(ਸਮਾਜ ਵੀਕਲੀ)
ਅਸੀ ਹੀਥਰੋ ਤੋਂ ਜਹਾਜ ਵਿੱਚ ਬੈਠ ਚੁੱਕੇ ਸੀ ਅਤੇ ਸਾਡਾ ਜਹਾਜ ਹੀਥਰੋ ਤੋਂ ਮੌਟੀਰੀਅਲ (ਜੋ ਕਿ ਕਨੇਡਾ ਦਾ ਹੀ ਸ਼ਹਿਰ ਹੈ)ਨੂੰ ਰਾਵਾਨਾ ਹੋ ਚੁੱਕਿਆ ਸੀ।ਹੀਥਰੋ ਤੋਂ ਸਾਢੇ ਸੱਤ ਘੰਟੇ ਦਾ ਸਾਡਾ ਸਫਰ ਮੌਟੀਰੀਅਲ ਤੱਕ ਸੀ।ਥਕਾਵਟ ਬਹੁਤ ਹੋ ਗਈ ਸੀ ਤੇ ਨਾਲ ਹੀ ਨੀਂਦ ਦਾ ਜੋਰ ਸੀ ਕਿਉਕਿ ਦੋ ਦਿਨ ਹੋ ਗਏ ਸੀ ਸਾਨੂੰ ਅਸੀ ਲਗਾਤਾਰ ਜਾਗ ਰਹੇ ਸੀ।ਜਹਾਜ ਵਿੱਚ ਪਹਿਲਾਂ ਦੀ ਤਰਾਂ ਬਹੁਤ ਕੁਝ ਖਾਣ ਪੀਣ ਨੂੰ ਮਿਲ ਰਿਹਾ ਸੀ।ਅਸੀ ਜਿੰਨਾਂ ਕੁ ਖਾਣਾ ਸੀ ਉਨਾਂ ਕੁ ਖਾ ਪੀ ਕੇ ਸੌ ਗਏ।ਜਹਾਜ ਆਪਣੀ ਤੋਰੇ ਤੁਰਿਆ ਜਾ ਰਿਹਾ ਸੀ ਜਹਾਜ ਵਿੱਚ ਤਕਰੀਬਨ ਜਿੰਨੇ ਯਾਤਰੀ ਸਫਰ ਕਰ ਰਹੇ ਸਨ ਉਹ ਸਾਰੇ ਦੇ ਸਾਰੇ ਸੌ ਗਏ ਸਨ।ਹੁਣ ਜਹਾਜ ਵਿੱਚ ਕੰਮ ਕਰਨ ਵਾਲਾ ਸਟਾਫ ਹੀ ਗੇੜੇ ਮਾਰ ਰਿਹਾ ਸੀ ਅਤੇ ਇਕ ਇਕ ਨੂੰ ਉਨਾਂ ਦੀ ਤਕਲੀਫ ਬਾਰੇ ਪੁੱਛ ਰਿਹਾ ਸੀ।ਸਾਨੂੰ ਠੰਢ ਬਹੁਤ ਲੱਗ ਰਹੀ ਸੀ ਅਤੇ ਅਸੀ ਇਕ ਹੋਰ ਸ਼ਾਲ ਦੀ ਮੰਗ ਕੀਤੀ ਤਾਂ ਉਹਨਾਂ ਨੇ ਝੱਟ ਦੇਣਾ ਇਕ ਹੋਰ ਸ਼ਾਂਲ ਲਿਆ ਕੇ ਦਿੱਤੀ।
ਜਹਾਜ ਨੂੰ ਚੱਲਿਆਂ ਕਰੀਬ ਸੱਤ ਘੰਟੇ ਹੋ ਗਏ ਸੀ,ਕਰੀਬ ਅੱਧਾ ਘੰਟਾ ਹੋਰ ਬਾਕੀ ਸੀ ਅਸੀ ਮੌਟੀਰੀਅਲ ਪਹੁੰਚਣ ਵਾਲੇ ਸੀ,ਆਨਾਊਸਮੈਟ ਹੋ ਰਹੀ ਸੀ ਕਿ ਅਸੀ ਜਲਦੀ ਹੀ ਮੌਟੀਰੀਅਲ ਪਹੁੰਚਣ ਵਾਲੇ ਹਾਂ ਜਹਾਜ ਉਤਰਨ ਵਿੱਚ ਸਿਰਫ 15-20 ਮਿੰਟ ਬਾਕੀ ਹਨ ਅਤੇ ਆਪਣੀਆਂ ਆਪਣੀਆਂ ਬੈਲਟਾਂ ਲਗਾ ਲਓ,ਜਹਾਜ ਹੋਲੀ ਹੌਲੀ ਥੱਲੇ ਵੱਲ ਜਾ ਰਿਹਾ ਸੀ,ਅਤੇ ਕਾਫੀ ਇਧਰ ਉਧਰ ਹੋ ਰਿਹਾ ਸੀ,ਕਿਉਕਿ ਜਦੋ ਵੀ ਜਹਾਜ ਥੱਲੇ ਵੱਲ ਨੂੰ ਉਤਰਦਾ ਸੀ ਤਾਂ ਥੋੜਾ ਡੱਕੇ ਡੌਲੇ ਤਾਂ ਖਾਦਾ ਹੀ ਸੀ ਪਰ ਪਹਿਲੀ ਵਾਰ ਸਫਰ ਕਰਨ ਵਾਲੇ ਬਹੁਤ ਘਬਰਾ ਰਹੇ ਸਨ,ਮੇਰੇ ਘਰਵਾਲੀ ਵੀ ਜਹਾਜ ਵਿੱਚ ਪਹਿਲੀ ਵਾਰ ਸਫਰ ਕਰ ਰਹੀ ਸੀ,ਉਹ ਵੀ ਅੰਦਰੋਂ ਘਬਰਾ ਰਹੀ ਸੀ ਤਾਂ ਮੈਨੂੰ ਵਾਰ ਵਾਰ ਇਹੀ ਕਹਿ ਰਹੀ ਸੀ ਕਿ ਮੈਨੁੰ ਤਾਂ ਡਰ ਜਿਹਾ ਲੱਗ ਰਿਹਾ ਹੈ,ਉਹ ਜਦੋਂ ਵੀ ਜਹਾਜ ਹਿਲਦਾ ਤਾਂ ਕਦੇ ਉਹ ਮੈਨੁੰ ਘੁੱਟ ਕੇ ਫੜਦੀ ਅਤੇ ਕਦੇ ਆਪਣੀ ਸੀਟ ਨੂੰ ਹੀ ਘੁੱਟ ਕੇ ਫੜ ਲੈਦੀ,ਮੈਂ ਸੋਚ ਰਿਹਾ ਸੀ ਕਿ ਸਾਰੀ ਉਮਰ ਇਹ ਔਰਤਾਂ ਸਾਨੂੰ ਡਰਾਉਦੀਆਂ ਨੇ ਅੱਜ ਆਪ ਭਿੱਜੀ ਬਿੱਲੀ ਬਣ ਕੇ ਬੈਠੀ ਹੋਈ ਹੈ,ਪਰ ਔਰਤ ਹੈ ਔਰਤ ਨੂੰ ਕੋਈ ਨਹੀ ਸਮਝ ਸਕਿਆਂ ਤਾਂ ਮੈਂ ਤਾਂ ਕੀ ਸਮਝਣਾ ਸੀ।
ਉਹੀ ਔਰਤਾਂ ਜਦੋਂ ਜਹਾਜ ਵਿੱਚੋ ਬਾਹਰ ਨਿਕਲੀਆਂ ਤਾਂ ਫਿਰ ਉਹੀ ਦਹਾੜ ਸੀ,ਬਾਹਰ ਵਲ ਆਏ ਤਾਂ ਫਿਰ ਤੋਂ ਉਹੀ ਕਾਗਜ ਪੱਤਰ ਦੇਖਣ ਦਾ ਦੌਰ ਸ਼ੁਰੂ ਹੋ ਗਿਆ,ਉਥੇ ਵੀ ਭਾਸ਼ਾ ਦੀ ਹੀ ਦਿੱਕਤ ਸੀ ਕਿਉਕਿ ਉਥੇ ਭਾਸ਼ਾਂ ਫਰਿਚ ਸੀ ਹਰ ਕੋਈ ਕਾਊਟਰ ਤੇ ਬੈਠਣ ਵਾਲਾ ਸ਼ਖਸ਼ ਫਰਿੱਚ ਭਾਸ਼ਾ ਦਾ ਇਸਤੇਮਾਲ ਕਰ ਰਿਹਾ ਸੀ,ਸਾਨੂੰ ਪੁੱਛਿਆ ਗਿਆ ਕਿ ਤੁਸੀ ਕਿਹਦੇ ਕੋਲ ਜਾ ਰਹੇ ਹੋ ਅਤੇ ਕਿੰਨੀ ਦੇਰ ਲਈ ਜਾ ਰਹੇ ਹੋ,ਅਸੀ ਆਪਣੀ ਵਾਪਸੀ ਦੀ ਟਿਕਟ ਦਿਖਾ ਦਿੱਤੀ,ਇਸ ਕਰਕੇ ਸਾਨੂੰ ਉਹਨਾਂ ਨੇ ਅੱਗੇ ਜਾਣ ਦੀ ਇਜਾਜਤ ਦੇ ਦਿੱਤੀ,ਸਾਨੂੰ ਅੱਗੇ ਜਾਣ ਲਈ ਪਾਸ ਉਤੇ ਗੇਟ ਨੰਬਰ ਲਿਖਿਆ ਸੀ ਅਸੀ ਉਥੋਂ ਪੁੱਛਦੇ ਪਛਾਉਦੇ ਆਪਣੇ ਪਲੇਟ ਫਾਰਮ ਤੇ ਪਹੁੰਚ ਗਏ।
ਮੌਟੀਰੀਅਲ ਤੋਂ ਕਨੇਡਾ ਜਾਣ ਲਈ ਸਾਡੇ ਲਈ ਲੋਕਲ ਜਹਾਜ ਸੀ ਅਸੀ ਲੋਕਲ ਪਲੇਟਫਾਰਮ ਤੇ ਇਕ ਡੇਢ ਘੰਟਾ ਪਹਿਲਾਂ ਹੀ ਪਹੁੰਚ ਗਏ ਸੀ,ਉਥੇ ਜਾ ਕੇ ਦੇਖਿਆ ਤਾਂ ਸਾਡੇ ਨਾਲ ਆਏ ਬਹੁਤ ਸਾਰੇ ਵਾਕਿਫ਼ ਹੀ ਸੀ ਅਸੀ ਇਕ ਵਾਰ ਫਿਰ ਇਕੱਠੇ ਹੋ ਗਏ ਸੀ ਇਕ ਦੂਜੇ ਨੂੰ ਹਾਲ-ਚਾਲ ਪੁੱਛਦੇ ਨਜ਼ਰ ਆ ਰਹੇ ਸੀ,ਇਕ ਦੂਜੇ ਨੂੰ ਹੌਸਲਾ ਦਿੰਦੇ ਨਜ਼ਰ ਆ ਰਹੇ ਸੀ।ਸਾਡੀ ਵੀ ਉਤਸੁਕਤਾ ਵੱਧ ਰਹੀ ਸੀ ਕਿਉਕਿ ਅਸੀ ਆਪਣੇ ਬੱਚਿਆਂ ਨੂੰ ਘੱਟੋ-ਘੱਟ ਸਾਢੇ ਛੇ ਸਾਲ ਬਾਅਦ ਮਿਲਣਾ ਸੀ।ਬੱਚਿਆਂ ਦਾ ਵੀ ਵਾਰ ਵਾਰ ਫੋਨ ਆ ਰਿਹਾ ਸੀ ਕਿ ਕਦੋ ਆ ਰਹੇ ਹੋ ਅਸੀ ਏਅਰਪੋਰਟ ਤੇ ਖੜੇ ਤੁਹਾਡੀ ਬੜੀ ਬੇਸਬਰੀ ਨਾਲ ਉਡੀਕ ਕਰ ਰਹੇ ਹਾਂ।ਉਧਰ ਸਾਡੇ ਪਲੇਟਫਾਰਮ ਤੇ ਸਾਡੇ ਗੇਟ ਤੋਂ ਅੰਦਰ ਆਉਣ ਦੀ ਅਨਾਊਸਮੈਟ ਹੋ ਗਈ ਸੀ ਜਿੰਨੇ ਵੀ ਕਨੇਡਾ ਜਾਣ ਦੀ ਉਡੀਕ ਕਰ ਰਹੇ ਸੀ ਉਹ ਸਾਰੇ ਦੇ ਸਾਰੇ ਆਪਣਾ ਆਪਣਾ ਸਾਮਾਨ ਲੈ ਕੇ ਗੇਟ ਦੇ ਸਾਹਮਣੇ ਲੱਗੀ ਲਾਇਨ ਵਿੱਚ ਖੜ ਗਏ ਸਨ।ਅਸੀ ਵੀ ਉਸ ਲਾਇਨ ਵਿੱਚ ਹੀ ਆਪਣਾ ਸਾਮਾਨ ਲੈ ਕੇ ਖੜ ਗਏ ਸੀ।
