਆਂ ਦੋ ਕੋਸ਼ਿਸ਼ਾਂ ਨੂੰ ਵੀ ਨਾਕਾਮ ਕੀਤਾ ਹੈ। ਥਲ ਸੈਨਾ ਦੇ ਬੁਲਾਰੇ ਦੇਵੇਂਦਰ ਆਨੰਦ ਨੇ ਕਿਹਾ ਕਿ ਸੁਰੱਖਿਆ ਬਲਾਂ ਨੇ ਸਰਹੱਦ ਨੇੜੇ ਘੁਸਪੈਠੀਆਂ ਨੂੰ ਚੁਣੌਤੀ ਦਿੱਤੀ ਸੀ ਪਰ ਉਹ ਹਨੇਰੇ, ਖਰਾਬ ਮੌਸਮ ਅਤੇ ਸੰਘਣੇ ਪੱਤਿਆਂ ਦੀ ਆੜ ਹੇਠ ਭੱਜਣ ਵਿੱਚ ਕਾਮਯਾਬ ਰਹੇ। ਉਨ੍ਹਾਂ ਦੱਸਿਆ ਕਿ ਤਲਾਸ਼ੀ ਮੁਹਿੰਮ ਦੌਰਾਨ ਘੁਸਪੈਠੀਆਂ ਵੱਲੋਂ ਮੌਕੇ ’ਤੇ ਛੱਡੇ ਗਏ ਹਥਿਆਰਾਂ ਦਾ ਵੱਡਾ ਜ਼ਖੀਰਾ ਬਰਾਮਦ ਹੋਇਆ ਹੈ।

 

 

 

 

‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly

Previous articleਮਨੀਪੁਰ ਹਿੰਸਾ: ਵਿਦੇਸ਼ ਰਾਜ ਮੰਤਰੀ ਦੇ ਘਰ ਦੀ ਭੰਨ-ਤੋੜ
Next articleਜੀ-20 ਦੇਸ਼ਾਂ ਦੇ ਖੇਤੀਬਾੜੀ ਮੰਤਰੀ ਆਲਮੀ ਖੁਰਾਕ ਸੁਰੱਖਿਆ ਦੇ ਤਰੀਕਿਆਂ ’ਤੇ ਵਿਚਾਰ ਕਰਨ: ਮੋਦੀ