ਮੋਟੀਰੀਅਲ ਤੋਂ ਕਨੇਡਾ ਦਾ ਸ਼ਹਿਰ ਵਿਨੀਪੈਗ ਜਹਾਜ ਰਾਹੀ ਸਿਰਫ ਢਾਈ ਘੰਟੇ ਦਾ ਹੀ ਰਸਤਾ ਸੀ।ਅਸੀ ਵੀ ਆਪਣੀ ਵਾਰੀ ਦੇ ਮੁਤਾਬਿਕ ਆਪਣਾ ਸਾਮਾਨ ਲੈ ਕੇ ਜਹਾਜ ਦੇ ਅੰਦਰ ਚਲੇ ਗਏ ਸੀ ਅਤੇ ਆਪਣੀਆਂ ਆਪਣੀਆਂ ਸੀਟਾਂ ਦੇ ਨੰਬਰ ਦੇਖ ਕੇ ਆਪਣਾ ਸਾਮਾਨ ਰੱਖ ਕੇ ਬੈਠ ਗਏ ਸੀ।ਪਹਿਲੇ ਜਹਾਜਾਂ ਨਾਲੋ ਇਹ ਜਹਾਜ ਛੋਟਾ ਸੀ।ਖਾਣ ਪੀਣ ਦਾ ਸਮਾਨ ਲੈ ਕੇ ਇਕ ਟਰਾਲੀ ਲੈ ਕੇ ਘੁੰਮ ਰਹੀਆਂ ਕੁੜੀਆਂ ਸਮਾਨ ਮੁੱਲ ਵੇਚ ਰਹੀਆਂ ਸਨ।ਪਰ ਅਸੀ ਉਹਨਾਂ ਤੋਂ ਕੁਝ ਨਹੀ ਖਰੀਦਿਆ ਕਿਉਕਿ ਸਾਨੂੰ ਸਾਡੀ ਬੇਟੀ ਨੇ ਕਹਿ ਦਿੱਤਾ ਸੀ ਕਿ ਮੈਂ ਤੁਹਾਡੇ ਲਈ ਆਪਣੇ ਘਰ ਖਾਣਾ ਤਿਆਰ ਕੀਤਾ ਹੈ ਇਸ ਕਰਕੇ ਅਸੀ ਜਹਾਜ ਵਿੱਚ ਪਾਣੀ ਜੂਸ ਤੋਂ ਇਲਾਵਾ ਕੁਝ ਨਹੀ ਲਿਆ।
ਆਖਰ ਅਸੀ ਆਪਣੇ ਕਨੇਡਾ ਦੇ ਸ਼ਹਿਰ ਵਿਨੀਪੈਗ ਦੇ ਏਅਰਪੋਰਟ ਤੇ ਪਹੁੰਚ ਗਏ ਸੀ।ਜਹਾਜ ਹੌਲੀ ਹੌਲੀ ਆਪਣੇ ਪਲੇਟਫਾਰਮ ਤੇ ਪਹੁੰਚਿਆ,ਅਨਾਉਸਮੈਟ ਹੋਈ ਕਿ ਤੁਹਾਡਾ ਬਹੁਤ ਬਹੁਤ ਧੰਨਵਾਦ ਅਸੀ ਕਨੇਡੇ ਦੇ ਸ਼ਹਿਰ ਵਿਨੀਪੇਗ ਪਹੁੰਚ ਗਏ ਹਾਂ,ਅਸੀ ਆਪਣਾ ਸਮਾਨ ਚੁੱਕਿਆ ਤਾਂ ਜਹਾਜ ਵਿੱਚੋਂ ਬਾਹਰ ਨਿਕਲ ਲਈ ਲਾਇਨ ਲੱਗੀ ਹੋਈ ਸੀ ਤਾਂ ਅਸੀ ਵੀ ਬਾਹਰ ਜਾਣ ਲਈ ਉਸ ਲਾਇਨ ਵਿੱਚ ਲੱਗ ਗਏ ਹੌਲੀ ਹੌਲੀ ਤੁਰਦੀ ਗਈ ਤਾਂ ਅਸੀ ਜਹਾਜ ਵਿੱਚੋ ਬਾਹਰ ਆ ਗਏ।ਜਹਾਜ ਵਿੱਚੋ ਬਾਹਰ ਆ ਕੇ ਅਸੀ ਬਾਹਰ ਵਾਲਾ ਰਸਤਾ ਦੇਖਿਆ ਤਾਂ ਸਾਰੇ ਯਾਤਰੀ ਬਾਹਰ ਵੱਲ ਜਾ ਰਹੇ ਸਨ ਤਾਂ ਅਸੀ ਵੀ ਉਹਨਾਂ ਦੇ ਪਿੱਛੇ ਪਿੱਛੇ ਹੀ ਹੋ ਗਏ ਤਾਂ ਦੂਰ ਤੋਂ ਹੀ ਬਾਹਰ ਵੱਲ ਦੇਖਿਆ ਤਾਂ ਬਾਹਰ ਵੱਲ ਆਪਣਿਆ ਮਿਲਣ ਵਾਲਿਆਂ ਦੀ ਪੂਰੀ ਭੀੜ ਲੱਗੀ ਹੋਈ ਸੀ।ਅਸੀ ਵੀ ਦੂਰ ਤੋਂ ਹੀ ਇਕ ਵੱਡੇ ਸਾਰੇ ਸ਼ੀਸ਼ੇ ਵਿੱਚੋ ਦੇਖਿਆ ਤਾਂ ਸਾਡੇ ਬੱਚੇ ਵੀ ਸਾਡੀ ਬੇਸਬਰੀ ਨਾਲ ਫੁੱਲਾਂ ਦਾ ਗੁਲਦਸਤਾ ਲੈ ਕੇ ਖੜੇ ਸਾਡਾ ਇੰਤਜਾਰ ਕਰ ਰਹੇ ਸਨ।
ਜਦੋਂ ਅਸੀ ਬਾਹਰ ਆ ਕੇ ਆਪਣੇ ਬੱਚਿਆਂ ਨੂੰ ਮਿਲੇ ਤਾਂ ਅਸੀ ਦੋਵੇਂ ਹੀ ਭਾਵੁਕ ਹੋ ਗਏ।ਆਲੇ-ਦੁਆਲੇ ਦੇਖਿਆ ਤਾਂ ਆਪਣੇ ਆਪਣਿਆ ਨੂੰ ਸਨ ਅਤੇ ਬਹੁਤੇ ਖੁਨ ਦੇ ਰਿਸ਼ਤੇ ਭਾਵੁਕ ਹੋ ਕੇ ਭਾਵਨਾ ਦੇ ਵਹੀਣ ਵਿੱਚ ਵਹਿੰਦੇ ਤੁਰੇ ਜਾ ਰਹੇ ਸਨ।ਦੋ ਧਿਰਾਂ ਜਦੋਂ ਇਕੱਠੀਆਂ ਹੁੰਦੀਆਂ ਤਾਂ ਅੱਥਰੂ ਆਪਣੇ ਆਪ ਹੀ ਅੱਖਾਂ ਵਿੱਚੋਂ ਛਲਕ ਪੈ ਰਹੇ ਸਨ।ਭਾਵੇਂ ਉਹ ਕਿਸੇ ਨੂੰ ਲੈਣ ਆਏ ਸਨ ਜਾਂ ਉਥੇ ਆਪਣਿਆਂ ਨੂੰ ਵਿਦਾ ਕਰਨ ਆ ਰਹੇ ਸਨ।ਇਹ ਪਿਆਰ ਦੀ ਸਾਂਝਾਂ ਦਾ ਅਲੋਕਿਕ ਨਜ਼ਾਰਾ ਜਿਹਨਾਂ ਨੇ ਆਪਣੇ ਅੱਖੀ ਦੇਖਿਆ ਹੋਵੇ ਉਹ ਆਪਣੇ ਆਪਣੇ ਢੰਗ ਨਾਲ ਹੀ ਪੇਸ਼ ਕਰਦਾ ਹੈ।ਅਸੀ ਵੀ ਆਪਣੇ ਬੱਚਿਆਂ ਨੂੰ ਵੀ ਸਾਢੇ ਛੇ ਸਾਲ ਬਾਅਦ ਆਪਣੇ ਢਿੱਡ ਨਾਲ ਲਾਇਆ ਸੀ,ਇਸ ਲਈ ਜੋ ਸਾਡੇ ਦਿਲ ਵਿੱਚ ਖੁਸ਼ੀ ਸੀ ਉਸ ਦੀ ਕੋਈ ਸੀਮਾ ਨਹੀ ਸੀ,ਜੋ ਨਜਾਰਾ ਮੈਂ ਉਥੇ ਏਅਰਪੋਰਟ ਤੇ ਦੇਖਿਆ ਉਹ ਦੇਖ ਕੇ ਤਾਂ ਮੈਂ ਇਹ ਸੋਚ ਰਿਹਾ ਸੀ ਕਿ ਮੈਂ ਇਕੱਲਾ ਨਹੀ ਸੀ ਮੇਰੇ ਵਰਗੇ ਹਜਾਰਾ ਮਾਪੇ ਇਸ ਦਰਿਆਂ ਵਿੱਚ ਵਹਿ ਰਹੇ ਹਨ।
ਅਸੀ ਆਪਣੇ ਬੇਟਾ ਬੇਟੀ ਨੂੰ ਬੜੀਆਂ ਹੀ ਸੁਖਾਂ ਸੁਖ ਕੇ ਵਿਦੇਸ਼ ਭੇਜਿਆ ਸੀ,ਜਦੋਂ ਸਾਡਾ ਹਾਰਦਿਕ ਸੁਆਗਤ ਕਰਨ ਲਈ ੇੲਅਰ ਪੋਰਟ ਦੇ ਬਾਹਰ ਖੜੇ ਦੇਖੇ ਤਾਂ ਅਸੀ ਛੇ ਸਾਲ ਸਤਾਈ ਦਿਨਾਂ ਬਾਅਦ ਆਪਣੇ ਸੀਨੇ ਨਾਲ ਲਾਇਆ ਤਾਂ ਸਾਢੇ ਦਿਲ ਠੰਢੇ ਹੋ ਗਏ। ਸਾਡੇ ਦਿਲ ਚੋਂ ਇਹੀ ਦੁਆ ਨਿਕਲੀ ਕਿ ਬੱਚੇ ਸਦਾ ਸੁੱਖੀ ਰਹਿਣ ਉਹਨਾਂ ਨੂੰ ਕੋਈ ਵੀ ਤੱਤੀ ਹਵਾ ਨਾ ਲੱਗੇ,ੇੲਅਰ ਪੋਰਟ ਤੋਂ ਆਪਣੇ ਟੈਚੀ ਲੈ ਕੇ ਗੱਡੀ ਵਿੱਚ ਰੱਖੇ ਤਾਂ ਘਰ ਵੱਲ ਨੂੰ ਰਵਾਨਾ ਹੋ ਗਏ।ਘਰ ਪਹੁੰਚ ਕੇ ਬੇਟੀ ਨੇ ਆਪਣੇ ਦੇ ਦਰਵਾਜ਼ੇ ਦੇ ਅੱਗੇ ਖੜ ਕੇ ਬਕਾਇਦਾ ਤੇਲ ਚੁਆਇਆ ਤਾਂ ਮੈਨੂੰ ਵੀ ਆਪਣੀ ਜੇਬ ਖਾਲੀ ਕਰਨੀ ਪਈ।ਬੱਚਿਆਂ ਨੂੰ ਫਿਰ ਅਸ਼ੀਰਵਾਦ ਦਿੱਤਾ ਤਾਂ ਸੁੱਖ ਮੰਨੀ ਕਿ ਬੱਚੇ ਸਦਾ ਹੀ ਸੁਖੀ ਰਹਿਣ।ਹੁਣ ਮੈਂ ਵਿਨੀਪੈਗ ਪਹੁੰਚ ਗਿਆ ਹਾਂ ਤਾਂ ਅਗਲੇ ਅੰਕ ਵਿੱਚ ਵਿਨੀਪੈਗ ਦਾ ਹਾਲ ਪੇਸ਼ ਕਰਨ ਦੀ ਕੋਸ਼ਿਸ਼ ਕਰਾਂਗਾ।
‘ਸਮਾਜਵੀਕਲੀ’ ਐਪ ਡਾਊਨਲੋਡ ਕਰਨ ਲਈ ਹੇਠ ਦਿਤਾ ਲਿੰਕ ਕਲਿੱਕ ਕਰੋ
https://play.google.com/store/apps/details?id=in.yourhost.samajweekly